ਸਕੂਲ ਦੀ ਕਾਰਜਗੁਜ਼ਾਰੀ 'ਤੇ ਪ੍ਰਗਟਾਈ ਤਸੱਲੀ
ਲੁਧਿਆਣਾ, 17 ਦਸੰਬਰ (ਟੀ. ਕੇ.) - ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਸਕੂਲਜ ਵਲੋਂ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿਸ਼ਾਲ ਮਾਪੇ - ਅਧਿਆਪਕ ਮਿਲਣੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਅਤੇ ਇਸ ਪ੍ਰੋਗਰਾਮ ਤਹਿਤ ਸਕੂਲਾਂ ਵਿਚ ਮੰਤਰੀਆਂ, ਵਿਧਾਇਕਾਂ, ਡਿਪਟੀ ਕਮਿਸ਼ਨਰਾਂ, ਐੱਸ. ਡੀ. ਐੱਮਜ, ਸਿੱਖਿਆ ਅਧਿਕਾਰੀਆਂ ਅਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਸਮੇਤ ਵੱਖ ਵੱਖ ਸਖਸ਼ੀਅਤਾਂ ਵਲੋਂ ਮਾਪੇ - ਅਧਿਆਪਕ ਮਿਲਣੀ ਦਾ ਜਾਇਜ਼ਾ ਲਿਆ ਗਿਆ। ਜਿਲ੍ਹਾ ਲੁਧਿਆਣਾ ਦੇ ਹੋਰਨਾਂ ਸਕੂਲਾਂ ਦੀ ਤਰ੍ਹਾਂ ਪ੍ਰਿੰਸੀਪਲ ਹਰਦੀਪ ਕੌਰ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਵਿਚ ਵੀ ਮਾਪੇ - ਅਧਿਆਪਕ ਮਿਲਣੀ ਲਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਜਾਇਜ਼ਾ ਉੱਘੇ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਛੀਨਾ ਪਤੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵਲੋਂ ਲਿਆ ਗਿਆ। ਇਸ ਮੌਕੇ ਸ. ਛੀਨਾ ਨੇ ਸਕੂਲ ਵਿਚ ਵਿਦਿਆਰਥੀਆਂ ਵਲੋਂ ਬਿਜਨੈੱਸ ਬਲਾਸਟ ਯੋਜਨਾ ਤਹਿਤ ਸਵੈ-ਰੁਜਗਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਏ ਗਏ ਵੱਖ ਵੱਖ ਸਟਾਲਾਂ ਨੂੰ ਵੇਖਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸਕੂਲ ਵਿਚ ਚੱਲ ਰਹੀ ਪੜ੍ਹਾਈ ਦੇ ਸਬੰਧ ਵਿੱਚ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪਿਛੇ ਭੱਜਣ ਦੀ ਬਿਜਾਏ ਆਪਣੇ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕਰਕੇ ਵੱਡੇ ਕਾਰੋਬਾਰੀ ਬਣਨ ਲਈ ਆਪਣੇ ਅੰਦਰ ਉਤਸ਼ਾਹ ਪੈਦਾ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਸਕੂਲ ਵਲੋਂ ਨਿਭਾਈ ਜਾ ਰਹੀ ਕਾਰਗੁਜ਼ਾਰੀ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਪ੍ਰੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਲਈ ਕਿਤਾਬਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸ਼ਾਲੂ ਬਾਂਸਲ, ਰਜਵਿੰਦਰ ਕੌਰ ਸੈਣੀ, ਪ੍ਰਭਜੋਤ ਸਿੰਘ, ਰੁਪਿੰਦਰ ਸਿੰਘ ਸਮੇਤ ਸਮੂਹ ਸਟਾਫ ਮੈਂਬਰਾਂ ਵਲੋਂ ਮਾਪੇ - ਅਧਿਆਪਕ ਮਿਲਣੀ ਨੂੰ ਸਫਲ ਬਣਾਉਣ ਲਈ ਪੂਰੀ ਜਿੰਮੇਵਾਰੀ ਨਿਭਾਈ। ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਹੱਥਾਂ ਤਿਆਰ ਕੀਤੀਆਂ ਵਸਤੂਆਂ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸੇਲ ਵੀ ਲਗਾਈ ਗਈ।