ਸ਼ਹੀਦੀ ਦਿਵਸ: ਬਾਬਾ ਗੁਰਬਖਸ਼ ਸਿੰਘ ਜੀ
ਬਾਬਾ ਗੁਰਬਖਸ਼ ਸਿੰਘ ਜੀ ਰਹਿਤਵਾਨ ਅਤੇ ਸੂਰਬੀਰ ਸਿੰਘ ਸਨ । ਆਪ ਜੀ ਖੇਮਕਰਨ ਦੇ ਨੇੜੇ ਪਿੰਡ ਲੀਲ੍ਹ ਦੇ ਰਹਿਣ ਵਾਲੇ ਸਨ। ਆਪ ਜੀ ਨੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਸੀ । ਆਪ ਜੀ ਜਿੱਥੇ ਕਿਤੇ ਵੀ ਜ਼ਾਲਮਾਂ ਦੇ ਅੱਤਿਆਚਾਰ ਦੀ ਖਬਰ ਸੁਣਦੇ, ਉੱਥੇ ਜ਼ਾਲਮਾਂ ਨੂੰ ਸੋਧਣ ਲਈ ਨਗਾਰੇ ਵਜਾਉਂਦੇ ਪੁੱਜ ਜਾਂਦੇ ।
ਸਿੱਖਾਂ ਵੱਲੋਂ ਜਵਾਹਰ ਸਿੰਘ ਭਰਤਪੁਰੀਏ ਦੀ ਮਦਦ ਲਈ ਦਿੱਲੀ ਜਾਣਾ
ਭਰਤਪੁਰ ਰਿਆਸਤ ਦੇ ਰਾਜਾ ਸੂਰਜ ਮੱਲ ਅਤੇ ਦਿੱਲੀ ਤੇ ਕਾਬਜ਼ ਰੋਹੇਲਾ ਸਰਦਾਰ, ਨਜੀਬ-ਉਦ-ਦੌਲਾ, ਵਿਚਕਾਰ ਅਕਸਰ ਟੱਕਰ ਹੁੰਦੀ ਰਹਿੰਦੀ ਸੀ। 25 ਦਸੰਬਰ, 1763 ਦੇ ਦਿਨ ਨਜੀਬ-ਉਦ-ਦੌਲਾ ਨੇ ਸੂਰਜ ਮੱਲ ਦਾ ਕਤਲ ਕਰ ਦਿੱਤਾ। ਸੂਰਜ ਮੱਲ ਦੇ ਪੁੱਤਰ ਜਵਾਹਰ ਸਿੰਘ ਨੇ ਦਿੱਲੀ ਉੱਤੇ ਹਮਲਾ ਕਰਕੇ ਨਜੀਬ-ਉਦ-ਦੌਲਾ ਤੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖਾਲਸਾ ਜੀ ਅਤੇ ਮਰਾਠਿਆਂ ਤੋਂ ਸਹਾਇਤਾ ਮੰਗੀ ਸੀ। ਮਰਾਠਿਆਂ ਦਾ ਸਰਦਾਰ ਮਲਹਾਰ ਰਾਓ ਹੁਲਕਰ ਤਾਂ ਖੜ੍ਹਾ ਤਮਾਸ਼ਾ ਹੀ ਦੇਖਦਾ ਰਿਹਾ ਪਰ ਦਲ ਖਾਲਸਾ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ 15 ਹਜ਼ਾਰ ਸਿੰਘਾਂ ਸਮੇਤ ਜਵਾਹਰ ਸਿੰਘ ਦੀ ਮਦਦ ਲਈ ਦਿੱਲੀ ਪਹੁੰਚ ਗਏ ਸਨ। ਨਜੀਬ-ਉਦ-ਦੌਲਾ ਨੇ ਆਪਣੇ ਆਪ ਨੂੰ ਮੁਸੀਬਤ ਵਿੱਚ ਘਿਰਿਆ ਦੇਖ ਕੇ ਅਬਦਾਲੀ ਵੱਲ ਮਦਦ ਲਈ ਸੁਨੇਹਾ ਭੇਜਿਆ ਜਿਸ ਨੂੰ ਅਬਦਾਲੀ ਨੇ ਸਵੀਕਾਰ ਕਰ ਲਿਆ।
ਅਬਦਾਲੀ ਦਾ ਹਿੰਦੁਸਤਾਨ ਉੱਪਰ ਸੱਤਵਾਂ ਹਮਲਾ
