ਕਿਸਾਨਾਂ ਦੇ ਵਿਰੋਧ ਕਾਰਨ ਅਕਾਲੀ ਦਲ ਨੇ ਕੀਤੀ ਰੈਲੀ ਰੱਦ- ਕਿਸਾਨ ਆਗੂ
ਚਾਹੇ ਕਿਵੇਂ ਅਤੇ ਕੁਝ ਵੀ ਹੋਇਆ ਫਿਲਹਾਲ ਦੀ ਘੜੀ ਜਗਰਾਉਂ ਹਲਕੇ ਵਿੱਚ ਹੋਈ ਅਮਨ ਸ਼ਾਂਤੀ
ਜਗਰਾਉਂ, 24 ਨਵੰਬਰ (ਜਸਮੇਲ ਗ਼ਾਲਿਬ) ਅਕਾਲੀ ਦਲ ਵਲੋਂ ਚੋਣ ਪ੍ਰਚਾਰ ਲਈ 27 ਨਵੰਬਰ ਨੂੰ ਜਗਰਾਓ ਇਲਾਕੇ ਚ ਰੱਖੀਆਂ ਰੈਲੀਆਂ ਕਿਸਾਨਾਂ ਵਲੋ ਭਾਰੀ ਵਿਰੋਧ ਦੇ ਚਲਦਿਆਂ ਤੇ ਉਸ ਦਿਨ ਬਰਾਬਰ ਰੈਲੀ ਕਰਨ ਦੇ ਦਬਾਅ ਕਾਰਣ ਰੱਦ ਕਰ ਦੇਣ ਨੂੰ ਕਿਸਾਨ ਜਥੇਬੰਦੀਆਂ ਨੇ ਅਪਣੀ ਜਿੱਤ ਕਰਾਰ ਦਿੱਤਾ ਹੈ। ਇਸ ਸਬੰਧੀ ਅੱਜ ਰੇਲ ਪਾਰਕ ਸੰਘਰਸ਼ ਮੋਰਚੇ ਚ ਸੰਯੁਕਤ ਕਿਸਾਨ ਮੋਰਚਾ ਜਗਰਾਂਓ ਦੀ ਕਿਸਾਨ ਆਗੂ ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਅਕਾਲੀ ਦਲ ਵਲੋਂ ਰੈਲੀ ਰੱਦ ਕਰ ਦੇਣ ਦੇ ਫੈਸਲੇ ਦੇ ਚੱਲਦਿਆਂ ਵਿਰੋਧ ਚ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਵੀ ਰੱਦ ਕਰ ਦਿੱਤਾ ਗਿਆ ਹੈ। ਮੀਟਿੰਗ ਵਿੱਚ ਸਮੂਹ ਆਗੂਆਂ ਨੇ ਕੇਂਦਰੀ ਕੈਬਨਿਟ ਵਲੋਂ ਖੇਤੀ ਕਨੂੰਨ ਰੱਦ ਕਰਨ ਨੂੰ ਕਿਰਤੀਆਂ ਦਾ ਜਿੱਤ ਕਰਾਰ ਦਿੰਦਿਆਂ ਮਜਦੂਰ ਵਿਰੋਧੀ ਕਾਲੇ ਕਿਰਤ ਕਾਨੂੰਨ ਯਾਨਿ ਚਾਰ ਲੇਬਰ ਕੋਡ ਵੀ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਚ ਰੱਦ ਕਰ ਦੇਣ ਦੀ ਜੋਰਦਾਰ ਮੰਗ ਕੀਤੀ ਹੈ।ਮੀਟਿੰਗ ਵਿਚ ਸਮੂਹ ਕਿਸਾਨਾਂ, ਨੋਜਵਾਨਾਂ ਅਤੇ ਮਾਵਾਂ ਭੈਣਾਂ ਨੂੰ ਜੋਰਦਾਰ ਢੰਗ ਨਾਲ 26 ਨਵੰਬਰ ਦੇ ਦਿੱਲੀ ਬਾਰਡਰਾਂ ਤੇ ਸੰਘਰਸ਼ ਮੋਰਚਿਆਂ ਚ ਹਜਾਰਾਂ ਦੀ ਗਿਣਤੀ ਚ ਪੰਹੁਚਣ ਦਾ ਸੱਦਾ ਦਿੱਤਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਐਮ ਐਸ ਪੀ ਦੀ ਕਨੂੰਨੀ ਗਰੰਟੀ, ਬਿਜਲੀ ਐਕਟ 2020 ਰੱਦ ਕਰਨ , ਪ੍ਰਦੂਸ਼ਣ ਐਕਟ ਚੋਂ ਕਿਸਾਨੀ ਨੂੰ ਪਰਾਲੀ ਨਾਲ ਜੋੜ ਕੇ ਸਜਾਵਾਂ ਤੇ ਜੁਰਮਾਨੇ ਦੀ ਮਦ ਹਟਾ ਦੇਣ, ਕਿਸਾਨ ਅੰਦੋਲਨ ਦੋਰਾਨ ਦਰਜ ਸਾਰੇ ਪੁਲਸ ਕੇਸ ਰੱਦ ਕਰਨ, ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਦੇ ਕਤਲ ਦੇ ਮੁੱਖ ਸਾਜਿਸ਼ੀਆਂ ਅਜੈ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਤੇ ਕਤਲ ਕੇਸ ਦਰਜ ਕਰਨ ਆਦਿ ਮੰਗਾਂ ਮਨਾਉਣ ਲਈ ਕਿਸਾਨ ਅੰਦੋਲਨ ਦੀ ਵਰੇਗੰਢ ਤੇ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਮੰਗਾ ਦੇ ਨਿਪਟਾਰੇ ਤਕ ਸੰਘਰਸ਼ ਜਾਰੀ ਰਹੇਗਾ। ਉਨਾਂ ਸਮੂਹ ਕਿਸਾਨਾਂ ਨੂੰ ਹਾਸਲ ਜਿੱਤ ਨੂੰ ਪੱਕਿਆਂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਕਰਨ ਲਈ ਹਰ ਪਿੰਡ ਚੋਂ ਘੱਟੋ ਘੱਟ ਦੋ ਟਰਾਲੀਆਂ ਜਰੂਰੀ ਸਾਮਾਨ ਅਤੇ ਠੰਡ ਦੇ ਪੂਰੇ ਪ੍ਰਬੰਧਾਂ ਸਹਿਤ ਲਿਜਾਣ ਦੀ ਅਪੀਲ ਕੀਤੀ ਹੈ। ਮੀਟਿੰਗ ਚ ਇੰਦਰਜੀਤ ਸਿੰਘ ਧਾਲੀਵਾਲ, ਬਲਰਾਜ ਸਿੰਘ ਕੋਟ ਊਮਰਾ,ਸੁਖਦੇਵ ਸਿੰਘ, ਗੁਰਤੇਜ ਸਿੰਘ ਅਖਾੜਾ , ਗੁਰਮੇਲ ਸਿੰਘ ਰੂਮੀ , ਦਰਸ਼ਨ ਸਿੰਘ ਗਾਲਬ ਆਦਿ ਆਗੂ ਹਾਜਰ ਸਨ।ਇਸੇ ਦੋਰਾਨ ਰੇਲ ਪਾਰਕ ਜਗਰਾਂਓ ਚ ਚਲ ਰਿਹਾ ਧਰਨਾ ਅੱਜ 420 ਵੇਂ ਦਿਨ ਚ ਸ਼ਾਮਲ ਹੋ ਗਿਆ।ਅਜ ਦੇ ਧਰਨੇ ਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦਿਵਸ ਅਤੇ ਆਜਾਦੀ ਸੰਘਰਸ਼ ਦੋਰਾਨ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹੇ ਕਿਸਾਨ ਆਗੂ ਸਰ ਛੋਟੂ ਰਾਮ ਨੂੰ ਉਨਾਂ ਦੇ ਜਨਮ ਦਿਨ ਤੇ ਧਰਨਾ ਕਾਰੀਆਂ ਨੇ ਨਮਨ ਕੀਤਾ। ਬੁਲਾਰਿਆਂ ਚ ਸ਼ਾਮਲ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਹਰਬੰਸ ਸਿੰਘ ਅਖਾੜਾ, ਜਗਦੀਸ਼ ਸਿੰਘ, ਧਰਮ ਸਿੰਘ ਸੂਜਾਪੁਰ,ਕੁਲਵਿੰਦਰ ਸਿੰਘ ਢੋਲਣ, ਮਾਸਟਰ ਹਰਬੰਸ ਲਾਲ ਆਦਿ ਨੇ ਪੋੰਡੂ ਤੇ ਖੇਤ ਮਜਦੂਰਾਂ ਦੀਆਂ ਕੁਝ ਮੰਗਾਂ ਪੰਜਾਬ ਸਰਕਾਰ ਵਲੋਂ ਮੰਨ ਲੈਣ ਨੂੰ ਮਜਦੂਰ ਜਮਾਤ ਦੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਅਤੇ ਉਨਾਂ ਦੇ ਸੰਘਰਸ਼ ਚ ਸ਼ਾਮਲਹੋਣ ਦਾ ਫੈਸਲਾ ਕੀਤਾ। ਧਰਨਾਕਾਰੀਆਂ ਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਵਖ ਵਖ ਮਹਿਕਮਿਆਂ ਦੇ ਠੇਕਾ ਮੁਲਾਜਮਾਂ ਅਤੇ ਬਿਜਲੀ ਕਾਮਿਆਂ ਦੀਆਂ ਜਾਇਜ ਮੰਗਾਂ ਮੰਨਣ ਦੀ ਵੀ ਜੋਰਦਾਰ ਮੰਗ ਕੀਤੀ।ਉਨਾਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ਹੈ ਇਕ ਮਤੇ ਰਾਹੀਂ ਧਰਨਾ ਕਾਰੀਆਂ ਨੇ ਕਸ਼ਮੀਰੀ ਲੋਕਾਂ ਦੇ ਨਾਜਾਇਜ ਕਤਲਾਂ ਖਿਲਾਫ ਲੜਾਈ ਲੜ ਰਹੇ ਜਮਹੂਰੀ ਹੱਕਾਂ ਦੇ ਘੁਲਾਟੀਏ ਖੁਰਮ ਪਰਵੇਜ ਨੂੰ ਕੋਮੀ ਜਾਂਚ ਏਜੰਸੀ ਵਲੋਂ ਦੇਸ਼ ਧ੍ਰੋਹ ਦੇ ਝੂਠੇ ਕੇਸ ਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਪਰਚਾ ਰੱਦ ਕਰਕੇ ਬਿਨਾਂ ਸ਼ਰਤ ਰਿਹਾ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਇਸ ਸਮੇਂ ਸੁਖਦੇਵ ਸਿੰਘ ਗਾਲਬ, ਹਰਚੰਦ ਸਿੰਘ ਢੋਲਣ, ਮਜਦੂਰ ਆਗੂ ਮਦਨ ਸਿੰਘ ਆਦਿ ਹਾਜ਼ਰ ਸਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਰੇ ਹੀ ਜਗਰਾਉਂ ਹਲਕੇ ਵਿੱਚ ਹੋ ਰਹੀਆਂ ਸਨ ਜਿਸ ਨੂੰ ਅੱਜ ਵਿਰਾਮ ਲੱਗ ਗਿਆ ਹੈ ਅਤੇ ਅਕਾਲੀ ਦਲ ਦੇ ਫੈਸਲੇ ਨਾਲ ਜ਼ਰੂਰ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ।