ਲੁਧਿਆਣਾ

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮਾਤਾ ਨੇ 17ਵੇਂ ਦਿਨ ਵੀ ਰੱਖੀ  ਭੁੱਖ ਹੜਤਾਲ

ਜਨਤਕ ਜੱਥੇਬੰਦੀਆਂ ਦਾ ਧਰਨਾ 23ਵੇਂ ਦਿਨ ਵੀ ਜਾਰੀ ਰਿਹਾ
ਦੋਸ਼ੀ ਖੁੱਲ੍ਹੇ ਫਿਰਦੇ ਨੇ ਤੇ ਨਿਰਦੋਸ਼ ਜੇਲ਼ਾਂ ਕੱਟਦੇ ਨੇ - ਆਗੂ
ਜਗਰਾਉਂ 15 ਅਪ੍ਰੈਲ ( ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ ) ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਥੇ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ 17ਵੇਂ ਦਿਨ ਵੀ ਥਾਣੇ ਮੂਹਰੇ ਭੁੱਖ ਹੜਤਾਲ ਰੱਖੀ, ਉਥੇ ਜਨਤਕ ਜੱਥੇਬੰਦੀਆਂ ਦੀ ਅਗਵਾਈ "ਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੇ 23ਵੇਂ ਦਿਨ ਵੀ ਧਰਨਾ ਦਿੱਤਾ ਅਤੇ ਰੋਸ ਰੈਲ਼ੀ ਕੀਤੀ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਯੂਥ ਵਿੰਗ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਅੱਜ ਦੇ ਧਰਨੇ ਤੋਂ ਪਹਿਲਾਂ ਸਾਰੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਚੱਲ ਰਹੇ ਸੰਘਰਸ਼ ਸਬੰਧੀ ਅਗਲੀ ਰੂਪਰੇਖਾ ਲਈ ਇਕ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਅੱਜ ਦੇ ਧਰਨਾਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਆਗੂ ਜਗਤ ਸਿੰਘ ਲੀਲਾਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਅਾਗੂ ਮਾਸਟਰ ਜਸਦੇਵ ਸਿੰਘ ਲਲਤੋਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਮੋਗਾ ਦੇ ਪ੍ਰਧਾਨ ਭਰਭੂਰ ਸਿੰਘ ਰਾਮਾ ਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਏਟਕ ਆਗੂ ਜਗਦੀਸ਼ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਆਦਿ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਇਹ ਕਿਹੋ ਜਿਹਾ ਸਿਸਟਮ ਹੈ, ਜਿਥੇ ਦੋਸ਼ੀ ਖੁਲ੍ਹੇ ਫਿਰਦੇ ਨੇ ਅਤੇ ਨਿਰਦੋਸ਼ ਜੇਲ਼ਾਂ ਭੁਗਤਦੇ ਨੇ? ਅੈਸੇ ਪ੍ਰਬੰਧ ਤੇ ਲਾਹਣਤ ਹੈ। ਉਨ੍ਹਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਅਹਿਦ ਵੀ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੀ ਮੀਟਿੰਗ ਅਤੇ ਧਰਨੇ ਵਿੱਚ ਉਕਤ ਤੋਂ ਬਿਨਾਂ ਕੁੰਡਾ ਸਿੰਘ ਕਾਉਂਕੇ, ਜਿੰਦਰ ਸਿੰਘ ਮਾਣੂੰਕੇ, ਬਲਦੇਵ ਸਿੰਘ ਮਾਣੂੰਕੇ, ਰਾਮਤੀਰਥ ਸਿੰਘ ਲੀਲ੍ਹਾ, ਸਰਵਿੰਦਰ ਸਿੰਘ ਸੁਧਾਰ, ਸ਼ਿੰਦਰ ਸਿੰਘ ਕੁਲ਼ਾਰ, ਰੂਪ ਸਿੰਘ ਝੋਰੜਾਂ, ਗੁਰਚਰਨ ਸਿੰਘ ਬਾਬੇ ਕਾ, ਬਖਤਾਵਰ ਸਿੰਘ ਜਗਰਾਉਂ, ਬਲਦੇਵ ਸਿੰਘ ਜਗਰਾਉਂ ਆਦਿ ਹਾਜ਼ਰ ਸਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਦੋਸ਼ੀ ਗੁਰਿੰਦਰ ਬੱਲ ਤੇ ਰਾਜਵੀਰ ਨੇ 22 ਜੁਲਾਈ ਵਿੱਚ ਮੇਰੀ ਗ੍ਰਿਫਤਾਰੀ ਦਿਖਾ ਕੇ ਕਰੀਬ 10 ਸਾਲ ਝੂਠਾ ਕੇਸ ਅਦਾਲਤ ਵਿੱਚ ਚਲਾਇਆ ਜਦ ਕਿ ਮੈਂ 21 ਜੁਲਾਈ ਨੂੰ ਹੀ ਥਾਣੇ ਵਿੱਚ ਬੰਦ ਸੀ ਅਤੇ ਅਦਾਲਤ ਨੇ ਬਰੀ ਕਰਦਿਆਂ ਇਸ ਕੇਸ ਨੂੰ ਪੁਲਿਸ ਦੁਆਰਾ ਬਣਾਈ ਇਕ ਕਹਾਣੀ ਕਾਰਾਰ ਦਿੱਤਾ ਸੀ।

ਪ੍ਰਧਾਨ ਰਾਜਾ ਵੜਿੰਗ ਨੂੰ ਮਿਲੇ ਓਬੀਸੀ ਸੈੱਲ ਦੇ ਚੇਅਰਮੈਨ ਟਿੰਕਾ

 ਜਗਰਾਉ 15 ਅਪ੍ਰੈਲ (ਅਮਿਤਖੰਨਾ) ਆਲ ਇੰਡੀਆ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਦੇ ਨਿਯੁਕਤ ਕੀਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕਰਨ ਲਈ ਅੱਜ ਕਾਂਗਰਸ ਓਬੀਸੀ ਸੈੱਲ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਜਗਰਾਓਂ ਤੋਂ ਚੰਡੀਗੜ੍ਹ ਪਹੁੰਚੇ। ਉਨ੍ਹਾਂ ਨਵ ਨਿਯੁਕਤ ਪ੍ਰਧਾਨ ਨਾਲ ਇਸ ਮੁਲਾਕਾਤ ਦੌਰਾਨ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਸੈੱਲ ਵੱਲੋਂ ਸਨਮਾਨਿਤ ਕੀਤਾ। ਜਗਰਾਓਂ ਪਹੁੰਚੇ ਚੇਅਰਮੈਨ ਟਿੰਕਾ ਨੇ ਕਿਹਾ ਕਿ ਅੱਜ ਦੀ ਮੁਲਾਕਾਤ ਦੌਰਾਨ ਪ੍ਰਧਾਨ ਰਾਜਾ ਵੜਿੰਗ ਨੇ ਓਬੀਸੀ ਸੈੱਲ ਨਾਲ ਮਿਲ ਕੇ ਪੰਜਾਬ ਕਾਂਗਰਸ ਨੂੰ ਨਵੀਂ ਸੇਧ ਦੇਣ ਲਈ ਮੁਹਿੰਮ ਸ਼ੁਰੂ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਓਬੀਸੀ ਸੈੱਲ ਨੂੰ ਪੰਜਾਬ ਕਾਂਗਰਸ ਵੱਲੋਂ ਹਰ ਬਣਦਾ ਸਹਿਯੋਗ ਅਤੇ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ।ਚੇਅਰਮੈਨ ਟਿੰਕਾ ਨੇ ਕਿਹਾ ਕਿ ਪ੍ਰਧਾਨ ਰਾਜਾ ਵੜਿੰਗ ਜ਼ਮੀਨ ਨਾਲ ਜੁੜੇ ਹੋਏ ਸੂਝਵਾਨ ਅਤੇ ਜੁਝਾਰੂ ਲੀਡਰ ਹਨ, ਜੋ ਜਨਤਾ ਦੇ ਨਾਲ ਜਿਥੇ ਖੜ੍ਹਦੇ ਹਨ, ਉਥੇ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖਦੇ ਹਨ। ਪਿਛਲੇ ਦਿਨੀਂ ਵੀ ਉਨ੍ਹਾਂ ਨੇ ਪੰਜਾਬ ਦੀ ਬੇਹਤਰੀ ਲਈ ਵਿਧਾਨ ਸਭਾ 'ਚ ਅਹਿਮ ਮੁੱਦੇ ਚੁੱਕੇ। ਉਨ੍ਹਾਂ ਦੀ ਇਸੇ ਸੂਝ-ਬੂਝ ਤੇ ਕਾਬਲੀਅਤ ਸਦਕਾ ਹਾਈਕਮਾਂਡ ਵੱਲੋਂ ਅਹਿਮ ਜ਼ਿੰਮੇਵਾਰੀ ਪੰਜਾਬ ਦੀ ਕਮਾਂਡ ਦਿੱਤੀ ਗਈ ਹੈ। ਜਿਸ ਨੂੰ ਉਹ ਬਾਖੂਬੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਓਬੀਸੀ ਸੈੱਲ ਵੱਲੋਂ ਵੀ ਉਨ੍ਹਾਂ ਦੇ ਕਦਮ ਨਾਲ ਕਦਮ ਮਿਲਾ ਕੇ ਪੰਜਾਬ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕੀਤੇ ਜਾਣਗੇ। ਇਸਦੇ ਨਾਲ ਹੀ ਓਬੀਸੀ ਸੈੱਲ ਵੱਲੋਂ ਪੰਜਾਬ ਪ੍ਰਧਾਨ ਸਮੇਤ ਨਵੇਂ ਅਹੁਦੇਦਾਰਾਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।

