You are here

ਪੰਜਾਬ

ਰੋਟਰੀ ਕਲੱਬ ਵੱਲੋਂ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚੇ ਅਤੇ ਅਧਿਆਪਕ ਸਨਮਾਨਿਤ

ਜਗਰਾਉ 3 ਸਤੰਬਰ(ਅਮਿਤਖੰਨਾ) ਸ਼ੋਸ਼ਲ ਗਤੀਵਿਧੀਆਂ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਪਿਛਲੇ ਕਾਫੀ ਸਮੇਂ ਤੋਂ ਰੋਟਰੀ ਕਲੱਬ ਨਾਲ ਜੁੜ ਕੇ ਆਪਣੇ ਬੱਚਿਆਂ ਨੂੰ ਸਮਾਜ ਦੀ ਭਲਾਈ ਦੇ ਕੰਮਾਂ ਵੱਲ ਜੋੜ ਕੇ ਉਹਨਾਂ ਨੂੰ ਸੂਝਵਾਨ ਬਣਾ ਰਹੇ ਹਨ। ਇਸ ਤਹਿਤ ਕਲੱਬ ਦੇ ਮੈਂਬਰ ਬੱਚਿਆਂ ਨੇ 90% ਤੋਂ ਵੱਧ ਅੰਕ ਲੈ ਕੇ ਆਪਣਾ ਸਨਮਾਨ ਪ੍ਰਾਪਤ ਕੀਤਾ। ਉਹਨਾਂ ਵਿੱਚ ਜੋਬਨਪ੍ਰੀਤ ਕੌਰ, ਏਕਮਰੀਤ ਕੌਰ, ਆਸਥਾ ਸਿਧਾਨਾ, ਕਵਿਤਾ ਗੋਇਲ, ਰਵਨੀਤ ਕੌਰ ਖਹਿਰਾ, ਕੋਮਲਪ੍ਰੀਤ ਕੌਰ ਖਹਿਰਾ, ਜਸ਼ਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਸਕੂਲ ਦੇ ਅਧਿਆਪਕ ਮਿਿਸਜ਼ ਰਵਿੰਦਰ ਕੌਰ ਨੰੁ ਸ਼ੋਸ਼ਲ ਗਤੀਵਿਧੀਆ ਅਤੇ ਮਿਸਟਰ ਗਗਨਦੀਪ ਨੂੰ ਚੰਗੇ ਨਤੀਜੇ ਲੈ ਕੇ ਆਉਣ ਲਈ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਸਕੂਲ ਦੇ ਪਿੰ੍ਰ. ਡਾ. ਅਮਰਜੀਤ ਕੌਰ ਨਾਜ਼ ਇੱਥੇ ਪਹੁੰਚੇ ਪ੍ਰੈਜੀਡੈਂਟ ਰੋਟੇਰੀਅਨ ਸ:ਦਲਬੀਰ ਸਿੰਘ ਮੱਕੜ, ਸੈਕਰੇਟਰੀ ਗਿਆਨ ਸਿੰਘ ਸੈਣੀ, ਰੋਟੇਰੀਅਨ ਆਤਮਜੀਤ ਸਿੰਘ, ਰੋਟੇਰੀਅਨ ਬੀ.ਐਸ. ਛਾਬੜਾ, ਰੋਟੇਰੀਅਨ ਮਨਮੋਹਨ ਸਿੰਘ ਕਲਾਨੌਰੀ ਸਾਬਕਾ ਪ੍ਰਧਾਨ, ਸ਼੍ਰੀ ਰਵਿੰਦਰ ਸਿੰਘਾਨੀਆ, ਇਜੰ. ਰਕੇਸ਼ ਸ਼ਰਮਾ, ਰਕੇਸ਼ ਸਿੰਘਾਨੀਆਂ, ਮੈਡਮ ਮੀਨਾ ਸਿੰਘਾਨੀਆਂ ਨੂੰ ਜੀ ਆਇਆਂ ਆਖਿਆ ਨੇ ਕਲੱਬ ਵੱਲੋਂ ਚਲਾਏ ਜਾ ਰਹੇ ਅਲੱਗ – 2 ਸ਼ੋਸ਼ਲ ਕੰਮਾਂ ਦੀ ਤਾਰੀਫ ਵੀ ਕੀਤੀ ਉਹਨਾਂ ਦੱਸਿਆ ਕਿ ਉਹ ਖੁਦ ਵੀ ਸ਼ੁਰੂ ਤੋਂ ਰੋਟਰੀ ਕਲੱਬ ਦਾ ਹਿੱਸਾ ਬਣਾ ਕੇ ਸੇਵਾ ਨਿਭਾ ਰਹੇ ਹਨ। ਅਸੀਂ ਬੱਚਿਆਂ ਨੂੰ ਇਸ ਪਾਸੇ ਲਗਾ ਕੇ ਉਹਨਾਂ ਅੰਦਰ ਸਮਾਜਿਕ ਜਿੰਮੇਵਾਰੀਆਂ ਪੈਦਾ ਕਰ ਰਹੇ ਹਾਂ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਯੋਗ ਅਗਵਾਈ ਕਰ ਕੇ ਆਪਣੇ ਸਾਥੀਆਂ ਨੂੰ ਅੱਗੇ ਲੈ ਕੇ ਆਉਣ। ਇਸ ਮੌਕੇ ਸਕੂਲ ਦੇ ਪ੍ਰੈਜੀਡੈਂਟ ਸ. ਮਨਪ੍ਰੀਤ ਸਿੰਘ ਬਰਾੜ , ਸ. ਅਜਮੇਰ ਸਿੰਘ ਰੱਤੀਆਂ ਨੇ ਬੱਚਿਆਂ ਨੂੰ ਵਧਾਈ ਦਿੱਤੀ।

-

ਪੰਜਾਬ ਸਰਕਾਰ ਪਿੰਡਾਂ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਪਹਿਲਕਦਮੀ ਕਰੇ-ਸ਼ੀਰਾ ਛੀਨੀਵਾਲ   

 ਗਊਆਂ ਦੀ ਸਾਂਭ ਸੰਭਾਲ ਲਈ ਪੱਕਾ ਇੰਤਜ਼ਾਮ ਕਰੋ         

ਬਰਨਾਲਾ/ ਮਹਿਲ ਕਲਾਂ -03 ਸਤੰਬਰ (ਗੁਰਸੇਵਕ ਸਿੰਘ ਸੋਹੀ )- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਬਲਾਕ ਬਰਨਾਲਾ ਅਤੇ ਬਲਾਕ ਸ਼ਹਿਣਾ ਦੇ ਵਰਕਰਾਂ ਤੇ ਆਗੂਆਂ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਹੇਠ ਜਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ ਜਰਨੈਲ ਸਿੰਘ ਗਿੱਲ ਸਹੋਰ ਵੱਲੋਂ ਸਰਬੱਤ ਦੇ ਭਲੇ ਲਈ ਸ਼ੁਕਰਾਨੇ ਵਜੋਂ ਗੁਰਦੁਆਰਾ ਸਾਹਿਬ ਜੰਡਸਰ ਪਿੰਡ ਸਹੌਰ ਵਿਖੇ ਰਸਾਈ ਗਏ ਅਖੰਡ ਪਾਠਾਂ ਦੇ ਭੋਗ ਉਪਰੰਤ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸੀਰਾ ਛੀਨੀਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਸਹੌਰ ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਬਲਾਕ ਬਰਨਾਲਾ ਦੇ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ, ਬਲਾਕ ਸ਼ਹਿਣਾ ਦੇ ਪ੍ਰਧਾਨ ਜਸਬੀਰ ਸਿੰਘ ਸੁਖਪੁਰਾ, ਸਟੇਟ ਆਗੂ ਗੁਰਜੀਤ ਸਿੰਘ ਚੂੰਘਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਹੇਠ ਕਿਸਾਨੀ ਹਿੱਤਾਂ ਲਈ ਲੜ ਜਾ ਰਹੇ ਸੰਘਰਸ਼ ਕਰਕੇ ਅੱਜ ਅਨੇਕਾਂ ਨੌਜਵਾਨ ਜਥੇਬੰਦੀ ਨਾਲ ਜੋੜ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੇਂਡੂ ਖੇਤਰਾਂ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ਭਰਿਆ ਜਾਵੇ ਕਿਉਂਕਿ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਹੋਣ ਕਾਰਨ  ਕਿਸਾਨਾਂ ਅਤੇ ਆਮ ਲੋਕਾਂ ਨੂੰ  ਆਪਣੇ ਕੰਮ ਧੰਦੇ ਕਰਵਾਉਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਨਹਿਰੀ ਪਾਣੀ ਲਈ ਅੰਡਰ ਗਰਾਊਂਡ ਪਾਣੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸੜਕਾਂ ਕਿਨਾਰੇ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਅਤੇ ਗਊਆਂ ਦੀ ਸਾਂਭ ਸੰਭਾਲ ਲਈ  ਢੁੱਕਵੇਂ ਕਦਮ ਚੁੱਕੇ ਜਾਣ ।ਉਨ੍ਹਾਂ ਸਮੂਹ ਵਰਕਰਾਂ ਤੇ ਆਗੂਆਂ ਨੂੰ ਜਥੇਬੰਦੀ ਦੇ ਲੜੇ ਜਾ ਰਹੇ ਸੰਘਰਸ਼ ਲਈ ਹਰ ਸਮੇਂ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਯਾਦਵਿੰਦਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਸਿਕੰਦਰ ਸਿੰਘ, ਰੂਬਲ ਗਿੱਲ ਕੈਨੇਡਾ ,ਅਵਤਾਰ ਸਿੰਘ, ਰੁਪਿੰਦਰ ਸਿੰਘ ਘਟੌਦਾ ,ਊਧਮ ਸਿੰਘ ਜੋਧਪੁਰ ,ਸੰਪੂਰਨ ਸਿੰਘ, ਗੁਰਜੰਟ ਸਿੰਘ ਸਹੋਰ, ਜਗਦੀਪ ਸਿੰਘ  ,ਸਤਨਾਮ ਸਿੰਘ ਧਨੇਰ, ਮੱਘਰ ਸਿੰਘ ਸਹਿਜੜਾ , ਜਸਵਿੰਦਰ ਸਿੰਘ ਛੀਨੀਵਾਲ ਕਲਾਂ ,ਡਾ ਨਿਰਮਲ ਸਿੰਘ ਸਹੌਰ, ਗੁਰਦਿਆਲ ਸਿੰਘ ਸੇਖਾ, ਭੋਲਾ ਸਿੰਘ ਸਹਿਜੜਾ, ਅੰਮ੍ਰਿਤਪਾਲ ਸਿੰਘ ਸਹੌਰ ਤੋ ਇਲਾਵਾ ਹੋਰ ਵਰਕਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪਿੰਡ ਹਮੀਦੀ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਰਬਸੰਮਤੀ ਨਾਲ ਤਿੰਨ ਸਾਲਾਂ ਲਈ ਚੋਣ ਹੋਈ

ਸਮਾਜਸੇਵੀ ਏਕਮ ਸਿੰਘ ਦਿਓਲ ਦੂਜੀ ਵਾਰ ਬਣੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ        

