ਦੋਸ਼ੀ ਡੀ ਐਸ ਪੀ ਦੀ ਗ੍ਰਿਫਤਾਰੀ ਲਈ ਜਥੇਬੰਦੀਆਂ ਨੇ 11 ਮਾਰਚ ਨੂੰ ਬੁਲਾਈ ਸਾਂਝੀ ਮੀਟਿੰਗ

ਪੁਲਿਸ ਅਫਸਰਾਂ ਦੀ ਭੂਮਿਕਾ ਸ਼ੱਕੀ---ਕਿਸਾਨ ਆਗੂ

ਜਗਰਾਉਂ , 3 ਮਾਰਚ -(ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ ) ਗਰੀਬ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਥਾਣੇ ਰੱਖ ਕੇ ਅੱਤਿਆਚਾਰ ਕਰਨ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀ ਡੀ ਐਸ ਪੀ ਗੁਰਿੰਦਰ ਬੱਲ ਤੇ ਐਸ ਆਈ ਰਾਜਵੀਰ ਸਮੇਤ  ਸਰਪੰਚ ਹਰਜੀਤ ਸਿੰਘ 'ਬਿੱਲੂ' ਦੀ ਜਗਰਾਉਂ ਪੁਲਿਸ ਵਲੋਂ ਜਾਣਬੁੱਝ ਕੇ ਨਾਂ ਕੀਤੀ ਜਾ ਰਹੀ ਗ੍ਰਿਫਤਾਰੀ ਤੋਂ ਖਫਾ ਹੋਈਆਂ ਦਰਜਨ ਤੋਂ ਵਧੇਰੇ ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੇ ਅਗਲੇ ਐਕਸ਼ਨ ਲਈ 11 ਮਾਰਚ ਨੂੰ ਇੱਕ ਮੀਟਿੰਗ ਬੁਲਾ ਲਈ ਹੈ। ਅੱਜ ਜਿਲ੍ਹਾ ਪੁਲਿਸ ਅਫਸਰਾਂ ਨੂੰ ਮਿਲੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ, ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਸਕੱਤਰ ਦਵਿੰਦਰ ਸਿੰਘ ਕਾਉਂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾਲ, ਯੂਥ ਵਿੰਗ ਕੇਕੇਯੂ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਯੂਨੀਵਰਸਲ ਹਿਉਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਡੋਲ਼ਣ ਨੇ ਦੋਸ਼ ਲਗਾਇਆ ਕਿ ਦੋਸ਼ੀ ਡੀ ਐਸ ਪੀ ਨੇ ਪੁਲਿਸ ਅਧਿਕਾਰੀ ਨਾਲ ਗੰਢਤੁੱਪ ਕਰਕੇ ਗ੍ਰਿਫ਼ਤਾਰ ਤੋਂ ਬਚਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਸਗੋਂ ਤਫਤੀਸ਼ ਨੂੰ ਵੀ ਨੂੰ ਵੀ ਆਪਣੇ ਖਾਸ ਅਫਸਰਾਂ ਕੋਲ਼ ਲਗਵਾ ਕੇ ਮੁਕੱਦਮੇ ਵਿੱਚ ਸਿੱਧੀ ਦਖਲ਼-ਅੰਦਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਹੈਰਾਨੀ ਦੀ ਗੱਲ਼ ਹੈ ਕਿ ਇੱਕ ਪਾਸੇ ਧਾਰਾ 302 ਦੇ ਕੇਸਾਂ ਦੀ ਤਫਤੀਸ਼ ਤਾਂ ਜਗਰਾਉਂ ਪੁਲਿਸ ਦੇ ਐਸ ਐਚ ਓ ਕਰ ਰਹੇ ਹਨ  ਜਦ ਕਿ ਧਾਰਾ 304 ਦੇ ਇਸ ਕੇਸ ਦੀ ਤਫਤੀਸ਼ ਕਰਨ ਲਈ ਫਾਇਲ਼ ਪੁਲਿਸ ਹੈਡਕੁਆਰਟਰ ਮੰਗਵਾਈ ਗਈ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਵਰਤਾਰਾ ਕਿਸੇ ਡੀਲ਼ ਤੋਂ ਬਿਨਾਂ ਕਿਵੇਂ ਸੰਭਵ ਹੋ ਸਕਦਾ ਏ? ਆਗੂਆਂ ਨੇ ਇਹ ਵੀ ਕਿਹਾ ਕਿ ਜਿਲ੍ਹਾ ਪੁਲਿਸ ਬਿਨਾਂ ਕਿਸੇ ਅਦਾਲਤੀ ਹੁਕਮਾਂ ਜਾਂ ਅਰੈਸ ਸਟੇਅ ਦੇ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਨੂੰ ਕਾਨੂੰਨ ਨੂੰ ਛਿੱਕੇ ਤੰਗ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ, ਇਸ ਲਈ ਥਾਣਾ ਮੁਖੀ ਸਿੱਧੇ ਰੂਪ 'ਚ ਜ਼ਿੰਮੇਵਾਰ ਹੈ। ਮਨੁੱਖੀ ਅਧਿਕਾਰ ਆਗੂ ਸਤਨਾਮ ਧਾਲੀਵਾਲ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜਦ ਕੋਈ ਕ‍ਾਨੂੰਨ ਇਹ ਆਗਿਆ ਹੀ ਨਹੀਂ ਦਿੰਦਾ ਕਿ ਕਿ 'ਸੰਗੀਨ ਦੋਸ਼ਾਂ' ਦ‍ਾ ਅਪਰਾਧੀ ਬਿਨਾਂ ਗ੍ਰਿਫਤਾਰੀ ਦੇ ਖੁੱਲ੍ਹਾ ਫਿਰੇ ਤਾਂ ਫਿਰ ਦੋਸ਼ੀ ਡੀ ਐਸ ਪੀ ਹੁਣ ਵੀ ਡਿਊਟੀ ਕਿਵੇਂ ਕਰ ਰਿਹਾ ਏ? ਉਨ੍ਹਾਂ ਕਿਹਾ ਕਿ ਇਹ ਵੀ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਇੱਕ ਵੱਡੇ ਤੋਂ ਵੱਡਾ ਰਸੂਖਵਾਨ ਵਿਅੱਕਤੀ ਵੀ ਅਪਰਾਧਿਕ ਕੇਸਾਂ 'ਚ ਰਲ਼ੀਫ ਲਈ ਅਦਾਲ਼ਤ ਦਾ ਸਹਾਰਾ ਲੈਂਦਾ ਹੈ ਪਰ ਇਥੇ ਇਕ ਦੋਸ਼ੀ ਡੀ ਐਸ ਪੀ ਨੂੰ ਅਦਾਲਤ ਦੀ ਬਿਜਾਏ ਪੁਲਿਸ ਅਫਸਰਾਂ 'ਤੇ ਜ਼ਿਆਦਾ ਭਰੋਸਾ ਹੈ? ਕਿਸਾਨ ਆਗੂਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਸ਼ੱਕੀ ਕਰਾਰ ਦਿੰਦਿਆਂ ਕਿਹਾ ਕਿ ਹੁਣ ਸੰਘਰਸ਼ ਤੋਂ ਬਿਨਾਂ ਕੋਈ ਰਸਤਾ ਨਹੀਂ ਬਚਿਆ। ਕਾਬਲ਼ੇਗੌਰ ਹੈ ਕਿ 24 ਜਨਵਰੀ ਨੂੰ ਪੁਲਿਸ ਅਧਿਕਾਰੀਆਂ ਨੇ ਜੱਥੇਬੰਦੀਆਂ ਨਾਲ਼ ਮੀਟਿੰਗ ਕਰਕੇ ਇਕ ਮਹੀਨੇ ਦਾ ਸਮਾਂ ਲੈਂਦਿਆਂ 26 ਜਨਵਰੀ ਦੇ ਪੱਕੇ ਧਰਨੇ ਦੇ ਐਕਸ਼ਨ ਨੂੰ ਇਹ ਭਰੋਸਾ ਦੇ ਕੇ ਮੁਲ਼ਤਵੀ ਕਰਵਾਇਆ ਸੀ ਕਿ ਜਲ਼ਦੀ ਤਫਤੀਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਸਮੇਂ ਕਿਸਾਨ-ਮਜ਼ਦੂਰ ਆਗੂ ਗੁਰਚਰਨ ਸਿੰਘ ਰਸੂਲਪੁਰ, ਸਾਧੂ ਸਿੰਘ ਅੱਚਰਵਾਲ, ਬਲਵਿੰਦਰ ਸਿੰਘ ਪੋਨਾ, ਕੁਲਦੀਪ ਸਿੰਘ, ਸਰਪੰਚ ਬਲਵੀਰ ਸਿੰਘ, ਮਾਸਟਰ ਹਰਨੇਕ ਸਿੰਘ, ਕੈਪਟਨ ਸੇਵਕ ਸਿੰਘ ਆਦਿ ਹਾਜ਼ਰ ਸਨ।