ਸ਼੍ਰੀ ਅਗਰਸੇਨ ਸਮਿਤੀ ਜਗਰਾਓ ਦੀ ਨਵੀਂ ਟੀਮ ਦਾ ਗਠਨ

 ਇਸ ਸਾਲ ਵੀ ਸ਼੍ਰੀ ਅਗਰਸੇਨ ਜਯੰਤੀ ਧੂਮਧਾਮ ਨਾਲ ਮਨਾਈ ਜਾਵੇਗੀ
ਜਗਰਾਉ 15 ਅਪ੍ਰੈਲ (ਅਮਿਤਖੰਨਾ)ਅਗਰਵਾਲ ਸਮਾਜ ਜਗਰਾਓਂ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸੰਮਤੀ (ਰਜਿ:) ਜਗਰਾਉਂ ਦੀ ਇੱਕ ਅਹਿਮ ਮੀਟਿੰਗ ਨਵ-ਨਿਯੁਕਤ ਪ੍ਰਧਾਨ ਅਨਮੋਲ ਗਰਗ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ।  ਮੀਟਿੰਗ ਵਿੱਚ ਨਵ-ਨਿਯੁਕਤ ਪ੍ਰਧਾਨ ਅਨਮੋਲ ਗਰਗ ਨੇ ਨਵੀਂ ਟੀਮ ਦਾ ਐਲਾਨ ਕਰਦਿਆਂ ਦੱਸਿਆ ਕਿ ਨਵੀਂ ਟੀਮ ਵਿੱਚ ਪਿਊਸ਼ ਅਗਰਵਾਲ ਨੂੰ ਚੇਅਰਮੈਨ, ਦੀਪਕ ਗੋਇਲ ਡੀ.ਕੇ ਨੂੰ ਮੀਤ ਪ੍ਰਧਾਨ, ਗੌਰਵ ਸਿੰਗਲਾ ਨੂੰ ਜਨਰਲ ਸਕੱਤਰ, ਮੋਹਿਤ ਗੋਇਲ ਨੂੰ ਤੀਜੀ ਵਾਰ ਖ਼ਜ਼ਾਨਚੀ , ਅੰਕੁਸ਼ ਮਿੱਤਲ ਨੂੰ ਲਗਾਤਾਰ ਦੂਜੀ ਵਾਰ ਸਕੱਤਰ, ਵੈਭਵ ਬਾਂਸਲ ਅਤੇ ਅਮਿਤ ਬਾਂਸਲ ਨੂੰ ਸਕੱਤਰ ਅਤੇ ਰੋਹਿਤ ਗੋਇਲ ਨੂੰ ਦਫਤਰ ਇੰਚਾਰਜ ਅਤੇ ਬਾਕੀ ਸਾਰੇ ਮੈਂਬਰਾਂ ਨੂੰ ਸੰਗਠਨ ਦਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ।  ਸੰਸਥਾ ਦੇ ਸਾਰੇ ਮੈਂਬਰਾਂ ਨੇ ਪ੍ਰਧਾਨ ਅਨਮੋਲ ਗਰਗ ਦੀ ਨਵੀਂ ਟੀਮ 'ਤੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ ।  ਸੰਸਥਾ ਦੇ ਚੇਅਰਮੈਨ ਪਿਊਸ਼ ਗਰਗ ਅਤੇ ਜਨਰਲ ਸਕੱਤਰ ਗੌਰਵ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੇਨ ਦਾ ਜਨਮ ਦਿਹਾੜਾ 26 ਸਤੰਬਰ ਨੂੰ ਬੜੀ ਧੂਮ-ਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ।  ਜਾਣਕਾਰੀ ਦਿੰਦਿਆਂ ਸੰਸਥਾ ਦੇ ਮੀਤ ਪ੍ਰਧਾਨ ਦੀਪਕ ਗੋਇਲ ਡੀ.ਕੇ ਨੇ ਦੱਸਿਆ ਕਿ ਜਲਦੀ ਹੀ ਅਗਰਸੇਨ ਜੈਅੰਤੀ ਲਈ ਗਾਇਕ ਅਤੇ ਸਥਾਨ ਦੀ ਚੋਣ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਅਤੇ ਕੁਲਦੇਵੀ ਮਹਾਲਕਸ਼ਮੀ ਜੀ ਦੇ ਆਸ਼ੀਰਵਾਦ ਨਾਲ ਜਗਰਾਉਂ ਵਿੱਚ ਵੀ ਇੱਕ ਵਿਸ਼ਾਲ ਮੰਦਰ ਬਣਾਉਣ ਲਈ ਸੰਸਥਾ ਵੱਲੋਂ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ।  ਜਗਰਾਓਂ ਦੇ ਸਮੂਹ ਅਗਰਵਾਲ ਭਰਾਵਾਂ ਨੂੰ ਇੱਕ ਮੰਚ 'ਤੇ ਇਕੱਠੇ ਹੋ  ਰਾਮਵੰਸ਼ਜ ਮਹਾਰਾਜਾ ਅਗਰਸੇਨ ਜੀ ਦਾ ਜਗਰਾਉਂ ਵਿੱਚ ਵੀ ਇੱਕ ਮੰਦਰ ਬਣਾਉਣਾ ਚਾਹੀਦਾ ਹੈ।  ਸਕੱਤਰ ਅੰਕੁਸ਼ ਮਿੱਤਲ ਨੇ ਦੱਸਿਆ ਕਿ ਸੰਸਥਾ ਨਾਲ ਜੁੜਨ ਲਈ ਮਾਨਯੋਗ ਪ੍ਰਧਾਨ ਅਨਮੋਲ ਗਰਗ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  ਇਸ ਮੌਕੇ ਦਫ਼ਤਰ ਇੰਚਾਰਜ ਰੋਹਿਤ ਗੋਇਲ, ਸਕੱਤਰ ਵੈਭਵ ਬਾਂਸਲ, ਸਕੱਤਰ ਅਮਿਤ ਬਾਂਸਲ ਅਤੇ ਸਮੂਹ ਕਾਰਜਕਾਰਨੀ ਮੈਂਬਰ ਜਤਿੰਦਰ ਗਰਗ, ਕਮਲਦੀਪ ਬਾਂਸਲ, ਪੁਨੀਤ ਬਾਂਸਲ, ਪ੍ਰਦਿਊਮਨ ਬਾਂਸਲ, ਜਤਿਨ ਸਿੰਗਲਾ, ਨਵੀਨ ਮਿੱਤਲ, ਅਭਿਸ਼ੇਕ ਬਾਂਸਲ, ਮੋਹਿਤ ਬਾਂਸਲ, ਸੰਜੀਵ ਬਾਂਸਲ, ਰਾਜੀਵ ਗੋਇਲ ਆਦਿ ਹਾਜ਼ਰ ਸਨ। , ਦੀਪਕ ਗੋਇਲ, ਹਰਸ਼ ਸਿੰਗਲਾ ਅਤੇ ਸੰਜੀਵ ਬਾਂਸਲ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਗਾਲਿਬ ਨਹੀਂ ਰਹੇ  

