ਵਰਲਡ ਕੈਂਸਰ ਕੇਅਰ ਵਲੋਂ ਪੰਜਾਬ 'ਚ ਤਿੰਨ ਕੈਂਸਰ ਜਾਂਚ ਤੇ ਜਾਗਰੂਕਤਾ ਕੇਂਦਰ ਖੋਲ੍ਹੇ ਜਾਣਗੇ-ਕੁਲਵੰਤ ਸਿੰਘ ਧਾਲੀਵਾਲ

ਪ੍ਰਕਾਸ ਪੁਰਬ ਨੂੰ ਸਮਰਪਤ ਲੱਗਣਗੇ 550 ਕੈਂਪ - ਧਾਲੀਵਾਲ

ਮੈਨਚੇਸਟਰ -(ਗਿਆਨੀ ਅਮਰੀਕ ਸਿੰਘ ਰਾਠੌਰ)- ਵਰਲਡ ਕੈਂਸਰ ਕੇਅਰ ਵਲੋਂ ਇਸ ਸਾਲ ਪੰਜਾਬ 'ਚ ਤਿੰਨ ਕੈਂਸਰ ਜਾਂਚ ਜਾਗਰੂਕਤਾ ਕੇਂਦਰ ਖੋਲੇ੍ਹ ਜਾਣਗੇ , ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 550 ਕੈਂਪ ਲਾਏ ਜਾਣਗੇ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ | ਇਹ ਵਿਚਾਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਿੱਥੇ ਕੈਂਸਰ ਜਾਂਚ ਅਤੇ ਖੋਜ ਕੇਂਦਰ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਉੱਥੇ ਹੀ ਨਾਨਕਸਰ, ਜਗਰਾਉਂ ਅਤੇ ਤਲਵੰਡੀ ਸਾਬੋ ਬਠਿੰਡਾ 'ਚ ਵੀ ਅਜਿਹੇ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ | ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਲੋਕਾਂ ਨੂੰ ਖ਼ੁਦ ਹੰਭਲਾ ਮਾਰਨਾ ਪਵੇਗਾ, ਸਮੇਂ ਸਿਰ ਮੈਡੀਕਲ ਜਾਂਚ ਕਰਵਾਉਣ ਤੋਂ ਇਲਾਵਾ ਆਪਣੇ ਜੀਵਨ 'ਚ ਸਾਦਗੀ ਲਿਆਉਣੀ ਪਵੇਗੀ | ਇਸ ਨਾਲ ਰੋਜ਼ਾਨਾ ਕਸਰਤ ਅਤੇ ਕੰਮ ਕਰਨ ਨੂੰ ਤਰਜੀਹ ਦੇਣੀ ਹੋਵੇਗੀ | ਸ: ਧਾਲੀਵਾਲ ਨੇ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਉਹ ਕੈਂਸਰ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ |