World

‘ਧਾਰਮਿਕ ਮਾਮਲਿਆਂ ਵਿਚ ਆਰਐੱਸਐੱਸ ਦਾ ਦਖ਼ਲ ਬਰਦਾਸ਼ਤ ਨਹੀਂ’

ਐਸ.ਏ.ਐਸ. ਨਗਰ (ਮੁਹਾਲੀ), 5 ਫਰਵਰੀ ਪੰਥਕ ਅਕਾਲੀ ਲਹਿਰ ਅਤੇ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਧਰਮ ਦੇ ਨਾਂ ’ਤੇ ਸਿੱਖਾਂ ਨੂੰ ਗੁਮਰਾਹ ਕਰ ਕੇ ਰਾਜਨੀਤੀ ਦੇ ਖੇਤਰ ਵਿਚ ਖੁੱਸੀ ਸਿਆਸੀ ਜ਼ਮੀਨ ਤਿਆਰ ਕਰਨਾ ਚਾਹੁੰਦਾ ਹੈ, ਪਰ ਅਜਿਹੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ’ਚ ਆਰਐੱਸਐੱਸ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅੱਜ ਮੁਹਾਲੀ ਵਿਚ ਪੰਥਕ ਅਕਾਲੀ ਲਹਿਰ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਵਿਚ ਪੰਜਾਬ ਦੇ ਹਾਲਾਤ ’ਤੇ ਚਰਚਾ ਕਰਦਿਆਂ ਬਾਬਾ ਬੇਦੀ ਅਤੇ ਭਾਈ ਰਣਜੀਤ ਸਿੰਘ ਨੇ ਪੰਥ ਦਰਦੀਆਂ ਨੂੰ ਇੱਕ ਮੰਚ ’ਤੇ ਇਕੱਤਰ ਕਰਨ ਅਤੇ ਜਥੇਬੰਦੀ ਦੇ ਵਿਸਥਾਰ ਲਈ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਤਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਲਗਭਗ 150 ਤੋਂ ਵੱਧ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਯੂਰੋਪ ਦੇ ਕਈ ਮੁਲਕਾਂ ਵਿਚ ਰਹਿੰਦੇ ਸਿੱਖਾਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਕਹਿ ਰਹੇ ਹਨ ਕਿ ਭਾਜਪਾ ਗੁਰਦੁਆਰਿਆਂ ਵਿਚ ਦਖ਼ਲ ਦੇ ਰਹੀ ਹੈ, ਜਦੋਂ ਮਨਜਿੰਦਰ ਸਿੰਘ ਸਿਰਸਾ ਬਤੌਰ ਭਾਜਪਾ ਵਿਧਾਇਕ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਬਣੇ ਸਨ, ਇਹ ਘੁਸਪੈਠ ਉਦੋਂ ਹੀ ਸ਼ੁਰੂ ਹੋ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਅਜਿਹਾ ਕੀਤਾ ਗਿਆ ਹੈ। ਇਸ ਮੌਕੇ ਬਾਬਾ ਭੋਲਾ ਸਿੰਘ ਭਿੰਡਰ ਕਲਾਂ, ਬਾਬਾ ਫ਼ੌਜਾ ਸਿੰਘ ਸੁਭਾਨਾ ਵਾਲੇ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

