Punjab

ਬੇਜ਼ਮੀਨੇ ਕਿਸਾਨ ਮਜਦੂਰ ਕਰਜ਼ਾ ਮੁਕਤੀ ਮੋਰਚਾ ਪੰਜਾਬ ਦੇ ਕਨਵੀਨਰ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਮੰਗ ਪੱਤਰ ਦਿੱਤਾ ਗਿਆ

ਜਗਰਾਓਂ -(ਮਨਜਿੰਦਰ ਸਿੰਘ ਗਿੱਲ/ ਜਨ ਸਕਤੀ ਨਿਉਜ)-

ਬੇਜ਼ਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਪੰਜਾਬ ਵਲੋਂ ਜਗਰਾਓਂ ਪਹੁੰਚੇ ਸਾਬਕਾ ਮੰਤਰੀ ਤੇ ਐਸ ਸੀ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਾਣੀਕੇ ਨੂੰ ਕਨਵੀਨਰ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਵਿਚ ਮੰਗ ਪੱਤਰ ਦਿਤਾ ਗਿਆ, ਸ਼੍ਰ ਦੇਹੜਕਾ ਨੇ ਦਸਿਆ ਕੇ ਪੰਜਾਬ ਸਰਕਾਰ ਵਲੋਂ ਕੋ :ਸੋਸਾਇਟੀਆ ਦੇ ਮਾਫ ਕੀਤੇ ਜਾ ਰਹੇ ਕਰਜਿਆ ਵਿਚ ਸਿਰਫ ਜਮੀਨਾਂ ਵਾਲੇ (ਕਾਸਤਕਾਰ) ਲੋਕਾਂ ਦਾ ਕਰਜਾ ਹੀ ਮਾਫ ਕੀਤਾ ਜਾ ਰਿਹਾ ਹੈ ਇਕ ਵੀ ਬੇਜ਼ਮੀਨੇ (ਗ਼ੈਰਕਾਸਤਕਾਰ) ਵਿਅਕਤੀ ਦਾ ਕਰਜ ਮਾਫ ਨਹੀਂ ਕੀਤਾ ਗਿਆ, ਬੇਜ਼ਮੀਨੇ ਮੋਰਚੇ ਨੇ ਮੰਗ ਕੀਤੀ ਕੇ ਜੇ ਸਰਕਾਰ ਜਮੀਨਾ ਵਾਲੇ ਲੋਕਾਂ ਦਾ ਕਰਜ ਮਾਫ ਕਰ ਸਕਦੀ ਹੈ ਤਾ ਬੇਜ਼ਮੀਨੇ ਲੋਕਾਂ ਦਾ ਕਰਜ ਕਿਊ ਮਾਫ ਨਹੀਂ ਕਰ ਰਹੀ, ਜ਼ਿਕਰ ਯੋਗ ਹੈ ਕੇ ਬੇਜ਼ਮੀਨੇ ਲੋਕਾਂ ਦਾ ਕਰਜ ਸਿਰਫ ਪੰਜ ਸੋਂ ਕਰੋੜ ਦੇ ਲਗਭਗ ਹੀ ਹੈ, ਸ਼੍ਰ ਗੁਲਜਾਰ ਸਿੰਘ ਰਾਣੀਕੇ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਵਾਇਆ ਕੇ ਉਹ ਇਸ ਗੰਭੀਰ ਮਸਲੇ ਨੂੰ ਵੱਡੇ ਪਧਰ ਤੇ ਉਠੋਂਨ ਗੇ ਅਤੇ ਸ਼੍ਰੀ ਐਸ ਆਰ ਕਲੇਰ ਨੇ ਬੇਜ਼ਮੀਨੇ ਮੋਰਚੇ ਦੇ ਆਗੂਆਂ ਨੂੰ ਆਉਣ ਵਾਲੇ ਦਿਨਾਂ ਵਿਚ ਪਾਰਟੀ ਪ੍ਰਧਾਨ ਸ਼੍ਰ. ਸੁਖਬੀਰ ਸਿੰਘ ਬਾਦਲ ਨੂੰ ਮਿਲੋਣ ਦਾ ਭਰੋਸਾ ਵੀ ਦਵਾਇਆ ਤਾ ਕੇ ਬੇਜ਼ਮੀਨੇ ਲੋਕਾਂ ਨੂੰ ਕਰਜਾ ਮੁਕਤ ਕਰਵਾਉਣ ਲਈ ਇਹ ਮੁੱਦਾ ਵਿਧਾਨ ਸਭਾ ਸ਼ੇਸ਼ਨ ਵਿਚ ਪਾਰਟੀ ਪਧਰ ਤੇ ਚੁਕਿਆ ਜਾਵੇ ਇਸ ਸਮੇ ਸਾਬਕਾ ਵਿਦਾਇਕ ਦਰਸ਼ਨ ਸਿੰਘ ਸਿਵਾਲਕ, ਸ੍ਰ ਗੁਰਚਰਨ ਸਿੰਘ ਗਰੇਵਾਲ, ਸ਼੍ਰ ਹਰਸੁਰਿੰਦਰ ਸਿੰਘ ਗਿਲ,ਸੁਰਿੰਦਰ ਸਿੰਘ ਪਰਜਿਆ ,ਭਾਗ ਸਿੰਘ ਮਾਨਗੜ੍ਹ,  ਪ੍ਰਧਾਨ ਬੂਟਾ ਸਿੰਘ ਗਾਲਿਬ,ਬਲਦੇਵ ਸਿੰਘ ਬੱਲੀ,ਜਥੇਦਾਰ ਪਰਮਿੰਦਰ ਸਿੰਘ  ਚੀਮਾ, ਜਥੇਦਾਰ ਰਣਜੀਤ ਸਿੰਘ ਰਾਜਾ, ਪੂਰਨ ਸਿੰਘ, ਸਤੀਸ਼ ਕੁਮਾਰ ਪੱਪੂ, ਲਾਲੀ ਪਹਿਲਵਾਨ, ਜੱਗਾ ਡੱਲਾ, ਗੁਡਗੋ ਮਾਣੋਕੇ, ਸਤਿਨਾਮ ਸਿੰਘ ਪਰਜੀਆ, ਪ੍ਰਧਾਨ ਜਸਵੰਤ ਸਿੰਘ ਕੋਠੇ ਆਦਿ ਵਡੀ ਗਿਣਤੀ ਵਿਚ ਲੋਕ ਹਾਜਰ ਸਨ

