You are here

ਲੁਧਿਆਣਾ

ਨਗਰ ਕੌਸਲ ਜਗਰਾਉਂ ਦੀ ਤਿੰਨ ਮਹੀਨੇ ਬਾਅਦ ਹੋਈ ਮੀਟਿੰਗ ਕਮੇਟੀ ਹਾਲ ਦੇ ਅੰਦਰ, ਬਾਹਰ ਹੰਗਾਮਾ ਭਰਪੂਰ ਰਹੀ (ਵੀਡੀਓ)

ਮੀਟਿੰਗ ਦੀ ਵਿਲੱਖਣਤਾ ਇਹ ਦੇਖੀ ਗਈ ਕਿ ਮੀਟਿੰਗ ਦੌਰਾਨ ਸੱਤਾਧਾਰੀ ਦਾ ਪੱਖ ਵਿਰੋਧੀ ਧਿਰ ਪੂਰ ਰਹੀ ਸੀ

ਸਾਡੇ ਕੌਸਲਰਾਂ ਵਿਚ ਕੁਝ ਅਜਿਹੇ ਕੌਸਲਰ ਵੀ ਹਨ ਜੋ ਠੇਕੇਦਾਰੀ ਕਰਨ ਦੇ ਨਾਲ ਨਾਲ ਕਮਿਸ਼ਨ ਵੀ ਖਾਂਦੇ ਹਨ -ਕੌਸਲਰ ਸਿੱਧੂ 
ਜਗਰਾਉਂ/ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਗਰ ਕੌਸਲ ਦੀ ਕਰੀਬ ਤਿੰਨ ਮਹੀਨੇ ਬਾਅਦ ਹਾਊਸ ਦੀ ਹੋਈ ਮੀਟਿੰਗ ਕਮੇਟੀ ਹਾਲ ਦੇ ਅੰਦਰ ਅਤੇ ਬਾਹਰ ਹੰਗਾਮਾ ਭਰਪੂਰ ਰਹੀ | ਹਾਊਸ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਇਕ ਠੇਕੇਦਾਰ ਨੇ ਇਕ ਕੌਸਲਰ ਨੂੰ ਸਮਾਂ ਬੰਨਣ ਤੱਕ ਦੀ ਧਮਕੀ ਦੇ ਦਿੱਤੀ | ਕਈ ਮਾਮਲਿਆਂ ਨੂੰ ਲੈ ਕੇ ਭਾਵੇਂ ਕੌਸਲਰ ਆਪਸ ਵਿਚ ਖਹਿੰਦੇ ਰਹੇ, ਪਰ ਵਿਕਾਸ ਕਾਰਜ ਸ਼ੁਰੂ ਕਰਵਾਉਣ ਨੂੰ ਲੈ ਕੇ ਸਾਰੇ ਕੌਸਲਰ ਇਕ ਮੱਤ ਦੇਖੇ ਗਏ | ਇਸ ਮੌਕੇ ਉਨ੍ਹਾਂ ਕਾਰਜਸਾਧਕ ਅਧਿਕਾਰੀ ਰੰਧਾਵਾ 'ਤੇ ਕੀਤੇ ਕੰਮਾਂ ਦੀ ਅਦਾਇਗੀ ਕਰਨ ਲਈ ਵੀ ਦਬਾਅ ਪਾਇਆ | ਇਸ ਮੀਟਿੰਗ ਦੀ ਵਿਲੱਖਣਤਾ ਇਹ ਦੇਖੀ ਗਈ ਕਿ ਮੀਟਿੰਗ ਦੌਰਾਨ ਸੱਤਾਧਾਰੀ ਦਾ ਪੱਖ ਵਿਰੋਧੀ ਧਿਰ ਪੂਰ ਰਹੀ ਸੀ | ਸਟਰੀਟ ਵੈਂਡਿੰਗ ਲਈ ਰੇਲਵੇ ਪੁਲ ਦੇ ਦੋਨੇਂ ਪਾਸੇ ਰੱਖੀ ਥਾਂ ਨੂੰ ਬਦਲ ਕੇ ਮਿਊਸਪਲ ਪਾਰਕ ਅੱਡਾ ਰਾਏਕੋਟ ਰੋਡ ਵਿਖੇ ਤਬਦੀਲ ਕਰਨ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਇਸ ਮੀਟਿੰਗ ਵਿਚ 23 ਵਾਰਡਾਂ ਦੇ ਕਰੀਬ ਅੱਠ ਕਰੋੜ ਦੇ ਵਿਕਾਸ ਕਾਰਜਾਂ ਦੇ ਕੰਮ ਪਾਏ ਗਏ ਹਨ | ਨਗਰ ਕੌਸਲ ਦੇ ਪ੍ਰਧਾਨ ਚਰਨਜੀਤ ਕੌਰ ਕਲਿਆਣ ਦੀ ਪ੍ਰਧਾਨਗੀ ਹੇਠ ਰੱਖੀ ਇਸ ਮੀਟਿੰਗ ਵਿਚ ਦਵਿੰਦਰ ਸਿੰਘ ਵਲੋਂ ਪੜ੍ਹੇ ਗਏ ਨੌ ਮਤਿਆਂ ਵਿਚੋਂ ਮਤਾ ਨੰਬਰ ਪੰਜ ਜੋ ਛੇ ਸਫ਼ਾਈ ਸੇਵਕ ਪੱਕਾ ਕਰਨ ਦਾ ਸੀ ਕਾਰਜਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਤਕਨੀਕੀ ਖ਼ਾਮੀਆਂ ਹੋਣ ਕਾਰਨ ਅੱਗੇ ਪਾ ਦਿੱਤਾ ਜਦਕਿ ਬਾਕੀ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ |ਕੌਸਲ ਅਨਮੋਲ ਗੁਪਤਾ ਨੇ ਅਣ-ਅਧਿਕਾਰਿਤ ਕਾਲੋਨੀਆਂ ਵਿਚ ਬਣੀਆਂ ਪਾਰਕ ਅੰਦਰ ਬਿਜਲੀ ਦੇ ਮੀਟਰ ਨਾ ਲਗਾਉਣ ਦੀ ਜਦ ਮੰਗ ਕੀਤੀ ਤਾਂ ਕੌਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਹਾਊਸ ਵਿਚ ਚੈਲੰਜ ਕਰ ਦਿੱਤਾ ਕਿ ਜੇਕਰ ਇਹ ਅਣਅਧਿਕਾਰਤ ਕਾਲੋਨੀਆਂ ਹੋਣ ਤਾਂ ਉਹ ਮੈਂਬਰੀ ਤੋਂ ਅਸਤੀਫ਼ਾ ਦੇ ਦੇਣਗੇ ਪਰ ਜੇ ਸਹੀ ਪਾਈਆਂ ਗਈਆਂ ਤਾਂ ਕੌਸਲਰ ਅਨਮੋਲ ਗੁਪਤਾ ਨੂੰ ਆਪਣੀ ਮੈਂਬਰੀ ਤੋਂ ਅਸਤੀਫ਼ਾ ਦੇਣਾ ਪਵੇਗਾ | ਕੌਸਲਰ ਸਿੱਧੂ ਨੇ ਕਿਹਾ ਕਿ ਸਾਡੇ ਕੌਸਲਰਾਂ ਵਿਚ ਕੁਝ ਅਜਿਹੇ ਕੌਸਲਰ ਵੀ ਹਨ ਜੋ ਠੇਕੇਦਾਰੀ ਕਰਨ ਦੇ ਨਾਲ ਨਾਲ ਕਮਿਸ਼ਨ ਵੀ ਖਾਂਦੇ ਹਨ | ਉਨ੍ਹਾਂ ਅਜਿਹੇ ਕੌਸਲਰਾਂ ਨੂੰ ਕਾਲੀਆਂ ਭੇਡਾਂ ਤੱਕ ਆਖ ਦਿੱਤਾ | ਉਨ੍ਹਾਂ ਕਿਹਾ ਕਿ ਜਗਰਾਉਂ ਸ਼ਹਿਰ ਅੰਦਰ ਕੁਝ ਅਜਿਹੇ ਧੜੱਲੇਦਾਰ ਠੇਕੇਦਾਰ ਵੀ ਹਨ ਜੋ ਸਾਰੇ ਕੰਮ ਲੈ ਕੇ ਅਗੇ ਦੂਸਰੇ ਡੱਮੀ ਠੇਕੇਦਾਰਾਂ ਨੂੰ ਕੁਝ ਹਿੱਸਾ ਰੱਖ ਕੇ ਅੱਗੇ ਦੇ ਦਿੰਦੇ ਹਨ | ਅਜਿਹੇ ਅਨਸਰਾਂ ਦੇ ਵੀ ਚਿਹਰੇ ਨਿਕਾਬ ਹੋਣੇ ਚਾਹੀਦੇ ਹਨ | ਇਸ ਮੌਕੇ ਕਰਮਜੀਤ ਸਿੰਘ ਕੈਂਥ, ਅਜੀਤ ਸਿੰਘ ਠੁਕਰਾਲ, ਅਪਾਰ ਸਿੰਘ, ਵਰਿੰਦਰਪਾਲ ਸਿੰਘ ਪਾਲੀ, ਜਿੰਦਰ ਸਿੰਘ, ਡਾ: ਇਕਬਾਲ ਸਿੰਘ, ਸੁਧਾ ਰਾਣੀ ਸੁਖਦੇਵ ਸਿੰਘ ਸੇਬੀ ਅਕੁੰਸ਼ ਧੀਰ, ਗੁਰਪ੍ਰੀਤ ਕੌਰ, ਬਲਜਿੰਦਰ ਕੌਰ, ਸੁਨੈਨਾ ਮਲੋਹਤਰਾ (ਸਾਰੇ ਕੌਸਲਰ), ਸੁਪਰਡੈਂਟ ਮਨੋਹਰ ਸਿੰਘ, ਅਨਿਲ ਕੁਮਾਰ, ਚਰਨਜੀਤ ਸਿੰਘ, ਸੁਕੇਸ਼ ਬਗੀਈ, ਹਰਦੀਪ ਸਿੰਘ ਢੋਲਣ, ਦਵਿੰਦਰ ਸਿੰਘ ਗਰਚਾ, ਸਤਨਾਮ ਸਿੰਘ ਵਿੱਕੀ, ਬੇਅੰਤ ਸਿੰਘ ਆਦਿ ਹਾਜ਼ਰ ਸਨ |