ਸਾਬਕਾ ਐੱਸਐੱਸਪੀ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ

ਫ਼ਰੀਦਕੋਟ, (ਜਨ ਸ਼ਕਤੀ ਨਿਊਜ਼)  ਬਹਿਬਲ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਅੱਠ ਦਿਨਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਥੇ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਟੀਮ ਨੇ ਪੁਲੀਸ ਮੁਖੀ ਦੇ ਰਿਮਾਂਡ ਵਿੱਚ ਪੰਜ ਦਿਨ ਦਾ ਹੋਰ ਵਾਧਾ ਮੰਗਿਆ ਸੀ। ਅਦਾਲਤ ਨੇ ਲੰਬੀ ਸੁਣਵਾਈ ਤੋਂ ਬਾਅਦ ਸਾਬਕਾ ਪੁਲੀਸ ਮੁਖੀ ਨੂੰ 7 ਫਰਵਰੀ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਬਹਿਬਲ ਕਾਂਡ ਵਿੱਚ ਧਰਨਾਕਾਰੀਆਂ ਵੱਲੋਂ ਪੁਲੀਸ ਦੇ ਵਾਹਨਾਂ ‘ਤੇ ਗੋਲੀਆਂ ਚਲਾਉਣ ਦੀ ਗੱਲ ਸਹੀ ਨਹੀਂ ਹੈ ਅਤੇ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਆਪਣਾ ਬਚਾਅ ਕਰਨ ਲਈ ਪੁਲੀਸ ਦੀਆਂ ਜਿਪਸੀਆਂ ‘ਤੇ ਪੁਲੀਸ ਅਧਿਕਾਰੀਆਂ ਨੇ ਹੀ ਗੋਲੀਆਂ ਚਲਾਈਆਂ ਸਨ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਮੌਕੇ ‘ਤੇ ਤਾਇਨਾਤ ਪੁਲੀਸ ਕੋਲ ਸਰਕਾਰੀ ਅਸਲੇ ਤੋਂ ਇਲਾਵਾ ਨਿੱਜੀ ਅਸਲਾ ਵੀ ਮੌਜੂਦ ਸੀ ਅਤੇ ਜੋ ਗੋਲੀਆਂ ਪੁਲੀਸ ਦੀ ਜਿਪਸੀ ਵਿੱਚ ਵੱਜੀਆਂ ਸਨ, ਉਹ 12 ਬੋਰ ਰਾਈਫਲ ਨਾਲ ਮਾਰੀਆਂ ਗਈਆਂ ਸਨ। ਜਾਂਚ ਟੀਮ ਨੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਇਸ 12 ਬੋਰ ਹਥਿਆਰ ਬਾਰੇ ਸਾਬਕਾ ਪੁਲੀਸ ਮੁਖੀ ਤੋਂ ਹੋਰ ਪੁੱਛਗਿੱਛ ਦੀ ਲੋੜ ਹੈ।
ਦੂਜੇ ਪਾਸੇ, ਚਰਨਜੀਤ ਸ਼ਰਮਾ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਅੱਠ ਦਿਨ ਦੇ ਲੰਬੇ ਰਿਮਾਂਡ ਦੌਰਾਨ ਪੁਲੀਸ ਕੋਈ ਵੀ ਪ੍ਰਾਪਤੀ ਅਦਾਲਤ ਸਾਹਮਣੇ ਨਹੀਂ ਦਿਖਾ ਸਕੀ, ਜਿਸ ਤੋਂ ਸਾਫ਼ ਹੈ ਕਿ ਪੁਲੀਸ ਸਿਰਫ਼ ਸਾਬਕਾ ਪੁਲੀਸ ਅਧਿਕਾਰੀ ਨੂੰ ਪ੍ਰੇਸ਼ਾਨ ਕਰਨ ਲਈ ਪੁਲੀਸ ਰਿਮਾਂਡ ਮੰਗ ਰਹੀ ਹੈ। ਜਾਂਚ ਟੀਮ ਦੇ ਅਧਿਕਾਰੀ ਅਤੇ ਕਪੂਰਥਲਾ ਦੇ ਐੱਸਐੱਸਪੀ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਚਰਨਜੀਤ ਸ਼ਰਮਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇਹ ਖੁਲਾਸੇ ਜਨਤਕ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਟੀਮ ਨੂੰ ਬਹਿਬਲ ਵਿਚ ਕਤਲ ਕੀਤੇ ਗਏ ਦੋ ਨੌਜਵਾਨਾਂ ਸਬੰਧੀ ਅਹਿਮ ਸਬੂਤ ਮਿਲੇ ਹਨ।

ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ

ਲੰਡਨ (ਗਿਆਨੀ ਅਮਰੀਕ ਸਿੰਘ ਰਾਠੋਰ) ਬਰਤਾਨੀਆ ਸਰਕਾਰ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦਾ ਹੁਕਮ ਦਿੱਤਾ ਹੈ। ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਅੱਜ ਦੱਸਿਆ ਕਿ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਬਰਤਾਨਵੀ ਸਰਕਾਰ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ।
ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 63 ਸਾਲਾ ਕਾਰੋਬਾਰੀ ਮਾਲਿਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਏਗਾ। ਬਰਤਾਨੀਆ ਵਿੱਚ ਪਾਕਿਸਤਾਨੀ ਮੂਲ ਦੇ ਸਭ ਤੋਂ ਸੀਨੀਅਰ ਮੰਤਰੀ ਜਾਵੀਦ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਐਤਵਾਰ ਨੂੰ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ’ਤੇ ਸਹੀ ਪਾਈ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ।
ਅਪਰੈਲ 2017 ਵਿੱਚ ਸਕੌਟਲੈਂਡ ਯਾਰਡ ਨੂੰ ਭੇਜੇ ਗਏ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਇਹ ਵਾਰੰਟ ਉਸ ਵੇਲੇ ਕੱਢੇ ਗਏ ਸਨ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਮਾਲਿਆ ਨੂੰ 9000 ਕਰੋੜ ਰੁਪਏ ਦੀ ਧੋਖਾਧੜੀ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਮਾਲਿਆ ਕੋਲ ਹੁਣ ਬਰਤਾਨਵੀ ਹਾਈ ਕੋਰਟ ’ਚ ਅਪੀਲ ਦੀ ਇਜਾਜ਼ਤ ਵਾਸਤੇ ਅਰਜ਼ੀ ਦੇਣ ਲਈ 4 ਫਰਵਰੀ ਤੋਂ ਬਾਅਦ 14 ਦਿਨਾਂ ਦਾ ਸਮਾਂ ਹੈ। ਹੁਕਮਾਂ ਤੋਂ  ਬਾਅਦ ਮਾਲਿਆ ਨੇ ਕਿਹਾ ਕਿ ਉਹ ਅਪੀਲ ਸਬੰਧੀ ਕਾਰਵਾਈ ਜਲਦੀ ਸ਼ੁਰੂ ਕਰਨਗੇ। ਉੱਧਰ, ਭਾਰਤ ਸਰਕਾਰ ਨੇ ਬਰਤਾਨਵੀ ਸਰਕਾਰ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਜਲਦੀ ਪੂਰੀ ਹੋਣ ਦੀ ਉਡੀਕ ਹੈ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਨੂੰ ਭਾਰਤ ਨੂੰ ਸੌਂਪੇ ਜਾਣ ਬਾਰੇ ਬਰਤਾਨੀਆ ਦੇ ਫ਼ੈਸਲੇ ਨੂੰ ਮੋਦੀ ਸਰਕਾਰ ਦੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਉਹ ਘਪਲੇਬਾਜ਼ਾਂ ਦੇ ਪੱਖ ’ਚ ਲਾਮਬੰਦ ਹੋ ਰਿਹਾ ਹੈ। ਜੇਤਲੀ ਨੇ ਅੱਜ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਮਾਲਿਆ ਨੂੰ ਭਾਰਤ ਲਿਆਉਣ ਦੇ ਰਸਤੇ ਵਿੱਚ ਪੈਂਦੇ ਇਕ ਹੋਰ ਅੜਿੱਕੇ ਨੂੰ ਪਾਰ ਕਰ ਲਿਆ ਹੈ ਜਦੋਂ ਕਿ ਵਿਰੋਧੀ ਧਿਰਾਂ ਸ਼ਾਰਦਾ ਘੁਟਾਲੇਬਾਜ਼ਾਂ ਦੇ ਪੱਖ ਵਿੱਚ ਇਕੱਠੀਆਂ ਹੋ ਰਹੀਆਂ ਹਨ।

ਬੇਜ਼ਮੀਨੇ ਕਿਸਾਨ ਮਜਦੂਰ ਕਰਜ਼ਾ ਮੁਕਤੀ ਮੋਰਚਾ ਪੰਜਾਬ ਦੇ ਕਨਵੀਨਰ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਮੰਗ ਪੱਤਰ ਦਿੱਤਾ ਗਿਆ

