You are here

ਆਵਰ ਸਪੇਸ ਸਿਨੇਮਾ ਸੰਸਥਾ ਵੱਲੋਂ 7 ਦਸੰਬਰ ਨੂੰ ਪੰਜਾਬੀ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਜਾਵੇਗਾ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬੀ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਆਵਰ ਸਪੇਸ ਸਿਨੇਮਾ ਸੰਸਥਾ ਵੱਲੋਂ 7 ਦਸੰਬਰ ਨੂੰ ਸਵੇਰੇ 11.30 ਵਜੇ ਬਲਰਾਜ ਸਾਹਨੀ ਯਾਦਗਾਰੀ ਸੁਹਿਰਦ ਸਿਨੇਮਾ ਸਨਮਾਨ ਨਾਲ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਲੁਧਿਆਣਾ ਵਿਖੇ ਦੋ ਰੋਜ਼ਾ ਲਘੂ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਸਨਮਾਨਿਤ ਕੀਤਾ ਜਾਵੇਗਾ। ਦੋ ਰੋਜ਼ਾ ਫਿਲਮ ਫੈਸਟੀਵਲ ਦਾ ਉਦਘਾਟਨ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਕ੍ਰਿਪਾਲ ਸਿੰਘ ਔਲਖ ਕਰਨਗੇ। ਇਹ ਜਾਣਕਾਰੀ ਦਿੰਦਿਆਂ ਆਵਰ ਸਪੇਸ ਸਿਨੇਮਾ ਦੇ ਸੰਚਾਲਕਾਂ ਪਰਦੀਪ ਸਿੰਘ ਯੂ ਐੱਸ ਏ ਤੇ ਡਾ: ਪਰਮਜੀਤ ਸੋਹਲ ਨੇ ਦੱਸਿਆ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਪਿਛਲੇ ਚਾਰ ਸਾਲ ਤੋਂ ਲੁਧਿਆਣਾ ਲਘੂ ਫਿਲਮ ਮੇਲੇ ਦੀ ਸਰਪ੍ਰਸਤੀ ਕਰ ਰਹੇ ਹਨ ਅਤੇ ਉਨ੍ਹਾਂ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਅਦਾਰਿਆਂ ਨਾਲ ਵੀ ਸਾਡੀ ਸੰਸਥਾ ਦਾ ਸਬੰਧ ਜੋੜਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਜੀਵਨ ਵੇਰਵੇ ਬਾਰੇ ਜਾਣਕਾਰੀ ਦਿੰਦਿਆਂ ਪਰਦੀਪ ਸਿੰਘ ਤੇ ਸਲਾਹਕਾਰ ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਦੱਸਿਆ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਅਜਿਹੇ ਪੰਜਾਬੀ ਸਾਹਿਤਕਾਰ ਹਨ, ਜਿਨ੍ਹਾਂ ਨੇ ਆਪਣੀ ਨਵੀਨਤਮ ਅਤੇ ਵੱਖਰੀ ਸ਼ੈਲੀ ਰਾਹੀਂ ਪੰਜਾਬੀ ਸਾਹਿਤ ਦੇ ਕਾਵਿ ਖੇਤਰ ਵਿੱਚ ਆਪਣੀ ਅਲੱਗ ਪਹਿਚਾਣ ਕਾਇਮ ਕੀਤੀ ਹੈ । ਕਵਿਤਾ, ਗਜ਼ਲ ਅਤੇ ਗੀਤਾਂ ਦੀਆਂ ਵੰਨਗੀਆਂ ਨਾਲ ਸਜੀਆਂ ਉਹਨਾਂ ਦੀਆਂ 