ਬਰਨਾਲਾ /ਮਹਿਲ ਕਲਾਂ- 03 ਸਤੰਬਰ (ਗੁਰਸੇਵਕ ਸਿੰਘ ਸੋਹੀ )- ਨੇੜਲੇ ਪਿੰਡ ਹਮੀਦੀ ਵਿਖੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਵਲੋਂ ਸਮੂਹ ਨਗਰ ਨਿਵਾਸੀਆਂ ਦਾ ਇਕ ਇਕੱਠ ਗੁਰਦੁਆਰਾ ਸਾਹਿਬ ਪਿੰਡ ਹਮੀਦੀ ਵਿਖੇ ਬੁਲਾ ਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ  ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਚੀਮਾ ਨੇ ਕਮੇਟੀ ਦੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੇ ਲੇਖੇ ਜੋਖੇ ਦੀ ਰਿਪੋਰਟ ਪੜ੍ਹ ਕੇ ਸੁਣਾ ਗਈ। ਇਸ ਮੌਕੇ ਅੰਤਰਰਾਸ਼ਟਰੀ ਢਾਡੀ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਅਤੇ ਜਥੇਦਾਰ ਊਦੇ ਸਿੰਘ ਹਮੀਦੀ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਪਿੰਡ ਦੇ ਸਾਂਝੇ ਕੰਮ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਵਾਉਣੇ ਸਮੇਂ ਦੀ ਮੁੱਖ ਲੋੜ ਹਨ।  ਇਸ ਮੌਕੇ ਪਿੰਡ ਦੀਆਂ ਵੱਖ ਵੱਖ ਪੱਤੀਆਂ ਵਿੱਚੋਂ ਦੋ ਦੋ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਜਿਸ ਵਿਚ ਚੁਣੇ ਹੋਏ ਮੈਂਬਰਾਂ ਨੇ ਸਮਾਜਸੇਵੀ ਏਕਮ ਸਿੰਘ ਦਿਓਲ ਨੂੰ ਮੁੜ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ,ਜਥੇਦਾਰ ਕੌਰ ਸਿੰਘ ਰਾਣੂ ਨੂੰ ਮੀਤ ਪ੍ਰਧਾਨ, ਜਸਬੀਰ ਸਿੰਘ ਖ਼ਾਲਸਾ ਮ ਜਨਰਲ ਸਕੱਤਰ,ਤਰਲੋਚਨ ਸਿੰਘ ਬਾਜਵਾ ,ਖ਼ਜ਼ਾਨਚੀ, ਅੰਤਰਰਾਸ਼ਟਰੀ ਢਾਡੀ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ ਨੂੰ ਪ੍ਰਚਾਰ ਸਕੱਤਰ ਚੁਣੇ ਗਏ। ਜਦਕਿ ਭਜਨ ਸਿੰਘ, ਜਸਵੰਤ ਸਿੰਘ ਢੀਂਡਸਾ ,ਰਣਜੀਤ ਸਿੰਘ ਰਾਣੂ, ਮਨਪ੍ਰੀਤ ਸਿੰਘ ਪਾਲ, ਮਨਜਿੰਦਰ ਸਿੰਘ ਬਿੱਟੂ ,ਸੁਖਦੇਵ ਸਿੰਘ ,ਭਜਨ ਸਿੰਘ ਅਤੇ ਢਾਡੀ ਜਸਵਿੰਦਰ ਸਿੰਘ ਨੂੰ ਮੈਂਬਰ ਬਣਾਇਆ ਗਿਆ। ਇਸ ਮੌਕੇ ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ,ਡਾ ਅਜਮੇਰ ਸਿੰਘ ਯਾਦਗਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵਿੱਕੀ ਦੀ ਅਗਵਾਈ ਹੇਠ ਨਵੀਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਿਰਪੇ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੂਜੀ ਵਾਰ ਚੁਣੀ ਕਮੇਟੀ ਪ੍ਰਧਾਨ ਏਕਮ ਸਿੰਘ ਦਿਓਲ ਨੇ ਸਮੂਹ ਗ੍ਰਾਮ ਪੰਚਾਇਤ ਯੂਥ ਕਲੱਬਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਮੁੱਚੀ ਚੁਣੀ ਗਈ ਕਮੇਟੀ ਵਲੋਂ ਗੁਰੂ ਘਰ ਦੇ ਪ੍ਰਬੰਧ ਪਹਿਲਾਂ ਨਾਲੋਂ ਵੀ ਵਧੀਆ ਢੰਗ ਨਾਲ ਚਲਾਏ ਜਾਣਗੇ। ਇਸ ਮੌਕੇ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਕਿਸਾਨ ਆਗੂ ਜਗਸੀਰ ਸਿੰਘ ਚੀਮਾ ,ਪੰਚ ਅਮਰ ਸਿੰਘ ਚੋਪੜਾ, ਪੰਚ ਪਰਮਜੀਤ ਕੌਰ ਗੌੜੀਆ, ਪੰਚ ਓਮਨਦੀਪ ਸਿੰਘ ਸੋਹੀ, ਕੁਲਦੀਪ ਸਿੰਘ ਰੰਧਾਵਾ ,ਮੱਘਰ ਸਿੰਘ ,ਗੁਰਮੀਤ ਸਿੰਘ ਪਾਲ, ਚਰਨਜੀਤ ਸਿੰਘ ਬਾਜਵਾ, ਨੰਬਰਦਾਰ ਮਲਕੀਤ ਸਿੰਘ ਢਿੱਲੋਂ, ਕਰਨੈਲ ਸਿੰਘ ਚੋਪੜਾ, ਮੁਨਸ਼ੀ ਸਿੰਘ ਪਾਲ ,ਪ੍ਰਿੰਸੀਪਲ ਬਲਦੇਵ ਸਿੰਘ ਰਾਣੂ ,ਫੌਜੀ ਦਰਸ਼ਨ ਸਿੰਘ ਦਿਓਲ, ਬਲਬੀਰ ਸਿੰਘ ਪਾਲ  ਹਾਜ਼ਰ ਸਨ।

ਪਾਵਰਕਾਮ ਦੇ ਮਹਿਲ ਕਲਾਂ-ਠੁੱਲੀਵਾਲ ਉਪ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੀਟਿੰਗ

ਬਰਨਾਲਾ /ਮਹਿਲਕਲਾਂ- 03 ਸਤੰਬਰ (ਗੁਰਸੇਵਕ ਸਿੰਘ ਸੋਹੀ  )- ਪਾਵਰਕਾਮ ਦੇ ਮਹਿਲ ਕਲਾਂ-ਠੁੱਲੀਵਾਲ ਉਪ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਰਜਿੰਦਰ ਸਿੰਘ ਖਿਆਲੀ ਦੀ ਪੑਧਾਨਗੀ ਹੇਠ ਦਾਣਾ ਮੰਡੀ ਮਹਿਲਕਲਾਂ ਵਿਖੇ ਹੋਈ। ਮੀਟਿੰਗ ਵਿੱਚ ਪਾਵਰਕੌਮ ਦੇ ਦੋਵੇਂ ਉਪ ਮੰਡਲਾਂ ਦੇ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪਿਛਲੇ ਦਿਨੀਂ ਕੁੱਝ ਆਗੂਆਂ ਵੱਲੋਂ ਪੈਨਸ਼ਨਰਜ਼ ਐਸੋਸੀਏਸ਼ਨ ਦੀ ਤਹਿ ਕੀਤੀ ਸਮਝ ਤੋਂ ਲਾਂਭੇ ਹੋਕੇ ਫੁੱਟ ਪਾਉਣ ਨੂੰ ਮੰਦਭਾਗਾ ਕਰਾਰ ਦਿੱਤਾ। ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮਨੇਜਮੈਂਟ ਖਿਲਾਫ਼ ਚੱਲ ਰਹੇ ਸੰਘਰਸ਼ ਸਬੰਧੀ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ। ਮੁਲਾਜ਼ਮ/ਪੈਨਸ਼ਨਰਜ਼ ਉੱਪਰ ਮਨੇਜਮੈਂਟ ਦੇ ਹਮਲੇ ਦਾ ਜਵਾਬ ਦੇਣ ਲਈ ਵਿਸ਼ਾਲ ਤਰਥੱਲ ਪਾਊ ਜਥੇਬੰਦਕ ਸੰਘਰਸ਼ਾਂ ਦੀ ਬਹੁਤ ਜਿਆਦਾ ਲੋੜ'ਤੇ ਜੋਰ ਦਿੱਤਾ। ਪੈਨਸ਼ਨਰਜ਼ ਐਸੋਸੀਏਸ਼ਨ ਵਿੱਚ ਫੁੱਟ ਪਾਉਣ ਵਾਲੇ ਅਨਸਰਾਂ ਤੋਂ ਸੁਚੇਤ ਰਹਿੰਦਿਆਂ ਏਕਾ ਬਣਾਏ ਰੱਖਣ ਦੀ ਲੋੜ ਤੇ ਜੋਰ ਦਿੱਤਾ। ਅੱਜ ਦੀ ਮੀਟਿੰਗ ਵਿੱਚ ਰਣਜੀਤ ਸਿੰਘ ਜੋਧਪੁਰ, ਗੁਰਚਰਨ ਸਿੰਘ, ਮੇਲਾ ਸਿੰਘ ਕੱਟੂ,ਰਾਮ ਸਿੰਘ ਠੀਕਰੀਵਾਲ ਵਿਸ਼ੇਸ਼ ਤੌਰ'ਤੇ ਸ਼ਾਮਿਲ ਹੋਏ। ਆਗੂਆਂ ਨੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਰਕਰਾਂ ਵੱਲੋਂ ਪਾਵਰਕੌਮ ਅਤੇ ਪੰਜਾਬ ਸਰਕਾਰ ਖਿਲਾਫ਼ ਚੱਲ ਰਹੇ ਸੰਘਰਸ਼ ਅਤੇ ਸ਼ਹੀਦ ਕਿਰਨਜੀਤ ਕੌਰ ਦੇ 25 ਵੇਂ ਸ਼ਰਧਾਂਜਲੀ ਸਮਾਗਮ ਵਿੱਚ ਪੈਨਸ਼ਨਰਜ਼ ਸਾਥੀਆਂ ਵੱਲੋਂ ਪਾਏ ਯੋਗਦਾਨ ਉੱਪਰ ਤਸੱਲੀ ਦਾ ਪ੍ਗਟਾਵਾ ਕੀਤਾ। ਸ਼ਿੰਗਾਰਾ ਸਿੰਘ,ਬਲਵੀਰ ਸਿੰਘ ਮਹਿਲਖੁਰਦ, ਭੁਪਿੰਦਰ ਸਿੰਘ ਗੋਬਿੰਦਗੜ੍ਹ,ਸਰਦਾਰਾ ਸਿੰਘ ਗੁਰਮ, ਹਰਨੇਕ ਸਿੰਘ ਗੁਰਮ,ਜਗਮੀਤ ਸਿੰਘ ਧਨੇਰ ਆਦਿ ਨੇ ਅਹਿਦ ਕੀਤਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਦੀ ਦਰੁਸਤ ਬੁਨਿਆਦ ਦੀ ਪੂਰੀ ਜਿੰਮੇਵਾਰੀ ਨਾਲ ਰਾਖੀ ਕੀਤੀ ਜਾਵੇਗੀ। ਮੀਟਿੰਗ ਵਿੱਚ ਮਹਿਲਕਲਾਂ-ਠੁੱਲੀਵਾਲ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਰਜਿੰਦਰ ਸਿੰਘ ਖਿਆਲੀ, ਸ਼ਿੰਗਾਰਾ ਸਿੰਘ ਕੁਰੜ ਅਤੇ ਭਾਗ ਸਿੰਘ ਚੰਨਣਵਾਲ ਨੂੰ ਜਥੇਬੰਦਕ ਆਗੂਆਂ ਵਜੋਂ ਜਿੰਮੇਵਾਰੀ ਸੌਂਪੀ ਗਈ।