ਵਰਲਡ ਕੈਂਸਰ ਕੇਅਰ ਵਲੋਂ ਪੰਜਾਬ 'ਚ ਤਿੰਨ ਕੈਂਸਰ ਜਾਂਚ ਤੇ ਜਾਗਰੂਕਤਾ ਕੇਂਦਰ ਖੋਲ੍ਹੇ ਜਾਣਗੇ-ਕੁਲਵੰਤ ਸਿੰਘ ਧਾਲੀਵਾਲ

ਪ੍ਰਕਾਸ ਪੁਰਬ ਨੂੰ ਸਮਰਪਤ ਲੱਗਣਗੇ 550 ਕੈਂਪ - ਧਾਲੀਵਾਲ

ਮੈਨਚੇਸਟਰ -(ਗਿਆਨੀ ਅਮਰੀਕ ਸਿੰਘ ਰਾਠੌਰ)- ਵਰਲਡ ਕੈਂਸਰ ਕੇਅਰ ਵਲੋਂ ਇਸ ਸਾਲ ਪੰਜਾਬ 'ਚ ਤਿੰਨ ਕੈਂਸਰ ਜਾਂਚ ਜਾਗਰੂਕਤਾ ਕੇਂਦਰ ਖੋਲੇ੍ਹ ਜਾਣਗੇ , ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 550 ਕੈਂਪ ਲਾਏ ਜਾਣਗੇ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ | ਇਹ ਵਿਚਾਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਿੱਥੇ ਕੈਂਸਰ ਜਾਂਚ ਅਤੇ ਖੋਜ ਕੇਂਦਰ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਉੱਥੇ ਹੀ ਨਾਨਕਸਰ, ਜਗਰਾਉਂ ਅਤੇ ਤਲਵੰਡੀ ਸਾਬੋ ਬਠਿੰਡਾ 'ਚ ਵੀ ਅਜਿਹੇ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ | ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਲੋਕਾਂ ਨੂੰ ਖ਼ੁਦ ਹੰਭਲਾ ਮਾਰਨਾ ਪਵੇਗਾ, ਸਮੇਂ ਸਿਰ ਮੈਡੀਕਲ ਜਾਂਚ ਕਰਵਾਉਣ ਤੋਂ ਇਲਾਵਾ ਆਪਣੇ ਜੀਵਨ 'ਚ ਸਾਦਗੀ ਲਿਆਉਣੀ ਪਵੇਗੀ | ਇਸ ਨਾਲ ਰੋਜ਼ਾਨਾ ਕਸਰਤ ਅਤੇ ਕੰਮ ਕਰਨ ਨੂੰ ਤਰਜੀਹ ਦੇਣੀ ਹੋਵੇਗੀ | ਸ: ਧਾਲੀਵਾਲ ਨੇ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਉਹ ਕੈਂਸਰ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ |

ਅਕਾਲੀ ਦਲ ਤੇ ਭਾਜਪਾ ਗੱਠਜੋੜ ਉੱਤੇ ਸੰਕਟ ਦੇ ਬੱਦਲ ਛਾਏ

ਚੰਡੀਗੜ੍ਹ-(ਜਨ ਸਕਤੀ ਨਿਉਜ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਦਹਾਕਿਆਂ ਤੋਂ ਵੀ ਪੁਰਾਣੇ ਸਿਆਸੀ ਗੱਠਜੋੜ ਵਿੱਚ ਕੁੜੱਤਣ ਪਹਿਲੀ ਵਾਰੀ ਤਿੱਖੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਅਕਾਲੀ ਦਲ ਨੇ ਆਪਣੇ ਪੁਰਾਣੇ ਸਿਆਸੀ ਭਾਈਵਾਲਾਂ ਨਾਲ ਸਬੰਧਾਂ ’ਤੇ ਵਿਚਾਰ ਕਰਨ ਲਈ 3 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਸਭ ਤੋਂ ਪੁਰਾਣੇ ਭਾਈਵਾਲਾਂ ਦੇ ਮਸਲਿਆਂ ਨੂੰ ਹੀ ਅੱਖੋਂ ਪਰੋਖੇ ਨਹੀਂ ਕੀਤਾ ਸਗੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਨਜ਼ਰਅੰਦਾਜ਼ ਕਰਨ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨਵੀਂ ਦਿੱਲੀ ਨਾਲ ਸਬੰਧਤ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਹਾਲ ਹੀ ਵਿੱਚ ਭਾਜਪਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਲੀ ਵਿੱਚ ਦੋ ਵਾਰੀ ਮੀਟਿੰਗ ਲਈ ਸਮਾਂ ਦਿੱਤਾ ਪਰ ਮੁਲਾਕਾਤ ਸੰਭਵ ਨਾ ਬਣਾਈ। ਇੱਥੋਂ ਤੱਕ ਕਿ ਇੱਕ ਵਾਰੀ ਤਾਂ ਸ੍ਰੀ ਬਾਦਲ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਦਿੱਲੀ ’ਚ ਭਾਜਪਾ ਪ੍ਰਧਾਨ ਨਾਲ ਮੀਟਿੰਗ ਲਈ ਬੁਲਾ ਲਿਆ ਸੀ। ਭਾਜਪਾ ਪ੍ਰਧਾਨ ਦੇ ਇਸ ਰਵੱਈਏ ਦਾ ਅਕਾਲੀ ਦਲ ਦੇ ਆਗੂਆਂ ਨੇ ਸਖ਼ਤ ਨੋਟਿਸ ਲਿਆ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਲੰਘੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਦਾਸਪੁਰ ਵਿੱਚ ਰੈਲੀ ਕਰਨ ਤੋਂ ਪਹਿਲਾਂ ਵੀ ਆਪਣੇ ਭਾਈਵਾਲਾਂ ਨਾਲ ਅਗਾਊਂ ਕੋਈ ਮਸ਼ਵਰਾ ਨਹੀਂ ਕੀਤਾ ਗਿਆ। ਅਕਾਲੀ ਦਲ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਐੱਨਡੀਏ ਸਰਕਾਰ ਵਿੱਚ ਅਹਿਮ ਭਾਈਵਾਲ ਹੋਣ ਦੇ ਬਾਵਜੂਦ ਸਰਕਾਰ ਨੇ ਸਿੱਖ ਮਸਲੇ ਵੀ ਹੱਲ ਨਹੀਂ ਕੀਤੇ।
ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਤੋਂ ਲਾਲ ਕ੍ਰਿਸ਼ਨ ਅਡਵਾਨੀ ਆਦਿ ਨੇਤਾ ਸਰਗਰਮ ਰਾਜਨੀਤੀ ਤੋਂ ਲਾਂਭੇ ਹੋਏ ਹਨ ਤੇ ਪਾਰਟੀ ਦੀ ਕਮਾਨ ਅਮਿਤ ਸ਼ਾਹ ਦੇ ਹੱਥ ਆ ਗਈ ਸੀ ਤਾਂ ਦੋਹਾਂ ਪਾਰਟੀਆਂ ਦਰਮਿਆਨ ਸਬੰਧ ਖ਼ਰਾਬ ਹੋਣੇ ਸ਼ੁਰੂ ਹੋ ਗਏ ਸਨ। ਪੰਜਾਬ ’ਚ ਭਾਜਪਾ ਆਪਣੇ ਦਮ ’ਤੇ ਭਾਵੇਂ ਕੋਈ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਉਣ ਦੇ ਸਮਰੱਥ ਨਹੀਂ ਹੈ ਪਰ ਭਾਜਪਾ ਦੇ ਸੂਬਾਈ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਅਕਾਲੀਆਂ ਨਾਲੋਂ ਅਲਹਿਦਾ ਹੋਣ ’ਚ ਹੀ ਭਗਵਾਂ ਪਾਰਟੀ ਦਾ ਭਲਾ ਹੈ। ਹਰਿਆਣਾ ਵਿੱਚ ਮਨੋਹਰ ਲਾਲ ਖੱਟੜ ਦੀ ਅਗਵਾਈ ਹੇਠ ਭਾਜਪਾ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਅਕਾਲੀਆਂ ਨੇ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਕਮੇਟੀ ਭੰਗ ਕਰਨ ਦੀ ਮੰਗ ਰੱਖੀ ਪਰ ਇਹ ਮੰਗ ਅੱਜ ਤੱਕ ਪੂਰੀ ਨਾ ਹੋ ਸਕੀ। ਇਸੇ ਤਰ੍ਹਾਂ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮਾਮਲੇ ’ਚ ਵੀ ਅਕਾਲੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਸਿੱਖਾਂ ਨਾਲ ਸਬੰਧਤ ਇਨ੍ਹਾਂ ਦੋ ਵੱਡੇ ਮਸਲਿਆਂ ਕਰਕੇ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪੰਥਕ ਦਿੱਖ ਬਹਾਲ ਕਰਨ ਲਈ ਅਕਾਲੀਆਂ ਕੋਲ ਵੱਡੇ ਸਿੱਖ ਮਸਲਿਆਂ ’ਤੇ ਸਟੈਂਡ ਲੈਣ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ।
ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਇਸ ਸਮੇਂ ਸਿਆਸੀ ਤੌਰ ’ਤੇ ਸਭ ਤੋਂ ਮਾੜੇ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਚੋਣਾਂ ਸਿਰ ’ਤੇ ਆ ਗਈਆਂ ਹਨ ਤੇ ਇਸ ਮੌਕੇ ਅਕਾਲੀ ਦਲ ਨੂੰ ਨਵੇਂ ਭਾਈਵਾਲ ਦੀ ਤਲਾਸ਼ ਕਰਨੀ ਵੀ ਸੁਖਾਲੀ ਨਹੀਂ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸੰਸਦੀ ਚੋਣਾਂ ਦੌਰਾਨ ਅਕਾਲੀ ਦਲ ਇਕੱਲਿਆਂ ਕਿਸਮਤ ਅਜ਼ਮਾਉਣ ਦੇ ਰੌਂਅ ’ਚ ਹੈ ਪਰ ਇਸ ਮੁੱਦੇ ’ਤੇ ਅਜੇ ਤਾਈਂ ਸਹਿਮਤੀ ਨਹੀਂ ਬਣ ਸਕੀ।