ਵੀਡੀਓ ਤੇ ਕਲਿੱਕ ਕਰੋ ਅਤੇ ਦੇਖੋ ਅਤੇ ਸੁਣੋ

ਯੋਰਪੀਨ ਮੁਲਕਾਂ ਚ ਵੱਸਦੇ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦੀ ਲੋੜ- ਪ੍ਰੋ: ਗੁਰਭਜਨ ਗਿੱਲ

ਲੁਧਿਆਣਾ,ਦਸੰਬਰ 2019-(ਮਨਜਿੰਦਰ ਗਿੱਲ)-

 

ਉੱਘੇ ਪੰਜਾਬੀ ਲੇਖਕ ਤੇ ਸਾਹਿੱਤ ਸੁਰ ਸੰਗਮ ਇਟਲੀ ਦੇ ਪ੍ਰਤੀਨਿਧ ਦਲਜਿੰਦਰ ਸਿੰਘ ਰਹਿਲ ਨੂੰ ਇਟਲੀ ਵਾਪਸ ਪਰਤਣ ਦੀ ਅਲਵਿਦਾਈ ਸ਼ਾਮ ਤੇ ਰਚਾਏ ਸਨਮਾਨ ਸਮਾਗਮ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਇੰਗਲੈਂਡ ਤੋਂ ਬਿਨਾ ਬਾਕੀ ਯੋਰਪ ਵਿੱਚ ਹੋ ਰਹੀ ਸਾਹਿੱਤਕ ਸਿਰਜਣਾ ਤੋਂ ਸੰਗਠਿਤ ਰੂਪ ਵਿੱਚ ਓਨੇ ਜਾਣੂੰ ਨਹੀਂ ਹਨ, ਜਿੰਨਾ ਉਸ ਧਰਤੀ ਤੇ ਵਧੀਆ ਸਿਰਜਣਾਤਮਕ ਕੰਮ ਵਿਅਕਤੀਗਤ ਪੱਧਰ ਤੇ ਹੋ ਰਿਹਾ ਹੈ। ਵਿਅਕਤੀਗਤ ਰਚਨਾਵਾਂ ਦੇ ਨਾਲ ਨਾਲ ਯੋਰਪ ਦੀਆਂ ਲੇਖਕ ਸੰਸਥਾਵਾਂ ਤੇ ਵਿਅਕਤੀਆਂ ਨੂੰ ਇਹ ਕੰਮ ਬਹੁਤ ਪਹਿਲਾਂ ਕਰਨਾ ਬਣਦਾ ਸੀ ਪਰ ਹੁਣ ਵੀ ਡੁੱਲ੍ਹੇ ਬੇਰਾਂ ਦਾ ਕੱਖ ਨਹੀਂ। ਵਿਗੜਿਆ। ਸਾਹਿੱਤ ਸੁਰ ਸੰਗਮ ਇਟਲੀ ਨੂੰ ਯੋਰਪੀਨ ਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਕਹਾਣੀਆਂ, ਕਵਿਤਾਵਾਂ ਤੇ ਵਾਰਤਕ ਰਚਨਾਵਾਂ ਦੇ ਚੋਣਵੇਂ ਸੰਗ੍ਰਹਿ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ। 

ਪ੍ਰੋ: ਗਿੱਲ ਪਿਛਲੇ ਦਿਨੀਂ ਹੀ ਸਕਾਟਲੈਂਡ ਦੀ ਅਦਬੀ ਸੰਸਥਾ ਸਾਹਿੱਤ ਸਭਾ ਦੇ ਗਲਾਸਗੋ ਤੇ ਸੱਦੇ ਤੇ ਚਾਰ ਸਮਾਗਮਾਂ ਨੂੰ ਸੰਬੋਧਨ ਕਰਨ ਉਪਰੰਤ ਬਰਮਿੰਘਮ ,ਲਿਸਟਰ ਤੇ ਲੰਡਨ ਦਾ 15 ਰੋਜ਼ਾ ਦੌਰਾ ਕਰਕੇ  ਵਤਨ ਪਰਤੇ ਹਨ। ਉਨ੍ਹਾਂ ਦੱਸਿਆ ਕਿ ਯੂ ਕੇ ਵਿੱਚ ਵੱਸਦੇ ਪੰਜਾਬੀ ਭੈਣਾਂ ਤੇ ਭਰਾ ਪੰਜਾਬੀ ਮਾਂ ਬੋਲੀ ਦੇ ਵਿਕਾਸ, ਪੰਜਾਬ ਦੀ ਵਿਗੜ ਰਹੀ ਸਰਬਪੱਖੀ ਸਥਿਤੀ ਬਾਰੇ ਬੇਹੱਦ ਚਿੰਤਤ ਹਨ ਪਰ ਬੱਝੇ ਹੋਏ ਖੰਭਾਂ ਵਾਲੇ ਪਰਿੰਦੇ ਵਾਂਗ ਬੇਬੱਸ ਮਹਿਸੂਸ ਕਰਦੇ ਹਨ। ਉਹ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ ਪਰ ਓਨਾ ਸਿਹਤਮੰਦ ਹੁੰਗਾਰਾ ਨਾ ਮਿਲਣ ਕਾਰਨ ਉਦਾਸ ਹਨ। 

ਸਾਡੇ ਇਹ ਭਾਈਬੰਦ ਵਲਾਇਤ ਵਿੱਚ ਰਹਿੰਦੇ ਜ਼ਰੂਰ ਹਨ ਪਰ ਰੂਹ ਦੀ ਤਾਰ ਹਾਲੇ ਵੀ ਪੰਜਾਬ ਚ ਖੜਕਦੀ ਹੈ। 

ਇਸ ਮੌਕੇ ਦਲਜਿੰਦਰ ਸਿੰਘ ਰਹਿਲ ਤੇ ਉਨ੍ਹਾਂ ਦੀ ਜੀਵਨ ਸਾਥਣ ਨੂੰ ਦੋਸ਼ਾਲਾ ਤੇ ਗੁਲਦਸਤਾ ਭੇਂਟ ਕਰਕੇ ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋ: ਰਵਿੰਦਰ ਸਿੰਘ ਭੱਠਲ, ਤ੍ਰੈਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਪ੍ਰੋ: ਸ਼ਰਨਜੀਤ ਕੌਰ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ। 

ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਦਲਜਿੰਦਰ ਪੰਜਾਬੀ ਦਾ ਮਾਣਮੱਤਾ ਸ਼ਾਇਰ ਹੈ ਜਿਸ ਨੇ ਸ਼ਬਦਾਂ ਦੀ ਢਾਲ ਕਾਵਿ ਸੰਗ੍ਰਹਿ ਰਾਹੀਂ ਆਪਣੀ ਲੋਕ ਪੱਖੀ ਸੋਚ ਤੇ ਕਾਵਿ ਆਭਾ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਸਾਹਿੱਤ ਅਕਾਡਮੀ ਦਾ ਮੈਂਬਰ ਹੋਣ ਕਾਰਨ ਉਹ ਸਾਡਾ ਇਟਲੀ ਚ ਸਫ਼ੀਰ ਹੈ। ਸਾਹਿੱਤ ਸੁਰ ਸੰਗਮ ਵੱਲੋਂ ਯੋਰਪ ਦੇ ਲੇਖਕਾਂ ਨੂੰ ਉਹ ਪੰਜਾਬ ਦੀਆਂ ਸਾਹਿੱਤਕ ਸੰਸਥਾਵਾਂ ਨਾਲ ਜੋੜਨ ਦੇ ਸਮਰੱਥ ਹੋ ਸਕਿਆ ਹੈ। 