ਖੇਡਾਂ ਵਤਨ ਪੰਜਾਬ ਦੀਆਂ ਕਬੱਡੀ ਅੰਡਰ—17 ਲੜਕਿਆਂ ਚ ਮੂੰਮ ਦੀ ਟੀਮ ਨੇ ਕੁਰੜ ਨੂੰ ਹਰਾਇਆ

ਬਰਨਾਲਾ /ਮਹਿਲ ਕਲਾਂ- 03 ਸਤੰਬਰ ( ਗੁਰਸੇਵਕ ਸਿੰਘ ਸੋਹੀ )- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਵੱਖ—ਵੱਖ ਥਾਵਾਂ ਤੇ ਖੇਡਾਂ ਅੱਜ ਰੋਚਕ ਰਹੀਆਂ।ਕਬੱਡੀ ਅੰਡਰ—17 ਵਰਗ (ਲੜਕੇ) ਚ ਪਿੰਡ ਮੂੰਮ ਦੀ ਟੀਮ ਨੇ ਕੁਰੜ ਨੂੰ 48—40 ਨਾਲ ਹਰਾਇਆ।ਇਸੇ ਤਰ੍ਹਾਂ 21 ਤੋਂ 40 ਵਰਗ ਦੇ ਫਾਈਨਲ ਚ ਗਹਿਲਾਂ ਦੀ ਟੀਮ ਦੀਵਾਨਾ ਨੂੰ 23—18 ਨਾਲ ਹਰਾ ਕੇ ਜੇਤੂ ਰਹੀ।ਅੰਡਰ—21 ਚ ਪਿੰਡ ਦੀਵਾਨਾ ਦੀ ਟੀਮ ਨੇ ਕੁਰੜ ਨੂੰ ਹਰਾਇਆ।ਅੰਡਰ—21 ਦੇ ਸੈਮੀਫਾਈਨਲ ਮੈਚ ਚ ਦੀਵਾਨਾ ਦੀ ਟੀਮ ਨੇ ਪਿੰਡ ਅਮਲਾ ਸਿੰਘ ਵਾਲਾ ਨੂੰ ਹਰਾ ਕੇ 43—24 ਨਾਲ ਜਿੱਤ ਹਾਸਿਲ ਕੀਤੀ।ਰੱਸਾ —ਕੱਸੀ ਦੇ 21 ਤੋਂ 40 ਸਾਲ ਦੇ ਵਰਗ ਚ ਛੀਨੀਵਾਲ ਦੀ ਟੀਮ ਨੇ ਦੀਵਾਨਾ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।ਰੱਸਾ ਕੱਸੀ ਅੰਡਰ—19 ਚ ਸਟੈਨਫੋਰਡ ਸਕੂਲ ਚਨੰਣਵਾਲ ਨੇ ਜਿੱਤ ਹਾਸਿਲ ਕੀਤੀ।

ਕਲਾਲ ਮਾਜਰਾ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਹੋਈ।

ਬਰਨਾਲਾ /ਮਹਿਲ ਕਲਾਂ- 03 ਸਤੰਬਰ (ਗੁਰਸੇਵਕ ਸਿੰਘ ਸੋਹੀ )-ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਮਾਜਰਾ ਜ਼ਿਲ੍ਹਾ ਬਰਨਾਲਾ ਵਿਖੇ ਜਮਾਤ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਮਾਤਾ ਪਿਤਾ ਦੀ  ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕੀਤੀ ਗਈ । ਸਾਰੇ ਹੀ ਬੱਚਿਆਂ ਦੇ ਮਾਤਾ ਪਿਤਾ ਨੇ ਇਸ ਮਿਲਣੀ ਵਿੱਚ ਭਾਗ ਲਿਆ ।ਜਿਸ ਵਿੱਚ ਮਾਪਿਆਂ ਨੂੰ ਬੱਚੇ ਦੀ ਕਾਰਗੁਜ਼ਾਰੀ,ਖੇਡਾਂ ਤੇ ਬੱਚਿਆਂ ਦੀ ਸਿਹਤ  ,ਸਪਲੀਮੈਂਟਰੀ ਮਟੀਰੀਅਲ ਦੀ ਵੰਡ, ਬੱਚਿਆਂ ਦੀ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ  ਬਾਰੇ  ਦੱਸਿਆ ਗਿਆ। ਸਾਰੇ ਹੀ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ ।ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸਰਬਜੀਤ ਸਿੰਘ ਤੂਰ ਜੀ ਦਾ ਸਕੂਲ ਵਿਜਟ  ਦੌਰਾਨ ਮੁੱਖ ਅਧਿਆਪਕ ਸ .ਸੁਖਪਾਲ ਸਿੰਘ ਜੀ ਵੱਲੋਂ  ਸਵਾਗਤ ਕੀਤਾ ਗਿਆ ।ਇਸ ਸਮੇਂ  ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਸ੍ਰੀਮਤੀ ਸੰਦੀਪ ਕੌਰ ,ਸਮੂਹ ਸਕੂਲ ਸਟਾਫ ,ਸਮੂਹ ਆਂਗਣਵਾਡ਼ੀ ਸਟਾਫ  ਅਤੇ ਮਾਪੇ ਹਾਜ਼ਰ ਸਨ  ।

ਐੱਸ ਜੀ ਐੱਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆ ਮੱਲਾ

ਬਰਨਾਲਾ /ਮਹਿਲਕਲਾਂ - 03 ਸਤੰਬਰ- (ਗੁਰਸੇਵਕ ਸੋਹੀ)-  ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ ਜੀ ਐੱਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਅਯੋਜਿਤ ਖੇਡ ਮੇਲੇ ਵਿਚ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਇਸ ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਰਿਲੇਅ ਦੌੜਾਂ ਵਿੱਚ ਫਸਟ ਪੁਜੀਸ਼ਨ ਅਤੇ 200ਮੀਟਰ ਰੇਸ ਵਿੱਚੋਂ ਦੂਜੀ ਪੁਜੀਸ਼ਨ ਹਾਸਿਲ ਕੀਤੀ।ਜਸ਼ਨਪ੍ਰੀਤ ਕੌਰ ਨੇ ਲਾਗ  ਜੰਪ ਵਿੱਚੋਂ ਤੀਸਰੀ ਪੁਜੀਸ਼ਨ ਹਾਸਿਲ ਕੀਤੀ।ਸਕੂਲ ਦੀ ਖੋ-ਖੋ ਟੀਮ ( ਲੜਕੇ) ਤੀਸਰੀ ਪੁਜੀਸ਼ਨ ਹਾਸਿਲ ਕੀਤੀ ਅਤੇ ਖੋ-ਖੋ ਟੀਮ ( ਲੜਕੀਆਂ) ਨੇ ਵੀ ਤੀਸਰੀ ਪੁਜੀਸ਼ਨ ਹਾਸਿਲ ਕੀਤੀ । ਇਸ ਮੌਕੇ ਸਕੂਲ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ ਅਤੇ ਸਮੂਹ ਸਟਾਫ ਨੇ ਦੱਸਿਆ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆ ਵੀ ਕਰਵਾਈਆਂ ਜਾਂਦੀਆ ਹਨ।

ਸ਼੍ਰੋਮਣੀ ਅਕਾਲੀ ਦਲ ( ਅ) ਵੱਲੋਂ ਜੱਸਾ ਸਿੰਘ ਮਾਣਕੀ ਨੂੰ ਜ਼ਿਲਾ ਜੱਥੇਬੰਦੀ ਬਰਨਾਲਾ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ

ਮਹਿਲ ਕਲਾਂ , 03ਸਤੰਬਰ (ਗੁਰਸੇਵਕ ਸੋਹੀ /  ਡਾਕਟਰ ਸੁਖਵਿੰਦਰ ਸਿੰਘ )ਬੀਤੇ ਕੱਲ ਪਾਰਟੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਜੱਥੇਬੰਦੀ ਬਰਨਾਲਾ ਦੀ ਭਰਵੀਂ ਮੀਟਿੰਗ ਗੁਰਦੁਆਰਾ ਸਾਹਿਬ ਬਾਬਾ ਗਾਂਧਾ ਸਿੰਘ ਵਿਖੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਤੇ ਜੱਥੇਬੰਦਕ ਸਕੱਤਰ ਗੋਬਿੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਜ਼ਿਲਾ ਪ੍ਰਧਾਨ ਸ, ਦਰਸ਼ਨ ਸਿੰਘ ਮੰਡੇਰ,ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ,ਕਿਸਾਨ ਵਿੰਗ ਦੇ ਜ਼ਿਲ੍ਹਾ ਆਗੂ ਗੁਰਤੇਜ ਸਿੰਘ ਅਸਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਇਸ ਮੌਕੇ ਵੱਖੋ ਵੱਖ ਬੁਲਾਰਿਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪੋ ਆਪਣੇ ਸੁਝਾਅ ਪੇਸ਼ ਕੀਤੇ। ਅੱਜ ਦੀ ਮੀਟਿੰਗ ਵਿੱਚ ਖਾੜਕੂ ਸੰਘਰਸ਼ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਭਾਈ ਜੱਸਾ ਸਿੰਘ ਮਾਣਕੀ ਜਿਹੜੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸੂਬਾ ਜਨਰਲ ਸਕੱਤਰ ਦੀਆਂ ਸੇਵਾਵਾਂ ਨਿਭਾ ਰਹੇ ਹਨ,ਅੱਜ ਉਨਾ ਨੂੰ ਪਾਰਟੀ ਨੇ ਉਨਾ ਦੀਆਂ ਬਿਹਤਰ ਸੇਵਾਵਾਂ ਬਦਲੇ ਹੋਰ ਜ਼ਿਮੇਵਾਰੀ ਸੋਪਦਿਆਂ ਪਾਰਟੀ ਨੇ ਜ਼ਿਲਾ ਜੱਥੇਬੰਦੀ ਬਰਨਾਲਾ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਹੈ।ਹੁਣ ਭਾਈ ਜੱਸਾ ਸਿੰਘ ਕਿਸਾਨ ਵਿੰਗ ਦੀਆਂ ਸਰਗਰਮੀਆਂ ਦੇ ਨਾਲ ਨਾਲ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨਾਲ ਰਲਕੇ ਆਪਣੀ ਸੇਵਾਵਾਂ ਨਿਭਾਉਣਗੇ।ਇਸ ਮੌਕੇ ਸਾਬਕਾ ਸਰਪੰਚ ਬਲਵੰਤ ਸਿੰਘ ਬਿੱਲੂ ਝਲੂਰ,ਚਰਨ ਸਿੰਘ ਸਿੱਧੂ, ਜਥੇਦਾਰ ਹਰੀ ਸਿੰਘ ਸੰਘੇੜਾ,ਜੀਤ ਸਿੰਘ ਮਾਂਗੇਵਾਲ ਸਰਕਲ ਪ੍ਰਧਾਨ ਠੁੱਲੀਵਾਲ, ਮਹਿੰਦਰ ਸਿੰਘ ਸਹਿਜੜਾ ਸਰਕਲ ਪ੍ਰਧਾਨ ਮਹਿਲ ਕਲਾਂ, ਉਂਕਾਰ ਸਿੰਘ ਬਰਾੜ ਵਰਕਿੰਗ ਕਮੇਟੀ ਮੈਂਬਰ,ਜਸਵੀਰ ਸਿੰਘ ਬਿੱਲਾ ਸੰਘੇੜਾ ਵਰਕਿੰਗ ਕਮੇਟੀ ਮੈਂਬਰ, ਬੀਬੀ ਸੁਖਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਬਰਨਾਲਾ,ਅਜੈਬ ਸਿੰਘ ਭੈਣੀਫੱਤਾ,ਡਾਕਟਰ ਕੁਲਵਿੰਦਰ ਸਿੰਘ ਕਰਮਗੜ ਵਰਕਿੰਗ ਕਮੇਟੀ ਮੈਂਬਰ,ਗੁਰਜੀਤ ਸਿੰਘ ਸਹਿਣਾ ਯੂਥ ਪ੍ਰਧਾਨ,ਕਾਲਾ ਉਗੋਕੇ ਸੁਖਚੈਨ ਸਿੰਘ ਸੰਘੇੜਾ,ਡਾ ਪ੍ਰੇਮਜੀਤ ਸਿੰਘ ਸੰਘੇੜਾ, ਬੀਬੀ ਪਰਮਜੀਤ ਕੌਰ ਸਹਿਰੀ ਪ੍ਰਧਾਨ ਬਰਨਾਲਾ,ਨਛੱਤਰ ਸਿੰਘ ਮਾਂਗੇਵਾਲ, ਨੰਬਰਦਾਰ ਨਛੱਤਰ ਸਿੰਘ ਸੰਘੇੜਾ, ਜੁਗਿੰਦਰ ਸਿੰਘ ਗੁੰਮਟੀ, ਬਲਦੇਵ ਸਿੰਘ ਸੰਧੂ ਪੱਤੀ,ਦੀਪਕ ਸਿੰਗਲਾ ਸੋਸ਼ਲ ਮੀਡੀਆ ਇੰਚਾਰਜ,ਬਿੱਕਰ ਸਿੰਘ ਰਾਏਸਰ, ਮੁਖਤਿਆਰ ਸਿੰਘ ਛਾਪਾ,ਮੇਜਰ ਸਿੰਘ ਪੰਧੇਰ,ਜੱਸੀ ਸਿੰਘ ਧਨੌਲਾ, ਮਨਦੀਪ ਸਿੰਘ ਲਾਡਵਣਜਾਰਾ,ਲਾਭ ਸਿੰਘ ਠੀਕਰੀਵਾਲਾ, ਗੁਰਤੇਜ ਸਿੰਘ ਭੱਦਲਵੱਡ, ਹਰਜਿੰਦਰ ਸਿੰਘ ਗਾਗੇਵਾਲ, ਮਹਿੰਦਰ ਸਿੰਘ ਮਹਿਲ ਕਲਾਂ, ਭੋਲਾ ਸਿੰਘ ਸਰਪੰਚ ਗੰਗੋਹਰ ਆਦਿ ਆਗੂ ਹਾਜ਼ਰ ਸਨ।

ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪਿੰਡ ਹਮੀਦੀ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਚਮਕਾਇਆ 

 ਮਹਿਲ ਕਲਾਂ 03 ਸਤੰਬਰ (ਡਾਕਟਰ ਸੁਖਵਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਜੋੜਨ ਦੀ ਵਿੱਢੀ ਗਈ ਮੁਹਿੰਮ ਤਹਿਤ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪਿੰਡ ਹਮੀਦੀ ਦੇ ਪ੍ਰਿੰਸੀਪਾਲ ਹਰਦੀਪ ਸਿੰਘ ਨੰਗਲ ਅਤੇ ਵਾਇਸ ਪ੍ਰਿੰਸੀਪਲ ਗਗਨਦੀਪ ਸਿੰਘ ਦੀ ਅਗਵਾਈ ਹੇਠ ਸਕੂਲੀ ਵਿਦਿਆਰਥੀਆਂ ਦੀ ਖੋ ਖੋ ਖੇਡਾਂ ਲਈ ਤਿਆਰ ਕੀਤੀ ਟੀਮ ਨੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਅੰਡਰ 17 ਲੜਕਿਆਂ ਅਤੇ ਅੰਡਰ 17 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਚਮਕਾਇਆ ਇਸ ਮੌਕੇ ਪ੍ਰਿੰਸੀਪਲ  ਹਰਦੀਪ ਸਿੰਘ ਨੰਗਲ ਵਾਇਸ ਪ੍ਰਿੰਸੀਪਲ   ਗਗਨਦੀਪ ਸਿੰਘ  ਮੈਡਮ ਗੁਰਵਿੰਦਰ ਕੌਰ ਮੈਡਮ ਸੁਖਬੀਰ ਕੌਰ ਸਾਬਕਾ  ਸਰਪੰਚ ਸੂਬੇਦਾਰ ਸੁਦਾਗਰ  ਸਿੰਘ ਚੋਪੜਾ ਨੇ ਖੋ ਖੋ ਦੇ ਖੇਡ ਮੁਕਾਬਲਿਆਂ ਵਿੱਚੋ ਸਕੂਲੀ ਟੀਮ ਵਲੋਂ ਅਹਿਮ ਪ੍ਰਾਪਤੀਆਂ ਹਾਸਲ ਕਰਨ ਬਦਲੇ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਖੋ ਖੋ ਦੀ ਟੀਮਾ ਨੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਚਮਕਾਇਆ ਉਥੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੇ ਭਵਿੱਖ ਲਈ ਖੇਡਾਂ ਵੱਲ ਹੋਰ ਵਧੀਆ ਢੰਗ ਨਾਲ ਪ੍ਰੇਰਿਤ ਕਰਕੇ ਨਵੀਂ ਟੀਮ ਨੂੰ ਤਿਆਰ ਕਰਕੇ ਹੋਰਨਾਂ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 195ਵਾਂ ਦਿਨ    

ਉਹ ਕਾਹਦੇ ਬਾਬੇ ਨੇ ਜੋ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ  ਸੰਘਰਸ਼ ਨਹੀਂ ਕਰਦੇ : ਦੇਵ ਸਰਾਭਾ 

8 ਸਤੰਬਰ ਨੂੰ ਮੋਰਚੇ ਦੇ 200 ਦਿਨ ਪੂਰੇ ਹੋਣ ਤੇ ਹੋਵੇਗੀ ਪੰਥਕ ਇਕੱਤਰਤਾ  

ਸਰਾਭਾ 3 ਸਤੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 195ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਤੇਜਾ ਸਿੰਘ ਟੂਸੇ ਜਸਪਾਲ ਸਿੰਘ ਸਰਾਭਾ,ਬੰਤ ਸਿੰਘ  ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਦੀ ਧਰਤੀ ਤੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੰਗ ਪੂਰੀ ਭਖੀ ਹੋਈ ਹੈ ।ਦੂਜੇ ਪਾਸੇ ਆਪਣੇ ਵੱਖ ਵੱਖ ਸਿਧਾਂਤਾਂ ਤੇ ਡੇਰੇ ਖੋਲ੍ਹੀ ਬੈਠੇ ਹਨ। ਜੋ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲੈਂਦੇ ਹਨ  ਤੇ ਉਹਦੀ ਵਿਆਖਿਆ ਕਰ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦੀ ਬਜਾਏ ਆਪਣੇ ਨਾਲ ਜੋੜਦੇ ਹਨ । ਜਦ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੀ ਕੁਰਸੀ ਤੇ  ਬੈਠ ਕੇ ਆਪਣੇ ਆਪ ਨੂੰ ਮਾਇਆ ਦੇ ਮੱਥੇ ਵੀ ਟਿਕਾਉਂਦੇ ਹਨ । ਪਰ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਅੱਜ ਤੱਕ ਬੋਲਣ ਨੂੰ ਤਿਆਰ ਨਹੀਂ । ਫੇਰ ਉਹ ਕਾਹਦੇ ਬਾਬੇ ਨੇ ਜੋ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਨਹੀਂ ਕਰਦੇ ।  ਉਹ ਆਪਣੇ ਡੇਰਿਆਂ 'ਚ ਵੱਡੇ ਵੱਡੇ ਸਮਾਗਮ ਵੀ ਕਰਦੇ ਨੇ ਜਿੱਥੇ ਲੱਖਾਂ ਦੀ ਗਿਣਤੀ 'ਚ ਸੰਗਤ ਆਉਣ ਦਾ ਦਾਅਵਾ ਵੀ ਕਰਦੇ ਹਨ। ਪਰ ਉਹ ਬਾਬੇ ਆਪਣੀਆਂ ਸੰਗਤਾਂ ਨੂੰ ਪੰਜਾਬ ਦੇ ਵਿੱਚ ਚੱਲ ਰਹੇ ਸਮੁੱਚੀ ਸਿੱਖ ਕੌਮ ਦੇ ਹੱਕੀ ਮੰਗਾਂ ਲਈ ਸੰਘਰਸ਼ਾਂ ਵਿਚ ਨਹੀਂ ਭੇਜਦੇ । ਉਨ੍ਹਾਂ ਅੱਗੇ ਆਖਿਆ ਕਿ ਜਦ ਕੇ ਸਰਾਭਾ ਪੰਥਕ ਮੋਰਚਾ ਦੇ ਨੇਡ਼ੇ ਕਾਫ਼ੀ ਇਸ ਤਰ੍ਹਾਂ ਦੇ ਬਾਬਿਆਂ ਦੇ ਡੇਰੇ ਹਨ ਪਰ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਿਹਾ ਪੰਥਕ ਮੋਰਚੇ 'ਚ ਹਾਜ਼ਰੀ ਲਾਉਣਾ ਵੀ ਮੁਨਾਸਿਬ ਨਹੀਂ ਸਮਝਿਆ।ਜਦਕਿ ਸਾਨੂੰ ਬਾਬਿਆਂ ਦਾ ਮੋਰਚੇ ਵਿੱਚ ਆਉਣਾ ਕੋਈ ਦੁੱਖ ਨਹੀਂ ਕਿਉਂਕਿ ਸਾਡਾ ਮੋਰਚਾ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ ਪਰ ਜੇਕਰ ਪੂਰੇ ਪੰਜਾਬ ਦੇ ਬਾਬਿਆਂ ਦੀਆਂ ਸੰਗਤਾਂ ਇਕ ਮੰਚ, ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਕੱਠੀਆਂ ਹੋ ਕੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਾਰਨ ਤਾਂ ਮੋਰਚਾ ਜਲਦ ਫ਼ਤਿਹ ਹੋ ਸਕਦਾ ਹੈ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ 8 ਸਤੰਬਰ ਦਿਨ ਵੀਰਵਾਰ ਨੂੰ ਸਰਾਭਾ ਪੰਥਕ ਮੋਰਚੇ ਦੇ 200 ਦਿਨ ਪੂਰੇ ਹੋਣਗੇ ਉਸੇ ਦਿਨ ਇੱਕ ਪੰਥਕ ਇਕੱਤਰਤਾ ਕੀਤਾ ਜਾਵੇਗਾ । ਜਿਸ ਵਿੱਚ ਮੋਰਚੇ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ।               । ਇਸ ਮੌਕਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਮਹੋਲੀ ਖੁਰਦ ਪਰਿਵਾਰ ਚੋਂ ਬਾਬਾ ਬੰਤ ਸਿੰਘ ਮਹੋਲੀ ਖੁਰਦ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋਂ,ਹਰਚੰਦ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਜਿਹੜੀ ਕੌਮ ਨੇ 95% ਤੋਂ ਵੱਧ ਕੁਰਬਾਨੀਆਂ ਦੇਸ਼ ਲਈ ਕੀਤੀਆਂ ਉਨ੍ਹਾਂ ਦੀ ਧੀਆਂ ਪ੍ਰਸ਼ਾਸਨ ਹੱਥੋਂ ਬੇਪੱਤ ਹੋ ਰਹੀਆਂ ਹਨ - ਢੋਲਣ  

ਹੁਣ ਵੱਡੇ ਸੰਘਰਸ਼ ਦੀ ਹੋਵੇਗੀ ਸ਼ੁਰੂਆਤ ਜੇ ਕਰ ਕੁਲਵੰਤ ਕੌਰ ਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ  

