ਹੜ੍ਹ ਦੀ ਕਰੋਪੀ ✍️ ਪ੍ਰੋ. ਨਵ ਸੰਗੀਤ ਸਿੰਘ

ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਸੀ। ਰਾਤੀਂ ਸਾਢੇ ਬਾਰਾਂ ਕੁ ਵਜੇ ਗੁਰਦੁਆਰੇ ਦੇ ਸਪੀਕਰ ਤੋਂ ਐਲਾਨ ਹੋਇਆ ਕਿ ਲਾਗਲੀ ਨਦੀ ਦਾ ਬੰਨ੍ਹ ਟੁੱਟ ਗਿਆ ਹੈ ਤੇ ਪਾਣੀ ਇਸੇ ਇਲਾਕੇ ਵੱਲ ਵੱਧ ਰਿਹਾ ਹੈ, ਇਸਲਈ ਸੁਰੱਖਿਅਤ ਥਾਂਵਾਂ ਤੇ ਚਲੇ ਜਾਓ। ਘਰ ਵਿੱਚ ਉਦੋਂ ਜਵਾਨ ਬੇਟਾ ਅਤੇ ਬਜ਼ੁਰਗ ਮਾਪੇ ਸਨ। ਪਿਤਾ ਨੇ ਬੇਟੇ ਨੂੰ ਜਗਾ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਤਾਂ ਬੇਟੇ ਨੇ ਮਾਪਿਆਂ ਨੂੰ ਗੁਆਂਢੀਆਂ ਦੇ ਬਣੇ ਚੁਬਾਰੇ ਵਿੱਚ ਭੇਜ ਦਿੱਤਾ, ਜਿੱਥੇ ਪਹਿਲਾਂ ਤੋਂ ਹੀ ਪੰਜ ਪਰਿਵਾਰ ਹੋਰ ਆਏ ਬੈਠੇ ਸਨ। ਪਾਣੀ ਦਾ ਵਹਾਅ ਏਨਾ ਤੇਜ਼ ਹੋ ਗਿਆ ਕਿ ਘਰ 'ਚ ਪਈਆਂ ਸਾਰੀਆਂ ਚੀਜ਼ਾਂ ਰੁੜ੍ਹਨ ਲੱਗੀਆਂ। ਫਰਿਜ, ਸੋਫਾ, ਬੈੱਡ, ਟਰੰਕ, ਮੇਜ਼ ਅਤੇ ਰਸੋਈ ਦੀ ਸ਼ੈਲਫ਼ ਤੇ ਪਏ ਭਾਂਡਿਆਂ ਤੱਕ ਪਾਣੀ ਚਲਾ ਗਿਆ। ਬੇਟੇ ਨੇ ਦਰਵਾਜ਼ਾ ਬੰਦ ਕਰਕੇ ਪਾਣੀ ਦੇ ਵਹਾਅ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ। ਉੱਤੋਂ ਬਜ਼ੁਰਗ ਮਾਪੇ ਬੇਟੇ ਨੂੰ ਉੱਪਰ ਆਉਣ ਨੂੰ ਲਗਾਤਾਰ ਆਵਾਜ਼ਾਂ ਮਾਰ ਰਹੇ ਸਨ। ਪਰ ਉੱਤੇ ਜਾਣ ਲਈ ਪੌੜੀਆਂ ਨਾ ਹੋਣ ਕਰਕੇ ਬੇਟਾ ਹੇਠਾਂ ਹੀ ਰਿਹਾ। ਉਹਨੇ ਖ਼ੁਦ ਨੂੰ ਪਾਣੀ ਵਿੱਚ ਰੁੜ੍ਹਨ ਤੋਂ ਬਚਾਉਣ ਲਈ ਇੱਕ ਮੇਜ਼ ਤੇ ਖੜ੍ਹੇ ਹੋ ਕੇ ਉਪਰਲੇ ਛੱਤ ਵਾਲੇ ਪੱਖੇ ਨੂੰ ਹੱਥ ਪਾ ਲਿਆ। ਬਜ਼ੁਰਗਾਂ ਨੂੰ ਬੇਟੇ ਦੀ ਚਿੰਤਾ ਸਤਾ ਰਹੀ ਸੀ। ਉਨ੍ਹਾਂ ਨੇ ਗੁਆਂਢੀਆਂ ਦੇ ਦੋ ਮੁੰਡਿਆਂ ਨੂੰ ਹੇਠਾਂ ਜਾ ਕੇ ਬੇਟੇ ਦੀ ਖਬਰ ਲੈਣ ਲਈ ਭੇਜਿਆ। ਉਨ੍ਹਾਂ ਨੇ ਉੱਤੋਂ ਹੀ ਪਾਣੀ ਵਿੱਚ ਛਾਲ ਮਾਰੀ ਤੇ ਕਿਵੇਂ ਨਾ ਕਿਵੇਂ ਬਜ਼ੁਰਗਾਂ ਦੇ ਬੇਟੇ ਨੂੰ ਉਤਾਂਹ ਲੈ ਆਏ। ਇਲਾਕੇ ਦੇ ਲੋਕਾਂ ਦੀ ਜਾਨ ਤਾਂ ਬਚ ਗਈ ਸੀ ਪਰ ਜੋ ਕੀਮਤੀ ਸਮਾਨ ਬਰਬਾਦ ਹੋਇਆ, ਉਹਦੀ ਭਰਪਾਈ ਕਦੇ ਨਾ ਹੋ ਸਕੀ।

                  

ਪ੍ਰੋ. ਨਵ ਸੰਗੀਤ  ਸਿੰਘ  

ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302

(ਬਠਿੰਡਾ) 9417692015.