ਸਰਦਾਰ ਹਰਦੀਪ ਸਿੰਘ ਗਾਲਿਬ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਅੱਜ ਉਨ੍ਹਾਂ ਆਪਣੇ ਆਖ਼ਰੀ ਸਾਹ ਲਏ  

16 ਅਪ੍ਰੈਲ 11 ਵਜੇ ਪਿੰਡ ਗਾਲਿਬ ਕਲਾਂ ਵਿਖੇ ਹੋਵੇਗਾ ਸੰਸਕਾਰ   

ਜਗਰਾਉਂ,  15 ਅਪ੍ਰੈਲ (ਗੁਰਦੇਵ ਗ਼ਾਲਿਬ ) ਦੋ ਦਹਾਕਿਆਂ ਤੋਂ ਕਿਸਾਨ ਲਹਿਰ ਦੀ ਅਗਵਾਈ ਕਰਦੇ ਆ ਰਹੇ, ਦਿੱਲੀ ਕਿਸਾਨ ਅੰਦੋਲਨ ਚ ਮੋਹਰੀ ਭੂਮਿਕਾ ਅਪਨਾਉਣ ਵਾਲੇ , ਅਨੇਕਾਂ ਕਿਸਾਨ ਸੰਘਰਸ਼ਾਂ ਚ ਕਿਸਾਨਾਂ ਦੀ ਸਫਲ ਅਗਵਾਈ ਕਰਨ ਵਾਲੇ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਅੱਜ ਸਦਾ ਸਦਾ ਲਈ ਵਿਛੋੜਾ ਦੇ ਗਏ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਦਿੱਲੀ ਵਿਖੇ ਖੇਤੀ ਸਬੰਧੀ ਕਾਲੇ ਕਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੋਰਾਨ ਹੀ ਕੈੰਸਰ ਜਿਹੀ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋਏ ਕਿਸਾਨ ਆਗੂ ਨੂੰ ਬਚਾਉਣ ਲਈ ਪਰਿਵਾਰ ਅਤੇ ਜਥੇਬੰਦੀ ਵਲੋਂ ਬੇਹੱਦ ਕੋਸ਼ਿਸ਼ ਕਰਨ ਦੇ ਬਾਵਜੂਦ ਨਹੀਂ ਬਚਾਇਆ ਜਾ ਸਕਿਆ। ਉਨਾਂ ਦੱਸਿਆ ਕਿ ਭਲਕੇ 16 ਅਪ੍ਰੈਲ ਦਿਨ ਸ਼ਨੀਵਾਰ ਸਵੇਰੇ 11 ਵਜੇ ਪਿੰਡ ਗਾਲਬ ਕਲਾਂ ਵਿਖੇ ਹਰਦੀਪ ਸਿੰਘ ਗਾਲਬ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਇਸ ਸਮੇਂ ਜਥੇਬੰਦਕ ਸਨਮਾਨਾਂ ਨਾਲ ਕਿਸਾਨ ਆਗੂ ਦਾ ਸੰਸਕਾਰ ਕੀਤਾ ਜਾਵੇਗਾ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ,  ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਰਣਧੀਰ ਸਿੰਘ ਓਪਲ,  ਸੁਖਵਿੰਦਰ ਸਿੰਘ ਹੰਬੜਾਂ ,ਸਰਬਜੀਤ ਸਿੰਘ ਗਿੱਲ,  ਦੇਵਿੰਦਰ ਸਿੰਘ ਮਲਸੀਹਾਂ, ਤਰਨਜੀਤ ਸਿੰਘ ਕੂਹਲੀ ਤੋਂ ਬਿਨਾਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਜਸਵੰਤ ਸਿੰਘ ਜੀਰਖ, ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਜਸਵਿੰਦਰ ਸਿੰਘ ਭਮਾਲ,  ਮਦਨ ਸਿੰਘ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਡਾ ਅੰਬੇਦਕਰ ਦੇ ਨਾਂ ਹੇਠ ਯੂਨੀਵਰਸਿਟੀ ਖੋਲ੍ਹਣਾ ਇੱਕ ਇਤਿਹਾਸਿਕ ਕਦਮ ਹੋਵੇਗਾ - ਸਲੇਮਪੁਰੀ