ਜਗਰਾਉਂ, 03 ਸਤੰਬਰ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ ) ਜਿਹੜੀ ਕੌਮ ਨੇ 95% ਤੋਂ ਵੀ ਵਧ ਕੁਰਬਾਨੀ ਦੇਸ਼ ਦੀ ਆਜਾਦੀ ਦੀ ਲੜਾਈ ਵਿੱਚ ਮੂਹਰੇ ਹੋਕੇ ਦਿੱਤੀ ਸੀ, ਓਸੇ ਕੌਮ ਦੀਆਂ ਧੀਆਂ ਉੱਪਰ ਹੋਏ ਅਤਿਆਚਾਰ ਦਾ ਇੰਨਸਾਫ ਅਜ ਇਹ ਦੇਸ਼ ਦਾ ਗੰਦਾ ਤੇ ਭ੍ਰਿਸ਼ਟ ਨਿਜਾਮ ਦੇਣ ਤੋਂ ਅਸਫਲ ਰਿਹਾ ਹੈ, ਅਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਿਲਾ ਲੁਧਿਆਣਾ ਬਰਨਾਲਾ ਪਰਧਾਨ ਜਸਪ੍ਰੀਤ ਸਿੰਘ ਢੋਲਣ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼ਰਮ ਮਹਿਸੂਸ ਹੁੰਦੀ ਇਨਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਪੰਜਾਬ ਦੀ ਇਕ ਧੀ ਉੱਪਰ ਹੋਏ ਅਤਿਆਚਾਰ ਬਾਰੇ ਚੁੱਪੀ ਧਾਰੀ ਹੋਈ ਦੇਖਦਿਆਂ,  ਉਸ ਗਰੀਬ ਪਰਿਵਾਰ ਦੀ ਬੱਚੀ ਨੇ ਲਗਭਗ 17 ਸਾਲ ਲੰਬਾ ਸੰਤਾਪ ਹੰਢਾਇਆ ਹੈ, ਉਸ ਉੱਪਰ ਹੋਏ ਜੁਲਮ ਦੀ ਦਾਸਤਾਨ ਉਸਦੀ ਉਹ ਤਸਵੀਰ ਬਿਆਨ ਕਰ ਰਹੀ ਹੈ ਜਿਸ ਵਿੱਚ ਉਹ ਪਿੰਜਰ ਹੋ ਚੁੱਕੀ ਦਿਖਾਈ ਦੇ ਰਹੀ ਹੈ,  ਦੋਸ਼ੀ ਗੁਰਿੰਦਰ ਬਲ ਤੇ ਉਸਦੇ ਸਾਥੀਆਂ ਨੇ ਐਸੇ ਕਸਾਈਪੁਣੇ ਦੀ ਮਿਸਾਲ ਸਮਾਜ ਵਿੱਚ ਨਸ਼ਰ ਕੀਤੀ ਹੈ ਜਿਸ ਦੀ ਉਦਾਹਰਨ ਸ਼ਾਇਦ ਹੋਰ ਕੋਈ ਨਹੀਂ ਮਿਲਦੀ,ਉਨਾਂ ਕਿਹਾ ਕਿ ਪੀੜਿਤ ਪਰਿਵਾਰ ਨੂੰ ਇੰਨਸਾਫ ਨਾ ਦੇਕੇ ਸਰਕਾਰਾਂ ਵੱਲੋਂ ਅਸਿੱਧੇ ਤੌਰ ਤੇ ਦੋਸ਼ੀ ਗੁਰਿੰਦਰ ਬਲ ਤੇ ਉਸਦੇ ਸਾਥੀਆਂ ਦਾ ਹੀ ਸਾਥ ਦਿੱਤਾ ਗਿਆ ਹੈ, ਉਨਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਪੰਥ ਜੁਲਮ ਵਿਰੋਧੀ ਰਿਹਾ ਹੈ ਤੇ ਹਮੇਸ਼ਾਂ ਰਹੇਗਾ, ਇਸ ਜੁਲਮ ਵਿਰੁੱਧ ਲਾਮਬੰਦ ਲੜਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਥੇਬੰਦੀ ਵਲੋਂ ਹੋਰ ਜੁਝਾਰੂ ਜਥੇਬੰਦੀਆਂ ਦੇ ਨਾਲ ਮੂਹਰੇ ਹੋਕੇ ਲੜੀ ਜਾਵੇਗੀ ਤੇ ਹਰ ਹੀਲੇ ਪੀੜਿਤ ਪਰਿਵਾਰ ਨੂੰ ਇੰਨਸਾਫ ਦਿਵਾ ਕੇ ਰਹੇਗੀ ।ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੁਲਮ ਵਿਰੁੱਧ ਲਾਮਬੰਦ ਸੰਘਰਸ਼ ਵਿੱਚ ਜਥੇਬੰਦੀਆਂ ਦਾ ਵਧ ਚੜਕੇ ਸਾਥ ਦੇਣ ਅਤੇ ਜੋ ਮਿਤੀ 8-9-2022 ਨੂੰ ਜਥੇਬੰਦੀਆਂ ਦੀ ਸਮੂਹਿਕ ਏਕਤਾ , ਸਾਰੀਆਂ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ ਹੈ ਕਿ ਬਸ ਸਟੈਂਡ 11 ਵਜੇ ਇਕੱਤਰ ਹੋ ਕੇ ਇਕ ਰੋਸ ਮਾਰਚ,  ਰੈਲੀ ਐਸ,ਐਸ, ਪੀ, ਦਫਤਰ ਤਕ ਕਢੀ ਜਾਵੇਗੀ ਉਸ ਵਿੱਚ ਸ਼ਾਮਿਲ ਹੋ ਕੇ ਜਬਰ ਜੁਲਮ ਵਿਰੁੱਧ ਡਟਕੇ ਲਾਮਬੰਦ ਹੋਣ ਦਾ ਸਬੂਤ ਦੇਣ ।ਇਸ ਪ੍ਰੈਸ ਨੋਟ ਜਾਰੀ ਕਰਨ ਸਮੇਂ  ਉਨਾਂ ਨਾਲ ਕਿਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਲੁਧਿਆਣਾ ਪਰਧਾਨ  ਤਰਲੋਚਨ ਸਿੰਘ ਝੋਰੜਾਂ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜਦੂਰ ਜਥੇਬੰਦੀ ਤੋਂ ਜਸਦੇਵ ਸਿੰਘ ਲਲਤੋਂ, ਕਿਸਾਨ ਜਥੇਬੰਦੀ ਬੀ ਕੇ ਯੂ ਡਕੌਂਦਾ ਤੋਂ ਜੱਗਾ ਸਿੰਘ ਢਿਲੋਂ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਤੋਂ ਬਲਦੇਵ ਸਿੰਘ,ਮੀਰੀ ਪੀਰੀ ਤਰਨਾ ਦਲ ਭਾਈ ਰੂਪ ਚੰਦ ਜੀ ਦੇ ਆਲ ਇੰਡੀਆ ਮੁਖੀ ਅਰਸ਼ਦੀਪ ਸਿੰਘ,  ਇੰਟਰਨੈਸ਼ਨਲ ਯੂਨਾਈਟਿਡ ਅਕਾਲੀ ਦਲ ਤੋਂ ਪੰਜਾਬ ਸਕੱਤਰ ਜਸਵਿੰਦਰ ਸਿੰਘ ਘੋਲੀਆ ਵਲੋਂ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ ।

ਜਗਰਾਉਂ ਦੇ ਸ਼ਾਸਤਰੀ ਨਗਰ ਮੁਹੱਲੇ ਵਿੱਚ ਦਿਨ ਦਿਹਾੜੇ ਲੁੱਟ ਕਰਨ ਵਾਲੇ ਨੌਜਵਾਨ ਨੂੰ 24 ਘੰਟਿਆਂ ਅੰਦਰ ਪੁਲਸ ਨੇ ਕੀਤਾ ਗ੍ਰਿਫ਼ਤਾਰ  

ਜਗਰਾਉਂ, 03 ਸਤੰਬਰ (ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ) ਜਗਰਾਉਂ ਦੇ ਸੰਘਣੀ ਵਸੋਂ ਵਾਲੇ ਮੁਹੱਲਾ ਸ਼ਾਸਤਰੀ ਨਗਰ ਵਿੱਚ ਦਿਨ ਦਿਹਾੜੇ ਇਕ ਘਰ ਵਿਚ ਵੜ ਕੇ ਦੋ ਔਰਤਾਂ ਕੋਲੋਂ ਚਾਰ ਸੋਨੇ ਦੀਆਂ ਚੂਡ਼ੀਆਂ ਪਿਸਤੌਲ  ਦੀ ਨੋਕ ਤੇ ਲੁੱਟਣ ਵਾਲੇ ਨੌਜਵਾਨ ਨੂੰ ਥਾਣਾ ਸਦਰ ਜਗਰਾਓਂ ਦੀ ਪੁਲਸ ਨੇ 24 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ । ਮਿਲੀ ਜਾਣਕਾਰੀ ਅਨੁਸਾਰ  ਥਾਣਾ ਸਦਰ ਦੇ ਐਸਐਚਓ ਹਰਪ੍ਰੀਤ ਸਿੰਘ ਅਤੇ ਡੀ ਐਸ ਪੀ ਜਗਰਾਉਂ ਸਤਿੰਦਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਗੌਰਵ ਕੁਮਾਰ ਗੱਗੂ ਜੋ ਕਿ ਜਗਰਾਉਂ  ਦਾ ਰਹਿਣ ਵਾਲਾ ਹੈ ਤੇ ਇਕ ਕਬਾੜ ਦੀ ਫੇਰੀ ਲਾਉਂਦਾ ਹੈ ਜੋ ਕਿ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕਰਦਾ ਹੈ । ਬੀਤੇ ਦਿਨ ਦੀ ਘਟਨਾ ਵਿੱਚ ਉਸ ਨੇ ਵਾਰਦਾਤ ਨੂੰ ਨਕਲੀ ਪਿਸਤੌਲ ਜੋ ਕਿ ਅਸਲ ਵਿਚ ਲਾਈਟਰ ਪਸਤੌਲ ਹੈ ਦੇ ਨਾਲ ਅੰਜਾਮ ਦਿੱਤਾ ਹੈ  । ਪੁਲੀਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਕੋਲੋਂ ਅੱਜ 45 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀ ਗਈਆਂ ਹਨ  ਅਤੇ ਲੁੱਟੀਆਂ ਗਈਆਂ ਚਾਰ ਚੂਡ਼ੀਆਂ  ਵਿੱਚੋਂ ਇੱਕ ਚੂੜੀ ਇਸ ਨੇ ਪੁਲੀਸ ਨੂੰ ਦੇ ਦਿੱਤੀ ਹੈ ਪਰ ਅਜੇ ਤਿੰਨ ਚੂੜੀਆਂ ਬਰਾਮਦ ਕਰਨੀਆਂ ਬਾਕੀ ਹਨ। ਹੁਣ ਇਸ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ  ਰਿਮਾਂਡ ਦੌਰਾਨ ਇਸ ਤੋਂ ਅਗਲੀ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਜੋ ਸੀਸੀਟੀਵੀ ਫੁਟੇਜ ਵਿੱਚ ਐਕਟਿਵਾ ਨਜ਼ਰ ਆਈ ਸੀ ਉਸ ਦਾ ਵੀ ਪਤਾ ਲਾਇਆ ਜਾਵੇਗਾ।    

ਫੜ੍ਹ ਬਾਂਹ ਮੇਰੀ ਨੂੰ ,

ਨੀਂਦ ਚੋਂ , ਉਠਾਂਦੀ ਓਹ ,

ਪਤਾ ਕਿਹੜੇ ਕਿਹੜੇ ,

ਬਿਰਹੋਂ ਦੇ ਗੀਤ ਲਿਖਾਉਦੀ ਓਹ ।

ਕੁਝ ਹੱਸਦੇ ,ਕੁਝ ਰੋਂਦੇ 

ਬਹਿ ਬਹਿ ਕੱਲੇ ਨੇ ,

ਸ਼ਬਦ ਮੇਰੇ ਵੀ ,

ਮੇਰੇ ਵਾਂਗੂੰ ਝੱਲੇ ਨੇ ,

ਹੱਸਦਿਆਂ ਨੂੰ ਹੋਰ ,

ਰੋਂਦਿਆਂ ਨੂੰ ਚੁੱਪ ਕਰਾਉਂਦੀ ਓਹ ।

ਫੜ ਬਾਂਹ .............

ਕਵਿਤਾ ,ਗੀਤ ,ਗ਼ਜ਼ਲ 

ਕੀ ਕੀ ਰੰਗ ਨੇ ਉਸਦੇ ,

ਵੱਖੋ ਵੱਖਰੇ ਬੋਲਣ ਦੇ , 

ਸ਼ਾਇਰ ,ਢੰਗ ਨੇ ਉਸਦੇ ,

ਕੰਠ ਦੇ ਵਿੱਚ ਬੈਠ ਕੇ ,

ਸਰਵਤੀ ਅਖਵਾਉਦੀ ਓਹ ।

ਫੜ੍ਹ ਬਾਂਹ ..................

ਛਿੜਦਾ ਅੰਦਰ ,

ਪਤਾ ਨਹੀਂ ਕਿਵੇਂ ਸੰਗੀਤ ,

ਅੱਖਰਾਂ ਦੇ ਨਾਲ ,

ਪੈ ਜਾਂਦੀ ਕਿਵੇਂ ਪ੍ਰੀਤ ,

ਕਦੇ ਨਹੀਂ ਪੜ੍ਹੇ ,

ਆਪੇ ਪੜਾਉਂਦੀ ਓਹ ।

ਫੜ੍ਹ ਬਾਂਹ .....................

ਅਸਰ ਨਹੀਂ ਕੋਈ ,

ਗਰਮ ਸਰਦ ਰੁੱਤਾਂ ਦਾ ,

ਬਿਰਹੋਂ ਦੇ ਮਾਰੇ ,

'ਦਰਦੀ' ਵਰਗੇ ਪੁੱਤਾਂ ਦਾ ,

ਕ੍ਰਿਸ਼ਨ ਦੀ ਬੰਸੀ , ਰਬਾਬ ਚ'

ਸੰਗੀਤ ਬਣ ਆਉਦੀ ਓਹ ।

ਫੜ੍ਹ ਬਾਂਹ ......................

