ਟਰੰਪ ਵਲੋਂ ਬ੍ਰੈਗਜ਼ਿਟ ਮਗਰੋਂ ਬਰਤਾਨੀਆ ਨੂੰ ‘ਠੋਸ ਸੰਧੀ’ ਦੀ ਪੇਸ਼ਕਸ਼

ਲੰਡਨ, ਜੂਨ 2019 ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਬ੍ਰੈਗਜ਼ਿਟ ਤੋਂ ਬਾਅਦ ਉਹ ਅਮਰੀਕਾ ਅਤੇ ਬਰਤਾਨੀਆ ਵਿਚਾਲੇ ‘ਬਹੁਤ, ਬਹੁਤ ਠੋਸ ਵਪਾਰਕ ਸੰਧੀ’ ਕਰਨ ਦੇ ਇਛੁੱਕ ਹਨ। ਇਸ ਦੌਰਾਨ ਮੁਲਾਕਾਤ ਸਥਾਨ ਨੇੜੇ ਹੀ ਪ੍ਰਦਰਸ਼ਨਕਾਰੀਆਂ ਵਲੋਂ ਟਰੰਪ ਵਿਰੁਧ ਨਾਅਰੇ ਲਾਏ ਗਏ। ਟਰੰਪ ਨੇ ਆਪਣੇ ਤਿੰਨ ਦਿਨਾਂ ਸ਼ਾਹੀ ਦੌਰੇ ਦੇ ਦੂਜੇ ਦਿਨ ਨਾਸ਼ਤੇ ਮੌਕੇ ਵੱਡੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਉਪਰੰਤ ਉਨ੍ਹਾਂ ਟੈਰੇਜ਼ਾ ਮੇਅ ਨਾਲ ਮੁਲਾਕਾਤ ਕੀਤੀ। ਉਨ੍ਹਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ‘ਆਪਣੇ ਅਹੁਦੇ ’ਤੇ ਬਣੇ ਰਹਿਣ’ ਅਤੇ ਨਵੀਂ ਵਪਾਰਕ ਸੰਧੀ ਕਰਨ ਲਈ ਆਖਿਆ।
ਟੈਰੇਜ਼ਾ ਮੇਅ, ਜਿਸ ਵਲੋਂ ਸ਼ੁੱਕਰਵਾਰ ਨੂੰ ਰਸਮੀ ਤੌਰ ’ਤੇ ਬਰਤਾਨਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਜਾਵੇਗਾ, ਨੇ ਜਵਾਬ ਵਿਚ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਭਵਿੱਖ ਵਿੱਚ ਬਰਤਾਨੀਆ ਅਤੇ ਅਮਰੀਕਾ ਕੋਲ ਇੱਕਠਿਆਂ ਕੰਮ ਕਰਨ ਦੇ ‘ਬਹੁਤ ਮੌਕੇ’ ਹਨ।
ਟਰੰਪ ਦੀ ਲੰਡਨ ਦੇ ਸੇਂਟ ਜੇਮਜ਼ ਪੈਲੇਸ ਵਿੱਚ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਡੇ ਕਾਰੋਬਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਉਨ੍ਹਾਂ ਨੂੰ ਡਾਊਨਿੰਗ ਸਟਰੀਟ ਵਿੱਚ ਟੈਰੇਜ਼ਾ ਮੇਅ ਨਾਲ ਮੁਲਾਕਾਤ ਲਈ ਲਿਜਾਇਆ ਗਿਆ। ਰਸਤੇ ਵਿੱਚ ਉਨ੍ਹਾਂ ਦਾ ਕਾਫ਼ਲਾ ਵੱਡੇ ਗੁਬਾਰੇ ਦੇ ਪੁਤਲੇ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਗੁਸੈਲ ਬੱਚੇ ਵਾਂਗ ਦਿਖਾਇਆ ਗਿਆ ਸੀ, ਨੇੜਿਓਂ ਵੀ ਲੰਘਿਆ। ਭਾਵੇਂ ਕਿ ਪ੍ਰਦਰਸ਼ਨਕਾਰੀਆਂ ਨੂੰ ਡਾਊਨਿੰਗ ਸਟਰੀਟ ਤੋਂ ਦੂਰ ਰੱਖਿਆ ਗਿਆ ਸੀ ਪਰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪਾਰਲੀਮੈਂਟ ਸਕੁਏਅਰ ਨੇੜੇ ਇੱਕਤਰ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਅਮਰੀਕੀ ਆਗੂ ਨੂੰ ਸੁਨੇਹਾ ਦਿੱਤਾ ਕਿ ਉਸ ਨੂੰ ਆਪਣੇ ਮੁਲਕ ਵਿਚ ਹੀ ਰਹਿਣਾ ਚਾਹੀਦਾ ਸੀ। ਉਨ੍ਹਾਂ ਟਰੰਪ ਦੇ ਵੰਡ-ਪਾਊ ਵਿਚਾਰਾਂ ਵਿਰੁਧ ਨਾਅਰੇਬਾਜ਼ੀ ਕੀਤੀ।