ਪੰਜਾਬੀ ਕਵੀ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਕਿਹਾ ਕਿ ਦਲਜਿੰਦਰ ਰਹਿਲ ਸਿਰਜਣਧਾਰਾ ਸੰਸਥਾ ਚ ਸਾਡਾ ਦੋ ਦਹਾਕੇ ਪਹਿਲਾਂ ਸਾਥੀ ਸੀ ਪਰ ਹੁਣ ਪਰਦੇਸ ਜਾ ਕੇ ਵੀ ਉਸ ਪੰਜਾਬੀ ਭਵਨ ਤੇ ਸਾਹਿੱਤਕ ਸੰਸਥਾਵਾਂ ਨਾਲ ਸਾਂਝ ਬਣਾਈ ਰੱਖੀ ਹੈ, ਇਹ ਸ਼ੁਭ ਸ਼ਗਨ ਹੈ। 

ਜੀ ਜੀ ਐੱਨ ਖ਼ਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਅਨ ਕੇਂਦਰ ਵੱਲੋਂ ਬਦੇਸ਼ਾਂ ਚ ਵੱਸਦੇ ਲੇਖਕਾਂ ਨੂੰ ਸੱਦਾ ਪੱਤਰ ਦਿੰਦਿਆਂ ਤ੍ਰੈਮਾਸਿਕ ਪੱਤਰ ਪਰਵਾਸ ਦੀ ਸੰਪਾਦਕ ਪ੍ਰੋ: ਸ਼ਰਨਜੀਤ ਕੌਰ ਨੇ ਕਿਹਾ ਕਿ 23-24 ਜਨਵਰੀ ਨੂੰ ਪਰਵਾਸੀ ਸਾਹਿੱਤ ਅਜੇਕੇ ਸੰਦਰਭ ਵਿੱਚ ਵਿਸ਼ੇ ਤੇ ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੁਨੀਆ ਭਰ ਦੇ ਵਿਦਵਾਨਾਂ ਨੂੰ ਬੁਲਾਵਾ ਦਿੱਤਾ ਗਿਆ ਹੈ। ਸਾਹਿੱਤ ਸੁਰ ਸੰਗਮ ਇਟਲੀ ਨੂੰ ਵੀ ਇਸ ਕਾਨਫਰੰਸ ਵਿੱਚ ਡੈਲੀਗੇਸ਼ਨ ਜ਼ਰੂਰ ਭੇਜਣਾ ਚਾਹੀਦਾ ਹੈ। 

ਧੰਨਵਾਦ ਕਰਦਿਆਂ ਦਲਜਿੰਦਰ ਸਿੰਘ ਰਹਿਲ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਡਾ: ਐੱਸ ਪੀ ਸਿੰਘ ਅਤੇ ਪ੍ਰੋ: ਗੁਰਭਜਨ ਗਿੱਲ ਜੀ ਦੀ ਪ੍ਰੇਰਨਾ ਸਦਕਾ

ਇਸ ਕਾਨਫਰੰਸ ਦੀਆਂ ਸਰਗਰਮੀਆਂ ਅਤੇ ਪਰਵਾਸ ਦੇ ਪ੍ਰਕਾਸ਼ਨ ਤੋਂ ਜਾਣੂੰ ਹਨ ਅਤੇ ਯੋਰਪ ਦੇ ਲੇਖਕਾਂ ਨੂੰ ਇਹ ਸੂਚਨਾ ਦੇ ਕੇ ਕਾਨਫਰੰਸ ਵਿੱਚ ਪੁੱਜਣ ਦੀ ਪ੍ਰੇਰਨਾ ਦੇਣਗੇ।

ਪੁੱਕਾ-ਪੁਟੀਆ, ਪੋਲੀ ਐਸੋਸਿਏਸ਼ਨ ਨੇ ਆਪਣੀ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਦਖਲ ਦੀ ਬੇਨਤੀ ਕੀਤੀ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ), ਪੰਜਾਬ ਅਨਏਡਿਡ ਟੈਕਨੀਕਲ ਇਸਟੀਚਿਊਸ਼ਨ ਐਸੋਸਿਏਸ਼ਨ (ਪੁਟੀਆ) ਅਤੇ ਪੋਲੀਟੈਕਨਿਕ ਐਸੋਸਿਏਸ਼ਨ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਦਖਲ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਸਾਰੇ ਅਨਏਡਿਡ ਕਾਲਜਿਜ਼ ਉਹਨਾਂ ਦੇ ਨਾਲ ਹਨ ਅਤੇ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਦੇਸ਼ ਦੇ ਹੋਰ ਰਾਜਾਂ ਦੇ ਵਿਦਿਆਰਥੀਆਂ ਦੀ ਪੂਰੀ ਸਹਾਇਤਾ ਕਰਨਗੇ। ਪ੍ਰੰਤੂ ਇਸੇ ਸਮੇਂ ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਐਮਆਰਐਸ-ਪੀਟੀਯੂ ਬਠਿੰਡਾਂ, ਆਈਕੇਜੀ-ਪੀਟੀਯੂ, ਜਲੰਧਰ, ਪੀਐਸਬੀਟੀਈ ਅਤੇ ਹੋਰ ਸਰਕਾਰੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦੇਣ ਕਿ ਉਹ ਕਾਲਜਾਂ ਨੂੰ ਪ੍ਰੀਖਿਆ ਫੀਸ ਦੇ ਲਈ ਅਗ੍ਰਿਮ ਮਿਤੀ ਦੇ ਚੈਕ ਅਤੇ ਫੀਸ ਭੁਗਤਾਨ ਲਈ ਮਜ਼ਬੂਰ ਨਾ ਕਰਨ ਜਦੋ ਤੱਕ ਸਰਕਾਰ ਵੱਲੋ 1200 ਕਰੋੜ ਦੀ ਰਕਮ ਦਾ ਭੁਗਤਾਨ ਨਹੀ ਹੋ ਜਾਂਦਾ ਜੋਕਿ ਪਿਛਲੇ 3 ਸਾਲ ਤੋ ਬਕਾਇਆ ਹੈ। ਪੁਟੀਆ ਦੇ ਪ੍ਰਧਾਨ ਡਾ.ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਉਹ ਯੂਨੀਵਰਸਿਟੀਆਂ ਦੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ ਕਿ ਜਿਹਨਾਂ ਵਿਦਿਆਰਥੀਆਂ ਦੀ ਯੋਗਤਾ ਕਸ਼ਮੀਰ ਵਿੱਚ ਕਰਫਿਊ ਦੇ ਕਾਰਣ ਦਸਤਾਵੇਜ਼ ਜ਼ਮਾਂ ਨਾ ਕਰਨ ਦੇ ਕਾਰਣ ਪੈਡਿੰਗ ਹੈ ਉਸਨੂੰ ਹਟਾ ਦਿੱਤਾ ਜਾਵੇ। ਪੋਲੀ ਐਸੌਸਿਏਸ਼ਨ ਦੇ ਸ. ਰਜਿੰਦਰ ਸਿੰਘ ਧਨੋਆ, ਨੇ ਕਿਹਾ ਕਿ ਐਸੋਸਿਏਸ਼ਨ ਹਮੇਸ਼ਾਂ ਸਰਕਾਰ ਦਾ ਸਮੱਰਥਨ ਕਰਨ ਲਈ ਤਿਆਰ ਹੈ। ਪਰ ਇਸ ਦੇ ਨਾਲ ਹੀ ਬੋਰਡ ਕਦੇ ਵੀ ਵਿਦਿਆਰਥੀਆਂ ਦੀ ਭਲਾਈ ਬਾਰੇ ਨਹੀ ਸੋਚਦਾ। ਬੋਰਡ ਨੇ ਲਗਭਗ 70 ਪੋਲੀਟੈਕਨਿਕ ਕਾਲਜਾਂ ਦੇ ਪ੍ਰੀਖਿਆਂ ਕੇਂਦਰਾਂ ਨੂੰ ਤਬਦੀਲ ਕਰ ਦਿੱਤਾ ਜਿਸ ਨਾਲ 20,000 ਵਿਦਿਆਰਥੀ ਪ੍ਰਭਾਵਿਤ ਹੋਏ। ਦੂਜੇ ਪਾਸੇ ਬੀ.ਐੱਡ ਫੈਡਰੇਸ਼ਨ ਦੇ ਪ੍ਰਧਾਨ ਸ.ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਹੋਰ ਸਬੰਧਤ ਯੂਨੀਵਰਸਿਟੀਆਂ ਕਾਲਜਾਂ ਤੋ ਦਸਤਾਵੇਜ਼ ਅਤੇ ਫੀਸ ਨੂੰ ਦੇਰੀ ਨਾਲ ਜਮਾਂ ਕਰਵਾਉਣ ਦੇ ਲਈ ਜੁਰਮਾਨਾ ਵਸੂਲ ਰਹੀਆਂ ਹਨ ਜੋਕਿ ਬਹੁਤ ਹੀ ਨਿੰਦਣਯੋਗ ਹੈ। ਇਸ ਦੌਰਾਨ ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸਿਏਸ਼ਨ (ਪੁੱਡਕਾ) ਦਾ ਪ੍ਰਧਾਨ ਸ਼੍ਰੀ ਐਸ.ਐਸ.ਚੱਠਾ ਨੇ ਕਿਹਾ ਕਿ ਸਰਕਾਰ ਦੁਆਰਾ ਅਨਏਡਿਡ ਕਾਲਜਾਂ ਲਈ ਨਿਰਧਾਰਿਤ ਫੀਸ ਸਟਰੱਕਚਰ ਅਤੇ ਅਸਲ ਵਿੱਚ ਜਾਰੀ ਕੀਤੀ ਰਕਮ ਬਹੁਤ ਵੱਡਾ ਗੈਪ ਹੈ। ਚੱਠਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਮੁੱਦਿਆਂ ਦਾ ਜਲਦੀ ਹੇਲ ਹੋਣਾ ਚਾਹੀਦਾ ਹੈ ਜੋ ਪਿਛਲੇ 3 ਸਾਲਾਂ ਤੋ ਲਟਕ ਰਹੇ ਹਨ।

ਸਾਈਕਲ ਵੈਲੀ ਪ੍ਰੋਜੈਕਟ 'ਇਨਵੈਸਟ ਪੰਜਾਬ ਬਿਊਰੋ' ਦੇ ਕਿਰਿਆਸ਼ੀਲ ਸਹਿਯੋਗ ਕਾਰਨ ਹੀ ਸੰਭਵ ਹੋਇਆ-ਅਭਿਸ਼ੇਕ ਮੁੰਜਾਲ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹੀਰੋ ਸਾਈਕਲਜ਼ ਦੇ ਡਾਇਰੈਕਟਰ ਅਭਿਸ਼ੇਕ ਮੁੰਜਾਲ ਨੇ ਕਿਹਾ ਹੈ ਕਿ ਪਿੰਡ ਧਨਾਨਸੂ (ਜ਼ਿਲਾ ਲੁਧਿਆਣਾ) ਵਿਖੇ ਸਾਈਕਲ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਸਥਾਪਤ ਕੀਤਾ ਜਾ ਰਿਹਾ ਅਤਿ ਆਧੁਨਿਕ ਸਾਈਕਲ ਵੈਲੀ ਪ੍ਰੋਜੈਕਟ ਪੰਜਾਬ ਇੰਨਵੈਸਟ ਬਿਊਰੋ ਵੱਲੋਂ ਮਿਲੀ ਕਿਰਿਆਸ਼ੀਲ ਸਹਾਇਤਾ ਕਾਰਨ ਹੀ ਸੰਭਵ ਹੋ ਸਕਿਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਹਾਂ ਪੱਖੀ ਵਾਤਾਵਰਣ ਮੁਹੱਈਆ ਕਰਵਾ ਰਹੀ ਹੈ। ਇਸੇ ਕਰਕੇ ਹੀ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਨ ਲਈ ਆ ਰਹੀਆਂ ਹਨ। ਸਥਾਨਕ ਹੀਰੋ ਸਾਈਕਲਜ਼ ਵਿਖੇ 'ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ-2019' ਸੰਬੰਧੀ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੰਜਾਲ ਨੇ ਕਿਹਾ ਕਿ ਹੀਰੋ ਸਾਈਕਲ ਇਸ ਸਮਿਟ ਵਿੱਚ ਕਿਰਿਆਸ਼ੀਲ ਭਾਗੀਦਾਰੀ ਦਿਖਾਵੇਗਾ, ਜੋ ਕਿ 5-6 ਦਸੰਬਰ, 2019 ਨੂੰ ਮੋਹਾਲੀ ਸਥਿਤ ਇੰਡੀਅਨ ਸਕੂਲ ਆਫ਼ ਬਿਜਨਸ ਵਿਖੇ ਕਰਵਾਇਆ ਜਾ ਰਿਹਾ ਹੈ। ਮੁੰਜਾਲ ਨੇ ਕਿਹਾ ਕਿ ਇੰਨਵੈੱਸਟ ਪੰਜਾਬ ਅਧੀਨ ਸ਼ੁਰੂ ਕੀਤੀ ਗਈ ਵੰਨ ਸਟਾਪ ਕਲੀਅਰੈਂਸ ਪ੍ਰਣਾਲੀ ਸਨਅਤਕਾਰਾਂ ਨੂੰ ਕਾਫੀ ਰਾਸ ਆ ਰਹੀ ਹੈ। ਪੰਜਾਬ ਸਰਕਾਰ ਸੂਬੇ ਵਿੱਚ ਸਨਅਤਾਂ ਨੂੰ ਵਿਕਸਤ ਕਰਨ ਲਈ ਕਾਫੀ ਹਾਂ-ਪੱਖੀ ਹੁੰਗਾਰਾ ਦੇ ਰਹੀ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਸਸਤੀ ਬਿਜਲੀ, ਜੀ. ਐੱਸ. ਟੀ., ਲੈਂਡ ਓਨਰਸ਼ਿਪ ਸਟੈਂਪ ਡਿਊਟੀ ਸਮੇਤ ਕਈ ਰਿਆਇਤਾਂ ਸਨਅਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਸਨਅਤਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੀਰੋ ਸਾਈਕਲਜ਼ ਨੂੰ ਇਕਰਾਰਨਾਮਾ ਕਰਕੇ 100 ਏਕੜ ਜ਼ਮੀਨ ਮੁਹੱਈਆ ਕਰਵਾਈ ਗਈ ਹੈ, ਜਿਸ ਤਹਿਤ ਹੀਰੋ ਸਾਈਕਲਜ਼ ਵੱਲੋਂ ਸੂਬੇ ਵਿੱਚ ਸਾਈਕਲ ਸਨਅਤਾਂ ਨੂੰ ਅਪਗ੍ਰੇਡ ਕਰਨ ਲਈ ਇੰਡਸਟਰੀਅਲ ਪਾਰਕ ਦੀ ਸਥਾਪਤੀ ਕੀਤੀ ਜਾਵੇਗੀ। ਇਹ ਇੰਡਸਟਰੀਅਲ ਪਾਰਕ ਸਾਈਕਲ ਵੈਲੀ ਪ੍ਰੋਜੈਕਟ ਤਹਿਤ ਹੀ ਸਥਾਪਤ ਕੀਤੀ ਜਾਵੇਗੀ। ਇਸ ਪਾਰਕ ਦੀ ਸਥਾਪਤੀ ਨਾਲ ਹੀਰੋ ਸਾਈਕਲ ਦੀ ਪ੍ਰਤੀ ਸਾਲ ਸਾਈਕਲ ਉਤਪਾਦਨ ਸਮਰੱਥਾ 10 ਮਿਲੀਅਨ ਹੋ ਜਾਵੇਗੀ। ਉਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਉਸ ਪ੍ਰੋਜੈਕਟ ਦਾ ਹਿੱਸਾ ਬਣਨ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਜਿਸ ਤਹਿਤ ਸੂਬੇ ਨੂੰ ਸਾਈਕਲ ਅਤੇ ਇਸ ਨਾਲ ਸੰਬੰਧਤ ਕੰਪੋਨੈਂਟਾਂ ਦੇ ਉਤਪਾਦਨ ਦੇ ਖੇਤਰ ਵਿੱਚ ਗਲੋਬਲ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਈਕਲ ਵੈਲੀ ਪ੍ਰੋਜੈਕਟ ਵਿਸ਼ਵ ਦੇ ਮੋਹਰੀ ਸਾਈਕਲ ਨਿਰਮਾਤਾ ਕੰਪਨੀਆਂ ਨੂੰ ਦੇਸ਼ ਵਿੱਚ ਉੱਚ ਤਕਨੀਕੀ ਉਤਪਾਦਨ ਲਈ ਉਤਸ਼ਾਹਿਤ ਕਰੇਗਾ। ਇਹ ਕਦਮ ਭਾਰਤੀ ਸਾਈਕਲ ਸਨਅਤ ਨੂੰ ਮਹਿਜ਼ ਨਵਾਂ ਮੋੜ ਹੀ ਨਹੀਂ ਦੇਵੇਗਾ ਸਗੋਂ ਦੇਸ਼ ਵਿੱਚ 'ਮੇਕ ਇੰਨ ਇੰਡੀਆ' ਨਾਅਰੇ ਨੂੰ ਵੀ ਹੋਰ ਉਤਸ਼ਾਹਿਤ ਕਰੇਗਾ। ਉਨਾਂ ਕਿਹਾ ਕਿ ਹੀਰੋ ਸਾਈਕਲਜ਼ ਵੱਲੋਂ ਇੰਡਸਟੀਰਅਲ ਪਾਰਕ ਸਥਾਪਤ ਕਰਨ ਲਈ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨਾਂ ਦੀ ਕੰਪਨੀ ਸਾਲਾਨਾ 10 ਮਿਲੀਅਨ ਸਾਈਕਲਾਂ ਦਾ ਉਤਪਾਦਨ ਕਰਨ ਦੇ ਸਮਰੱਥ ਵਧੇਗੀ। ਉਨਾਂ ਕਿਹਾ ਕਿ ਉਨਾਂ ਦੀ ਕੰਪਨੀ ਵੱਲੋਂ 200 ਕਰੋੜ ਰੁਪਏ ਦਾ ਸਿੱਧੇ ਤੌਰ 'ਤੇ ਨਿਵੇਸ਼ ਕੀਤਾ ਜਾਵੇਗਾ ਜਦਕਿ ਬਾਕੀ 200 ਕਰੋੜ ਰੁਪਏ ਸਪਲਾਇਰਜ਼ ਵੱਲੋਂ ਨਿਵੇਸ਼ ਕਰਵਾਏ ਜਾਣਗੇ। ਇਸ ਪਾਰਕ ਦੀ ਸਥਾਪਤੀ ਨਾਲ 1000 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨਾਂ ਕਿਹਾ ਕਿ ਸਾਈਕਲ ਵੈਲੀ ਕੁੱਲ 380 ਏਕੜ ਰਕਬੇ ਵਿੱਚ ਵਿਕਸਤ ਕੀਤੀ ਜਾਵੇਗੀ, ਜਿਸ ਨਾਲ ਸੂਬੇ ਦੀ ਸਾਈਕਲ ਸਨਅਤ ਨੂੰ ਨਵਾਂ ਉਤਸ਼ਾਹ ਮਿਲੇਗਾ। ਇਸ ਪ੍ਰੋਜੈਕਟ ਦੇ ਹੋਂਦ ਵਿੱਚ ਆਉਣ ਨਾਲ ਪੰਜਾਬ ਸਾਈਕਲ ਉਤਪਾਦਨ ਦੇ ਖੇਤਰ ਵਿੱਚ ਵਿਸ਼ਵ ਦੇ ਮੋਹਰੀ ਖੇਤਰ ਵਜੋਂ ਉਭਰੇਗਾ। ਉਨਾਂ ਕਿਹਾ ਕਿ ਇਸ ਸਾਈਕਲ ਵੈਲੀ ਵਿੱਚ ਵਿਸ਼ਵ ਦੀਆਂ ਮੋਹਰੀ 10 ਸਾਈਕਲ ਨਿਰਮਾਤਾ ਕੰਪਨੀਆਂ ਨਿਵੇਸ਼ ਕਰਨ ਲਈ ਉਤਾਵਲੀਆਂ ਹਨ। ਉਨਾਂ ਹੋਰ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਨਅਤ ਪੱਖੀਆਂ ਨੀਤੀਆਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਸੂਬੇ ਦਾ ਸਨਅਤੀ ਵਿਕਾਸ ਕਰਨ ਦੇ ਨਾਲ-ਨਾਲ ਸਨਅਤਕਾਰਾਂ ਦਾ ਵੀ ਵਿਕਾਸ ਹੋ ਸਕੇ।