      ਸਿਵਨਾਥ ਦਰਦੀ 

ਸੰਪਰਕ 9855155392

ਮੇਰੇ ਅਧਿਆਪਕ

ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦੀ ਹਦੂਦ ਅੰਦਰ ਪੈਦੇ, ਪਿੰਡ ਕੋਠਾਗੁਰੂ ਦੇ ਮੇਨ ਬੱਸ ਸਟੈਂਡ ਉਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਬਣੀ ਹੋਈ ਹੈ, ਉਸਦਾ ਜਿਕਰ ਮੈ ਜਦੋਂ ਵੀ ਬਠਿੰਡਾ ਤੋਂ ਪਿੰਡ ਜਾਵਾਂ, ਮੇਰੇ ਨਾਲ ਕਿਸੇ ਵੀ ਵਹੀਕਲ ਤੇ ਬੈਠੇ ਹੋਏ ਵਿਅਕਤੀ/ਬੱਚਿਆਂ ਆਦਿ ਨਾਲ ਨਾ ਕਰਾਂ, ਸਾਇਦ ਇਹ ਕਦੇ ਵੀ ਨਹੀ ਹੋਇਆ । ਜਿੱਥੇ ਸਾਲ 1989-1993 ਤੱਕ ਅੰਗਰੇਜ਼ੀ ਦੇ ਅੱਖਰ 'ਐਲ' ਨੁਮਾ ਬਣੀ ਇਮਾਰਤ ਵਿੱਚ ਬਣੇ ਉਹਨਾਂ ਕਮਰਿਆਂ ਦੇ ਅੱਗੇ ਖਾਲ੍ਹੀ ਜਗ੍ਹਾ (ਪਾਰਕ ) ਵਿੱਚ ਪੀਰੀਅਡ ਖਤਮ ਹੋਣ ਤੋਂ ਬਾਅਦ ਬੈਠੇ ਉਹਨਾਂ ਸਤਿਕਾਰਯੋਗ ਅਧਿਆਪਕ ਸਾਹਿਬਾਨਾਂ ਨੂੰ ਜਦੋਂ ਅੱਜ 29 ਸਾਲ ਬਾਅਦ ਵੀ ਜਹਿਨ ਵਿੱਚ ਯਾਦ ਕਰਦੇ ਹਾਂ ਤਾਂ ਮਨ ਨੂੰ ਬਹੁਤ ਨਿੱਘਾ ਸਕੂਨ ਮਿਲਦਾ ਹੈ ਅਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ ਕਿ ਮੈ ਉਹਨਾਂ ਸਾਰੇ ਹੀ ਵਿਲੱਖਣ ਸੂਝ ਬੂਝ ਦੇ ਧਾਰਨੀ, ਚਾਨਣ ਦੇ ਮੁਨਾਰਿਆਂ ਪਾਸੋਂ ਜਿੰਦਗੀ ਵਿੱਚ ਅਗਾਂਹਵਧੂ, ਹੌਸਲਾਮਈ ਸੋਚ ਦੀ ਪ੍ਰੇਰਨਾ ਹਾਸਲ ਕੀਤੀ ਹੈ । ਸਭ ਤੋਂ ਪਹਿਲਾਂ ਇਹਨਾਂ ਚਾਨਣ ਦੇ ਮੁਨਾਰੇ, ਗਿਆਨ ਗੁਰੂ ਜੋ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ, ਨੂੰ ਮੇਰੇ ਵੱਲੋਂ ਦਿਲੋਂ ਸਿਜਦਾ ਕੀਤਾ ਜਾਂਦਾ ਹੈ । ਸਾਡੇ ਮਨਾਂ ਵਿੱਚ ਸਦਾ ਅਮਿੱਟ ਛਾਪ ਛੱਡਣ ਵਾਲੀਆਂ ਇਹਨਾਂ ਸਤਿਕਾਰਤ ਸਖਸ਼ੀਅਤਾਂ ਨੂੰ ਅੱਜ ਦੇ ਦਿਨ ਅਧਿਆਪਕ ਦਿਵਸ ਉਪਰ ਯਾਦ ਕਰਨਾ ਹਰ ਸਿਖਿਆਰਥੀ ਲਈ ਬੜੇ ਫਖਰ ਵਾਲੀ ਗੱਲ ਹੈ ।

ਕਿਸ ਗਿਆਨ ਗੁਰੂ ਦੀ ਵਿਆਖਿਆ ਪਹਿਲਾਂ ਸ਼ੁਰੂ ਕਰਾਂ ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਪੰਜਾਬ ਦੇ ਬਸ਼ਿੰਦੇ ਹਾਂ ਇਸ ਲਈ ਗੱਲ ਵੀ ਪਹਿਲਾਂ ਪੰਜਾਬੀ ਦੀ ਹੀ ਕਰਨੀ ਬਣਦੀ ਹੈ, ਇਸ ਲਈ ਪਹਿਲਾਂ ਯਾਦ ਹੀ ਗਿਆਨੀ ਇੰਦਰ ਸਿੰਘ ਵਾਸੀ ਘਣੀਆਂ ਜ਼ਿਲ੍ਹਾ ਫਰੀਦਕੋਟ ਅਤੇ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਦੇ ਅਧਿਆਪਕ ਸ੍ਰੀ ਜਸਵੰਤ ਸਿੰਘ ਵਾਸੀ ਪਿੰਡ ਘਣੀਆਂ ਜ਼ਿਲ੍ਹਾਂ ਫਰੀਦਕੋਟ ਜੀ ਨੂੰ ਕਰਨਾ ਬਣਦਾ ਹੈ । ਗਿਆਨੀ ਇੰਦਰ ਸਿੰਘ ਜੀ ਇੱਕ ਸਾਦਗੀ ਭਰਪੂਰ ਅਤੇ ਸ਼ਾਤ ਸੁਭਾਅ ਦੇ ਮਾਲਕ ਸਨ ਅਤੇ ਸ੍ਰੀ ਜਸਵੰਤ ਸਿੰਘ ਥੋੜਾ ਸਖਤ ਲਹਿਜੇ ਵਾਲੇ ਸਨ । ਦੋਨਾਂ ਨੇ ਪਿੰਡ ਘਣੀਆਂ ਤੋ ਇਕੱਠੇ ਆਉਣਾ ਹੁੰਦਾ ਸੀ, ਇਸ ਲਈ ਕਦੇ ਚੇਤਕ ਸਕੂਟਰ ਤਾਂ ਕਦੇ ਰਾਜਦੂਤ ਦੀ ਅਵਾਜ ਸੁਣਨ ਨੂੰ ਮਿਲਦੀ ਸੀ । ਪਿੰਡ ਕੋਠਾ ਗੁਰੂ ਦੇ ਸਕੂਲ ਵਿੱਚੋਂ ਘਣੀਆਂ ਤੋਂ ਵਾਇਆ ਮਲੂਕਾ, ਕੋਠਾ ਗੁਰੂ ਆਉਣ ਵਾਲੀ ਸੜ੍ਹਕ ਰਾਹੀ ਹੀ ਇਹ ਦੋਨੋਂ ਅਧਿਆਪਕ ਸਾਹਿਬਾਨ ਕਦੇ ਅਲੱਗ-ਅਲੱਗ ਵਹੀਕਲਾਂ ਤੇ ਅਤੇ ਕਦੇ-ਕਦੇ ਦੋਨੋਂ ਇੱਕ ਹੀ ਵਹੀਕਲ ਆਉਂਦੇ ਸਨ, ਮੇਰੇ ਵਰਗੇ ਸਿਖਿਆਰਥੀ ਅਕਸਰ ਵੇਖਦੇ ਹੁੰਦੇ ਸੀ ਕਿ ਕੀ ਅੱਜ ਦੋਨੋਂ ਅਧਿਆਪਕ ਸਾਹਿਬਾਨ ਆ ਰਹੇ ਹਨ ਜਾਂ ਇੱਕ ਹੀ ਨੇ, ਕਿਉਂਕਿ ਉਸ ਸਮੇਂ ਉਮਰ ਹੀ ਅਜਿਹੀ ਹੁੰਦੀ ਸੀ, ਜੇਕਰ ਕਿਸੇ ਦਿਨ ਇੱਕ ਹੀ ਅਧਿਆਪਕ ਸਾਹਿਬ ਆਉਂਦੇ ਵਿਖ ਜਾਂਦੇ ਤਾਂ ਇੰਝ ਲਗਦਾ ਸੀ ਪਤਾ ਨਹੀ ਕਿ ਮਿਲ ਗਿਆ ਹੋਵੇ । ਠੀਕ ਹੈ ਕਿ ਅੱਜ ਗਿਆਨੀ ਇੰਦਰ ਸਿੰਘ ਜੀ ਪੰਜਾਬੀ ਅਧਿਆਪਕ ਜੀ ਦੁਆਰਾ ਦਿੱਤੀ ਗਈ ਸਿੱਖਿਆ ਦੀ ਬਦੌਲਤ ਪੰਜਾਬੀ ਲਿੱਪੀ ਦੀਆਂ ਮਾਤਰਾਵਾਂ, ਬਿੰਦੀ, ਟਿੱਪੀ ਆਦਿ ਦੀ ਜਾਣਕਾਰੀ ਹੈ ਪਰ ਇਸਦੇ ਉਲਟ ਸ੍ਰੀ ਜਸਵੰਤ ਸਿੰਘ ਜੀ ਵਰਗੇ ਮਿਹਨਤੀ ਅਧਿਆਪਕ ਸਾਹਿਬ ਜੀ ਦੀ ਮਿਹਨਤ ਦੇ ਬਾਵਜੂਦ ਮੈਂ ਉਹਨਾਂ ਦੀ ਮਿਹਨਤ ਤੇ ਪੂਰਨ ਤੌਰ ਤੇ ਖਰਾ ਨਹੀ ਉਤਰ ਸਕਿਆ ਹਾਂ, ਫਿਰ ਵੀ ਅੱਜ ਦੇ ਸਮੇਂ ਦੇ ਕਾਰਨ ਅਜੋਕੇ ਸਮੇਂ ਦੀ ਬਹੁਤ ਚਰਚਿਤ ਭਾਸ਼ਾ ਨੂੰ ਸਮਝਣ ਵਿੱਚ ਕੁਝ ਹੱਦ ਤੱਕ ਪਰਪੱਕ ਹੋ ਪਾਇਆ ਹਾਂ ।