ਲੁਧਿਆਣਾ, 14 ਅਪ੍ਰੈਲ - ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ 131ਵੇੰ ਜਨਮ ਦਿਹਾੜੇ ਮੌਕੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਵਿਚ ਵੀ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਮਜੀਤ ਕੌਰ ਸਲੇਮਪੁਰੀ ਪ੍ਰਬੰਧ ਅਫਸਰ ਨੇ ਕਿਹਾ ਕਿ ਡਾ ਅੰਬੇਦਕਰ ਕੇਵਲ ਇੱਕ ਸ਼ਖਸੀਅਤ ਦਾ ਨਾਂ ਨਹੀਂ ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਸਨ, ਜਿਸ ਕਰਕੇ ਉਨ੍ਹਾਂ ਨੂੰ ਸੰਸਾਰ ਭਰ ਵਿੱਚ 'ਗਿਆਨ ਦਾ ਪ੍ਰਤੀਕ' ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵਲੋਂ ਜਲੰਧਰ ਵਿਚ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਦੇ ਨਾਂ ਹੇਠ ਯੂਨੀਵਰਸਿਟੀ ਖੋਲ੍ਹਣ ਦੇ ਐਲਾਨ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਇਹ ਇਕ ਇਤਿਹਾਸਕ ਫੈਸਲਾ ਹੋ ਨਿਬੜੇਗਾ। ਅਤੇ ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਸ ਮਾਨ ਵਲੋਂ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਚੇਤੰਨ ਹੋ ਕੇ ਖੜ੍ਹਨ ਲਈ ਕੀਤੇ ਐਲਾਨ ਦੀ ਪ੍ਰੋੜਤਾ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
ਫੋਟੋ - ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਰਮਜੀਤ ਕੌਰ ਸਲੇਮਪੁਰੀ ਪ੍ਰਬੰਧ ਅਫਸਰ ਨਾਲ ਹੋਰ

