ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸਾਹਮਣੇ ਸੜੀਆਂ ਦੁੁਕਾਨਾ

ਸ੍ਰੀ ਆਨੰਦਪੁਰ ਸਾਹਿਬ, ਜੂਨ 2019-(ਗਿਆਨੀ ਹਾਕਮ ਸਿੰਘ /ਗੁਰਵਿੰਦਰ ਸਿੰਘ)- ਖਿਡੌਣੇ ਤੇ ਪ੍ਰਸ਼ਾਦ ਵੇਚ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਦਰਜਨਾਂ ਦੁਕਾਨਦਾਰਾਂ ਵਾਸਤੇ ਸੱਤ ਜੂਨ ਦੀ ਸਵੇਰ ਉਦੋਂ ਕਹਿਰ ਬਣ ਕੇ ਆਈ ਜਦੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਹਮਣੇ ਬਣੀਆਂ ਦਰਜਨਾਂ ਦੁਕਾਨਾਂ, ਅੱਧੀ ਦਰਜਨ ਤੋਂ ਵੱਧ ਛੋਟੇ-ਵੱਡੇ ਵਾਹਨ, ਲੱਖਾਂ ਰੁਪਏ ਦੀ ਨਕਦੀ, ਲੈਪਟਾਪ ਸਣੇ ਕਰੋੜਾਂ ਰੁਪਏ ਦਾ ਸਾਮਾਨ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ।
ਹਾਲਾਂਕਿ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮੁੱਢਲੇ ਤੌਰ ’ਤੇ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੋਣ ਬਾਰੇ ਪਤਾ ਲੱਗਾ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਗ ਸਵੇਰੇ 3.08 ਵਜੇ ਲੱਗੀ। ਫਾਇਰ ਬ੍ਰਿਗੇਡ ਦੇ ਪਹੁੰਚਣ ਵਿੱਚ ਦੇਰ ਹੋ ਜਾਣ ਕਾਰਨ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਅਧੀਨ ਲੱਗੀਆਂ 29 ਆਰਜ਼ੀ ਦੁਕਾਨਾਂ ਅਤੇ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਅਧੀਨ ਆਉਂਦੀਆਂ 22 ਆਰਜ਼ੀ ੁਕਾਨਾਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਜਵਾਨਾਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਸਣੇ ਸਥਾਨਕ ਨਿਵਾਸੀਆਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁਕਾਨਾਂ ਵਿੱਚ ਸੁੱਤੇ ਪਏ ਲੋਕਾਂ ਨੂੰ ਜਗਾਇਆ, ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਅਤੇ ਉਨ੍ਹਾਂ ਤੁਰੰਤ ਹੀ ਅੱਗ ਉੱਤੇ ਕਾਬੂ ਪਾ ਲਿਆ। ਆਪਣੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਜਿਨ੍ਹਾਂ ਵਿੱਚ ਹਰਪ੍ਰੀਤ ਹੈਪੀ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਹੀ ਕਰੀਬ 3 ਲੱਖ ਰੁਪਏ ਦਾ ਮਾਲ ਲੈ ਕੇ ਆਏ ਸਨ ਤੇ ਤੜਕਸਾਰ ਉਨ੍ਹਾਂ ਦਾ ਸਾਰਾ ਸਾਮਾਨ ਸੜ ਗਿਆ ਤੇ ਕਰੀਬ 10-15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਰੀਛੂ ਨੇ ਦੱਸਿਆ ਕਿ ਉਸ ਦੀ 80 ਫੁੱਟ ਲੰਬੀ ਦੁਕਾਨ ਸੀ ਜੋ ਕਿ ਉਸ ਨੇ ਸਾਲਾਨਾ 30 ਲੱਖ ਰੁਪਏ ਕਿਰਾਏ ਉੱਤੇ ਲਈ ਹੋਈ ਸੀ ਪਰ ਅੱਗ ਲੱਗਣ ਨਾਲ ਉਸ ਦਾ 2 ਲੱਖ ਰਪਏ ਨਕਦ, ਲੈਪਟਾਪ ਸਣੇ ਸਮੁੱਚੀ ਦੁਕਾਨ ਅਤੇ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਉਸਨੇ ਦੱਸਿਆ ਕਿ ਉਸਦੇ ਸਾਥੀ ਦੀ ਦੁਕਾਨ ਜੋ ਕਿ ਬੇਗੋਵਾਲ ਤੋਂ ਮੇਲਾ ਲਗਾ ਕੇ ਆਏ ਸਨ ਦੀ 2 ਲੱਖ 60 ਹਜ਼ਾਰ ਰੁਪਏ ਦੀ ਨਗਦੀ ਅਤੇ ਸਾਰਾ ਸਾਮਾਨ ਸੜ ਗਿਆ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਨਾਲ ਦੀਦਾਰ ਸਿੰਘ ਪੁੱਤਰ ਅਤਰ ਸਿੰਘ ਨਿਵਾਸੀ ਇੰਦਰਾ ਕਲੋਨੀ ਝਿੱਲ ਰੋਡ ਪਟਿਆਲਾ ਦਾ ਮੈਕਸੀ ਟਰੱਕ ਨੰਬਰ ਪੀਬੀ-11ਬੀ ਯੂ-1182, ਠੇਕੇਦਾਰ ਕੁਲਵੰਤ ਸਿੰਘ ਦੇ ਦੋ ਟਿੱਪਰ, ਰਜਿੰਦਰ ਕੁਮਾਰ ਕੋਟਕਪੂਰਾ ਅਤੇ ਅਰਮਿੰਦਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦਾ ਇੱਕ-ਇੱਕ ਐਕਟਿਵਾ, ਆਗਿਆਪਾਲ ਸਿੰਘ ਨਿਵਾਸੀ ਸ੍ਰੀ ਆਨੰਦਪੁਰ ਸਾਹਿਬ ਦੀ ਮਾਰੂਤੀ ਕਾਰ, ਰਵਿੰਦਰ ਪਾਲ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੀ ਇੰਡੀਗੋ ਕਾਰ ਸੜ ਗਈਆਂ ਹਨ।