ਗਣਿਤ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਆਤਮਤੇਜ ਸ਼ਰਮਾ ਜੀ ਦੇ ਸੁਭਾਅ ਦੀ ਕਿੱਥੋਂ ਸ਼ੁਰੂਆਤ ਕਰਾਂ, ਇਹ ਵੀ ਇੱਕ ਮੁਸ਼ਕਲ ਪ੍ਰਸ਼ਨ ਹੈ । ਮਿਠਾਸ ਅਤੇ ਸਾਦਗੀ ਉਹਨਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਦੀ ਸੀ ਅਤੇ ਅੱਜ ਵੀ ਲਾਉਦੀ ਹੈ । ਉਹਨਾਂ ਦੁਆਰਾ ਕਲਾਸ ਅੰਦਰ ਪੜ੍ਹਾਉਣ ਸਮੇ ਵਰਤੇ ਜਾਂਦੇ ਸ਼ਬਦ ਸੱਜਣ ਅਤੇ ਬੱਚੂ ਅੱਜ ਵੀ ਜਦੋਂ ਯਾਦ ਆਉਂਦੇ ਹਨ ਤਾਂ ਧੁਰ ਅੰਦਰ ਤੱਕ ਵਿਲੱਖਣ ਤਰੰਗ ਛਿੜਦੀ ਹੈ । ਜਦੋਂ ਉਹਨਾਂ ਦੁਆਰਾ ਕੋਈ ਪ੍ਰਸ਼ਨ ਸਮਝਾਏ ਜਾਣ ਤੇ ਬਹੁਤੇ ਵਿਦਿਆਰਥੀਆਂ ਵੱਲੋਂ ਅਣਗੌਲਿਆਂ ਕਰਨ ਦੀ ਗੱਲ ਉਹਨਾਂ ਵੱਲੋਂ ਵੇਖੀ ਜਾਂਦੀ ਤਾਂ ਉਹਨਾਂ ਵੱਲੋਂ ਆਪਣੇ ਕੋਲ ਬੁਲਾਉਣਾ ਅਤੇ ਗੱਲਾਂ ਕਰਦੇ ਹੀ ਦੋਨੋ ਹੱਥ ਇਕੱਠੇ ਕਦੋਂ ਗੱਲਾਂ ਤੇ ਆ ਵਜਦੇ ਸਨ ਦਾ ਕਦੇ ਭੋਰਾ ਵੀ ਅੰਦਾਜ਼ਾ ਨਹੀ ਸੀ ਲੱਗਦਾ । ਸ਼ਾਇਦ ਅਸੀ ਉਸ ਸਜ਼ਾ ਦੇ ਉਸ ਸਮੇਂ ਹੱਕਦਾਰ ਵੀ ਹੁੰਦੇ ਸੀ ਇਸ ਲਈ ਦਿੱਤੀ ਗਈ ਸਜ਼ਾ ਦਾ ਕਦੇ ਵੀ ਅਫਸੋਸ ਨਹੀ ਹੈ । ਅੱਜ ਪਤਾ ਲੱਗਦਾ ਕਿ ਬਦਾਮ ਜਾਂ ਦਿਮਾਗੀ ਸ਼ਕਤੀ ਤੇਜ ਕਰਨ ਲਈ ਵਰਤੀਆਂ ਜਾਂਦੀਆਂ ਦਵਾਈਆਂ ਆਦਿ ਉਕਤ ਸਜ਼ਾ ਦੀ ਗੂੰਜ ਤੋਂ ਕਿਤੇ ਥੱਲ੍ਹੇ ਹਨ । ਮਾਸਟਰ ਜੀ ਅਤੇ ਮੇਰਾ ਪਿੰਡ ਇੱਕ ਹੀ ਸੀ, ਇਸ ਲਈ ਅਕਸਰ ਗਾਹੇ-ਵਗਾਹੇ ਉਹਨਾਂ ਨਾਲ ਮੇਲ੍ਹ ਹੁੰਦਾ ਰਹਿੰਦਾ ਹੈ । ਅੱਜ ਤੱਕ ਕਦੇਂ ਅਜਿਹਾ ਸਮਾਂ ਨਹੀ ਆਇਆ ਕਿ ਮਾਸਟਰ ਜੀ ਸਾਹਮਣੇ ਹੋਣ, ਉਹਨਾਂ ਦਾ ਧਿਆਨ ਮੇਰੇ ਵਿੱਚ ਹੋਵੇ ਜਾਂ ਨਾ ਹੋਵੇ, ਮੇਰੇ ਕਦਮ ਉਹਨਾਂ ਵੱਲ ਜਾਣ ਨੂੰ ਝਿਜਕੇ ਹੋਣ । ਮੈਂ ਮਾਸਟਰ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ।

 

ਵਿਗਿਆਨ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਜਗਦੀਸ਼ ਰਾਏ ਜੀ ਦਾ ਵਿਗਿਆਨ ਵਿਸ਼ੇ ਨੂੰ ਪੜ੍ਹਾਉਣ ਦਾ ਇੱਕ ਵੱਖਰਾ ਹੀ ਤਰੀਕਾ ਸੀ । ਉਹ ਵਿਦਿਆਰਥੀਆਂ ਨੂੰ ਅਕਸਰ ਹੀ ਲੈਬ ਅੰਦਰ ਲਿਆ ਕੇ ਵਿਗਿਆਨ ਦੀ ਬਾਰੀਕੀਆਂ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਨ । ਅੱਜ ਕੱਲ ਉਹ ਆਪਣੇ ਬੇਟਿਆਂ ਕੋਲ ਬਠਿੰਡਾ ਵਿਖੇ ਰਹਿੰਦੇ ਹਨ ਪਰੰਤੂ ਬਾਵਜੂਦ ਮੈਂ ਖੁਦ ਬਠਿੰਡਾ ਦਾ ਵਸਨੀਕ ਹੋਣ ਦੇ ਉਹਨਾਂ ਨੂੰ ਕਦੇ ਜਿੰਦਗੀ ਦੇ ਰੁਝੇਵਿਆਂ ਕਾਰਨ ਮਿਲ ਨਹੀ ਸਕਿਆ, ਕੋਸਿਸ਼ ਕਰਾਂਗਾ ਕਿ ਰੁਝੇਵਿਆਂ ਨੂੰ ਥੋੜ੍ਹਾ ਵਿਰਾਮ ਦੇ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਆਦਿ ਬਾਰੇ ਜਾਣ ਸਕਾਂ ।

ਹਿੰਦੀ ਵਿਸ਼ੇ ਨਾਲ ਸਬੰਧਤ ਮਾਸਟਰ ਮਨੋਹਰ ਲਾਲ ਜੀ ਹਿੰਦੀ ਅਧਿਆਪਕ ਜੋ ਅੱਜ ਇਸ ਦੁਨੀਆਂ ਵਿੱਚ ਨਹੀ ਰਹੇ, ਹੱਸਮੁੱਖ ਸੁਭਾਅ ਦੇ ਮਾਲਕ ਸਨ । ਮੇਰਾ ਨਿੱਜੀ ਤੌਰ ਤੇ ਹਿੰਦੀ ਵਿਸ਼ੇ ਨਾਲ ਉਸ ਸਮੇਂ ਕਾਫੀ ਲਗਾਵ ਸੀ, ਜਿਸ ਕਾਰਨ ਬਹੁਤ ਘੱਟ ਮੌਕੇ ਅਜਿਹੇ ਹੋਣਗੇ ਕਿ ਮੇਰੇ ਹਿੰਦੀ ਵਿਸ਼ੇ ਵਿੱਚੋਂ ਨੰਬਰ 70-80 ਦੇ ਦਰਮਿਆਨ ਨਾ ਆਏ ਹੋਣ । ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਪਿਛਲੇ ਸਾਲ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਲ ਨਹੀ ਹੋ ਸਕਿਆ ।

ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਸ੍ਰੀਮਤੀ ਮਲਕੀਤ ਕੌਰ ਜੀ ਜੋ ਕਿ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੂੰ ਦਲੇਰਾਨਾ ਢੰਗ ਨਾਲ ਹਰਾਉਣ ਉਪਰੰਤ, ਇੱਕ ਵਾਰ ਫਿਰ ਤੋਂ ਇਸ ਨਾ-ਮੁਰਾਦ ਬਿਮਾਰੀ ਦੇ ਕਲੇਵੇ ਵਿੱਚ ਆ ਜਾਣ ਕਾਰਨ ਕੁਝ ਹੀ ਸਮੇਂ ਅੰਦਰ ਜਨਵਰੀ 2021 ਦੌਰਾਨ ਕੈਨੇਡਾ ਦੀ ਧਰਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਜਦੋਂ ਅਸੀ ਛੇਵੀਂ ਕਲਾਸ ਵਿੱਚ ਦਾਖਲ ਹੋਏ ਤਾਂ ਉਸੇ ਹੀ ਸਮੇਂ ਇਹਨਾਂ ਵੱਲੋਂ ਸਾਡੇ ਸਕੂਲ ਵਿਖੇ ਜੁਆਇਨ ਕੀਤਾ ਗਿਆ । ਸੁਭਾਅ ਕਾਫੀ ਸਖਤ ਸੀ, ਪੜ੍ਹਾਉਣ ਦਾ ਜਜਬਾ ਲਾ-ਜਵਾਬ ਸੀ ਪਰੰਤੂ ਸਮਾਜਿਕ ਸਿੱਖਿਆ ਦੇ ਵੱਡੇ ਵੱਡੇ ਪ੍ਰਸ਼ਨ ਅਕਸਰ ਦਿਮਾਗ ਦੇ ਬਾਹਰੋਂ ਹੀ ਗੁਜਰ ਜਾਂਦੇ ਸੀ ਅਤੇ ਮੈਡਮ ਦੀ ਸਜ਼ਾ ਦਾ ਡਰ ਅਕਸਰ ਬਣਿਆ ਰਹਿੰਦਾ ਸੀ । ਅੱਜ ਵੀ ਉਹ ਸਜ਼ਾ ਦਿਮਾਗ ਨੂੰ ਤਰੋ ਤਾਜਾ ਕਰ ਦਿੰਦੀ ਹੈ ।

ਪੜ੍ਹਾਈ ਲਿਖਾਈ ਦੇ ਨਾਲ ਨਾਲ ਸਿਹਤ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਇਸ ਲਈ ਸਰੀਰਕ ਸਿੱਖਿਆ ਦੇ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਗੁਰਮੇਲ ਸਿੰਘ ਪੀ.ਟੀ.ਆਈ ਵਾਸੀ ਜਲਾਲ ਇੱਕ ਕੜਕ ਰੋਹਬ ਵਾਲੇ ਅਧਿਆਪਕ ਸਨ, ਜਦੋਂ ਸਵੇਰ ਵੇਲੇ ਪ੍ਰਾਰਥਣਾ ਸਭਾ ਹੁੰਦੀ ਸੀ ਤਾਂ ਕਿਸੇ ਵਿਦਿਆਰਥੀ ਦੀ ਹਿੰਮਤ ਨਹੀ ਸੀ ਕਿ ਲਾਈਨ ਨੂੰ ਟੇਢੀ ਕਰ ਦੇਵੇ, ਪ੍ਰਾਰਥਣਾ ਸਮੇਂ ਅਕਸਰ ਲਾਈਨਾਂ ਵਿਚਕਾਰ ਚੱਕਰ ਲਗਾਉਂਦੇ ਰਹਿੰਦੇ ਸਨ । ਕਈ ਵਾਰ ਅਜਿਹਾ ਸਮਾਂ ਵੀ ਹੁੰਦਾ ਸੀ ਕਿ ਕੁੱਝ ਅਧਿਆਪਕ ਵੱਖ ਵੱਖ ਕਾਰਨਾਂ ਕਰਕੇ ਛੁੱਟੀ ਤੇ ਹੁੰਦੇ ਸਨ ਤਾਂ ਉਹ ਕਮਰਿਆਂ ਦੇ ਅੱਗੇ ਖਾਲੀ ਥਾਂ ਵਿੱਚ ਬਣੇ ਪਾਰਕ ਵਿੱਚ ਬੈਠ ਜਾਂਦੇ ਸਨ, ਛੇਵੀ ਕਲਾਸ ਤੋਂ ਦਸਵੀਂ ਕਲਾਸ ਦੇ ਕਿਸੇ ਵੀ ਕਮਰੇ ਵਿੱਚੋਂ ਉੱਚੀ ਅਵਾਜ਼ ਤਾਂ ਕੀ ਆਉਣੀ ਹੁੰਦੀ ਸੀ, ਲਗਦਾ ਹੁੰਦਾ ਸੀ ਕਿ ਜਿਵੇਂ ਕਿਸੇ ਕਮਰੇ ਅੰਦਰ ਕੋਈ ਵਿਦਿਆਰਥੀ ਹੀ ਨਾ ਹੋਵੇ, ਕਿਉਂਕਿ ਉਹ ਸਰੀਰਕ ਸਿੱਖਿਆ ਦੇ ਅਧਿਆਪਕ ਸਨ ਇਸ ਲਈ ਕਦੇ-ਕਦੇ ਸਕੂਲ ਦੇ ਵਿਦਿਆਰਥੀਆਂ ਪਾਸੋਂ ਸਕੂਲ ਦੇ ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਖੂਬਸੂਰਤੀ ਵਾਲਾ ਕੰਮ ਵੀ ਕਰਵਾ ਲੈਂਦੇ ਸਨ, ਚੌਗਿਰਦੇ ਦੀ ਸਾਂਭ-ਸੰਭਾਲ ਦੇ ਦਿੱਤੇ ਗੁਣ ਅੱਜ ਵੀ ਬਾਖੂਬੀ ਯਾਦ ਨੇ ਅਤੇ ਮੌਜੂਦਾ ਸਮੇਂ ਦੌਰਾਨ ਕੰਮ ਵੀ ਆ ਰਹੇ ਹਨ ।