ਜਗਰਾਓਂ -(ਮਨਜਿੰਦਰ ਸਿੰਘ ਗਿੱਲ/ ਜਨ ਸਕਤੀ ਨਿਉਜ)-

ਬੇਜ਼ਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਪੰਜਾਬ ਵਲੋਂ ਜਗਰਾਓਂ ਪਹੁੰਚੇ ਸਾਬਕਾ ਮੰਤਰੀ ਤੇ ਐਸ ਸੀ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਾਣੀਕੇ ਨੂੰ ਕਨਵੀਨਰ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਵਿਚ ਮੰਗ ਪੱਤਰ ਦਿਤਾ ਗਿਆ, ਸ਼੍ਰ ਦੇਹੜਕਾ ਨੇ ਦਸਿਆ ਕੇ ਪੰਜਾਬ ਸਰਕਾਰ ਵਲੋਂ ਕੋ :ਸੋਸਾਇਟੀਆ ਦੇ ਮਾਫ ਕੀਤੇ ਜਾ ਰਹੇ ਕਰਜਿਆ ਵਿਚ ਸਿਰਫ ਜਮੀਨਾਂ ਵਾਲੇ (ਕਾਸਤਕਾਰ) ਲੋਕਾਂ ਦਾ ਕਰਜਾ ਹੀ ਮਾਫ ਕੀਤਾ ਜਾ ਰਿਹਾ ਹੈ ਇਕ ਵੀ ਬੇਜ਼ਮੀਨੇ (ਗ਼ੈਰਕਾਸਤਕਾਰ) ਵਿਅਕਤੀ ਦਾ ਕਰਜ ਮਾਫ ਨਹੀਂ ਕੀਤਾ ਗਿਆ, ਬੇਜ਼ਮੀਨੇ ਮੋਰਚੇ ਨੇ ਮੰਗ ਕੀਤੀ ਕੇ ਜੇ ਸਰਕਾਰ ਜਮੀਨਾ ਵਾਲੇ ਲੋਕਾਂ ਦਾ ਕਰਜ ਮਾਫ ਕਰ ਸਕਦੀ ਹੈ ਤਾ ਬੇਜ਼ਮੀਨੇ ਲੋਕਾਂ ਦਾ ਕਰਜ ਕਿਊ ਮਾਫ ਨਹੀਂ ਕਰ ਰਹੀ, ਜ਼ਿਕਰ ਯੋਗ ਹੈ ਕੇ ਬੇਜ਼ਮੀਨੇ ਲੋਕਾਂ ਦਾ ਕਰਜ ਸਿਰਫ ਪੰਜ ਸੋਂ ਕਰੋੜ ਦੇ ਲਗਭਗ ਹੀ ਹੈ, ਸ਼੍ਰ ਗੁਲਜਾਰ ਸਿੰਘ ਰਾਣੀਕੇ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਵਾਇਆ ਕੇ ਉਹ ਇਸ ਗੰਭੀਰ ਮਸਲੇ ਨੂੰ ਵੱਡੇ ਪਧਰ ਤੇ ਉਠੋਂਨ ਗੇ ਅਤੇ ਸ਼੍ਰੀ ਐਸ ਆਰ ਕਲੇਰ ਨੇ ਬੇਜ਼ਮੀਨੇ ਮੋਰਚੇ ਦੇ ਆਗੂਆਂ ਨੂੰ ਆਉਣ ਵਾਲੇ ਦਿਨਾਂ ਵਿਚ ਪਾਰਟੀ ਪ੍ਰਧਾਨ ਸ਼੍ਰ. ਸੁਖਬੀਰ ਸਿੰਘ ਬਾਦਲ ਨੂੰ ਮਿਲੋਣ ਦਾ ਭਰੋਸਾ ਵੀ ਦਵਾਇਆ ਤਾ ਕੇ ਬੇਜ਼ਮੀਨੇ ਲੋਕਾਂ ਨੂੰ ਕਰਜਾ ਮੁਕਤ ਕਰਵਾਉਣ ਲਈ ਇਹ ਮੁੱਦਾ ਵਿਧਾਨ ਸਭਾ ਸ਼ੇਸ਼ਨ ਵਿਚ ਪਾਰਟੀ ਪਧਰ ਤੇ ਚੁਕਿਆ ਜਾਵੇ ਇਸ ਸਮੇ ਸਾਬਕਾ ਵਿਦਾਇਕ ਦਰਸ਼ਨ ਸਿੰਘ ਸਿਵਾਲਕ, ਸ੍ਰ ਗੁਰਚਰਨ ਸਿੰਘ ਗਰੇਵਾਲ, ਸ਼੍ਰ ਹਰਸੁਰਿੰਦਰ ਸਿੰਘ ਗਿਲ,ਸੁਰਿੰਦਰ ਸਿੰਘ ਪਰਜਿਆ ,ਭਾਗ ਸਿੰਘ ਮਾਨਗੜ੍ਹ,  ਪ੍ਰਧਾਨ ਬੂਟਾ ਸਿੰਘ ਗਾਲਿਬ,ਬਲਦੇਵ ਸਿੰਘ ਬੱਲੀ,ਜਥੇਦਾਰ ਪਰਮਿੰਦਰ ਸਿੰਘ  ਚੀਮਾ, ਜਥੇਦਾਰ ਰਣਜੀਤ ਸਿੰਘ ਰਾਜਾ, ਪੂਰਨ ਸਿੰਘ, ਸਤੀਸ਼ ਕੁਮਾਰ ਪੱਪੂ, ਲਾਲੀ ਪਹਿਲਵਾਨ, ਜੱਗਾ ਡੱਲਾ, ਗੁਡਗੋ ਮਾਣੋਕੇ, ਸਤਿਨਾਮ ਸਿੰਘ ਪਰਜੀਆ, ਪ੍ਰਧਾਨ ਜਸਵੰਤ ਸਿੰਘ ਕੋਠੇ ਆਦਿ ਵਡੀ ਗਿਣਤੀ ਵਿਚ ਲੋਕ ਹਾਜਰ ਸਨ