ਅਬਦਾਲੀ ਨੂੰ ਇਹ ਖ਼ਬਰਾਂ ਮਿਲ ਰਹੀਆਂ ਸਨ ਕਿ ਸਿੰਘਾਂ ਨੇ ਪੰਜਾਬ ਵਿੱਚ ਦੁਰਾਨੀਆਂ ਨੂੰ ਹੂੰਝਾ ਫੇਰ ਦਿੱਤਾ ਹੈ। ਉਨ੍ਹਾਂ ਨੇ ਸਰਹੰਦ ਉੱਪਰ ਕਬਜ਼ਾ ਕਰ ਲਿਆ ਸੀ, ਲਾਹੌਰ ਦੇ ਗਵਰਨਰ ਕਾਬਲੀ ਮੱਲ ਨੇ ਖਾਲਸਾ ਜੀ ਦੀ ਈਨ ਮੰਨ ਲਈ ਸੀ। ਸਿੱਖਾਂ ਦੇ ਵੱਧ ਰਹੇ ਉਭਾਰ ਨੂੰ ਦਬਾਉਣ ਲਈ ਅਬਦਾਲੀ ਵੱਲੋਂ ਭੇਜੇ ਜਰਨੈਲ ਜਹਾਨ ਖ਼ਾਨ ਨੂੰ ਸਰਦਾਰ ਚੜ੍ਹਤ ਸਿੰਘ ਅਤੇ ਸਾਥੀਆਂ ਨੇ ਸਿਆਲਕੋਟ ਦੇ ਸਥਾਨ ਤੇ ਕਰਾਰੀ ਹਾਰ ਦਿੱਤੀ। ਉਨ੍ਹਾਂ ਨੇ ਰੁਹਤਾਸ ਕਿਲ੍ਹੇ ਤੇ ਕਾਬਜ਼ ਸਰਬਲੰਦ ਖ਼ਾਨ ਨੂੰ ਬੜੀ ਸਿਆਣਪ ਅਤੇ ਯੁੱਧਨੀਤੀ ਨਾਲ ਕਿਲ੍ਹੇ ਵਿੱਚੋਂ ਬਾਹਰ ਕੱਢ ਕੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਸੀ। ਸਰਬਲੰਦ ਖ਼ਾਨ ਸਰਦਾਰ ਚੜ੍ਹਤ ਸਿੰਘ ਦੇ ਰਵੱਈਏ ਤੋਂ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਬੜੀ ਖੁਸ਼ੀ ਨਾਲ ਖਾਲਸੇ ਦੀ ਅਧੀਨਗੀ ਸਵੀਕਾਰ ਕਰ ਲਈ। ਇਨ੍ਹਾਂ ਸਾਰੇ ਹਾਲਾਤਾਂ ਨੂੰ ਮੁੱਖ ਰੱਖ ਕੇ ਅਬਦਾਲੀ ਨੇ ਕਲਾਤ ਦੇ ਬਲੋਚ ਹਾਕਮ ਨਸੀਰ ਖ਼ਾਨ ਨੂੰ ਆਪਣੇ ਨਾਲ ਲਿਆ ਅਤੇ ਸਿੰਘਾਂ ਵਿਰੁੱਧ ਜਹਾਦ ਦਾ ਨਾਹਰਾ ਦਿੰਦੇ ਹੋਏ ਦਸੰਬਰ, 1764 ਈ. ਵਿੱਚ ਹਿੰਦੁਸਤਾਨ ਉੱਪਰ ਆਪਣਾ ਸੱਤਵਾਂ ਹਮਲਾ ਬੋਲ ਦਿੱਤਾ।
ਸਰਦਾਰ ਚੜ੍ਹਤ ਸਿੰਘ ਜੀ ਵੱਲੋਂ ਅਬਦਾਲੀ ਦੀਆਂ ਫ਼ੌਜਾਂ ਉੱਤੇ ਹਮਲਾ
ਅਬਦਾਲੀ ਦੇ ਹਮਲੇ ਵੇਲੇ ਸਿੱਖ ਸਰਦਾਰ ਵੱਖ-ਵੱਖ ਮੁਹਿੰਮਾਂ ਉੱਪਰ ਚੜ੍ਹੇ ਹੋਏ ਸਨ ਅਤੇ ਕੇਂਦਰੀ ਪੰਜਾਬ ਸਿੰਘਾਂ ਤੋਂ ਲਗਭਗ ਖਾਲੀ ਹੀ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਵਾਹਰ ਸਿੰਘ ਦੀ ਸਹਾਇਤਾ ਲਈ ਦਿੱਲੀ ਵਿੱਚ ਸਨ। ਭੰਗੀ ਸਰਦਾਰ ਸਾਂਦਲ ਬਾਰ ਦੇ ਇਲਾਕੇ ਵੱਲ ਸਨ। ਕੇਵਲ ਸਰਦਾਰ ਚੜ੍ਹਤ ਸਿੰਘ ਹੀ ਸਿਆਲਕੋਟ ਸੀ ਅਤੇ ਉਸ ਨੇ ਜਦ ਅਬਦਾਲੀ ਦੇ ਲਾਹੌਰ ਪਹੁੰਚਣ ਦੀ ਖ਼ਬਰ ਸੁਣੀ ਤਾਂ ਇਕਦਮ ਅਬਦਾਲੀ ਦੇ ਕੈਂਪ ਉੱਤੇ ਹਮਲਾ ਬੋਲ ਦਿੱਤਾ। ਹਮਲਾ ਇੰਨਾ ਤੇਜ਼ ਅਤੇ ਮਾਰੂ ਸੀ ਕਿ ਦੁਰਾਨੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ। ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਅਬਦਾਲੀ ਨਾਲ ਇੱਕ ਸਫ਼ਲ ਟੱਕਰ ਲੈ ਕੇ, ਫਿਰ ਕਿਸੇ ਮੌਕੇ ਦੀ ਤਾੜ ਲਈ ਇੱਕ ਪਾਸੇ ਹਟ ਗਿਆ।
ਅਬਦਾਲੀ ਵੱਲੋਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ
ਅਬਦਾਲੀ ਨੂੰ ਖ਼ਬਰ ਮਿਲੀ ਕਿ ਸਿੰਘ ਅੰਮ੍ਰਿਤਸਰ ਵੱਲ ਗਏ ਹੋਏ ਹਨ। ਸਿੰਘਾਂ ਦਾ ਪਿੱਛਾ ਕਰਨ ਲਈ ਉਸ ਨੇ ਅੰਮ੍ਰਿਤਸਰ ਵੱਲ ਕੂਚ ਕੀਤਾ। ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿੱਚ ਇਸ ਵੇਲੇ ਕੇਵਲ ਤੀਹ ਕੁ ਸਿੰਘ ਹੀ ਸਨ ਅਤੇ ਇਨ੍ਹਾਂ ਦੇ ਜਥੇਦਾਰ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਸਨ। ਅਬਦਾਲੀ ਦੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਦੀ ਖ਼ਬਰ ਸੁਣਦਿਆਂ ਹੀ ਬਾਬਾ ਗੁਰਬਖਸ਼ ਸਿੰਘ ਅਤੇ ਉਸ ਦੇ ਤੀਹ ਸਾਥੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਿਆਰੀ ਅਰੰਭ ਕਰ ਦਿੱਤੀ। ਉਹ ਸਾਰੇ ਸਨਮੁੱਖ ਸ਼ਹੀਦੀਆਂ ਪ੍ਰਾਪਤ ਕਰਨ ਦੀਆਂ ਅਰਜ਼ੋਈਆਂ ਕਰ ਰਹੇ ਸਨ। ਪੂਰੀ ਤਿਆਰੀ ਕਰਨ ਉਪਰੰਤ ਅਕਾਲ ਬੁੰਗੇ ਤੋਂ ਉਤਰਕੇ ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅਰਦਾਸ ਕਰਨ ਲਈ ਗਏ।
ਉਨ੍ਹਾਂ ਸਾਰੇ ਸਿੰਘਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ :
ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ।
(ਪ੍ਰਾਚੀਨ ਪੰਥ ਪ੍ਰਕਾਸ਼, ਭਾਈ ਰਤਨ ਸਿੰਘ ਭੰਗੂ )
