ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —✍️ ਪਰਮਿੰਦਰ ਸਿੰਘ ਬਲ

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —

ਸ਼ਰਾਰਤੀ ਅਤੇ ਘਟੀਆ ਕਿਸਮ ਦੇ ਲੋਕ ਭਾਵੇਂ ਪਰਦੇ ਪਿੱਛੋਂ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ੁੰਮੇਵਾਰ ਸੁਣੇ ਗਏ ਹਨ ।ਕਾਫ਼ੀ ਦੇਰ ਬਾਅਦ ਸਿੱਖਾਂ ਦਾ ਜੋ ਸ਼ੱਕ ਸੀ ਉਹ ਉਦੋਂ ਸਹੀ ਨਿਕਲਿਆ , ਜਦ ਸ਼ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਅਵਤਾਰ ਸਿੰਘ ਮਕੜ ਨੇ ਆਪਣੀ ਜ਼ਿੰਦਗੀ ਦੇ ਅਖੀਰ ਨੇੜਲੇ ਸਮੇਂ ਵਿੱਚ ਇਕ ਵੀਡੀਓ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ “ਕਿ ਇਹ ਕੰਮ ਹਮੇਸ਼ਾ ਸਿਰਸਾ ਸਾਧ ਦੇ ਚੇਲਿਆਂ ਨੇ ਕੀਤਾ ਪਰ ਬਾਦਲ ਸਾਹਿਬ ਨੇ ਜਾਣਦੇ  ਹੋਏਭੀ ਕੁਝ ਨਹੀਂ ਕੀਤਾ”। ਹੁਣ ਜਿਵੇਂ ਆਮ ਹੁੰਦਾ ਹੈ ਕਿ ਕੁਝ ਹੋਵੇ ਪਰ ਓਲਾਮਾ ਹਮੇਸ਼ਾ ਸਮੇਂ ਦੀ ਸਰਕਾਰ ਤੇ । ਇਸੇ ਨੂੰ ਭਾਵਕ ਬਣਾ ਕੇ ਇਸ ਨੀਵੀਂ ਪੱਧਰ ਦੀ ਰਾਜਨੀਤੀ ਨੇ ਸ਼ਾਇਦ ਬਾਰਡਰੋਂ ਪਾਰ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ , ਕਿ ਜਿਵੇਂ ਹੈ ਇਹ ਵੀ ਮਸਲਾ ਹੈ ਜੇ ਕਸ਼ਮੀਰ ਮੁੱਦੇ ਨਾਲ ਰਲ਼ਾ ਦਿਉ ਤਾਂ ਵੀ ਉਲਾਂਭਾ ਤਾਂ ਸਰਕਾਰੇ ਹੀ ਜਾਵੇਗਾ । ਸਿੱਖ ਸ਼ਾਇਦ ਭੁੱਲ ਜਾਣ ਕਿ ਸਿਰਸਾ ਸਾਧ ਅਤੇ ਬਾਦਲ ਪਿਓ - ਪੁੱਤਰ ਤੇ ਨੂੰਹ ਕਿਤਨੇ ਡੂੰਗੇ ਹਮਦਰਦ ਅਤੇ ਘਿਓ - ਖਿਚੜੀ ਰਹੇ ਹਨ । ਇਹ ਵੀ ਹਵਾਲੇ ਸਾਹਮਣੇ ਆ ਚੁੱਕੇ ਹਨ ਕਿ ਸਿਰਸੇ ਸਾਧ ਦੀ ਸਵਾਂਗ ਵਾਲੀ ਪੁਸ਼ਾਕ ਭੀ ਇਸੇ ਘਿਓ - ਖਿਚੜੀ ਵਿੱਚੋਂ ਹੀ ਪੈਦਾ ਹੋਈ ਦੱਸੀ ਗਈ ਹੈ ।ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਹੋਈ ਗੰਭੀਰ ਘਟਨਾ ਨੇ ਮੇਰੇ ਲਿਖੇ ਅਨੁਸਾਰ ਇਕ ਨਵਾਂ ਰੁਖ ਲੈ ਲਿਆ ਹੈ ।  ਯੂ ਕੇ ਵਿੱਚੋਂ ਇਕ ਬਰਿਟਿਸ਼ ਐਮ ਪੀ ਜੋ ਖੁਦ ਭੀ ਸਿੱਖ ਅਤੇ ਏਸ਼ੀਅਨ ਭਾਰਤੀ ਮੂਲ ਪਿਛੋਕੜ ਵਜੋਂ ਹੈ , ਨੇ ਤੁਰੰਤ ਹੀ ਬਿਆਨ ਦਾਗ਼ ਦਿੱਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ  ਵਾਲਾ “ ਹਿੰਦੂ ਟੈਰੋਰਿਸਟ” ਹੈ - ਪਰੰਤੂ ਜਲਦੀ ਉਸ ਦਾ ਸਾਰਿਆਂ ਪਾਸਿਆਂ ਤੋਂ ਵਿਰੋਧ ਹੋਇਆ , ਤਦ ਝੂਠ ਨੂੰ ਚੱਲਦਾ ਨਾ ਕਰ ਸਕੀ ਤੇ ਬਿਆਨ ਵਾਪਸ ਲੈਣਾ ਪਿਆ , ਖੁਦ ਹੀ ਜਾਣੇ ਕਿ ਕੀ ਭੇਦ ਜਾ ਸੁਪਨਾ ਸੀ ਕਿ ਜੋ ਪੂਰਾ ਨਾ ਹੋ ਸਕਿਆ । ਹੁਣ ਜ਼ਿਕਰ ਇਹ ਹੈ ਕਿ ਜਦ ਸਿੱਖਾਂ ਨੇ ਕਿਧਰੇ ਭੀ ਕਿਸੇ ਧਰਮ , ਸਮਾਜ , ਫ਼ਿਰਕੇ  ਤੇ ਉਂਗਲ ਨਹੀਂ ਕੀਤੀ , ਤਾਂ ਬੀਬਾ ਜੀ ਤੁਸੀਂ ਬ੍ਰਿਟਿਸ਼ ਐਮ ਪੀ , ਹੁੰਦਿਆਂ ਆਪਣੇ ਖ਼ਿੱਤੇ ਦੇ (ਜਿਉਰਿਸਡਿਕਸ਼ਨ) ਕਿਸੇ ਆਪਣੇ ਜਾਂ ਪਰਾਏ ਧਰਮ ਦੇ ਇੱਜ਼ਤ ਮਾਣ ਦਾ ਖਿਆਲ ਕਿਉਂ ਨਹੀਂ ਕੀਤਾ । ਅਸੀਂ ਸਮਝਦੇ ਹਾਂ ਕਿ ਤੁਹਾਡੇ ਖ਼ਿੱਤੇ ਵਿੱਚ ਬਾਰਡਰੋਂ ਪਾਰਲੇ ਧਾਰਮਿਕ ਵਿਰਸੇ ਦੀਆਂ ਵੋਟਾਂ ਬਹੁਤ ਹਨ , ਸਾਨੂੰ ਏਸ਼ਿਅਨ ਭਾਈਚਾਰੇ ਦੀ ਸਾਂਝ ਤੇ ਮਾਣ ਹੈ । ਪਰ ਉੱਥੇ ਸਿੱਖਾਂ ਅਤੇ ਹਿੰਦੂ ਵੋਟਾਂ ਦੀ ਗਿਣਤੀ ਭੀ ਉਸੇ ਰੇਸ਼ੋ ਹਿਸਾਬ  ਦੀ ਹੀ ਹੈ । ਕੀ ਇਹ ਬੇਅਦਬੀ ਕਾਂਢ ਕਸ਼ਮੀਰ ਮੁੱਦੇ ਤੇ ਰਲ਼ਾ ਕੇ ਸਰਕਾਰੀ ਵਿਰੋਧ ਵਜੋਂ ਮਿਲਗੋਭਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ? ਜਾਂ ਜਾਣ ਲਈਏ ਕਿ ਇਸ ਨੂੰ ਭੀ ਸਿਰਸੇ ਸਾਧ ਨਾਲ ਰਲ਼ਾ ਕੇ ਬਾਰਡਰ ਤੋਂ ਦੂਸਰੇ ਪਾਸਿਓਂ ਭੀ ਸ਼ਰਾਰਤ ਹੋ ਸਕਦੀ ਹੈ ?ਯੂ ਕੇ ਵਿੱਚ ਸਾਨੂੰ ਰਹਿੰਦਿਆਂ ਅੱਧੀ ਸਦੀ ਤੋਂ ਉੱਪਰ ਸਮਾਂ ਬੀਤ ਚੁੱਕਾ ਹੈ । ਅਸੀਂ ਪਿੱਛੇ ਛੱਡ ਆਪਣੇ ਮੁਲਕ ਨੂੰ ਅਤੇ ਕਈ ਪੱਖਾਂ ਤੋਂ ਵਿਦਾਇਗੀ ਦੇ ਚੁੱਕੇ ਹਾਂ । ਸਾਡਾ ਸਿੱਖ , ਮੁਸਲਮ , ਹਿੰਦੂ ਅਤੇ ਹੋਰ ਧਰਮ ਅਤੇ ਵੱਖ ਵੱਖ ਕਲਚਰ ਅਤੇ ਬੋਲੀਆਂ , ਇਕ ਨਵਾਂ ਅਖਤਿਆਰ ਕੀਤਾ ਅਤੇ ਰਚਿਆ ਗਿਆ ਬਰਿਟਿਸ਼ ਢਾਂਚਾ ਹੈ । ਏਸ਼ੀਅਨ ਭਾਈਚਾਰੇ ਵਿੱਚੋਂ ਪ੍ਰਮੁਖ ਬੋਲੀ “ਪੰਜਾਬੀ” ਹੈ । ਪਿਛਲੇ ਕਈ ਸਾਲਾ ਤੋਂ ਇਸੇ ਵਿੱਚੋਂ “ਆਲ ਪੰਜਾਬੀ ਪਾਰਲੀਮੈਂਟ ਪਾਰਟੀ” ਬਣੀ ਹੋਈ ਹੈ । ਉਹ ਕਈ ਪੱਖਾਂ ਤੋਂ ਸਮਾਜਿਕ ਭਾਈਚਾਰੇ ਲਈ ਉੱਦਮ ਕਰਕੇ ਪੰਜਾਬੀਅਤ ਦੀ ਪਛਾਣ ਬਣਦੇ ਹਨ । ਪਰੰਤੂ ਜਿਵੇਂ ਉਪਰੋਕਤ ਐਮ ਪੀ ਨੇ ਆਪਣੀ ਪਛਾਣ ਵਜੋਂ ਸ਼ੱਕ ਪੈਦਾ ਕੀਤਾ ਹੈ , ਸਾਡੀ ਜੁਮੇਵਾਰੀ ਹੋਵੇਗੀ , ਕਿ ਇਸ ਸੰਸਥਾ ਵਿੱਚ ਉਹੀ ਐਮ ਪੀ ਹਿੱਸਾ ਲੈਣ ਜੋ ਸਮਾਜਿਕ ਸਾਂਝ ਨੂੰ ਪਹਿਲ ਦਿੰਦੇ ਹੋਣ । ਅਜਿਹਾ ਨਾ ਹੋਣ ਦੀ ਸ਼ਕਲ ਵਿੱਚ ਸਾਨੂੰ ਆਪਣੇ ਬਰਿਟਿਸ਼ ਸ਼ਹਿਰੀ ਹੋਣ ਦੇ ਹਕ ਹਰ ਪਹਿਲੂ ਵਜੋਂ ਵਰਤਣੇ ਹੋਣਗੇ ।
ਪਰਮਿੰਦਰ ਸਿੰਘ ਬਲ ,ਪ੍ਰਧਾਨ  ਸਿੱਖ ਫੈਡਰੇਸ਼ਨ  ਯੂ ਕੇ । email: psbal46@gmail.com