ਅੱਜ ਅਧਿਆਪਕ ਦਿਵਸ ਤੇ ਮੌਜੂਦਾ ਸਮੇਂ ਦੌਰਾਨ ਨੌਕਰੀ ਕਰ ਰਹੇ ਅਧਿਆਪਕ ਸਾਹਿਬਾਨ, ਪੜ੍ਹਾਈ ਕਰ ਰਹੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਇਹੀ ਅਪੀਲ ਕਰਾਂਗਾ ਕਿ ਅਧਿਆਪਕ ਅਤੇ ਬੱਚਿਆਂ ਦਰਮਿਆਨ ਪੜ੍ਹਾਈ ਤੋਂ ਉਪਰ ਉੱਠ ਕੇ ਆਪਸੀ ਸਾਂਝ, ਹਯਾ ਅਤੇ ਇੱਕ ਦੂਜੇ ਦੀ ਇੱਜ਼ਤ ਕਰਨ ਦੀ ਭਾਵਨਾ ਦਾ ਹੋਣਾ ਬਹੁਤ ਲਾਜਮੀ ਹੈ ਕਿਉਂਕਿ ਬਹੁਤਾ ਸਮਾਜਿਕ ਗਿਆਨ ਅਜਿਹਾ ਵੀ ਹੁੰਦਾ ਹੈ ਜੋ ਸਾਨੂੰ ਕਿਤਾਬਾਂ ਵਿੱਚੋਂ ਨਹੀ ਮਿਲਦਾ । ਅੰਤ ਵਿੱਚ ਮੈਂ ਉਹਨਾਂ ਸਤਿਕਾਰਯੋਗ ਸਖਸ਼ੀਅਤਾਂ ਅਧਿਆਪਕਾਂ ਜੋ ਅੱਜ ਇਸ ਦਨਿਆਵੀ ਦੁਨੀਆ ਵਿੱਚ ਸਾਡੇ ਵਿਚਕਾਰ ਨਹੀ ਹਨ ਦੀ ਆਤਮਿਕ ਸ਼ਾਤੀ ਲਈ ਅਰਦਾਸ ਕਰਦਾ ਹਾਂ ਤੇ ਜੋ ਇਸ ਦੁਨਿਆਵੀ ਦੁਨੀਆਂ ਵਿਚਕਾਰ ਹਨ ਦੀ ਲੰਬੀ ਉਮਰ ਅਤੇ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ ।

ਲਿਖਤ - ਗੁਰਪ੍ਰੀਤ ਸਿੰਘ ਧਨੋਆ

ਦਫਤਰ ਐਸ. ਡੀ. ਐਮ. ਰਾ/ਫੂਲ

9988001972

ਜਨਮ ਦਿਨ ਮੁਬਾਰਕ 

 

ਮਨਗੁਣਪ੍ਰੀਤ ਸਿੰਘ ਗਰੇਵਾਲ ਪਿਤਾ ਜਪਿੰਦਰ ਸਿੰਘ ਗਰੇਵਾਲ  ਮਾਤਾ ਹਰਪ੍ਰੀਤ ਕੌਰ ਵਾਸੀ ਤਾਜਪੁਰ ਲੁਧਿਆਣਾ 

ਬੀਤੀ ਸ਼ਾਮ ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗ੍ਰਿਫਤਾਰ।

ਜਗਰਾਓਂ- 02 ਸਤੰਬਰ ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਬੀਤੀ ਸ਼ਾਮ ਯਾਨੀ ਕਿ ਵੀਰਵਾਰ ਦੇਰ ਸ਼ਾਮ ਪੁਰਾਣੀ ਅਨਾਜ ਮੰਡੀ ਦੇ ਵਪਾਰੀ ਸਾਹਿਲ ਗੁਪਤਾ ਦੇ ਘਰ ਜੋ ਕਿ ਮੁਹੱਲਾ ਸ਼ਾਸਤਰੀ ਨਗਰ 'ਚ  ਨਜ਼ਦੀਕ ਬਰਮਕੁਮਾਰਿਆ ਦੇ ਆਸ਼ਰਮ  ਘਰ ਵਿਚ ਦਿਨ ਦਿਹਾੜੇ ਦਾਖਲ ਹੋ ਕੇ  ਇਕ ਨੌਜਵਾਨ ਨੇ ਓਹਨਾ ਦੀ  ਮਾਤਾ ਕੋਮਲ ਗੁਪਤਾ ਅਤੇ ਪਤਨੀ ਸਾਇਨਾ ਗੁਪਤਾ ਤੋਂ ਪਿਸਤੌਲ ਦੀ ਨੋਕ 'ਤੇ ਸੋਨੇ ਦੇ ਗਹਿਣੇ ਲੁੱਟ ਲਏ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ  ਦੇਹਾਤੀ ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਆਲਾ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਹੋਈ ਲੁੱਟ-ਖੋਹ ਦੀ ਘਟਨਾ ਤੋਂ ਬਾਅਦ ਐੱਸਐੱਸਪੀ ਹਰਜੀਤ ਸਿੰਘ ਦੇ ਨਿਰਦੇਸ਼ਾਂ ਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ, ਥਾਣਾ ਸਿਟੀ ਦੇ ਇੰਚਾਰਜ ਅਤੇ ਥਾਣਾ ਸਦਰ ਦੇ ਇੰਚਾਰਜ ਦੀ ਅਗਵਾਈ ਹੇਠ ਤਿੰਨ ਵਿਸ਼ੇਸ਼ ਟੀਮਾਂ ਨੇ ਐੱਸ. ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਗਠਿਤ ਕੀਤਿਆਂ ਗਇਆ ਸੀ। ਜਿਸ 'ਚ  ਪੁਲਸ ਪਾਰਟੀ ਦੇ ਹੱਥ ਇਕ ਨਸ਼ਾ ਤਸਕਰ ਆਇਆ। ਜਿਸ ਨੇ ਪੁੱਛਗਿੱਛ 'ਚ ਵੀਰਵਾਰ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੌਰਵ ਕੁਮਾਰ ਉਰਫ ਗੱਗੂ ਪੁੱਤਰ ਅਤਵਾਰੀ ਲਾਲ ਵਾਸੀ ਚੁੰਗੀ ਨੰਬਰ 7 ਜਗਰਾਓਂ ਦਾ ਨਾਂ ਵੀ ਦੱਸਿਆ। ਜਿਸ 'ਤੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ। ਮੌਕੇ 'ਤੇ ਜਿਸ ਕਾਰੋਬਾਰੀ ਦੇ ਘਰ ਵੀਰਵਾਰ ਨੂੰ ਲੁੱਟਮਾਰ ਹੋਈ ਸੀ, ਦੇ ਮੈਂਬਰ ਵੀ ਥਾਣੇ 'ਚ ਮੌਜੂਦ ਸਨ। ਜਿਨ੍ਹਾਂ ਨੇ ਉਸਨੂੰ ਪਛਾਣ ਲਿਆ। ਇਸ ਤੋਂ ਬਾਅਦ ਜਦੋਂ ਉਸ ਕੋਲੋਂ ਲੁੱਟ ਸੰਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸਨੇ ਇਹ ਵੀ ਦੱਸਿਆ ਕਿ ਲੁੱਟ ਦੇ ਸਮੇਂ ਜੋ ਪਿਸਤੌਲ ਉਸਦੇ ਕੋਲ ਸੀ, ਉਹ ਇੱਕ ਲਾਈਟਰ ਪਿਸਤੌਲ ਸੀ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਕੋਲੋਂ ਲੁੱਟੀਆਂ ਹੋਈਆਂ ਚੂੜੀਆਂ ਅਤੇ ਵਾਰਦਾਤ ਵਿੱਚ ਵਰਤੇ ਗਏ ਲਾਈਟਰ ਪਿਸਤੌਲ ਬਰਾਮਦ ਕੀਤਾ ਜਾਵੇਗਾ। ਅਤੇ ਇਸ ਪਾਸੋ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ। ਕਿ ਇਸ ਤੋਂ ਪਹਿਲਾਂ ਵੀ ਇਸਨੇ ਕੋਈ ਵਾਰਦਾਤ ਕੀਤੀ ਹੈ।ਜਾ ਜੁਰਮ ਦੀ ਦੁਨੀਆ ਵਿੱਚ ਇਸ ਦਾ ਪਹਿਲਾ ਕਦਮ ਹੈ।ਕਿਹਾ ਕਿ ਸ਼ਰਾਰਤੀ ਅਨਸਰਾਂ ਤੇ ਹਰ ਤਰਾਹ ਦੀ ਸਖਤੀ ਕੀਤੀ ਜਾਵੇਗੀ।

 

ਸਿੱਖ ਧਰਮ ਅੰਦਰ ਧਰਮ ਪਰਿਵਰਤਨ ਏਜੰਸੀਆਂ ਦੀ ਖੇਡ ਜਾਂ ਪੰਥਕ ਲੀਡਰਸ਼ਿਪ ਦਾ ਫੇਲ ਹੋਣਾ ?? Video

ਸਿੱਖ ਧਰਮ ਅੰਦਰ ਧਰਮ ਪਰਿਵਰਤਨ ਏਜੰਸੀਆਂ ਦੀ ਖੇਡ ਜਾਂ ਪੰਥਕ ਲੀਡਰਸ਼ਿਪ ਦਾ ਫੇਲ ਹੋਣਾ ??ਸਿੱਖ ਧਰਮ ਅੰਦਰ ਧਰਮ ਪਰਿਵਰਤਨ ਦਾ ਬਹੁਤ ਗੰਭੀਰ ਮਸਲਾ-ਵਿਸ਼ੇਸ਼ ਗੱਲਬਾਤ ਅਮਨਜੀਤ ਸਿੰਘ ਖੈਹਿਰਾ ਅਤੇ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ

ਜਗਰਾਉਂ ਦੇ ਸ਼ਾਸਤਰੀ ਨਗਰ ਵਿੱਚ ਦਿਨ ਦਿਹਾੜੇ ਪਸਤੋਲ ਦੀ ਨੋਕ ਤੇ ਲੁੱਟ-Video

ਜਗਰਾਉਂ ਦੇ ਸ਼ਾਸਤਰੀ ਨਗਰ ਵਿੱਚ ਦਿਨ ਦਿਹਾੜੇ ਪਸਤੋਲ ਦੀ ਨੋਕ ਤੇ ਲੁੱਟ-ਚੋਰਾਂ ਨੂੰ ਨਹੀਂ ਹੈ ਕੋਈ ਖੌਫ਼, ਲੋਕਾਂ ਵਿੱਚ ਦਹਿਸ਼ਤ-ਪੱਤਰਕਾਰ ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ

ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਆਪ ਅਤੇ ਭਾਜਪਾ ਦੀ ਦੋਗਲੀ ਨੀਤੀ ਤੇ ਖੁੱਲ ਕੇ ਬੋਲੇ-Video

ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਆਪ ਅਤੇ ਭਾਜਪਾ ਦੀ ਦੋਗਲੀ ਨੀਤੀ ਤੇ ਖੁੱਲ ਕੇ ਬੋਲੇ-ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ  

LIVE- Video ਬਲਜਿੰਦਰ ਕੌਰ ਐਮ ਐਲ ਏ ਦੀ ਵੀਡੀਓ ਵਾਇਰਲ , ਘਰਵਾਲੇ ਨੇ ਮਾਰਿਆ ਥੱਪੜ

ਪੰਜਾਬ ਸਰਕਾਰ ਵਿਚ ਦੂਜੀ ਵੈਰੀ ਬਣੀ ਐਮ ਐਲ ਏ ਬਲਜਿੰਦਰ ਕੌਰ ਦੇ ਘਰਵਾਲ਼ੇ ਨੇ ਸ਼ਰੇਆਮ ਲੋਕਾਂ ਵਿਚ ਥੱਪੜ ਜੜ ਦਿਤਾ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿਸਤਰਾ ਘਰਵਾਲੇ ਨੇ ਠੋਕਿਆ ਥੱਪੜ ਐਮ ਐਲ ਏ ਬਲਵਿੰਦਰ ਕੌਰ ਦੀ ਵੀਡੀਓ ਵਾਇਰਲ ਘਰਵਾਲੇ ਨੇ ਜੜਿਆ ਥੱਪੜ