14 ਮੌਲਿਕ ਕਿਤਾਬਾਂ ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖ਼ੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ, ਮਨ ਤੰਦੂਰ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸੀ ਛਪ ਚੁਕੀਆਂ ਹਨ। ਵਾਰਤਕ ਦੀ ਇੱਕ ਪੁਸਤਕ ਕੈਮਰੇ ਦੀ ਅੱਖ ਬੋਲਦੀ ਤੋਂ ਇਲਾਵਾ ਇਨ੍ਹਾਂ ਦੀਆਂ ਰਚਨਾਵਾਂ ਦੇ ਚਾਰ ਸੰਪਾਦਿਤ ਸੰਗ੍ਰਹਿ ਸੁਰਖ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ,ਤੇ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਹਨ। 2 ਮਈ 1953 ਨੂੰ ਬਸੰਤ ਕੋਟ (ਗੁਰਦਾਸਪੁਰ)ਵਿਖੇ ਪਿਤਾ ਸ: ਹਰਨਾਮ ਸਿੰਘ ਗਿੱਲ ਤੇ ਮਾਤਾ ਜੀ ਸਰਦਾਰਨੀ ਤੇਜ ਕੌਰ ਦੇ ਘਰ ਜਨਮੇ ਪ੍ਰੋ: ਗੁਰਭਜਨ ਸਿੰਘ ਗਿੱਲ ਅਜਿਹੇ ਪੰਜਾਬੀ ਸਾਹਿਤਕਾਰ ਹਨ, ਜਿਨ੍ਹਾਂ ਨੇ ਆਪਣੀ ਨਵੀਨਤਮ ਅਤੇ ਵੱਖਰੀ ਸ਼ੈਲੀ ਰਾਹੀਂ ਪੰਜਾਬੀ ਸਾਹਿਤ ਦੇ ਕਾਵਿ ਖੇਤਰ ਵਿੱਚ ਆਪਣੀ ਅਲੱਗ ਪਹਿਚਾਣ ਕਾਇਮ ਕੀਤੀ ਹੈ । ਉਨ੍ਹਾਂ ਦੱਸਿਆ ਕਿ 1976 ਤੋਂ ਸ਼ੁਰੂ ਕਰਕੇ ਸੱਤ ਸਾਲ ਕਾਲਜਾਂ ਚ ਪੜ੍ਹਾਉਣ ਮਗਰੋਂ 1983 ਤੋਂ 2013 ਤੀਕ ਤੀਹ ਸਾਲ ਪੰਜਾਬ ਐਗਰੀਕਲਚਰ ਯੁਨੀਵਰਸਿਟੀ, ਲੁਧਿਆਣਾ ਵਿੱਚ ਸੀਨੀਅਰ ਸੰਪਾਦਕ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਚੁੱਕੇ ਹਨ । ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 2010 ਤੋਂ 2014 ਤੀਕ ਚਾਰ ਸਾਲ ਪ੍ਰਧਾਨ ਰਹੇ ਹਨ ਅਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ 1978 ਤੋਂ ਲੈ ਕੇ 2014 ਤੀਕ ਲਗ ਪਗ ਪੈਂਤੀ ਸਾਲ ਪ੍ਰਮੁੱਖ ਅਹੁਦੇਦਾਰ ਰਹੇ ਹਨ। ਇਸ ਵਕਤ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ, ਬੱਸੀਆਂ ਕੋਠੀ (ਰਾਏਕੋਟ)ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਵੀ ਹਨ । ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਤੇ ਪਾਕਿਸਤਾਨ ਵਿੱਚ ਪਿਛਲੇ 15 ਸਾਲ ਵਿੱਚ ਅਨੇਕਾਂ ਅੰਤਰ ਰਾਸ਼ਟਰੀ ਸੈਮੀਨਾਰਾਂ ਤੇ ਕਾਨਫਰੰਸਾਂ ਚ ਹਿੱਸਾ ਲੈ ਚੁਕੇ ਹਨ। ਸੱਰੀ(ਕੈਨੇਡਾ) ਚ ਸਥਾਪਤ ਪੰਜਾਬ ਭਵਨ ਦੀ ਸਥਾਪਨਾ ਕਰਵਾਉਣ ਲਈ ਆਪ ਜੀ ਦਾ ਯੋਗਦਾਨ ਇਤਿਹਾਸਕ ਮੀਲ ਪੱਥਰ ਹੈ। ਪ੍ਰੋ: ਗਿੱਲ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਾਹਿਤ ਸਭਾਵਾਂ ਵਲੋਂ ਨੈਸ਼ਨਲ ਅਤੇ ਇੰਟਰ-ਨੈਸ਼ਨਲ ਅਵਾਰਡਸ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਹਨਾਂ ਵਿਚੋਂ ਭਾਈ ਵੀਰ ਸਿੰਘ ਅਵਾਰਡ 1979, ਸ਼ਿਵ ਕੁਮਾਰ ਬਟਾਲਵੀ ਅਵਾਰਡ 1992, ਬਾਵਾ ਬਲਵੰਤ ਅਵਾਰਡ 1999, ਪ੍ਰੋ: ਪੂਰਨ ਸਿੰਘ ਅਵਾਰਡ 2002, ਗਿਆਨੀ ਸੁੰਦਰ ਸਿੰਘ ਅਵਾਰਡ 2002, ਐਸ.ਐਸ.ਮੀਸ਼ਾ ਅਵਾਰਡ 2002, ਸਫਦਰ ਹਾਸ਼ਮੀ ਲਿਟਰੇਰੀ ਅਵਾਰਡ 2003, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ 2003, ਸੁਰਜੀਤ ਰਾਮਪੁਰੀ ਅਵਾਰਡ 2003, ਬਲਵਿੰਦਰ ਰਿਸ਼ੀ ਮੈਮੋਰੀਅਲ ਗਜ਼ਲ ਅਵਾਰਡ 005,ਹਰਿਭਜਨ ਹਲਵਾਰਵੀ ਕਵਿਤਾ ਪੁਰਸਕਾਰ, ਬਾਬਾ ਫ਼ਰੀਦ ਪੁਰਸਕਾਰ, ਸ਼ਾਹ ਹੁਸੈਨ ਪੁਰਸਕਾਰ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਪ੍ਰਮੁੱਖ ਹਨ । ਪਿਛਲੇ ਸਮੇਂ ਚ ਉਹਨਾਂ ਦੀਆਂ ਸੇਵਾਵਾਂ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਸਾਹਿਤ ਅਕਾਦਮੀ ਨੇ ਫੈਲੋਸ਼ਿਪ ਦੇ ਕੇ ਸਨਮਾਨਿਤ ਕੀਤਾ ਹੈ।ਪ੍ਰੋ: ਗੁਰਭਜਨ ਗਿੱਲ ਪਿਛਲੇ 5 ਸਾਲ ਤੋਂ ਆਵਰ ਸਪੇਸ ਸਿਨੇਮਾ ਨਾਲ ਜੁੜੇ ਹੋਏ ਹਨ । ਉਨ੍ਹਾਂ ਨੇ ਸੰਸਥਾ ਨੂੰ ਸੇਧ ਅਤੇ ਅਗਵਾਈ ਦਿੱਤੀ ਹੈ । ਸੰਸਥਾ ਇਹ ਆਸ ਵੀ ਕਰਦੀ ਹੈ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਸਾਹਿੱਤ ਦੀ ਪ੍ਰਫੁਲੱਤਾ ਅਤੇ ਲਘੂ ਫ਼ਿਲਮ ਲਹਿਰ ਲਈ ਵੀ ਕਾਰਜ ਕਰਦੇ ਰਹਿਣਗੇ । ਉਹਨਾਂ ਦੇ ਪੰਜਾਬੀ ਸਾਹਿਤ ਨੂੰ ਦਿੱਤੇ ਯੋਗਦਾਨ ਸਦਕਾ ਹੀ ਆਵਰ ਸਪੇਸ ਸਿਨੇਮਾ ਸੰਸਥਾ ਉਨ੍ਹਾਂ ਦਾ ਬਲਰਾਜ ਸਾਹਨੀ ਸੁਹਿਰਦ ਸਿਨੇਮਾ ਸਨਮਾਨ ਕਰ ਰਹੀ ਹੈ।