23ਵੇੰ ਦਿਨ ਵੀ ਕਿਸਾਨਾਂ-ਮਜ਼ਦੂਰਾਂ ਨੇ ਲਗਾਇਆ ਧਰਨਾ

ਮਾਮਲਾ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ 16ਵੇਂ ਦਿਨ ਵੀ ਮਾਤਾ ਨੇ ਰੱਖੀ ਭੁੱਖ ਹੜਤਾਲ
ਜਗਰਾਉਂ 14 ਅਪ੍ਰੈਲ (  ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ  ) ਇਥੋਂ ਨੇੜਲੇ ਪਿੰਡ ਰਸੂਲਪੁਰ ਦੇ ਇਕ ਪਰਿਵਾਰ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਰਾਤ ਨੂੰ ਥਾਣਾ ਸਿਟੀ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਫਰਜ਼ੀ ਗਵਾਹ ਤੇ ਫਰਜ਼ੀ ਜਿੰਮਨੀ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਤਹਿਤ ਆਈ.ਪੀ.ਸੀ. ਦੀਆਂ ਧਾਰਾ 304, 342 ਅਤੇ ਅੈਸ.ਸੀ./ਅੈਸ.ਟੀ. ਅੈਕਟ 1989 ਤਹਿਤ ਪੁਲਿਸ ਵਲੋਂ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੱਜ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਨੇ ਇਕੱਠੇ ਹੋ ਕੇ ਸਿਟੀ ਥਾਣੇ ਮੂਹਰੇ ਲਗਾਤਾਰ ਅੱਜ 23ਵੇਂ ਦਿਨ ਵੀ ਧਰਨਾ ਦਿੱਤਾ। ਅੱਜ ਦੇ ਧਰਨੇ ਦਰਮਿਆਨ ਡੀਅੈਸਪੀ ਗੁਰਿੰਦਰ ਬੱਲ ਤੇ ਅੈਸਆਈ ਰਾਜਵੀਰ ਦੇ ਅਣਮਨੁੱਖੀ ਤਸੀਹਿਆਂ ਕਾਰਨ ਮਰ ਚੁੱਕੀ ਨੌਜਵਾਨ ਧੀ ਦੀ ਬਿਰਧ ਮਾਤਾ ਸੁਰਿੰਦਰ ਕੌਰ ਨੇ ਅੱਜ ਲਗਾਤਾਰ 16ਵੇਂ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਰਹੇ। ਅੱਜ ਧਰਨੇ ਨੂੰ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਮਾਸਟਰ ਜਸਦੇਵ ਸਿੰਘ ਲਲਤੋਂ ਤੇ ਸਰਵਿੰਦਰ ਸਿੰਘ ਰਤਨ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਯੂਥ ਵਿੰਗ ਆਗੂ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਜਿਥੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ, ਉਥੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਤਿਉਹਾਰ ਵਿਸਾਖੀ ਦੀ ਲੱਖ-ਲੱਖ ਵਧਾਈ ਵੀ ਦਿੱਤੀ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਗੁਰੂ ਸਹਿਬ ਨੇ ਜ਼ਬਰ-ਜ਼ੁਲਮ ਦੇ ਖਿਲਾਫ਼ ਲੜ੍ਹਾਈ ਲੜੀ ਹੈ ਅਤੇ ਹਮੇਸ਼ਾ ਲੜ੍ਹਣ ਦਾ ਸੰਦੇਸ਼ ਦਿੱਤਾ ਹੈ। ਬੁਲਾਰਿਆਂ ਨੇ ਨਵੇਂ ਆਏ ਜਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਤੋਂ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸਕੱਤਰ ਜਗਰੂਪ ਸਿੰਘ ਝੋਰੜਾਂ, ਬੀਕੇਯੂ ਏਕਤਾ ਡਕੌੰਦਾ ਦੇ ਕੁੰਡਾ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਤੇ ਹਰਮੇਲ ਸਿੰਘ ਫੌਜ਼ੀ, ਕੁੱਲ ਹਿੰਦ ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ। ਇਸ ਮੌਕੇ ਪੀੜ੍ਹਤ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਦੋਸ਼ੀਆਂ ਨੇ ਇੱਕ ਸਾਜਿਸ਼ ਤਹਿਤ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ ਇਥੋਂ ਤੱਕ ਮੁੱਖ ਦੋਸ਼ੀ ਗੁਰਿੰਦਰ ਬੱਲ ਤੇ ਰਜਵੀਰ ਨੇ ਕਤਲ਼ ਕੇ ਕੇਸ ਵਿੱਚ ਮੇਰੀ ਗ੍ਰਿਫਤਾਰੀ ਦੀ ਸੂਚਨਾ ਮੇਰੇ ਪਿਤਾ ਮਲਕੀਤ ਸਿੰਘ ਨੂੰ ਮਿਤੀ 22 ਜੁਲਾਈ 2005 ਨੂੰ ਦਿਖਾਈ ਗਈ ਜਦ ਕਿ ਮੇਰੇ ਪਿਤਾ ਦੀ ਮੌਤ 06 ਜੂਨ 1994 ਨੂੰ ਹੋ ਗਈ ਸੀ। ਪੁਲਿਸ ਅਧਿਕਾਰੀਆਂ ਨੇ ਸਾਰਾ ਝੂਠਾ ਕੇਸ ਰਿਕਾਰਡ ਤਿਆਰ ਕੀਤਾ ਸੀ ਅਤੇ ਅਦਾਲਤ ਵਿੱਚ ਕਰੀਬ 10 ਸਾਲ ਝੂਠਾ ਕੇਸ ਚਲਾਇਆ ਸੀ।

ਨੌਜਵਾਨਾਂ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ - ਸੁਰਭੀ ਮਲਿਕ

- ਪ੍ਰਸ਼ਾਸਨ ਵੱਲੋਂ ਅੱਜ ਪ੍ਰਸ਼ਾਸ਼ਨਿਕ ਕੰਪਲੈਕਸ ਵਿਖੇ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ

ਲੁਧਿਆਣਾ, 14 ਅਪ੍ਰੈਲ (ਰਣਜੀਤ ਸਿੱਧਵਾਂ) - ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਡਾ.ਬੀ.ਆਰ.ਅੰਬੇਡਕਰ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਇੱਕ ਮਹਾਨ ਵਿਦਵਾਨ, ਨਿਆਂਕਾਰ, ਅਰਥਸ਼ਾਸਤਰੀ, ਸਮਾਜ ਸੁਧਾਰਕ ਅਤੇ ਰਾਜਨੇਤਾ ਸਨ। ਉਨ੍ਹਾਂ ਕਿਹਾ ਕਿ ਹਾਲਾਂਕਿ ਡਾ. ਅੰਬੇਡਕਰ ਇੱਕ ਗਰੀਬ ਪਰਿਵਾਰ ਤੋਂ ਸਨ । ਪਰ ਸਮਾਜ ਲਈ ਉਨ੍ਹਾਂ ਦੇ ਅਪਾਰ ਯੋਗਦਾਨ ਨੇ ਉਨ੍ਹਾਂ ਨੂੰ ਵਿਸ਼ਵਵਿਆਪੀ ਨੇਤਾਵਾਂ ਦੀ ਲੜੀ ਵਿੱਚ ਲਿਆਂਦਾ ਹੈ। ਸ੍ਰੀਮਤੀ ਮਲਿਕ ਨੇ ਕਿਹਾ ਕਿ ਡਾ. ਅੰਬੇਡਕਰ ਦਾ ਸਮਾਜ ਦੇ ਗਰੀਬ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਬੇਮਿਸਾਲ ਦ੍ਰਿੜਤਾ ਅਤੇ ਸੰਘਰਸ਼ ਵਜੋਂ ਵਿਸ਼ਵ ਦੀ ਹਰ ਪੀੜ੍ਹੀ ਲਈ ਇੱਕ ਮਿਸਾਲ ਬਣੇ ਰਹਿਣਗੇ। ਉਨ੍ਹਾਂ ਨੌਜਵਾਨਾਂ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਭਾਰਤੀ ਸੰਵਿਧਾਨ ਡਾ. ਅੰਬੇਡਕਰ ਦੀ ਮਿਹਨਤ, ਲਗਨ ਅਤੇ ਦੂਰਅੰਦੇਸ਼ੀ ਦਾ ਨਤੀਜਾ ਹੈ। ਇਸ ਮੌਕੇ ਐਸ.ਡੀ.ਐਮ. (ਪੱਛਮੀ) ਸ੍ਰੀ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ (ਜਨਰਲ) ਸ. ਗੁਰਬੀਰ ਸਿੰਘ ਕੋਹਲੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਲਕੇ ਦੀਆ ਸਮੱਸਿਆਵਾ ਬਾਰੇ ਜਾਣੂ ਕਰਵਾਇਆ

ਜਗਰਾਓ,ਹਠੂਰ,14,ਅਪ੍ਰੈਲ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਂਓ ਅਧੀਨ ਪੈਦੇ 80 ਪਿੰਡਾ ਅਤੇ ਜਗਰਾਓ ਸਹਿਰ ਦੀਆ ਵੱਖ-ਵੱਖ ਸਮੱਸਿਆਵਾ ਨੂੰ ਜਲਦੀ ਹੱਲ ਕਰਵਾਉਣ ਲਈ ਅੱਜ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ।ਇਸ ਮੌਕੇ ਉਨ੍ਹਾ ਡਾ:ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਅਤੇ ਵਿਸਾਖੀ ਦੇ ਦਿਹਾੜੇ ਦੀਆ ਮੁਬਾਰਕਾ ਦਿੰਦਿਆ ਗੁਲਦਸਤਾ ਭੇਟ ਕੀਤਾ।ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਲਕੇ ਜਗਰਾਓ ਦੀਆ ਅਨੇਕਾ ਟੁੱਟੀਆ ਸੜਕਾ ਜਲਦੀ ਬਣਾਉਣ ਲਈ ਗ੍ਰਾਟ ਜਾਰੀ ਕਰਨ ਦੀ ਮੰਗ ਕੀਤੀ ਅਤੇ ਜਗਰਾਓ ਸਹਿਰ ਵਿਚ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ,ਭਾਈ ਛਿੰਦਰਪਾਲ ਸਿੰਘ ਮੀਨੀਆ ਆਦਿ ਹਾਜ਼ਰ ਸਨ।
 

ਪਿੰਡ ਲੱਖਾ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ

ਹਠੂਰ,14 ਅਪ੍ਰੈਲ (ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਲੱਖਾ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ।ਇਸ ਮੌਕੇ ਦਸਤਾਰ ਸਜਾਓ ਅਤੇ ਦਮਾਲਾ ਸਜਾਓ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚੋ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਵਿਸ਼ੇਸ ਤੌਰ ਤੇ ਸਮਨਾਨਿਤ ਕੀਤਾ ਗਿਆ।ਇਸ ਮੌਕੇ ਸਾਬਕਾ ਪੰਚ ਬਲੌਰ ਸਿੰਘ ਸੇਖੋਂ,ਯੂਥ ਆਗੂ ਅਮਨਦੀਪ ਸਿੰਘ ਸੇਖੋਂ,ਸਾਬਕਾ ਪੰਚ ਸਿਕੰਦਰ ਸਿੰਘ,ਸੁਖਦੇਵ ਸਿੰਘ,ਕਾਲਾ ਸਿੰਘ,ਨਾਹਰ ਸਿੰਘ,ਤਾਰਾ ਸਿੰਘ ਆਦਿ ਹਾਜ਼ਰ ਸਨ।
 

