ਰਾਜ ਸਭਾ ਮੈਂਬਰ ਅਰੋੜਾ ਵਲੋਂ ਕੌਮੀ ਸ਼ਹਿਰੀ ਹਵਾਬਾਜ਼ੀ ਸਕੱਤਰ ਨਾਲ  ਮੁਲਾਕਾਤ

 ਹਲਵਾਰਾ ਹਵਾਈ ਅੱਡੇ ਦੇ ਬਕਾਇਆ ਕੰਮਾਂ ਲਈ ਏ. ਏ. ਆਈ. ਦੁਆਰਾ ਪ੍ਰਵਾਨਗੀਆਂ
ਰੁਕਿਆ ਕੰਮ ਜਲਦ  ਸ਼ੁਰੂ ਹੋਵੇਗਾ 
ਲੁਧਿਆਣਾ, 15 ਅਕਤੂਬਰ (ਟੀ. ਕੇ)
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ   ਹਲਵਾਰਾ ਵਿਖੇ ਨਿਰਮਾਣ ਅਧੀਨ ਕੌਮਾਂਤਰੀ ਹਵਾਈ ਅੱਡੇ ਦੇ ਬਕਾਇਆ ਕੰਮਾਂ ਨੂੰ ਪ੍ਰਵਾਨਗੀ ਦੇਣ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਨ ਲਈ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਵੁਮਲੁਨਮੰਗ ਵੁਲਨਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਰੁਕਿਆ ਕੰਮ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ।
ਸ੍ਰੀ ਅਰੋੜਾ ਨੇ ਕਿਹਾ ਕਿ , "ਇਹ ਸੱਚਮੁੱਚ ਖੁਸ਼ੀ ਦੀ ਗੱਲ ਹੈ ਕਿ ਸ਼ਹਿਰੀ ਹਵਾਬਾਜ਼ੀ ਸਕੱਤਰ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ, ਕੁਝ ਕੰਮਾਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੰਬਿਤ ਕੰਮਾਂ ਨੂੰ ਵੀ ਮਨਜ਼ੂਰੀ ਦੇਣ ਦਾ ਭਰੋਸਾ ਦਿੱਤਾ ਹੈ।" , ਉਹ ਹਾਲ ਹੀ ਵਿੱਚ ਦਿੱਲੀ ਵਿੱਚ ਸਕੱਤਰ ਨੂੰ ਮਿਲੇ ਸਨ। ਉਨ੍ਹਾਂ ਨੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਚੇਅਰਮੈਨ ਸੰਜੀਵ ਕੁਮਾਰ ਦਾ ਹਲਵਾਰਾ ਏਅਰਪੋਰਟ ਦੇ ਲੰਬਿਤ ਪਏ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਲਈ ਹਮੇਸ਼ਾ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਉਹ ਨਿਯਮਤ ਤੌਰ 'ਤੇ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਚੱਲ ਰਿਹਾ ਨਿਰਮਾਣ ਕਾਰਜ ਮੁਕੰਮਲ ਹੋਣ ਦੇ ਅਗੇਤੇ ਪੜਾਅ 'ਤੇ ਪਹੁੰਚ ਗਿਆ ਹੈ। ਇਸ ਮੈਗਾ ਪ੍ਰੋਜੈਕਟ ਦਾ ਕਰੀਬ 93 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸ਼ਹਿਰੀ ਹਵਾਬਾਜ਼ੀ ਸਕੱਤਰ ਦੀ ਪ੍ਰਵਾਨਗੀ ਤੋਂ ਬਾਅਦ ਬਾਕੀ ਰਹਿੰਦੇ ਕੰਮ ਨੂੰ ਹੋਰ ਹੁਲਾਰਾ ਮਿਲਣ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਵਾਰਾ ਏਅਰਪੋਰਟ ਦੇ ਨਿਰਮਾਣ 'ਤੇ ਹੁਣ ਤੱਕ 74.30 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਕੁੱਲ ਖਰਚੇ ਵਿੱਚ ਜ਼ਮੀਨ ਐਕਵਾਇਰ 'ਤੇ 40.67 ਕਰੋੜ ਰੁਪਏ, ਪਹੁੰਚ ਮਾਰਗ 'ਤੇ 8.17 ਕਰੋੜ ਰੁਪਏ, ਚਾਰਦੀਵਾਰੀ 'ਤੇ 3.01 ਕਰੋੜ ਰੁਪਏ ਅਤੇ ਉਸਾਰੀ 'ਤੇ 20 ਕਰੋੜ ਰੁਪਏ ਦਾ ਖਰਚ ਸ਼ਾਮਲ ਹੈ।ਉਨ੍ਹਾਂ  ਕਿਹਾ ਕਿ ਹਲਵਾਰਾ ਸਥਿਤ ਏਅਰ ਫੋਰਸ ਸਟੇਸ਼ਨ 'ਤੇ ਨਵੇਂ ਏਕੀਕ੍ਰਿਤ ਸਿਵਲ ਐਨਕਲੇਵ ਅਤੇ ਕਾਰਗੋ ਟਰਮੀਨਲ ਦੇ ਨਿਰਮਾਣ ਲਈ ਕਈ ਹਿੱਸਿਆਂ 'ਤੇ ਕੰਮ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਮਨਜ਼ੂਰੀ ਲੰਬੇ ਸਮੇਂ ਤੋਂ ਮੰਤਰਾਲੇ ਕੋਲ ਪੈਂਡਿੰਗ ਸੀ। ਉਨ੍ਹਾਂ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਪੈਰੀਫਿਰਲ ਰੋਡ, ਐਪਰਨ ਅਤੇ ਟੈਕਸੀਵੇਅ ਦੇ ਪ੍ਰਦਾਨ ਕੀਤੇ ਕਰਸਟ ਜਾਂ ਡਿਜ਼ਾਈਨ ਅਨੁਸਾਰ ਕੰਮ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਹਿੱਸਿਆਂ 'ਤੇ ਕੰਮ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਜਲਦੀ ਦੇਣ ਲਈ ਕਈ ਬੇਨਤੀਆਂ ਕੀਤੀਆਂ ਸਨ। ਮਨਜ਼ੂਰੀ ਦੇਣ ਦਾ ਮਾਮਲਾ ਮੈਂਬਰ ਪਲਾਨਿੰਗ ਪੜਾਅ 'ਤੇ ਲੰਬਿਤ ਸੀ। ਇੰਟਰਨਲ ਟੈਕਸੀਵੇਅ (ਏ ਅਤੇ ਡੀ) ਨੂੰ ਚੌੜਾ ਕਰਨ ਬਾਰੇ, ਏ. ਏ. ਆਈ. ਨੇ ਇਸ ਲਈ ਰਸਮੀ ਪ੍ਰਵਾਨਗੀ ਦੇਣ ਤੋਂ ਪਹਿਲਾਂ ਸਹਿਮਤੀ ਲੈਣ ਲਈ ਆਈ. ਏ. ਐਫ. ਨੂੰ ਦੋ ਬਦਲਾ ਸੁਝਾਏ ਹਨ। ਉਨ੍ਹਾਂ  ਕਿਹਾ ਕਿ ਪੰਜਾਬ ਸਰਕਾਰ ਏ. ਏ. ਆਈ. ਨੂੰ ਇਸ 'ਤੇ ਕੰਮ ਸ਼ੁਰੂ ਕਰਨ ਲਈ ਛੇਤੀ ਤੋਂ ਛੇਤੀ ਕਿਸੇ ਇੱਕ ਵਿਕਲਪ ਨੂੰ ਅੰਤਿਮ ਰੂਪ ਦੇਣ ਲਈ ਬੇਨਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਬੇਨਤੀ 'ਤੇ ਸ਼ਹਿਰੀ ਹਵਾਬਾਜ਼ੀ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਨੂੰ ਵੀ ਜਲਦੀ ਨਿਪਟਾਇਆ ਜਾਵੇਗਾ ਅਤੇ ਇਸ ਸਬੰਧੀ ਲੋੜੀਂਦੀ ਮਨਜ਼ੂਰੀ ਵੀ ਜਲਦੀ ਹੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਕੰਮਾਂ ਦਾ ਹਰੇਕ ਹਿੱਸਾ, ਜਿਸ ਵਿੱਚ ਐਪਰਨ ਅਤੇ ਟੈਕਸੀਵੇਅ ਸ਼ਾਮਲ ਹਨ, ਨੂੰ 35 ਫੀਸਦੀ ਪੂਰਾ ਕਰ ਲਿਆ ਗਿਆ ਹੈ, ਜਦੋਂ ਕਿ ਅੰਦਰੂਨੀ ਸੜਕਾਂ, ਰੋਸ਼ਨੀ ਅਤੇ ਜਨਤਕ ਸਿਹਤ ਦੇ ਕੰਮ 55 ਫੀਸਦੀ ਦੇ ਅੰਕੜੇ ਨੂੰ ਛੂਹ ਚੁੱਕੇ ਹਨ। ਏਅਰਪੋਰਟ ਕੰਪਲੈਕਸ ਨੂੰ ਜਾਣ ਵਾਲੀ ਪਹੁੰਚ ਸੜਕ ਅਤੇ ਪਹੁੰਚ ਮਾਰਗ ਦੇ ਪ੍ਰਵੇਸ਼ ਦੁਆਰ ’ਤੇ ਬਣੇ ਪੁਲ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿੱਥੇ ਪਹੁੰਚ ਸੜਕ ਦਾ ਕੰਮ 20 ਫੀਸਦੀ ਮੁਕੰਮਲ ਹੋ ਚੁੱਕਾ ਹੈ, ਉਥੇ ਪੁਲ ਦਾ ਨਿਰਮਾਣ 5 ਫੀਸਦੀ ਦੇ ਅੰਕੜੇ ਨੂੰ ਛੂਹ ਗਿਆ ਹੈ। ਸ਼ਹਿਰੀ ਹਵਾਬਾਜ਼ੀ ਸਕੱਤਰ, ਵੁਮਲੁਨਮੰਗ ਵੁਲਨਮ ਨੇ  ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਪ੍ਰੋਜੈਕਟ ਦੇ ਪੂਰੀ ਤਰ੍ਹਾਂ ਮੁਕੰਮਲ ਹੋਣ 'ਤੇ ਹਲਵਾਰਾ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਏਅਰਲਾਈਨਜ਼ ਨਾਲ ਮਾਮਲਾ ਉਠਾਉਣਗੇ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਨੇੜੇ ਆ ਰਹੇ ਹਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡਰੀਮ ਪ੍ਰੋਜੈਕਟ ਅਮਲੀ ਰੂਪ ਲੈਣ ਜਾ ਰਿਹਾ ਹੈ। ਇਸ ਤਰ੍ਹਾਂ ਲੁਧਿਆਣਾ ਕੌਮਾਂਤਰੀ ਹਵਾਈ ਨਕਸ਼ੇ 'ਤੇ ਆ ਜਾਵੇਗਾ, ਜੋ ਨਾ ਸਿਰਫ਼ ਲੁਧਿਆਣਾ ਬਲਕਿ ਪੂਰੇ ਪੰਜਾਬ ਦੀ ਸਮੁੱਚੀ ਆਰਥਿਕਤਾ ਲਈ ਲਾਹੇਵੰਦ ਹੋਵੇਗਾ।