ਵਰਲਡ ਕੈਂਸਰ ਕੇਅਰ ਵਲੋਂ ਪੰਜਾਬ 'ਚ ਤਿੰਨ ਕੈਂਸਰ ਜਾਂਚ ਤੇ ਜਾਗਰੂਕਤਾ ਕੇਂਦਰ ਖੋਲ੍ਹੇ ਜਾਣਗੇ-ਕੁਲਵੰਤ ਸਿੰਘ ਧਾਲੀਵਾਲ

ਪ੍ਰਕਾਸ ਪੁਰਬ ਨੂੰ ਸਮਰਪਤ ਲੱਗਣਗੇ 550 ਕੈਂਪ - ਧਾਲੀਵਾਲ

ਮੈਨਚੇਸਟਰ -(ਗਿਆਨੀ ਅਮਰੀਕ ਸਿੰਘ ਰਾਠੌਰ)- ਵਰਲਡ ਕੈਂਸਰ ਕੇਅਰ ਵਲੋਂ ਇਸ ਸਾਲ ਪੰਜਾਬ 'ਚ ਤਿੰਨ ਕੈਂਸਰ ਜਾਂਚ ਜਾਗਰੂਕਤਾ ਕੇਂਦਰ ਖੋਲੇ੍ਹ ਜਾਣਗੇ , ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 550 ਕੈਂਪ ਲਾਏ ਜਾਣਗੇ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ | ਇਹ ਵਿਚਾਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਿੱਥੇ ਕੈਂਸਰ ਜਾਂਚ ਅਤੇ ਖੋਜ ਕੇਂਦਰ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਉੱਥੇ ਹੀ ਨਾਨਕਸਰ, ਜਗਰਾਉਂ ਅਤੇ ਤਲਵੰਡੀ ਸਾਬੋ ਬਠਿੰਡਾ 'ਚ ਵੀ ਅਜਿਹੇ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ | ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਲੋਕਾਂ ਨੂੰ ਖ਼ੁਦ ਹੰਭਲਾ ਮਾਰਨਾ ਪਵੇਗਾ, ਸਮੇਂ ਸਿਰ ਮੈਡੀਕਲ ਜਾਂਚ ਕਰਵਾਉਣ ਤੋਂ ਇਲਾਵਾ ਆਪਣੇ ਜੀਵਨ 'ਚ ਸਾਦਗੀ ਲਿਆਉਣੀ ਪਵੇਗੀ | ਇਸ ਨਾਲ ਰੋਜ਼ਾਨਾ ਕਸਰਤ ਅਤੇ ਕੰਮ ਕਰਨ ਨੂੰ ਤਰਜੀਹ ਦੇਣੀ ਹੋਵੇਗੀ | ਸ: ਧਾਲੀਵਾਲ ਨੇ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਉਹ ਕੈਂਸਰ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ |