You are here

ਸਤਰੰਗੀ ਪੱਗ ਬੰਨ੍ਹ ਕੇ ‘ਪ੍ਰਾਈਡ ਮੰਥ’ ਦਾ ਹਿੱਸਾ ਬਣਿਆ ਸਿੱਖ ਨੌਜਵਾਨ

ਵਾਸ਼ਿੰਗਟਨ, ਜੂਨ 2019- ਭਾਰਤੀ ਮੂਲ ਦੇ ਇਕ ਸਿੱਖ ਨਿਊਰੋ ਵਿਗਿਆਨੀ ਜੋ ਕਿ ਬਾਇਸੈਕਸੂਅਲ (ਦੋ ਲਿੰਗਾਂ ਪ੍ਰਤੀ ਖਿੱਚ ਰੱਖਣ ਵਾਲਾ) ਹੈ, ਨੇ ਇਸ ਵਰ੍ਹੇ ਅਮਰੀਕਾ ਵਿਚ ਮਨਾਏ ਜਾ ਰਹੇ ‘ਪ੍ਰਾਈਡ ਮੰਥ’ ਦੌਰਾਨ ਸਤਰੰਗੀ ਪੱਗ ਬੰਨ੍ਹ ਕੇ ਨਵੀਂ ਪਿਰਤ ਪਾਈ ਹੈ। ਉਸ ਦੇ ਇਸ ਉੱਦਮ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਸਾਂ ਡਿਏਗੋ ਦੇ ਰਹਿਣ ਵਾਲੇ ਜੀਵਨਦੀਪ ਕੋਹਲੀ ਨੇ ਪੱਗ ਬੰਨ੍ਹ ਕੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਟਵਿੱਟਰ ’ਤੇ ਇਸ ਨੂੰ ਕਰੀਬ 30,000 ਲੋਕਾਂ ਨੇ ਪਸੰਦ ਕੀਤਾ ਹੈ।
ਕੋਹਲੀ ਨੇ ਫੋਟੋ ਦੇ ਨਾਲ ਲਿਖਿਆ ਹੈ ਕਿ ਉਸ ਨੂੰ ਦਾੜ੍ਹੀ ਵਾਲਾ ਬਾਇਸੈਕਸੂਅਲ ਦਿਮਾਗੀ ਮਾਹਿਰ ਹੋਣ ’ਤੇ ਮਾਣ ਹੈ। ਉਸ ਨੇ ਕਿਹਾ ਕਿ ਉਹ ਖ਼ੁਦ ਨੂੰ ਖੁਸ਼ਕਿਮਸਤ ਮੰਨਦਾ ਹੈ ਕਿ ਉਹ ਆਪਣੀ ਪਛਾਣ ਦੇ ਸਾਰੇ ਪਹਿਲੂ ਇਸ ਤਰ੍ਹਾਂ ਖੁੱਲ੍ਹ ਕੇ ਰੱਖ ਸਕਦਾ ਹੈ। ਅਮਰੀਕਾ ਵਿਚ ਐੱਲਜੀਬੀਟੀਕਿਊ ਭਾਈਚਾਰੇ ਦੇ ਮਾਣ ਵਿਚ ‘ਪ੍ਰਾਈਡ ਮੰਥ’ ਪਹਿਲੀ ਜੂਨ ਤੋਂ ਆਰੰਭ ਹੁੰਦਾ ਹੈ। ਇਸ ਮੌਕੇ ਬਰਾਬਰ ਹੱਕਾਂ ਲਈ ਨਿਊਯਾਰਕ ਦੇ ਸਟੋਨਵਾਲ ਦੰਗਿਆਂ (ਜੂਨ 1969) ਨੂੰ ਯਾਦ ਕੀਤਾ ਜਾਂਦਾ ਹੈ। ਦਰਅਸਲ ਇਸ ਸੰਘਰਸ਼ ਤੋਂ ਬਾਅਦ ਹੀ ਵੱਖਰੀ ਲਿੰਗ ਪਛਾਣ ਰੱਖਣ ਵਾਲਿਆਂ ਨੂੰ ਬਰਾਬਰ ਹੱਕ ਦਿੱਤੇ ਜਾਣ ਦਾ ਮੁੱਢ ਬੱਝਾ ਸੀ। ਟਵਿੱਟਰ ’ਤੇ ਕੋਹਲੀ ਨੂੰ ਕੁਝ ਲੋਕਾਂ ਨੇ ਪੁੱਛਿਆ ਕਿ ਉਹ ਅਜਿਹੀ ਪੱਗ ਕਿੱਥੋਂ ਲੈ ਸਕਦੇ ਹਨ? ਜਵਾਬ ਵਿਚ ਕੋਹਲੀ ਨੇ ਕਿਹਾ ਕਿ ਉਹ ਦੱਸਣਾ ਚਾਹੁੰਦਾ ਹੈ ਕਿ ਪੱਗੜੀ ਸਿੱਖਾਂ ਲਈ ਇਕ ਜ਼ਿੰਮੇਵਾਰੀ ਵਾਂਗ ਹੈ।