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਪਿੰਡ ਧੂਰਕੋਟ ਵਿਖੇ ਨਗਰ ਕੀਰਤਨ ਸਜਾਇਆ ਗਿਆ।

ਨਿਹਾਲ ਸਿੰਘ ਵਾਲਾ,ਨਵੰਬਰ 2019( ਗੁਰਸੇਵਕ ਸੋਹੀ)ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦਿਆ ਪਿੰਡ ਧੂਰਕੋਟ ਵਿਖੇ ਨਗਰ ਕੀਰਤਨ ਸਜਾਇਆ ਗਿਆ।ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਘਰ ਸਜਾਇਆ ਗਿਆ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸਾਈਆ ਹੇਠ ਸਜਾਇਆ ਗਿਆ।ਸੰਗਤਾਂ ਨੇ ਸਬਦ ਗੁਰਬਾਣੀ ਦਾ ਰਸ ਮਾਨਿਆ ਅਤੇ ਰਾਗੀ ਸਿੰਘਾਂ ਨੇ ਗੁਰੂ ਸਬਦ ਨਾਲ ਜੋੜਿਆ। ਪੰਜ ਪਿਆਰਿਆਂ ਦੀ ਸੇਵਾ ਗੁਰਮੇਲ ਸਿੰਘ, ਜਗਜੀਤ ਸਿੰਘ, ਜਗਦੇਵ ਸਿੰਘ, ਦਰਸਨ ਸਿੰਘ, ਛਿੱੱਦਾ ਸਿੰਘ। ਪ੍ਰਧਾਨ ਸਾਧੂ ਸਿੰਘ, ਜਸਵਿੰਦਰ ਸਿੰਘ, ਨਰਜਨ ਸਿੰਘ ਗ੍ਰੰਥੀ ਜੀਵਨ ਸਿੰਘ ਆਦਿ ।

ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਪੁਰਾ ਕਲਾਂ ਦੀ ਵਿਿਦਆਰਥਣ ਨਿਖਤਾ ਨੇ 4.05 ਮੀਟਰ ਲੰਬੀ ਛਾਲ ਲਾ ਕੇ ਜਿੱਤਿਆ ਸੋਨੇ ਦਾ ਮੈਡਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਾਇਮਰੀ ਪੱਧਰ ਦੀਆਂ ਸੰਗਰੂਰ ਵਿਖੇ ਹੋਈਆਂ 41 ਵੀਆਂ ਸਟੇਟ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਪੁਰਾ ਕਲਾਂ(ਕੁ)ਦੀ ਵਿਿਦਆਰਥਣ ਨਿਖਤਾ ਨੇ ਮਿਹਨਤੀ ਸਕੂਲ ਸਟਾਫ ਦੀ ਬਦੌਲਤ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਈਵੇਂਟ ਵਿਚ 4.05 ਮੀਟਰ ਲੰਬੀ ਛਾਲ ਲਗ ਕੇ ਸੋਨ ਤਗਮਾ ਹਾਸਿਲ ਕੀਤਾ,ਜਿਸ ਕਰ ਕੇ ਸਕੂਲ ਸਟਾਫ ਵੱਲੋਂ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿਿਦਆਰਥਣ ਨਿਖਤ ਦਾ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ,ਜਿਸ ਵਿਚ ਨੇਕ ਸਿੰਘ ਜ਼ਿਲ੍ਹਾਂ ਸਿੱਖਿਆ ਅਫਸਰ(ਐਲੀ:)ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਸਮੇਂ ਜ਼ਿਲ੍ਹਾਂ ਸਿੱਖਿਆ ਅਫਸਰ ਨੇਕ ਸਿੰਘ,ਪ੍ਰਗਟਜੀਤ ਸਿੰਘ ਕਿਸ਼ਨਪੁਰਾ,ਗੁਰਮੀਤ ਸਿੰਘ ਢੋਲੇਵਾਲ,ਰਣਜੀਤ ਸਿੰਘ ਧਰਮਕੋਟ ,ਸੈਂਟਰ ਹੈੱਡ ਟੀਚਰ ਮੈਡਮ ਰਣਬੀਰ ਕੌਰ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਜਿੱਥੇ ਇਸ ਵਿਿਦਆਰਥਣ ਨੇ ਸੋਨ ਤਮਗਾ ਹਾਸਿਲ ਕਰਕੇ ਆਪਣੇ ਸਕੂਲ ਤੇ ਜ਼ਿਲ੍ਹਾਂ ਮੋਗਾ ਦਾ ਮਾਣ ਵਧਾਇਆ ਉਥੇ ਮਾਪਿਆਂ ਦਾ ਵੀ ਨਾਮ ਰੌਸ਼ਨ ਕੀਤਾ ਹੈ।ਜਿਸ ਦਾ ਸਿਹਰਾ ਸਮੂਹ ਸਕੂਲ ਸਟਾਫ ਸਿਰ ਬੱਝਦਾ ਹੈ।ਇਸ ਮੌਕੇ ਨੇਕ ਸਿੰਘ ਅਤੇ ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਨੇ ਆਪਣੀ ਨੇਕ ਕਮਾਈ ਵਿਚੋਂ ਇਸ ਵਿਿਦਆਰਥਣ ਨੂੰ 21-21 ਸੌ ਰੁਪਾਏ ਦੀ ਨਗਦ ਰਾਸ਼ੀ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਯਾਦਗਾਰੀ ਸਨਮਾਨ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਸਕੂਲ ਮੁਖੀ ਮੈਡਮ ਭੁਪਿੰਦਰ ਕੌਰ ਨ