ਦੁਰਾਨੀਆਂ ਦੇ ਸਰੀਰ ਸੰਜੋਆਂ ਵਿੱਚ ਢਕੇ ਹੋਏ ਸਨ। ਪਰ ਸਿੰਘਾਂ ਪਾਸ ਸਰੀਰ ਢਕਣ ਲਈ ਪੂਰੇ ਬਸਤਰ ਵੀ ਨਹੀਂ ਸਨ। ਦੁਰਾਨੀਆਂ ਪਾਸ ਲੰਬੀ ਮਾਰ ਕਰਨ ਵਾਲੇ ਹਥਿਆਰ, ਤੀਰ, ਬੰਦੂਕ ਆਦਿ ਸਨ। ਸਿੰਘਾਂ ਪਾਸ ਤੇਗਾਂ ਤੇ ਬਰਛੇ ਹੀ ਸਨ, ਪਰ ਸਿੰਘਾਂ ਦੇ ਮਨਾਂ ਵਿੱਚ ਆਪਣੇ ਪਵਿੱਤਰ ਅਸਥਾਨ ਦੀ ਰੱਖਿਆ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਦਾ ਚਾਅ ਸੀ-
ਆਪ ਬਿਚ ਤੇ ਕਰੇ ਕਰਾਰ।
ਤੁਹਿ ਤੇ ਅਗੇ ਮੈਂ ਹੋਗੁ ਸਿਧਾਰ॥52॥
ਅਬਦਾਲੀ ਦੀਆਂ ਫ਼ੌਜਾਂ ਪ੍ਰਕਰਮਾ ਨੇੜੇ ਪਹੁੰਚ ਗਈਆਂ ਸਨ। ਸਿੰਘ ਗਿਣਤੀ ਵਿੱਚ ਕੇਵਲ ਤੀਹ ਸਨ, ਪ੍ਰੰਤੂ ਅਬਦਾਲੀ ਦੀਆਂ ਫ਼ੌਜਾਂ ਦੀ ਗਿਣਤੀ ਛੱਤੀ ਹਜ਼ਾਰ ਸੀ। ਸਿੰਘ ਜਿਸ ਪਾਸੇ ਵੀ ਪੈਂਦੇ, ਦੁਸ਼ਮਣਾਂ ਦੀਆਂ ਸਫ਼ਾਂ ਵਿਹਲੀਆਂ ਕਰੀ ਜਾਂਦੇ। ਇਸ ਤਰ੍ਹਾਂ ਉਹ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਦੁਸ਼ਮਣ ਨਾਲ ਲੋਹਾ ਲੈਂਦੇ ਇੱਕ ਦੂਸਰੇ ਤੋਂ ਅੱਗੇ ਹੋ ਕੇ ਸ਼ਹੀਦ ਹੁੰਦੇ ਗਏ। ਬਾਬਾ ਗੁਰਬਖਸ਼ ਸਿੰਘ ਜੀ ਸਭ ਨੂੰ ਹੌਂਸਲਾ ਦੇ ਰਹੇ ਸਨ ਅਤੇ ਅੱਗੇ ਤੋਂ ਅੱਗੇ ਹੋ ਕੇ ਲੜਨ ਦੀ ਪ੍ਰੇਰਨਾ ਕਰ ਰਹੇ ਸਨ। ਇਸ ਪ੍ਰੇਰਨਾ ਸਦਕਾ ਉਹ ਰਣ ਭੂਮੀ ਵਿੱਚ ਹੋਰ ਅੱਗੇ ਹੋ ਕੇ ਜੂਝਦੇ ਅਤੇ ਦੁਸ਼ਮਣਾਂ ਦੀਆਂ ਸਫਾਂ ਲਪੇਟਦਿਆਂ ਅਤੇ ਫੱਟ ਸਹਿੰਦਿਆਂ ਵੀ ਅੱਗੇ ਹੀ ਅੱਗੇ ਵਧਦੇ ਅਤੇ ਸ਼ਹੀਦੀ ਦਾ ਜਾਮ ਪੀ ਜਾਂਦੇ :
ਪਗ ਆਗੇ ਪਤ ਊਬਰੈ ਪਗ ਪਾਛੈ ਪਤ ਜਾਇ।
ਬੈਰੀ ਖੰਡੇ ਸਿਰ ਧਰੈ, ਬੈਰੀ ਕ੍ਯਾ ਤਕਨ ਸਹਾਇ॥58॥
ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣ ਦੇ ਕੰਨੀਂ ਹੱਥ ਲੁਆ ਦਿੱਤੇ। ਬਾਬਾ ਗੁਰਬਖਸ਼ ਸਿੰਘ ਜੀ ਆਪ ਵੀ ਤੇਗਾ ਲੈ ਕੇ ਵੈਰੀ ਦਾ ਮੁਕਾਬਲਾ ਕਰ ਰਹੇ ਸਨ। ਉਹ ਸਰੀਰਾਂ ਨੂੰ ਸੰਜੋਆਂ ਸਹਿਤ ਚੀਰਦੇ ਹੋਏ ਵੈਰੀ ਦੀਆਂ ਸਫ਼ਾਂ ਵਿਹਲੀਆਂ ਕਰਦੇ ਗਏ। ਵੈਰੀ ਢਾਲ ਦਾ ਆਸਰਾ ਲੈਂਦੇ ਸਨ, ਪਰ ਸਿੰਘ ਜੀ ਨੇ ਢਾਲ ਵੀ ਛੱਡ ਦਿੱਤੀ, ‘ਮੂੰਹ ਲੁਕਾ ਕੇ ਨਹੀਂ, ਹੁਣ ਸਨਮੁਖ ਹੋ ਕੇ ਲੜਨਾ ਹੈ।’ ਬਾਬਾ ਗੁਰਬਖਸ਼ ਸਿੰਘ ਜੀ ਹੁਣ ਨੰਗੇ ਧੜ ਮੈਦਾਨ ਵਿੱਚ ਨਿੱਤਰ ਆਏ। ਗਿਲਜ਼ੇ ਹੁਣ ਦੂਰੋਂ ਹੀ ਗੋਲੀਆਂ ਜਾਂ ਤੀਰਾਂ ਨਾਲ ਲੜ ਰਹੇ ਸਨ, ਨੇੜੇ ਆਉਣ ਦੀ ਜੁਰਅੱਤ ਨਹੀਂ ਸਨ ਕਰ ਰਹੇ। ਵੈਰੀ ਦੇ ਤੀਰਾਂ ਨਾਲ ਅਣਗਿਣਤ ਜ਼ਖ਼ਮਾਂ ਕਾਰਨ ਸਰੀਰ ਵਿੱਚੋਂ ਖੂਨ ਇਵੇਂ ਚੋਅ ਰਿਹਾ ਸੀ, ਜਿਵੇਂ ਕੋਹਲੂ ਵਿੱਚੋਂ ਪਰਨਾਲੇ ਛੁੱਟ ਰਹੇ ਹੋਣ ਜਾਂ ਜਿਵੇਂ ਵੱਡੀ ਮਸ਼ਕ ਵਿੱਚ ਛੇਕ ਹੋਏ ਹੋਣ ਤੇ ਉਸ ਵਿੱਚੋਂ ਚਾਰੇ ਪਾਸੀਂ ਫੁਹਾਰੇ ਛੁੱਟ ਰਹੇ ਹੋਣ :
ਜਨੁ ਬਡ ਮਛਕ ਸੁ ਭਏ ਸੁਲਾਕ।
ਛੁਟੇ ਫੁਹਾਰੇ ਚਹੂੰ ਵਲ ਝਾਕ।
ਸਰੀਰ ਰਤ-ਹੀਣ ਹੋ ਗਿਆ, ਪਰ ਪੈਰ ਫਿਰ ਵੀ ਅੱਗੇ ਵੱਲ ਹੀ ਜਾਂਦੇ ਸਨ। ਚਾਰ-ਚੁਫ਼ੇਰੇ ਘੇਰਾ ਪੈ ਗਿਆ। ਗਿਲਜ਼ਿਆਂ ਨੇ ਚੁਫੇਰਿਓਂ ਨੇਜੇ ਮਾਰੇ ਅਤੇ ਬਾਬਾ ਜੀ ਗੋਡਿਆਂ ਭਾਰ ਡਿੱਗ ਪਏ ਪਰ ਹੱਥੋਂ ਤੇਗ ਨਹੀਂ ਛੱਡੀ, ਉਹ ਚਲਦੀ ਰਹੀ। ਅਖੀਰ, ਅੰਤ ਸਮਾਂ ਆ ਗਿਆ ਅਤੇ ਉਹ ਗੁਰੂ-ਚਰਨਾਂ ਵਿੱਚ ਜਾ ਬਿਰਾਜੇ।
ਜੰਗਨਾਮੇ ਦੇ ਕਰਤਾ ਕਾਜ਼ੀ ਨੂਰ ਮੁਹੰਮਦ ਨੇ ਇਹ ਸਾਰਾ ਯੁੱਧ ਅੱਖੀਂ ਦੇਖਿਆ ਸੀ। ਉਹ ਇਸ ਹਮਲੇ ਦੌਰਾਨ ਅਬਦਾਲੀ ਦੇ ਨਾਲ ਹੀ ਸੀ। ਇਸ ਸਾਕੇ ਬਾਰੇ ਨੂਰ ਮੁਹੰਮਦ ਲਿਖਦਾ ਹੈ-
ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ (ਗੁਰੂ) ਚੱਕ (ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ਉੱਥੇ ਨਜ਼ਰ ਨਾ ਆਇਆ। ਪਰ ਕੁਝ ਥੋੜ੍ਹੇ ਜਿਹੇ ਬੰਦੇ ਗੜ੍ਹੀ (ਬੁੰਗੇ) ਵਿੱਚ ਟਿਕੇ ਹੋਏ ਸਨ ਤਾਂ ਜੋ ਲੋੜ ਪੈਣ ਤੇ (ਗੁਰਦੁਆਰਿਆਂ ਦੀ ਰਾਖੀ ਲਈ) ਆਪਣਾ ਖੂਨ ਡੋਲ੍ਹ ਸਕਣ ਅਤੇ ਜਿਨ੍ਹਾਂ ਨੇ ਆਪਣੇ-ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿੱਚੋਂ ਨਿਕਲ ਆਏ। ਉਹ ਸਾਰੇ ਗਿਣਤੀ ਵਿੱਚ ਤੀਹ ਸਨ। ਉਹ ਜ਼ਰਾ ਭਰ ਵੀ ਡਰੇ ਜਾਂ ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਭੈਅ। ਉਹ ਗਾਜ਼ੀਆਂ ਨਾਲ ਉਲਝ ਪਏ ਅਤੇ ਇਸ ਲੜਾਈ ਵਿੱਚ ਆਪਣਾ ਲਹੂ ਡੋਲ੍ਹ ਗਏ। ਇਸ ਤਰ੍ਹਾਂ ਠੀਕ ਸਾਰੇ ਹੀ (ਸਿੰਘ) ਕਤਲ ਹੋ ਗਏ।”
ਇਹ ਹੈ ਕਾਜ਼ੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਬਿਆਨ ਕਿ ਕਿਵੇਂ ਕੇਵਲ ਤੀਹ ਸਿੰਘਾਂ ਨੇ ਅਬਦਾਲੀ ਦੀ ਤੀਹ ਹਜ਼ਾਰ ਅਫਗਾਨੀ ਤੇ ਬਲੋਚ ਫ਼ੌਜ ਦਾ ਮੁਕਾਬਲਾ ਕੀਤਾ ਅਤੇ ਮੌਤ ਤੋਂ ਨਿਡਰ ਹੋ ਕੇ ਗੁਰੂ ਦੇ ਨਾਮ ਉੱਪਰ ਆਪਣੀਆਂ ਜਾਨਾਂ ਵਾਰ ਗਏ।
ਸਿੱਖਿਆ
ਬਾਬਾ ਗੁਰਬਖਸ਼ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿੱਖ ਲਈ ਗੁਰੂ ਦਾ ਪਿਆਰ ਅਤੇ ਸਤਿਕਾਰ ਉਸ ਦੀ ਜਾਨ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। ਸਿੱਖੀ ਦੀ ਆਨ ਅਤੇ ਸ਼ਾਨ ਨੂੰ ਕਾਇਮ ਰੱਖਣ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸਾਨੂੰ ਵੀ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਸਾਡਾ ਇਤਿਹਾਸ (ਪ੍ਰਿੰ. ਸਤਿਬੀਰ ਸਿੰਘ) ਪ੍ਰਕਾਸ਼ਕ: ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ
ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)
ਸਿੱਖ ਇਤਿਹਾਸ (ਪ੍ਰਿੰਸੀਪਲ ਤੇਜਾ ਸਿੰਘ, ਡਾ. ਗੰਡਾ ਸਿੰਘ) ਪ੍ਰਕਾਸ਼ਕ: ਪੰਜਾਬੀ ਯੂਨੀਵਰਸਿਟੀ, ਪਟਿਆਲਾ
ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਧੰਨਵਾਦੀ ਹਾਂ-ਅਮਨਜੀਤ ਸਿੰਘ ਖਹਿਰਾ
ਜੀਵੀਏ ਗੁਰਬਾਣੀ ਨਾਲ ਲਹਿਰ
ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ
99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022