ਸਿਆਸੀ ਜੋੜ-ਤੋੜ ਤੇ ਭੰਨ-ਤੋੜ!
ਜਦੋਂ ਵੀ ਦੇਸ਼ ਜਾਂ ਦੇਸ਼ ਦੇ ਕਿਸੇ ਹਿੱਸੇ ਵਿਚ ਸਿਆਸੀ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਸਿਆਸੀ ਪਾਰਟੀਆਂ ਵਿਚ ਜੋੜ-ਤੋੜ ਤੇ ਭੰਨ-ਤੋੜ ਦੀ ਭੌਤਿਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਸਿਆਸੀ ਪਾਰਟੀਆਂ ਲਈ ਇਹ ਪ੍ਰਕਿਰਿਆ ਇਕ ਆਮ ਗੱਲ ਹੁੰਦੀ ਹੈ ਜਦ ਕਿ ਲੋਕ ਇਸ ਨੂੰ ਬਹੁਤ ਵੱਡੀ ਘਟਨਾ ਸਮਝਕੇ ਆਪਣਾ ਦਿਮਾਗ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਹਨ। ਅਕਸਰ ਵੇਖਿਆ ਗਿਆ ਹੈ ਕਿ ਸਿਆਸੀ ਨੇਤਾ ਬਹੁਤ ਹੀ ਤੇਜ ਤਰਾਰ ਤੇ ਚਲਾਕ ਵਿਅਕਤੀ ਹੁੰਦੇ ਹਨ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮੰਚ ਤੋਂ ਕੋਈ ਨਾ ਕੋਈ ਸ਼ੁਰਲੀ ਛੱਡ ਕੇ ਪਰ੍ਹੇ ਹੁੰਦੇ ਹਨ ਤਾਂ ਲੋਕ ਪਿਛੋਂ ਉਸ ਬਾਰੇ ਸੋਚ ਸੋਚ ਕੇ ਆਪਣਾ ਦਿਮਾਗੀ ਸੰਤੁਲਨ ਵਿਗੜਾਕੇ ਬੈਠ ਜਾਂਦੇ ਹਨ, ਜਾਂ ਫਿਰ ਇੱਕ ਦੂਜੇ ਦਾ ਸਿਰ ਪਾੜਨ ਲਈ ਮੋਢਿਆਂ 'ਤੇ ਡਾਂਗਾਂ ਰੱਖ ਲੈਂਦੇ ਹਨ। ਇਸੇ ਤਰ੍ਹਾਂ ਹੀ ਜਦੋਂ ਕੋਈ ਸਿਆਸੀ ਨੇਤਾ /ਵਿਧਾਇਕ / ਮੈਂਬਰ ਲੋਕ ਸਭਾ /ਮੈਂਬਰ ਰਾਜ ਸਭਾ / ਮੰਤਰੀ ਜਾਂ ਕੋਈ ਮੌਜੂਦਾ ਜਾਂ ਸਾਬਕਾ ਅਹੁਦੇਦਾਰ /ਨੇਤਾ ਆਪਣੀ ਪਿੱਤਰੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਸਿਆਸੀ ਪਾਰਟੀ ਦੀ ਗੋਦੀ ਵਿਚ ਜਾ ਕੇ ਬੈਠ ਜਾਂਦਾ ਹੈ ਤਾਂ ਲੋਕ ਸੋਚ ਸੋਚ ਕੇ ਪਾਗਲ ਹੋ ਜਾਂਦੇ ਹਨ, ਜਦਕਿ ਸਿਆਸੀ ਪਾਰਟੀਆਂ ਨੂੰ ਇਸ ਨਾਲ ਕੋਈ ਵੀ ਖਾਸ ਫਰਕ ਨਹੀਂ ਪੈਂਦਾ। ਕਈ ਸਿਆਸੀ ਨੇਤਾ ਤਾਂ ਅਜਿਹੇ ਹੁੰਦੇ ਹਨ, ਉਹ ਹਰੇਕ ਪੰਜ ਸਾਲ ਬਾਅਦ ਪਾਰਟੀ ਬਦਲਕੇ ਨਵੀਂ ਗੱਡੀ ਦੇ ਸਵਾਰ ਬਣ ਜਾਂਦੇ ਹਨ, ਅਜਿਹੇ ਆਗੂਆਂ ਦੀ ਜਿੰਦਗੀ ਦਾ ਸਿਰਫ ਇਕੋ ਇਕ ਨਿਸ਼ਾਨਾ 'ਕੁਰਸੀ ਹਥਿਆਉਣਾ' ਹੁੰਦਾ ਹੈ, ਉਨ੍ਹਾਂ ਨੂੰ ਨਾ ਤਾਂ ਲੋਕਾਂ ਨਾਲ ਅਤੇ ਨਾ ਹੀ ਸੂਬੇ ਜਾਂ ਦੇਸ਼ ਨਾਲ ਕੋਈ ਸਨੇਹ ਹੁੰਦਾ ਹੈ। ਇਸ ਲਈ ਚੋਣਾਂ ਤੋਂ ਪਹਿਲਾਂ ਜਦੋਂ ਸਿਆਸੀ ਪਾਰਟੀਆਂ ਵਲੋਂ ਜੋੜ-ਤੋੜ ਅਤੇ ਭੰਨ-ਤੋੜ ਦੀ ਨੀਤੀ ਅਪਣਾਈ ਜਾਂਦੀ ਹੈ ਤਾਂ ਇਹ ਕੋਈ ਮਹੱਤਵ ਪੂਰਨ ਘਟਨਾ ਨਾ ਹੋ ਕੇ ਸਿਰਫ ਇਕ ਆਮ ਗੱਲ ਹੁੰਦੀ ਹੈ, ਜਿਸ ਕਰਕੇ ਲੋਕਾਂ ਨੂੰ ਇਸ ਸਬੰਧੀ ਕੋਈ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਸੋਚ ਸੋਚ ਕੇ ਆਪਣਾ ਸਮਾਂ ਅਤੇ ਦਿਮਾਗ ਖਰਾਬ ਕਰਨਾ ਚਾਹੀਦਾ ਹੈ, ਕਿਉਂਕਿ ਸਿਆਸਤ ਵਿਚ ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਕੋਈ ਪੱਕਾ ਦੁਸ਼ਮਣ ਹੁੰਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਆਪਸ ਵਿੱਚ ਬਹੁਤ ਹੀ ਪੀਡੀ ਸਾਂਝ ਹੁੰਦੀ ਹੈ, ਜਿਸ ਕਰਕੇ ਸਾਰੇ ਆਗੂ ਲੋਕਾਂ ਨੂੰ ਮੂਰਖ ਸਮਝਕੇ ਜਾਂ ਮੂਰਖ ਬਣਾ ਕੇ ਉਨ੍ਹਾਂ ਉਪਰ ਆਪਣਾ ਰਾਜ ਕਾਇਮ ਜਾਂ ਆਪਣਾ ਦੱਬ ਦਬਾਅ ਬਣਾ ਕੇ ਰੱਖਣ ਵਿਚ ਸਫਲ ਹੁੰਦੇ ਹਨ।
ਹਾਂ, ਇੱਕ ਗੱਲ ਹੋਰ ਚੋਣਾਂ ਦੇ ਦਿਨਾਂ ਵਿਚ ਨਵੀਂਆਂ ਸਿਆਸੀ ਪਾਰਟੀਆਂ ਵੀ ਹੋਂਦ ਵਿਚ ਆਉਂਦੀਆਂ ਹਨ ਅਤੇ ਨੇਤਾ ਖੁੰਭਾਂ ਵਾਗੂੰ ਬਾਹਰ ਨਿਕਲਦੇ ਹਨ। ਕਦੀ ਵੀ ਉਨ੍ਹਾਂ ਨੇਤਾਵਾਂ ਉਪਰ ਵੀ ਰੋਸ ਨਾ ਜਿਤਾਉਣਾ, ਜਿਹੜੇ ਚੋਣਾਂ ਦੇ ਦਿਨਾਂ ਵਿਚ ਆ ਕੇ ਤੁਹਾਡੇ ਬੱਚਿਆਂ ਦੀਆਂ ਨਲੀਆਂ ਪੂੰਝਦੇ ਹਨ, ਪੌਣੇ ਪੰਜ ਸਾਲ ਤੱਕ ਦਿਖਾਈ ਨਹੀਂ ਦਿੰਦੇ, ਕਿਉਂਕਿ ਇਹ ਸਾਡੇ ਸਮਾਜ ਦੇ ਨੇਤਾਵਾਂ ਦੀ ਫਿਤਰਤ ਹੈ।
-ਸੁਖਦੇਵ ਸਲੇਮਪੁਰੀ
09780620233
31 ਦਸੰਬਰ, 2021