ਨਗਰ ਕੌਸਲ ਜਗਰਾਉਂ ਦੀ ਤਿੰਨ ਮਹੀਨੇ ਬਾਅਦ ਹੋਈ ਮੀਟਿੰਗ ਕਮੇਟੀ ਹਾਲ ਦੇ ਅੰਦਰ, ਬਾਹਰ ਹੰਗਾਮਾ ਭਰਪੂਰ ਰਹੀ (ਵੀਡੀਓ)

ਮੀਟਿੰਗ ਦੀ ਵਿਲੱਖਣਤਾ ਇਹ ਦੇਖੀ ਗਈ ਕਿ ਮੀਟਿੰਗ ਦੌਰਾਨ ਸੱਤਾਧਾਰੀ ਦਾ ਪੱਖ ਵਿਰੋਧੀ ਧਿਰ ਪੂਰ ਰਹੀ ਸੀ

ਸਾਡੇ ਕੌਸਲਰਾਂ ਵਿਚ ਕੁਝ ਅਜਿਹੇ ਕੌਸਲਰ ਵੀ ਹਨ ਜੋ ਠੇਕੇਦਾਰੀ ਕਰਨ ਦੇ ਨਾਲ ਨਾਲ ਕਮਿਸ਼ਨ ਵੀ ਖਾਂਦੇ ਹਨ -ਕੌਸਲਰ ਸਿੱਧੂ 
ਜਗਰਾਉਂ/ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਗਰ ਕੌਸਲ ਦੀ ਕਰੀਬ ਤਿੰਨ ਮਹੀਨੇ ਬਾਅਦ ਹਾਊਸ ਦੀ ਹੋਈ ਮੀਟਿੰਗ ਕਮੇਟੀ ਹਾਲ ਦੇ ਅੰਦਰ ਅਤੇ ਬਾਹਰ ਹੰਗਾਮਾ ਭਰਪੂਰ ਰਹੀ | ਹਾਊਸ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਇਕ ਠੇਕੇਦਾਰ ਨੇ ਇਕ ਕੌਸਲਰ ਨੂੰ ਸਮਾਂ ਬੰਨਣ ਤੱਕ ਦੀ ਧਮਕੀ ਦੇ ਦਿੱਤੀ | ਕਈ ਮਾਮਲਿਆਂ ਨੂੰ ਲੈ ਕੇ ਭਾਵੇਂ ਕੌਸਲਰ ਆਪਸ ਵਿਚ ਖਹਿੰਦੇ ਰਹੇ, ਪਰ ਵਿਕਾਸ ਕਾਰਜ ਸ਼ੁਰੂ ਕਰਵਾਉਣ ਨੂੰ ਲੈ ਕੇ ਸਾਰੇ ਕੌਸਲਰ ਇਕ ਮੱਤ ਦੇਖੇ ਗਏ | ਇਸ ਮੌਕੇ ਉਨ੍ਹਾਂ ਕਾਰਜਸਾਧਕ ਅਧਿਕਾਰੀ ਰੰਧਾਵਾ 'ਤੇ ਕੀਤੇ ਕੰਮਾਂ ਦੀ ਅਦਾਇਗੀ ਕਰਨ ਲਈ ਵੀ ਦਬਾਅ ਪਾਇਆ | ਇਸ ਮੀਟਿੰਗ ਦੀ ਵਿਲੱਖਣਤਾ ਇਹ ਦੇਖੀ ਗਈ ਕਿ ਮੀਟਿੰਗ ਦੌਰਾਨ ਸੱਤਾਧਾਰੀ ਦਾ ਪੱਖ ਵਿਰੋਧੀ ਧਿਰ ਪੂਰ ਰਹੀ ਸੀ | ਸਟਰੀਟ ਵੈਂਡਿੰਗ ਲਈ ਰੇਲਵੇ ਪੁਲ ਦੇ ਦੋਨੇਂ ਪਾਸੇ ਰੱਖੀ ਥਾਂ ਨੂੰ ਬਦਲ ਕੇ ਮਿਊਸਪਲ ਪਾਰਕ ਅੱਡਾ ਰਾਏਕੋਟ ਰੋਡ ਵਿਖੇ ਤਬਦੀਲ ਕਰਨ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਇਸ ਮੀਟਿੰਗ ਵਿਚ 23 ਵਾਰਡਾਂ ਦੇ ਕਰੀਬ ਅੱਠ ਕਰੋੜ ਦੇ ਵਿਕਾਸ ਕਾਰਜਾਂ ਦੇ ਕੰਮ ਪਾਏ ਗਏ ਹਨ | ਨਗਰ ਕੌਸਲ ਦੇ ਪ੍ਰਧਾਨ ਚਰਨਜੀਤ ਕੌਰ ਕਲਿਆਣ ਦੀ ਪ੍ਰਧਾਨਗੀ ਹੇਠ ਰੱਖੀ ਇਸ ਮੀਟਿੰਗ ਵਿਚ ਦਵਿੰਦਰ ਸਿੰਘ ਵਲੋਂ ਪੜ੍ਹੇ ਗਏ ਨੌ ਮਤਿਆਂ ਵਿਚੋਂ ਮਤਾ ਨੰਬਰ ਪੰਜ ਜੋ ਛੇ ਸਫ਼ਾਈ ਸੇਵਕ ਪੱਕਾ ਕਰਨ ਦਾ ਸੀ ਕਾਰਜਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਤਕਨੀਕੀ ਖ਼ਾਮੀਆਂ ਹੋਣ ਕਾਰਨ ਅੱਗੇ ਪਾ ਦਿੱਤਾ ਜਦਕਿ ਬਾਕੀ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ |ਕੌਸਲ ਅਨਮੋਲ ਗੁਪਤਾ ਨੇ ਅਣ-ਅਧਿਕਾਰਿਤ ਕਾਲੋਨੀਆਂ ਵਿਚ ਬਣੀਆਂ ਪਾਰਕ ਅੰਦਰ ਬਿਜਲੀ ਦੇ ਮੀਟਰ ਨਾ ਲਗਾਉਣ ਦੀ ਜਦ ਮੰਗ ਕੀਤੀ ਤਾਂ ਕੌਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਹਾਊਸ ਵਿਚ ਚੈਲੰਜ ਕਰ ਦਿੱਤਾ ਕਿ ਜੇਕਰ ਇਹ ਅਣਅਧਿਕਾਰਤ ਕਾਲੋਨੀਆਂ ਹੋਣ ਤਾਂ ਉਹ ਮੈਂਬਰੀ ਤੋਂ ਅਸਤੀਫ਼ਾ ਦੇ ਦੇਣਗੇ ਪਰ ਜੇ ਸਹੀ ਪਾਈਆਂ ਗਈਆਂ ਤਾਂ ਕੌਸਲਰ ਅਨਮੋਲ ਗੁਪਤਾ ਨੂੰ ਆਪਣੀ ਮੈਂਬਰੀ ਤੋਂ ਅਸਤੀਫ਼ਾ ਦੇਣਾ ਪਵੇਗਾ | ਕੌਸਲਰ ਸਿੱਧੂ ਨੇ ਕਿਹਾ ਕਿ ਸਾਡੇ ਕੌਸਲਰਾਂ ਵਿਚ ਕੁਝ ਅਜਿਹੇ ਕੌਸਲਰ ਵੀ ਹਨ ਜੋ ਠੇਕੇਦਾਰੀ ਕਰਨ ਦੇ ਨਾਲ ਨਾਲ ਕਮਿਸ਼ਨ ਵੀ ਖਾਂਦੇ ਹਨ | ਉਨ੍ਹਾਂ ਅਜਿਹੇ ਕੌਸਲਰਾਂ ਨੂੰ ਕਾਲੀਆਂ ਭੇਡਾਂ ਤੱਕ ਆਖ ਦਿੱਤਾ | ਉਨ੍ਹਾਂ ਕਿਹਾ ਕਿ ਜਗਰਾਉਂ ਸ਼ਹਿਰ ਅੰਦਰ ਕੁਝ ਅਜਿਹੇ ਧੜੱਲੇਦਾਰ ਠੇਕੇਦਾਰ ਵੀ ਹਨ ਜੋ ਸਾਰੇ ਕੰਮ ਲੈ ਕੇ ਅਗੇ ਦੂਸਰੇ ਡੱਮੀ ਠੇਕੇਦਾਰਾਂ ਨੂੰ ਕੁਝ ਹਿੱਸਾ ਰੱਖ ਕੇ ਅੱਗੇ ਦੇ ਦਿੰਦੇ ਹਨ | ਅਜਿਹੇ ਅਨਸਰਾਂ ਦੇ ਵੀ ਚਿਹਰੇ ਨਿਕਾਬ ਹੋਣੇ ਚਾਹੀਦੇ ਹਨ | ਇਸ ਮੌਕੇ ਕਰਮਜੀਤ ਸਿੰਘ ਕੈਂਥ, ਅਜੀਤ ਸਿੰਘ ਠੁਕਰਾਲ, ਅਪਾਰ ਸਿੰਘ, ਵਰਿੰਦਰਪਾਲ ਸਿੰਘ ਪਾਲੀ, ਜਿੰਦਰ ਸਿੰਘ, ਡਾ: ਇਕਬਾਲ ਸਿੰਘ, ਸੁਧਾ ਰਾਣੀ ਸੁਖਦੇਵ ਸਿੰਘ ਸੇਬੀ ਅਕੁੰਸ਼ ਧੀਰ, ਗੁਰਪ੍ਰੀਤ ਕੌਰ, ਬਲਜਿੰਦਰ ਕੌਰ, ਸੁਨੈਨਾ ਮਲੋਹਤਰਾ (ਸਾਰੇ ਕੌਸਲਰ), ਸੁਪਰਡੈਂਟ ਮਨੋਹਰ ਸਿੰਘ, ਅਨਿਲ ਕੁਮਾਰ, ਚਰਨਜੀਤ ਸਿੰਘ, ਸੁਕੇਸ਼ ਬਗੀਈ, ਹਰਦੀਪ ਸਿੰਘ ਢੋਲਣ, ਦਵਿੰਦਰ ਸਿੰਘ ਗਰਚਾ, ਸਤਨਾਮ ਸਿੰਘ ਵਿੱਕੀ, ਬੇਅੰਤ ਸਿੰਘ ਆਦਿ ਹਾਜ਼ਰ ਸਨ |

ਵੀਡੀਓ ਤੇ ਕਲਿੱਕ ਕਰੋ ਅਤੇ ਦੇਖੋ ਅਤੇ ਸੁਣੋ