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ 

ਜਗਰਾਉ 14 ਅਪ੍ਰੈਲ (ਅਮਿਤਖੰਨਾ) ਹਲਕਾ ਜਗਰਾਉ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਬੀ ਸਰਵਜੀਤ ਕੌਰ ਮਾਣੂੰਕੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਜੀ ਕੋਲ ਜਗਰਾਉਜ਼ ਹਲਕੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ੍ਰੀਦ ਸਬੰਧੀ, ਮੂੰਗੀ ਸਬੰਧੀ, ਮਾਈਨਿੰਗ ਸਬੰਧੀ, ਸੜਕਾਂ ਦੀ ਖਸਤਾ ਹਾਲਤ, ਜਗਰਾਉ ਸ਼ਹਿਰ ਦੇ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਆਦਿ ਤੋਜ਼ ਇਲਾਵਾ ਹਲਕੇ ਦੀਆਂ ਹੋਰ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਉਹਨਾਂ ਦੇ ਹੱਲ ਲਈ ਗਰਾਂਟਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ, ਤਾਂ ਜੋ ਜਗਰਾਉਜ਼ ਹਲਕੇ ਦੀ ਰੂਪ ਰੇਖਾ ਬਦਲਕੇ ਨਵੀਜ਼ ਦਿੱਖ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਦੱਸਿਆ ਹਲਕੇ ਦੇ ਸਰਕਾਰੀ ਕਰਮਚਾਰੀਆਂ ਵੱਲੋ ਦਿੱਤੇ ਗਏ ਮੰਗ ਪੱਤਰ ਵੀ ਸਰਕਾਰ ਕੋਲ ਪਹੁੰਚਦੇ ਕੀਤੇ ਗਏ ਹਨ ਤਾਂ ਜੋ ਸਰਕਾਰੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਵੀ ਪਹਿਲ ਪੱਧਰ ਤੇ ਨਿਪਟਾਰਾ ਕਰਵਾਇਆ ਜਾ ਸਕੇ। ਵਿਧਾਇਕਾ ਮਾਣੂੰਕੇ ਨੇ ਹੋਰ ਦੱਸਿਆ ਕਿ ਜਗਰਾਉਜ਼ ਹਲਕੇ ਦੇ ਪਿੰਡ ਰਸੂਲਪੁਰ ਦੀ ਲੜਕੀ ਕੁਲਵੰਤ ਕੌਰ, ਜੋ ਪਿਛਲੇ ਸਮੇ ਦੌਰਾਨ ਪੁਲਿਸ ਅੱਤਿਆਚਾਰ ਦਾ ਸਿ਼ਕਾਰ ਹੋ ਗਈ ਸੀ ਅਤੇ ਜਿ਼ੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਮੌਤ ਦੇ ਮੂੰਹ ਜਾ ਪਈ ਸੀ। ਹੁਣ ਉਸ ਦੇ ਪਰਿਵਾਰ ਅਤੇ ਬਿਰਧ ਮਾਤਾ ਸੁਰਿੰਦਰ ਕੌਰ ਵੱਲੋ ਵੱਖ ਵੱਖ ਸਮਾਜਿੱਕ ਜੱਥੇਬੰਦੀਆਂ ਰਾਹੀ ਧਰਨਾਂ ਲਗਾਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਬਿਰਧ ਮਾਤਾ ਵੱਲੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਖੂਨ ਨਾਲ ਖ਼ਤ ਲਿਖਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਸੌਂਪਿਆ ਗਿਆ ਸੀ। ਉਹ ਖ਼ਤ ਵਿਧਾਇਕਾ ਮਾਣੂੰਕੇ ਵੱਲੋ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ ਵੀ ਸੌਪਿਆ ਗਿਆ ਹੈ ਅਤੇ ਦੁਖੀ ਪਰਿਵਾਰ ਨੂੰ ਇਨਸਾਫ਼਼ ਦੇਣ ਲਈ ਵੀ ਮਾਮਲਾ ਉਠਾਇਆ ਹੈ। ਵਿਧਾਇਕਾ ਨੇ ਕਿਹਾ ਕਿ ਜਗਰਾਉ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ 40 ਹਜ਼ਾਰ ਦੇ ਲਗਭਗ ਵੱਡੀ ਲੀਡ ਦਿਵਾਕੇ ਦੂਜੀ ਵਾਰ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਉਹ ਹਲਕੇ ਦੇ ਲੋਕਾਂ ਦੀ ਧੀ ਬਣਕੇ ਸੇਵਾ ਕਰੇਗੀ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕੇ ਵਿਚਰੇਗੀ। ਉਹਨਾਂ ਆਖਿਆ ਕਿ ਹਲਕੇ ਦੇ ਵਿਕਾਸ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਪੂਰੀਆਂ ਕਰਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਉਹਨਾਂ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਕੁਲਵਿੰਦਰ ਸਿੰਘ ਕਾਲਾ, ਪ੍ਰੀਤਮ ਸਿੰਘ ਅਖਾੜਾ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਗੁਰਨਾਮ ਸਿੰਘ ਭੈਣੀ, ਗੋਪੀ ਸ਼ਰਮਾਂ, ਸੋਨੀ ਕਾਉਜ਼ਕੇ, ਛਿੰਦਰਪਾਲ ਸਿੰਘ ਮੀਨੀਆਂ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸਨੀ ਬੱਤਰਾ, ਹਿੰਮਤ ਵਰਮਾਂ ਆਦਿ ਵੀ ਹਾਜ਼ਰ ਸਨ।