ਪਰਾਲੀ ਪ੍ਰਬੰਧਨ ਮੁੱਦੇ ਬਾਰੇ ਡਾ. ਅਮਰ ਸਿੰਘ ਵੱਲੋਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਾਲ ਮੁਲਾਕਾਤ

ਕੇਂਦਰੀ ਮੰਤਰੀ ਵੱਲੋਂ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਮੌਜੂਦਾ ਕਿਸਾਨੀ ਦੀ ਤਰਸਯੋਗ ਹਾਲਤ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਾਉਣ ਦੇ ਮਨਸ਼ੇ ਨਾਲ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਤੋਮਰ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਨਾਲ ਸੰਬੰਧਤ ਸਮੁੱਚਾ ਖਰਚਾ ਆਪਣੇ ਸਿਰ 'ਤੇ ਬਰਦਾਸ਼ਤ ਕਰੇ। ਜਿਸ 'ਤੇ ਤੋਮਰ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਸ ਮੁੱਦੇ 'ਤੇ ਹਮਦਰਦੀ ਨਾਲ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ 'ਤੇ ਧੜਾਧੜ ਦਰਜ ਕੀਤੇ ਜਾ ਰਹੇ ਪੁਲਿਸ ਮਾਮਲੇ ਇੱਕ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅਜਿਹੇ ਹੁਕਮ ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨ੍ਹਾ ਜਾਰੀ ਕੀਤੇ ਜਾਂਦੇ ਹਨ। ਕਿਸਾਨਾਂ ਦੀ ਮੌਜੂਦਾ ਆਰਥਿਕ ਸਥਿਤੀ ਬਹੁਤ ਹੀ ਤਰਸਯੋਗ ਹੈ। ਛੋਟੇ ਕਿਸਾਨ ਪਰਾਲੀ ਪ੍ਰਬੰਧਨ ਦਾ ਖ਼ਰਚਾ ਨਹੀਂ ਉਠਾ ਸਕਦੇ ਹਨ, ਜਿਸ ਕਰਕੇ ਪਰਾਲੀ ਪ੍ਰਬੰਧਨ ਨਾਲ ਸੰਬੰਧਤ ਸਾਰਾ ਖਰਚਾ ਕੇਂਦਰ ਸਰਕਾਰ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਪਿੱਛੇ ਕਾਰਨਾਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਝੋਨੇ ਦੀ ਕਟਾਈ ਕਰਨ ਤੋਂ ਉਪਰੰਤ ਕਿਸਾਨਾਂ ਕੋਲ ਅਗਲੀ ਫਸਲ ਕਣਕ ਦੀ ਬਿਜਾਈ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਖਰੀਦਣਾ ਕਿਸਾਨਾਂ ਦੀ ਆਰਥਿਕਤਾ ਤੋਂ ਬਾਹਰ ਦੀ ਗੱਲ ਹੈ। ਜਿਸ ਕਾਰਨ ਉਸਨੂੰ ਮਜ਼ਬੂਰਨ ਪਰਾਲੀ ਨੂੰ ਅੱਗ ਲਗਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਏਨੀਂ ਮਾੜੀ ਹਾਲਤ ਹੈ ਕਿ ਮੌਜੂਦਾ ਸਮੇਂ 70-80 ਫੀਸਦੀ ਕਿਸਾਨ ਘੋਰ ਨਮੋਸ਼ੀ ਦੇ ਆਲਮ ਵਿੱਚ ਗੁਜ਼ਰ ਬਸਰ ਕਰ ਰਹੇ ਹਨ।