ਹਲਕੇ ਦੇ ਲੋਕਾਂ ਨਾਲ ਸਿਆਸੀ ਨਹੀਂ, ਪਰਿਵਾਰਕ ਸਾਂਝ ਹੈ-ਇਆਲੀ

ਪਿੰਡ ਤਲਵਾੜਾ ਵਿਖੇ ਭਰਵਾਂ ਚੋਣ ਜਲਸਾ ਦੌਰਾਨ ਪਿੰਡਵਾਸੀ ਖੁੱਲ੍ਹ ਕੇ ਹਮਾਇਤ 'ਤੇ ਨਿੱਤਰੇ
ਹੰਬੜਾਂ/ਭੂੰਦੜੀ, 2 ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਨਾਲ ਉਨ੍ਹਾਂ ਦੀ  ਸਿਆਸੀ ਨਹੀਂ, ਸਗੋਂ ਇੱਕ ਪਰਿਵਾਰਕ ਸਾਂਝ ਹੈ, ਬਲਕਿ ਹਲਕੇ ਦੇ ਪਿੰਡਾਂ ਨਾਲ ਉਨ੍ਹਾਂ ਦਾ ਦਿਲੀ ਰਿਸ਼ਤਾ ਜੁੜਿਆ ਹੋਇਆ ਹੈ, ਸਗੋਂ ਉਨ੍ਹਾਂ ਦਾ ਜੱਦੀ ਪਿੰਡ ਵੀ ਹਲਕੇ ਦੇ ਵਿੱਚ ਹੀ ਆਉਂਦਾ ਹੈ। ਇਸ ਲਈ ਉਹ ਹਲਕੇ ਨੂੰ ਆਪਣਾ ਘਰ-ਪਰਿਵਾਰ ਸਮਝਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਹਲਕੇ ਦੇ ਪਿੰਡ ਤਲਵਾੜਾ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਜੋ ਵੀ ਵਿਕਾਸ ਕਾਰਜ ਕਰਵਾਏ ਗਏ ਹਨ, ਉਹ ਸਿਰਫ਼ ਅਕਾਲੀ ਸਰਕਾਰ ਸਮੇਂ ਹੀ ਹੋਏ ਹਨ, ਜਦਕਿ ਹਲਕੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਵੀ ਅਕਾਲੀ ਸਰਕਾਰ ਸਮੇਂ ਬਣੇ ਆਧੁਨਿਕ ਖੇਡ ਪਾਰਕਾਂ ਸਦਕਾ ਮਿਲੀ ਹੈ, ਸਗੋਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਹਲਕੇ ਦੇ ਨੌਜਵਾਨਾਂ ਲਈ ਆਧੁਨਿਕ ਸਿੱਖਿਆ ਅਤੇ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਹਲਕੇ ਨਾਲ ਜੁੜੇ ਹੋਏ ਹਨ ਅਤੇ ਹਲਕੇ ਦੀ ਤਰੱਕੀ ਖੁਸ਼ਹਾਲੀ ਲਈ ਉਹ ਹਰ ਸਮੇਂ ਤੱਤਪਰ ਹਨ, ਸਗੋਂ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਕੰਮ ਕਰਨਗੇ। ਇਸ ਮੌਕੇ ਵਿਧਾਇਕ ਇਆਲੀ ਨੇ ਵਿਰੋਧੀ ਪਾਰਟੀਆਂ 'ਤੇ ਤੰਜ ਕਸਦਿਆਂ ਆਖਿਆ ਕਿ ਵਿਰੋਧੀ ਪਾਰਟੀਆਂ ਨੂੰ ਹਲਕਾ ਦਾਖਾ ਦੇ ਵੋਟਰਾਂ ਦੀ ਸਿਰਫ਼ ਚੋਣਾਂ ਸਮੇਂ ਹੀ ਯਾਦ ਆਉਂਦੀ ਹੈ ਅਤੇ ਉਹ ਵੋਟਾਂ ਦੇ ਦਿਨਾਂ ਲਈ ਬਾਹਰੀ ਉਮੀਦਵਾਰਾਂ ਨੂੰ ਭੇਜ ਕੇ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਦਕਿ ਬਾਹਰੀ ਉਮੀਦਵਾਰ ਵੋਟਾਂ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਆਪਣੇ ਮੂੰਹ ਨਹੀਂ ਦਿਖਾਉੰਦੇ। ਇਸ ਮੌਕੇ ਪਿੰਡ ਤਲਵਾੜਾ ਦੇ ਵਸਨੀਕਾਂ ਨੇ ਵਿਧਾਇਕ ਇਆਲੀ ਨੂੰ ਭਰੋਸਾ ਦਿਵਾਇਆ ਕਿ ਉਹ ਜ਼ਿਮਨੀ ਚੋਣ ਨਾਲੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਉਨ੍ਹਾਂ ਨੂੰ ਜਿਤਾਉਣਗੇ। ਇਸ ਮੌਕੇ ਪਿੰਡ ਵਾਸੀ ਨੌਜਵਾਨਾਂ ਵੱਲੋਂ ਲਗਾਏ ਆਕਾਸ਼ ਗੁੰਜਾਊ ਨਾਅਰਿਆਂ ਨੇ ਇਆਲੀ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਜੀਤਾ ਤੂਰ, ਅਮਰੀਕ ਸਿੰਘ ਸਰਪੰਚ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਹਰਪਾਲ ਸਿੰਘ, ਭਿੰਦਰ ਸਿੰਘ ਸੇਖੋਂ, ਕਰਨੈਲ ਸਿੰਘ ਫਿਰੋਜ਼ੀਆ, ਅਮਰੀਕ ਸਿੰਘ ਬੀਕਾ, ਕਪੂਰ ਸਿੰਘ ਢਾਡੀ, ਕੁਲਦੀਪ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਜਗਲੌਰ ਸਿੰਘ, ਟਹਿਲ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।