ਪਿੰਡ ਬੀਰਮੀ ਵਿਖੇ ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ

ਗਰਭਵਤੀ ਔਰਤਾਂ ਨੂੰ ਗਰਭ, ਗਰਭ ਨਿਰੋਧਕ ਅਤੇ ਮਾਂ ਹੋਣ ਦੇ ਪੱਖਾਂ ਬਾਰੇ ਕੀਤਾ ਜਾਗਰੂਕ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਜ਼ਿਲਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ ਕਰਨ ਲਈ ਵਰਕਸ਼ਾਪਾਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੀ ਸ਼ੁਰੂਆਤ ਅੱਜ ਪਿੰਡ ਬੀਰਮੀ ਤੋਂ ਕੀਤੀ ਗਈ, ਜਿੱਥੇ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਦੀ ਅਗਵਾਈ ਵਿੱਚ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਸੰਭਾਵੀ ਮਾਵਾਂ ਨੂੰ ਜਾਗਰੂਕ ਕੀਤਾ ਗਿਆ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਸੁਯੋਗ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਇਹ ਵਰਕਸ਼ਾਪਾਂ ਜ਼ਿਲਾ ਲੁਧਿਆਣਾ ਅਧੀਨ ਪੈਂਦੇ ਸਾਰੇ 13 ਬਲਾਕਾਂ ਵਿੱਚ ਰੋਟੇਸ਼ਨਵਾਰ ਲਗਾਈਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਅਤੇ ਉਨਾਂ ਦੀ ਟੀਮ ਨਾਲ ਰਾਬਤਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਗਰਭਵਤੀ ਔਰਤਾਂ, ਖਾਸ ਕਰਕੇ ਪਹਿਲੀ ਵਾਰ ਮਾਂ ਬਣਨ ਵਾਲੀਆਂ, ਲਈ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਸਥਿਤੀਆਂ ਸੰਬੰਧੀ ਕਈ ਤੌਖ਼ਲੇ ਹੁੰਦੇ ਹਨ। ਉਹ ਇਸ ਸੰਬੰਧੀ ਬਹੁਤਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੀਆਂ। ਅਜਿਹੀਆਂ ਔਰਤਾਂ ਦੇ ਹਰ ਤਰਾਂ ਦੀਆਂ ਸ਼ੰਕਾਵਾਂ ਦਾ ਇਨਾਂ ਵਰਕਸ਼ਾਪਾਂ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ। ਉਨਾਂ ਦੱਸਿਆ ਕਿ ਇਨਾਂ ਵਰਕਸ਼ਾਪਾਂ ਦੌਰਾਨ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਗਰਭ ਨਿਰੋਧਕ, ਗਰਭ ਅਵਸਥਾ, ਜਣੇਪਾ, ਮਾਂ ਬਣਨਾ, ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਟੀਕਾਕਰਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾਇਆ ਕਰੇਗਾ। ਇਹ ਜਾਣਕਾਰੀ ਦੇਣ ਵੇਲੇ ਔਰਤਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੋਲ ਸੱਦਿਆ ਜਾਇਆ ਕਰੇਗਾ। ਉਨਾਂ ਕਿਹਾ ਕਿ ਜੇਕਰ ਕੋਈ ਡਾਕਟਰ ਜਾਂ ਸੰਸਥਾ ਜਾਂ ਜਥੇਬੰਦੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ ਤਾਂ ਉਹ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸੰਪਰਕ ਨੰਬਰ 01612444923 ਜਾਂ ਈਮੇਲ redcrossldh0yahoo.com 'ਤੇ ਸੰਪਰਕ ਕਰ ਸਕਦੇ ਹਨ। ਜੇਕਰ ਕੋਈ ਸੰਸਥਾ ਅਜਿਹੀ ਵਰਕਸ਼ਾਪ ਆਪਣੀ ਸੰਸਥਾ ਵਿੱਚ ਅਜਿਹੀ ਵਰਕਸ਼ਾਪ ਆਯੋਜਿਤ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸ ਸੰਬੰਧੀ ਡਾ. ਸੋਢੀ ਵੱਲੋਂ 10 ਵਲੰਟੀਅਰਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ, ਜੋ ਕਿ ਬਲਾਕ ਪੱਧਰ 'ਤੇ ਹਫ਼ਤਾਵਰੀ ਕੈਂਪਾਂ ਦਾ ਆਯੋਜਨ ਕਰਿਆ ਕਰੇਗੀ। ਇਸ ਮੌਕੇ ਵਿਰਾਜ ਸ਼ਿਆਮਕਰਨ ਤਿੜਕੇ ਆਈ. ਏ. ਐੱਸ. (ਅੰਡਰ ਟਰੇਨਿੰਗ), ਸ੍ਰੀਮਤੀ ਅਵਨੀਤ ਕੌਰ ਸੀ. ਡੀ. ਪੀ. ਓ. ਸੁਧਾਰ, ਡਾ. ਆਨੰਦ ਮਲਹੋਤਰਾ ਰੂਰਲ ਮੈਡੀਕਲ ਅਫ਼ਸਰ, ਨਵੋਦਿਆ ਵਲੰਟੀਅਰਜ਼, ਸੁਪਰਵਾਈਜ਼ਰਜ਼, ਆਂਗਣਵਾੜੀ ਵਰਕਰਜ਼, ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

'ਇਨਵੈਸਟ ਪੰਜਾਬ ਬਿਊਰੋ' ਸੂਬੇ ਵਿੱਚ ਸਨਅਤਾਂ ਦੀ ਸਹਾਇਤਾ ਲਈ ਬਹੁਤ ਮਦਦ ਕਰ ਰਿਹੈ-ਵਰਿੰਦਰ ਗੁਪਤਾ

ਆਈ. ਓ. ਐੱਲ. ਕੈਮੀਕਲਜ਼ ਐਂਡ ਫਾਰਮਾਸਿਟੀਕਲਜ਼ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਨੇ ਰਾਏਕੋਟ ਵਿਖੇ ਸਨਅਤ ਸ਼ੁਰੂ ਕਰਨ ਬਾਰੇ ਤਜ਼ਰਬੇ ਕੀਤੇ ਸਾਂਝੇ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਆਈ. ਓ. ਐੱਲ. ਕੈਮੀਕਲਜ਼ ਐਂਡ ਫਾਰਮਸਿਟੀਕਲਜ਼ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਗੁਪਤਾ ਨੇ ਕਿਹਾ ਹੈ ਕਿ ਸੂਬੇ ਵਿੱਚ ਸਨਅਤਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਾਉਣ ਵਿੱਚ ਇਨਵੈੱਸਟ ਪੰਜਾਬ ਬਿਊਰੋ ਬਹੁਤ ਵਧੀਆ ਕੰਮ ਕਰ ਰਿਹਾ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਲਾਗੂ ਕੀਤੀ ਗਈ ਨਵੀਂ ਉਦਯੋਗ ਨੀਤੀ ਦੀ ਵੀ ਪ੍ਰਸ਼ੰਸ਼ਾ ਕੀਤੀ ਗਈ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਨੂੰ ਸੂਬੇ ਵਿੱਚ ਸਨਅਤਾਂ ਦੇ ਪੱਖ ਦਾ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇਸੇ ਕਰਕੇ ਹੀ ਕਈ ਵਿਦੇਸ਼ੀ ਕੰਪਨੀਆਂ ਵੀ ਸੂਬੇ ਵਿੱਚ ਨਿਵੇਸ਼ ਕਰਨ ਲਈ ਅੱਗੇ ਆ ਰਹੀਆਂ ਹਨ। ਅੱਜ ਸਥਾਨਕ ਇੰਡਸਟਰੀਅਲ ਏਰੀਆ ਵਿਖੇ ਆਪਣੀ ਫੈਕਟਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਿੰਦਰ ਗੁਪਤਾ ਨੇ ਕਿਹਾ ਕਿ ਉਨਾਂ ਦੀ ਕੰਪਨੀ ਨੇ ਮਈ 2018 ਵਿੱਚ ਇਨਵੈੱਸਟ ਪੰਜਾਬ ਬਿਊਰੋ ਨਾਲ ਰਾਬਤਾ ਕਾਇਮ ਕਰਕੇ 232 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਉਦਯੋਗ ਨੂੰ ਵਧਾਉਣ ਅਤੇ ਵਿਭਿੰਨਤਾ ਲਿਆਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਇਸ ਲਈ ਉਨਾਂ ਨੂੰ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਤੈਅ ਸਮਾਂ ਸੀਮਾ ਵਿੱਚ ਬੜੇ ਸੌਖੇ ਤਰੀਕੇ ਨਾਲ ਮਿਲ ਗਈਆਂ। ਉਨਾਂ ਕਿਹਾ ਕਿ ਉਨਾਂ ਨੇ ਸਹਿਯੋਗੀ ਕੰਪਨੀ ਵੀਵਾਕੈਮ ਇੰਟਰਮੀਡੀਏਟਸ ਪ੍ਰਾਈਵੇਟ ਲਿਮਿਟਡ ਨਾਲ ਮਿਲ ਕੇ ਰਾਏਕੋਟ ਵਿਖੇ 48 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪਲਾਂਟ ਲਗਾਉਣ ਬਾਰੇ ਅਗਸਤ 2018 ਵਿੱਚ ਅਰਜੀ ਦਿੱਤੀ ਸੀ। ਸਾਨੂੰ ਸਾਰੀਆਂ ਪ੍ਰਵਾਨਗੀਆਂ 2 ਮਹੀਨੇ ਵਿੱਚ ਮਿਲ ਗਈਆਂ ਸਨ। ਮਹਿਜ਼ 9 ਮਹੀਨੇ ਦੇ ਸਮੇਂ ਵਿੱਚ ਹੀ ਉਨਾਂ ਦੇ ਪਲਾਂਟ ਨੇ ਉਤਪਾਦਨ ਸ਼ੁਰੂ ਕਰ ਦਿੱਤਾ। ਏਨੇ ਥੋੜੇ ਸਮੇਂ ਵਿੱਚ ਪ੍ਰੋਜੈਕਟ ਲੱਗਣਾ ਅਤੇ ਕੰਮ ਕਰਨਾ ਸ਼ੁਰੂ ਕਰਨਾ, ਇਨਵੈੱਸਟ ਪੰਜਾਬ ਬਿਊਰੋ ਵੱਲੋਂ ਹਰ ਪੈਰ 'ਤੇ ਸਹਾਇਤਾ ਦੇਣ ਕਾਰਨ ਹੀ ਸੰਭਵ ਹੋ ਸਕਿਆ। ਉਨਾਂ ਕਿਹਾ ਕਿ ਇੰਨਵੈੱਸਟ ਪੰਜਾਬ ਅਧੀਨ ਸ਼ੁਰੂ ਕੀਤੀ ਗਈ ਵੰਨ ਸਟਾਪ ਕਲੀਅਰੈਂਸ ਪ੍ਰਣਾਲੀ ਸਨਅਤਕਾਰਾਂ ਨੂੰ ਕਾਫੀ ਰਾਸ ਆ ਰਹੀ ਹੈ। ਪੰਜਾਬ ਸਰਕਾਰ ਸੂਬੇ ਵਿੱਚ ਸਨਅਤਾਂ ਨੂੰ ਵਿਕਸਤ ਕਰਨ ਲਈ ਕਾਫੀ ਹਾਂ-ਪੱਖੀ ਹੁੰਗਾਰਾ ਦੇ ਰਹੀ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਸਸਤੀ ਬਿਜਲੀ, ਜੀ. ਐੱਸ. ਟੀ., ਲੈਂਡ ਓਨਰਸ਼ਿਪ ਸਟੈਂਪ ਡਿਊਟੀ ਸਮੇਤ ਕਈ ਰਿਆਇਤਾਂ ਸਨਅਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਸਨਅਤਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ। ਗੁਪਤਾ ਨੇ ਹੋਰ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਨਅਤ ਪੱਖੀਆਂ ਨੀਤੀਆਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਸੂਬੇ ਦਾ ਸਨਅਤੀ ਵਿਕਾਸ ਕਰਨ ਦੇ ਨਾਲ-ਨਾਲ ਸਨਅਤਕਾਰਾਂ ਦਾ ਵੀ ਵਿਕਾਸ ਹੋ ਸਕੇ। ਉਨਾਂ ਕਿਹਾ ਕਿ ਉਨਾਂ ਦੀ ਪੰਜਾਬ ਸਰਕਾਰ ਨਾਲ ਭਾਈਵਾਲੀ ਦਾ ਸਫ਼ਰ ਸਾਲ 1991 ਤੋਂ ਸ਼ੁਰੂ ਹੋਇਆ ਸੀ। ਉਸ ਸਮੇਂ ਉਨਾਂ ਨੇ ਇੱਕ ਉਤਪਾਦ ਐਸੇਟਿਕ ਐਸਿਡ ਨਾਲ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਉਨਾਂ ਦੀ ਕੰਪਨੀ ਆਈਬਰੂਫਿਨ ਸਮੇਤ 15 ਉਤਪਾਦਾਂ ਦਾ ਉਤਪਾਦਨ ਕਰ ਰਹੀ ਹੈ। ਹੁਣ ਕੁਝ ਹੋਰ ਉਤਪਾਦ ਵੀ ਤਿਆਰ ਕਰਨ ਬਾਰੇ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਉਨਾਂ ਦੀ ਕੰਪਨੀ ਦਾ ਆਈਬਰੂਫਿਨ ਦੇ ਉਤਪਾਦਨ ਦੇ ਮਾਮਲੇ ਵਿੱਚ ਪੂਰੇ ਸੰਸਾਰ ਵਿੱਚ 30 ਫੀਸਦੀ ਸ਼ੇਅਰ ਹੈ। ਉਨ•ਾਂ ਦੀ ਕੰਪਨੀ ਵਿੱਚ ਇਸ ਵੇਲੇ 1800 ਕਰਮੀ ਸਿੱਧੇ ਤੌਰ 'ਤੇ ਅਤੇ 2500 ਕਰਮੀ ਅਸਿੱਧੇ ਤੌਰ 'ਤੇ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਾਰੋਬਾਰ ਵਿੱਚ ਵਾਧਾ ਹੋਣ ਨਾਲ ਇਹ ਗਿਣਤੀ ਕਰਮਵਾਰ 2200 ਅਤੇ 3000 ਹੋ ਜਾਵੇਗੀ। ਗੁਪਤਾ ਨੇ ਸੂਬੇ ਵਿੱਚ ਸਨਅਤਾਂ ਪੱਖੀ ਮਾਹੌਲ ਸਿਰਜਣ ਅਤੇ ਸਨਅਤਕਾਰਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਜ਼ਿਲਾ ਲੁਧਿਆਣਾ ਦੀ ਸਾਲ 2020-21 ਲਈ ਕਰਜ਼ਾ ਯੋਜਨਾ ਤਿਆਰ

ਤਰਜੀਹੀ ਖੇਤਰ ਨੂੰ 4878306 ਲੱਖ ਰੁਪਏ ਦੇ ਕਰਜ਼ੇ ਦਿੱਤੇ ਜਾਣਗੇ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਾਬਾਰਡ ਵੱਲੋਂ ਵਿੱਤੀ ਸਾਲ 2020-21 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4878306.51 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ। ਇਸ ਯੋਜਨਾ ਨੂੰ ਸਹਾਇਕ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਜਾਰੀ ਕੀਤਾ। ਇਸ ਮੌਕੇ ਉਨਾਂ ਨਾਲ ਜ਼ਿਲਾ ਲੀਡ ਮੈਨੇਜਰ ਅਨਿਲ ਕੁਮਾਰ, ਨਾਬਾਰਡ ਦੇ ਡੀ. ਡੀ. ਐੱਮ. ਪ੍ਰਵੀਨ ਭਾਟੀਆ, ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਸ੍ਰੀਮਤੀ ਕਲਪਨਾ ਸੀ. ਐੱਸ., ਐੱਸ. ਕੇ. ਗੁਪਤਾ ਡਾਇਰੈਕਟਰ ਆਰਸੇਟੀ, ਡਾਇਰੈਕਟਰ ਡੇਅਰੀ ਵਿਭਾਗ ਦਿਲਬਾਗ ਸਿੰਘ ਹਾਸ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਤਿੜਕੇ ਨੇ ਦੱਸਿਆ ਕਿ ਜਾਰੀ ਯੋਜਨਾ ਵਿਚ ਇਸ ਸਾਲ ਲਈ ਥੀਮ 'ਉੱਚ ਤਕਨੀਕੀ ਖੇਤੀ' ਰੱਖਿਆ ਹੈ। ਉਨਾਂ ਨੇ ਉਮੀਦ ਜਤਾਈ ਕਿ ਇਹ ਕਰਜ਼ਾ ਯੋਜਨਾ ਆਪਣਾ ਟੀਚਾ ਪ੍ਰਾਪਤ ਕਰਨ ਦੇ ਨਾਲ-ਨਾਲ ਜ਼ਿਲਾ ਲੁਧਿਆਣਾ ਦੇ ਕਿਸਾਨਾਂ, ਗੈਰ ਕਾਸ਼ਤਕਾਰਾਂ ਅਤੇ ਹੋਰ ਸਾਰੀਆਂ ਧਿਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਪ੍ਰਵੀਨ ਭਾਟੀਆ ਨੇ ਯੋਜਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਵਿੱਚ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਖੇਤਰ ਨੂੰ ਸ਼ਾਮਿਲ ਕੀਤਾ ਗਿਆ ਹੈ। ਨਾਬਾਰਡ ਵਲੋਂ ਵਿੱਤੀ ਸਾਲ 2020-21 ਦੌਰਾਨ ਲੁਧਿਆਣਾ ਜ਼ਿਲੇ ਲਈ ਤਰਜੀਹੀ ਖੇਤਰ ਲਈ 4878306.51 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਨਾਲੋਂ 0.16 ਫੀਸਦੀ ਜਿਆਦਾ ਹੈ। ਇਹ ਕਰਜ਼ ਯੋਜਨਾ ਬਲਾਕ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ 'ਤੇ ਕੇਂਦਰਿਤ ਰਹੇਗੀ।

ਸੂਚਨਾ ਕਮਿਸ਼ਨ ਵਲੋਂ ਦਫਤਰ ਡੀਜੀਪੀ ਅਤੇ ਐਸਐਸਪੀ ਜਗਰਾਓ ਦੀ ਜਵਾਬਤਲ਼ਬੀ

ਮਾਮਲਾ ਥਾਣੇਦਾਰ ਦੇ ਜ਼ੁਲ਼ਮਾਂ ਦੀ ਸ਼ਿਕਾਰ ਦਲ਼ਿਤ ਲੜਕੀ ਦਾ

ਜਗਰਾਓ 28 ਨਵੰਬਰ (ਮਨਜਿੰਦਰ ਗਿੱਲ) ਸਥਾਨਕ ਪੁਲਿਸ ਦੇ ਇਕ ਥਾਣੇਦਾਰ ਵਲੋ ਕਰੰਟ ਲਗਾਉਣ ਕਾਰਨ ਡੈੱਥ ਬੈਡ ‘ਤੇ ਪਈ ਲੜਕੀ ਨੂੰ ਇਨਸਾਫ ਦੇਣ ਸਬੰਧੀ ਸੀ.ਬੀ.ਆਈ. ਅੱਗੇ ਦਾਇਰ ਕੀਤੀ ਸ਼ਿਕਾਇਤ ਸਬੰਧੀ ਸੂਚਨਾ 4 ਮਹੀਨੇ ਤੱਕ ਨਾਂ ਦੇਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਦੇਰੀ ਦੀ ਲਿਖਤੀ ਜਵਾਬਤਲ਼ਬੀ ਕੀਤੀ ਹੈ। ਇਸ ਸਬੰਧੀ ਪ੍ਰੈਸ ਨੰੁ ਜਾਰੀ ਇਕ ਬਿਆਨ ‘ਚ ਪੀੜਤ ਲੜਕੀ ਦੀ ਮਾਤਾ ਪਟੀਸ਼ਨਰ ਸੁਰਿੰਦਰ ਕੌਰ ਅਤੇ ਭਰਾ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਗਰਾਓ ਪੁਲਿਸ ਦੇ ਥਾਣੇਦਾਰ ਦੇ ਅੱਤਿਆਚਾਰ ਅਤੇ ਕਰੰਟ ਲਗਾਉਣ ਨਾਲ ਕੁਲਵੰਤ ਕੌਰ ਡੈੱਥ ਬੈਡ ‘ਤੇ ਪਈ ਜਿੰਦਗੀ ਮੌਤ ਦੀ ਲੜਾਈ ਲੜ੍ਹ ਹੈ ਅਤੇ ਅਨੇਕਾਂ ਸ਼ਿਕਾਇਤਾਂ, ਬਿਆਨਾਂ ਅਤੇ ਮਹਿਲਾ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਤੋਂ ਬਾਦ ਵੀ ਜਗਰਾਓ ਪੁਲਿਸ ਵਲੋ ਦੋਸ਼ੀ ਥਾਣੇਦਾਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਦੋਸ਼ੀ ਥਾਣੇਦਾਰ ਅਤੇ ਜਗਰਾਓ ਪੁਲਿਸ ਦੀ ਆਪਸੀ ਮਿਲੀਭੁਗਤ (ਹਿਡਨ ਡੀਲ਼) ਦਾ ਇਹ ਮਾਮਲਾ 15 ਮਾਰਚ ਨੂੰ ਉਨਾਂ ਨੇ ਸੀ.ਬੀ.ਆਈ. ਦੇ ਧਿਆਨ ‘ਚ ਲਿਆਦਾ ਸੀ ਅਤੇ ਸੀ.ਬੀ.ਆਈ. ਨੇ 03 ਅਪ੍ਰੈਲ਼ ਡੀ.ਜੀ.ਪੀ. ਪੰਜਾਬ ਨੂੰ ਅਗਲੇਰੀ ਕਾਰਵਾਈ ਲਈ ਲਿਿਖਆ ਸੀ ਪਰ ਡੀ.ਜੀ.ਪੀ. ਪੰਜਾਬ ਵਲੋਂ ਕੋਈ ਜਵਾਬ ਨਾਂ ਮਿਲਣ ‘ਤੇ 07 ਮਈ ਨੂੰ ਡੀ.ਜੀ.ਪੀ. ਪੰਜਾਬ ਤੋਂ ਆਰ.ਟੀ.ਆਈ. ਰਾਹੀ ਜਵਾਬ ਮੰਗਿਆ ਗਿਆ ਪਰ ਡੀ.ਜੀ.ਪੀ. ਪੰਜਾਬ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ ਅਤੇ ਸੂਚਨਾ ਕਮਿਸ਼ਨ ਅੱਗੇ ਦਾਇਰ ਆਪਣੀ ਰਿਪੋਰਟ ‘ਚ ਕਿਹਾ ਕਿ 15 ਜੁਲਾਈ ਨੂੰ ਐਸ.ਐਸ.ਪੀ. ਜਗਰਾਓ ਨੰੁ ਪੱਤਰ ਲਿਖ ਦਿੱਤਾ ਸੀ ਤਾਂ ਸੂਚਨਾ ਕਮਿਸ਼ਨ ਨੇ ਪੱਤਰ 2 ਮਹੀਨੇ ਦੇਰੀ ਨਾਲ ਲ਼ਿਖਣ ਦੀ ਜਵਾਬਤਲ਼ਬੀ ਡੀਜੀਪੀ ਦਫਤਰ ਤੋਂ ਅਤੇ 4 ਮਹੀਨੇ ਦੀ ਦੇਰੀ ਦੀ ਜਵਾਬਤਲ਼ਬੀ ਐਸ.ਐਸ.ਪੀ. ਤੋਂ ਕਰਦਿਆਂ ਅਗਲੀ ਸੁਣਵਾਈ ‘ਤੇ ਲਿਖਤੀ ਜਵਾਬਦਾਵਾ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਦੋਸ਼ੀ ਪੁਲਿਸ ਮੁਲਾਜ਼ਮ ਹੋਣ ਕਰਕੇ ਜਗਰਾਓ ਪੁਲਿਸ ਦਫਤਰ ਡੀਜੀਪੀ ਅਤੇ ਕਮਿਸ਼ਨਾਂ ਦੇ ਹੁਕਮਾਂ ਦੀ ਜਾਣਬੁੱਝ ਕੇ ਅਣਦੇਖੀ ਕਰ ਰਹੀ ਹੈ।