You are here

ਲੁਧਿਆਣਾ ਚ ਬੋਲੇ ਕੈਬਨਿਟ ਮੰਤਰੀ ਆਸ਼ੂ- ਮੈਂ ਜਦੋਂ ਕਾਂਗਰਸ ਛੱਡਾਂਗਾ ਤਾਂ ਘਰ ਬੈਠਾਂਗਾ, ਪਰ ਕਿਸੇ ਦੂਸਰੀ ਪਾਰਟੀ ਚ ਨਹੀਂ ਜਾਵਾਂਗਾ

ਜਗਰਾਓਂ 31 ਦਸੰਬਰ (ਅਮਿਤ ਖੰਨਾ) ਪੰਜਾਬ ਦੇ ਸਿਆਸੀ ਗਲਿਆਰਿਆਂ ਚ ਭਾਜਪਾ ਦੀ ਸਰਜੀਕਲ ਸਟ੍ਰਾਈਕ ਇਨ੍ਹੀਂ ਦਿਨੀਂ ਕਈ ਨਾਮੀ ਚਿਹਰਿਆਂ ਦੇ ਪਾਰਟੀ ਸਿੰਬਲ ਬਦਲਣ ਨਾਲ ਸੰਕੇਤਾਂ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਅਜਿਹੇ ਵਿਚ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ 'ਚ ਬੜੇ ਸਿਆਸੀ ਵਿਸਫੋਟ ਦਾ ਅੰਦੇਸ਼ਾ ਹੈ। ਇਸ ਸਭ ਦੌਰਾਨ ਇਨ੍ਹੀਂ ਦਿਨੀਂ ਸਨਅਤੀ ਨਗਰੀ ਲੁਧਿਆਣਾ ਤੋਂ ਵਿਧਾਇਕ ਤੇ ਪੰਜਾਬ ਸਰਕਾਰ 'ਚ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਭਾਜਪਾ ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਬੇਹੱਦ ਗਰਮ ਹੈ ਜਿਸ ਦਾ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਮੁੱਢ ਤੋਂ ਖੰਡਨ ਕੀਤਾ ਹੈ ਤੇ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਤੇ ਜਦੋਂ ਉਹ ਆਪਣੀ ਸਿਆਸੀ ਯਾਤਰਾ ਨੂੰ ਪੂਰਾ ਕਰ ਲੈਣਗੇ ਤੇ ਉਹ ਕਾਂਗਰਸ ਤੋਂ ਸੰਨਿਆਸ ਲੈ ਕੇ ਸਿਰਫ਼ ਘਰ ਬੈਠਣਗੇ, ਨਾ ਕਿ ਕਿਸੀ ਹੋਰ ਪਾਰਟੀ 'ਚ ਜਾਣਗੇ।ਲੁਧਿਆਣਾ ਦੇ ਹੋਰਡਿੰਗਜ਼ ਤੋਂ ਕਾਂਗਰਸ ਦਾ ਨਿਸ਼ਾਨ ਪੰਜਾ ਗਾਇਬ ਹੋਣ ਦੀਆਂ ਚਰਚਾਵਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾ ਚੋਣਾਂ 'ਚ ਪ੍ਰਚਾਰ ਨੂੰ ਆਉਂਦਾ ਹੈ। ਸਾਡਾ ਨਿਸ਼ਾਨ ਸਦਾ ਤਿਰੰਗੇ ਚ ਰਹਿੰਦਾ ਹੈ। ਅੱਜ ਪੰਜਾਬ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਚ ਪੰਜੇ ਦਾ ਸਿੰਬਲ ਨਹੀਂ ਹੈ। ਕਾਂਗਰਸ ਪਾਰਟੀ ਚੋਣ ਜਿੱਤ ਰਹੀ ਹੈ ਤਾਂ ਕੁਝ ਲੋਕ ਕਨਫਿਊਜ਼ਨ ਪੈਦਾ ਕਰ ਰਹੇ ਹਨ। ਕੋਈ ਮੰਤਰੀ ਪਾਰਟੀ ਨੂੰ ਛੱਡ ਕੇ ਨਹੀਂ ਜਾ ਰਿਹਾ, ਜੋ ਗਏ ਹਨ, ਉਹ ਨਾਨ ਪਰਫਾਰਮਰ ਹਨ ਤੇ ਟਿਕਟ ਕੱਟੀ ਜਾਣ ਦੇ ਡਰੋਂ ਗਏ ਹਨ। ਮੈਨੂੰ ਕੌਂਸਲਰ ਰਹਿੰਦੇ ਹੋਏ ਅਕਾਲੀ ਦਲ ਚ ਬੁਲਾਇਆ ਗਿਆ ਪਰ ਮੈਂ ਨਹੀਂ ਗਿਆ। ਅੱਜ ਮੈਂ ਮੰਤਰੀ ਹਾਂ, ਮੈਨੂੰ ਪਾਰਟੀ ਨੇ ਸਭ ਕੁਝ ਦਿੱਤਾ। ਪਾਰਟੀ ਦਾ ਵਫ਼ਾਦਾਰ ਹਾਂ ਤੇ ਰਹਾਂਗਾ।