ਬਲਵੰਤ ਸਿੰਘ ਰਾਜੋਆਣਾ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ-ਅਮਿਤ ਸ਼ਾਹ

ਲੋਕ ਸਭਾ 'ਚ ਕਿਹਾ, 'ਮੀਡੀਆ ਦੀਆਂ ਖ਼ਬਰਾਂ 'ਤੇ ਨਾ ਜਾਓ'
ਨਵੀਂ ਦਿੱਲੀ, ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਦੀਆਂ ਖ਼ਬਰਾਂ ਨੂੰ ਮੀਡੀਆ 'ਚ ਛਪੀਆਂ ਰਿਪੋਰਟਾਂ ਕਰਾਰ ਦਿੰਦਿਆਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ | ਅਮਿਤ ਸ਼ਾਹ ਵਲੋਂ ਦਿੱਤੇ ਬਿਆਨ ਦਾ ਜਿਥੇ ਕਾਂਗਰਸੀ ਸੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਸਵਾਗਤ ਕਰਦੇ ਨਜ਼ਰ ਆਏ, ਉਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਸਬੰਧ 'ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵਫ਼ਦ ਪੱਧਰ ਦੀ ਮੀਟਿੰਗ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ 'ਚ ਬਿਆਨ ਦਿੰਦਿਆਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਮੁਆਫ਼ੀ ਨਹੀਂ ਦਿੱਤੀ ਗਈ | ਅਮਿਤ ਸ਼ਾਹ ਵਲੋਂ ਇਹ ਬਿਆਨ ਰਵਨੀਤ ਸਿੰਘ ਬਿੱਟੂ ਵਲੋਂ ਉਠਾਏ ਸਵਾਲ ਦੇ ਜਵਾਬ 'ਚ ਦਿੱਤਾ ਗਿਆ | ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਅੱਜ ਪ੍ਰਸ਼ਨ ਕਾਲ 'ਚ ਸਵਾਲ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਲੋਕ ਸਭਾ 'ਚ ਚਰਚਾ ਕਰਕੇ ਔਰਤਾਂ ਦੇ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਫਾਂਸੀ 'ਤੇ ਲਟਕਾਉਣ ਬਾਰੇ ਵਿਚਾਰ ਕਰ ਰਹੀ ਹੈ ਪਰ ਦੂਜੇ ਪਾਸੇ ਬੇਦਰਦੀ ਨਾਲ ਇਕ ਮੁੱਖ ਮੰਤਰੀ ਦਾ ਕਤਲ ਕਰਨ ਵਾਲੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਰਹੀ ਹੈ | ਬਿੱਟੂ ਵਲੋਂ ਇਹ ਸਵਾਲ ਓਡੀਸ਼ਾ 'ਚ ਆਏ ਫਾਨੀ ਤੂਫਾਨ ਬਾਰੇ ਪੁੱਛੇ ਜਾ ਰਹੇ ਸਵਾਲ ਦੇ ਪੂਰਕ ਸਵਾਲ ਵਜੋਂ ਪੁੱਛਿਆ ਗਿਆ ਸੀ | ਸਬੰਧਿਤ ਮੁੱਦੇ 'ਤੇ ਸਵਾਲ ਨਾ ਹੋਣ ਕਾਰਨ ਸਪੀਕਰ ਨੇ ਇਸ ਸਵਾਲ ਦਾ ਜਵਾਬ ਦੇ ਰਹੇ ਗ੍ਰਹਿ ਰਾਜ ਮੰਤਰੀ ਕ੍ਰਿਸ਼ਨਾ ਰੈਡੀ ਨੂੰ ਜਵਾਬ ਨਾ ਦੇਣ ਲਈ ਕਿਹਾ, ਪਰ ਸਦਨ 'ਚ ਮੌਜੂਦ ਗ੍ਰਹਿ ਮੰਤਰੀ ਨੇ ਖ਼ੁਦ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਮੁਆਫ਼ ਨਹੀਂ ਕੀਤੀ ਗਈ | ਦੋ ਵਾਕਾਂ ਦੇ ਸਪੱਸ਼ਟੀਕਰਨ 'ਚ ਗ੍ਰਹਿ ਮੰਤਰੀ ਨੇ ਅੱਗੇ ਇਹ ਵੀ ਕਿਹਾ ਕਿ ਮੀਡੀਆ ਰਿਪੋਰਟਾਂ 'ਤੇ ਯਕੀਨ ਨਾ ਕਰੋ | ਸਰਕਾਰ ਨੇ ਰਾਜੋਆਣਾ ਦੀ ਮੁਆਫ਼ੀ ਬਾਰੇ ਕੋਈ ਆਦੇਸ਼ ਨਹੀਂ ਦਿੱਤਾ | ਗ੍ਰਹਿ ਮੰਤਰੀ ਦਾ ਇਹ ਬਿਆਨ ਪਿਛਲੇ ਮਹੀਨੇ ਛਪੀ ਉਸ ਰਿਪੋਰਟ ਦੇ ਬਿਲਕੁਲ ਉਲਟ ਹੈ, ਜਿਸ 'ਚ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ | ਗ੍ਰਹਿ ਮੰਤਰਾਲੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ 9 ਸਿੱਖ ਕੈਦੀਆਂ ਦੀ ਸਜ਼ਾ ਮੁਆਫ਼ੀ ਦਾ ਆਦੇਸ਼ ਦਿੱਤਾ ਸੀ, ਜਿਸ 'ਚ ਰਾਜੋਆਣਾ ਦਾ ਨਾਂਅ ਹੋਣ ਦੀ ਚਰਚਾ 'ਤੇ ਹੀ ਰਵਨੀਤ ਸਿੰਘ ਬਿੱਟੂ ਨੇ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਸੁਪਰੀਮ ਕੋਰਟ ਤੱਕ ਜਾਣਗੇ | ਬੇਅੰਤ ਸਿੰਘ ਹੱਤਿਆ ਕਾਂਡ 'ਚ ਇਕ ਵਿਸ਼ੇਸ਼ ਅਦਾਲਤ ਨੇ ਜੁਲਾਈ, 2007 'ਚ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ | ਰਾਜੋਆਣਾ ਨੂੰ 31 ਮਾਰਚ, 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਸ਼ਟਰਪਤੀ ਨੂੰ ਲਾਈ ਰਹਿਮ ਦੀ ਗੁਹਾਰ ਤੋਂ ਬਾਅਦ 28 ਮਾਰਚ 2012 ਨੂੰ ਉਸ ਸਮੇਂ ਦੀ ਯੂ. ਪੀ. ਏ. ਸਰਕਾਰ ਨੇ ਰਾਜੋਆਣਾ ਦੀ ਫਾਂਸੀ ਦੇ ਅਮਲ 'ਤੇ ਰੋਕ ਲਾ ਦਿੱਤੀ ਸੀ |