ਰੱਬ ਤੇ ਕੁਦਰਤੀ ਆਫ਼ਤਾਂ ✍ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਰੱਬ ਤੇ ਕੁਦਰਤੀ ਆਫ਼ਤਾਂ 

ਰੱਬ ਤੇ ਸਭ ਤੋਂ ਵੱਧ ਯਕੀਨ ਦਰਮਿਆਨੇ ਵਰਗ ਦੇ ਜਾਂ ਗਰੀਬ ਲੋਕ ਹੀ ਕਰਦੇ ਹਨ l ਅਮੀਰਾਂ ਨੂੰ ਰੱਬ ਦੀ ਲੋੜ ਨਹੀਂ ਰਹਿੰਦੀ ਪਰ ਕਦੇ ਕਦੇ ਵੋਟਾਂ ਲੈਣ ਖਾਤਰ ਰੱਬ ਨੂੰ ਮੰਨਣ ਦਾ ਡਰਾਮਾ ਜ਼ਰੂਰ ਕਰ ਲੈਂਦੇ ਹਨ ਕਿਉਂਕਿ ਵੱਡੀ ਗਿਣਤੀ ਗਰੀਬ ਲੋਕ ਡੇਰਿਆਂ ਜਾਂ ਧਾਰਮਿਕ ਅਸਥਾਨਾਂ ਨਾਲ ਜੁੜੇ ਹੁੰਦੇ ਹਨ l ਅਮੀਰ ਡੇਰਿਆਂ ਤੇ ਜਾ ਕੇ ਵੋਟਾਂ ਲੈ ਆਉਂਦੇ ਹਨ l 

ਇਸ ਤੋਂ ਉਲਟ ਗਰੀਬ ਪਹਿਲਾਂ ਵੀ ਮਾੜੇ ਸਿਸਟਮ/ਪ੍ਰਬੰਧ ਦੇ ਮਾਰੇ ਹੋਏ ਹੁੰਦੇ ਹਨ ਜਿਸ ਨੂੰ ਗਰੀਬ ਮਾੜੀ ਕਿਸਮਤ ਜਾਂ ਰੱਬ ਦੀ ਕਰੋਪੀ ਕਹਿ ਕੇ ਚੁੱਪ ਜਾਂ ਸਬਰ ਕਰ ਲੈਂਦੇ ਹਨ l

ਜਦੋਂ ਕੁਦਰਤੀ ਆਫ਼ਤਾਂ ਆਉਂਦੀਆਂ ਹਨ, ਉਸ ਵੇਲੇ ਵੀ ਜਿਆਦਾ ਨੁਕਸਾਨ ਗਰੀਬਾਂ ਦਾ ਹੀ ਹੁੰਦਾ ਹੈ l ਗਰੀਬਾਂ ਦੇ ਘਰ ਜਾਂ ਝੋਂਪੜ੍ਹੀਆਂ ਮਜ਼ਬੂਤ ਨਹੀਂ ਹੁੰਦੀਆਂ l ਉਹ ਤੇਜ਼ ਹਨੇਰੀ ਜਾਂ ਮੀਂਹ ਵਿੱਚ ਰੁੜ੍ਹ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਖੇਤੀਬਾੜੀ ਵੀ ਖਰਾਬ ਹੋ ਜਾਂਦੀ ਹੈ l ਇਸ ਦੇ ਨਾਲ ਹੀ ਜਿਹੜੇ ਰੋਜ਼ਾਨਾ ਦਿਹਾੜੀ ਤੇ ਨਿਰਭਰ ਕਰਦੇ ਹਨ ਉਨ੍ਹਾਂ ਦਾ ਕੰਮ ਵੀ ਰੁਕ ਜਾਂਦਾ ਹੈ l

ਭਾਵ ਕੁਦਰਤ ਦੀ ਕਰੋਪੀ ਅਤੇ ਮਾੜੇ ਸਿਸਟਮ ਦੀ ਵਜ੍ਹਾ ਕਰਕੇ ਗਰੀਬ ਰੋਟੀ ਪਾਣੀ ਤੋਂ ਵੀ ਤੰਗ ਹੋ ਜਾਂਦੇ ਹਨ l ਉਹ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਮਾੜੀ ਕਿਸਮਤ ਕਹਿ ਕੇ ਚੁੱਪ ਕਰ ਜਾਂਦੇ ਹਨ ਜਿਸ ਨਾਲ ਜਿੰਮੇਵਾਰ ਲੋਕਾਂ ਪ੍ਰਤੀ ਕੋਈ ਬਗਾਵਤ ਨਹੀਂ ਕਰਦਾ l

ਸਰਕਾਰਾਂ ਨੂੰ ਇਸੇ ਤਰਾਂ ਦੇ ਲੋਕ ਹੀ ਚਾਹੀਦੇ ਹੁੰਦੇ ਹਨ ਜਿਹੜੇ ਵੋਟਾਂ ਉਨ੍ਹਾਂ ਨੂੰ ਪਾਉਣ ਅਤੇ ਆਪਣੇ ਕੰਮ ਕਰਵਾਉਣ ਵਾਸਤੇ ਰੱਬ ਅੱਗੇ ਅਰਦਾਸਾਂ ਕਰਾਉਂਦੇ ਜਾਂ ਸੁੱਖਾਂ ਸੁੱਖਦੇ ਫਿਰਨ l

ਵੈਸੇ ਤਾਂ ਅਸੀਂ ਪਹਿਲਾਂ ਹੀ ਬਹੁਤ ਦੇਰੀ ਕਰ ਚੁੱਕੇ ਹਾਂ l ਸਾਡੀਆਂ ਪੀੜ੍ਹੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ l ਹੁਣ ਜਾਗਣ ਦਾ ਵੇਲਾ ਹੈ ਕਿ ਹਲਾਤਾਂ ਦੇ ਜਿੰਮੇਵਾਰ ਲੋਕਾਂ ਨੂੰ ਹੀ ਦੋਸ਼ ਦੇਈਏ ਰੱਬ ਨੂੰ ਨਹੀਂ ਕਿਉਂਕਿ ਰੱਬ ਦੀ ਕੋਈ ਹੋਂਦ ਹੀ ਨਹੀਂ ਹੈ l

ਜੇਕਰ ਅਸੀਂ ਨਹੀਂ ਬਦਲਦੇ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਬਰਬਾਦੀ ਦੇ ਜਿੰਮੇਵਾਰ ਖੁਦ ਹੋਵਾਂਗੇ ਕੋਈ ਹੋਰ ਨਹੀਂ l

ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਵਿੱਚ ਉਹ ਹੀ ਲਿਖਿਆ ਜਾਂਦਾ ਹੈ ਜੋ ਅਸੀਂ ਅੱਜ ਕਰ ਰਹੇ ਹਾਂ l ਜੇ ਅਸੀਂ ਅੱਜ ਲਾਈਲੱਗ ਹਾਂ ਤਾਂ ਇਤਿਹਾਸ ਵਿੱਚ ਲਾਈਲੱਗ ਹੀ ਲਿਖਿਆ ਜਾਵੇਗਾ l 

 

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

  ਜੱਦੀ ਪਿੰਡ ਖੁਰਦਪੁਰ (ਜਲੰਧਰ)

  006421392147