ਵਿਰਾਸਤ ’ਚ ਮਿਲੇ ਕਰਜ਼ੇ ਦੇ ਨਿਬੇੜੇ ਦਾ ਮੁੱਢ ਬੱਝਾ

ਚੰਡੀਗੜ੍ਹ -(ਜਨ ਸ਼ਕਤੀ ਨਿਊਜ)-

15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ ਕੇ ਸਿੰਘ ਨੇ ਪੰਜਾਬ ਸਰਕਾਰ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਕੋਲੋਂ ਵਿਰਾਸਤ ਵਿਚ ਮਿਲੇ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਵਾਸਤੇ ਕਮਿਸ਼ਨ ਦੇ ਮੈਂਬਰ ਡਾ. ਰਮੇਸ਼ ਚੰਦ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਉਂਜ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਪਰ ਕਮਿਸ਼ਨ ਨੇ ਕਿਸਾਨੀ ਸਿਰ ਚੜ੍ਹੇ ਕਰਜ਼ੇ ਦੇ ਮਾਮਲੇ ਵਿਚ ਕੋਈ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਰਾਜ ਸਰਕਾਰ ਨੂੰ ਇਸ ਦਾ ਹੱਲ ਆਪਣੇ ਪੱਧਰ ’ਤੇ ਹੀ ਕਰਨਾ ਪਵੇਗਾ।ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀਆਂ ਅਤੇ ਅਧਿਕਾਰੀਆਂ ਨਾਲ ਸੂਬੇ ਦੇ ਮਸਲਿਆਂ ਬਾਰੇ ਵਿਆਪਕ ਵਿਚਾਰ ਵਟਾਂਦਰੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਸੂਬੇ ਨੇ ਅਨਾਜ ਦੇ ਮਾਮਲੇ ਵਿਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੁਸ਼ਹਾਲ ਹੋਏ ਬਿਨਾਂ ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ। ਅਨਾਜ ਖਾਤੇ ਵਿਚ ਪੰਜਾਬ ਸਿਰ ਚੜ੍ਹੇ 31,000 ਕਰੋੜ ਦੇ ਕਰਜ਼ੇ ਬਾਰੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ 12,500 ਕਰੋੜ ਰੁਪਏ ਦੇ ਮੂਲ ਨਾਲੋਂ ਵਿਆਜ 18,500 ਕਰੋੜ ਰੁਪਏ ਬਣ ਗਿਆ ਹੈ। ਇਸ ਦੇ ਨਿਪਟਾਰੇ ਲਈ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਛੇ-ਸੱਤ ਹਫ਼ਤਿਆਂ ਵਿਚ ਸੁਝਾਅ ਦੇਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਅਜਿਹੇ ਕਰਜ਼ਿਆਂ ਦੀ ਮੁੜ ਨੌਬਤ ਨਾ ਆਉਣ ਦੇਣ ਲਈ ਕਦਮ ਉਠਾਉਣੇ ਚਾਹੀਦੇ ਹਨ। ਇਸ ਸਬੰਧ ’ਚ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਨਾਲ ਕਮਿਸ਼ਨ ਨੇ ਸਹਿਮਤੀ ਜ਼ਾਹਿਰ ਕੀਤੀ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਹ ਸੂਬੇ ਦੇ ਮੁੱਦਿਆਂ ਨੂੰ ਲੈ ਕੇ ਇਕਮਤ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ’ਤੇ ਜ਼ੋਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਅਨਾਜ ਦੇ ਕਰਜ਼ੇ ਨੂੰ ਹੱਲ ਕਰਵਾਉਣ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਕਈ ਗੇੜੇ ਕੱਢੇ ਸਨ ਪਰ ਉਨ੍ਹਾਂ ਅਜੇ ਤਕ ਹਾਮੀ ਨਹੀਂ ਭਰੀ ਸੀ। ਪੰਜਾਬ ਸਰਕਾਰ ਨੇ ਕਿਹਾ ਕਿ 14ਵੇਂ ਵਿੱਤ ਕਮਿਸ਼ਨ ਨੇ ਸੂਬੇ ਦੀ ਬਹੁਤ ਘੱਟ ਮਦਦ ਦੀ ਸਿਫਾਰਸ਼ ਕੀਤੀ ਸੀ ਅਤੇ 15ਵੇਂ ਵਿੱਤ ਕਮਿਸ਼ਨ ਨੂੰ ਵਧੇਰੇ ਖੁਲ੍ਹਦਿਲੀ ਨਾਲ ਸਿਫਾਰਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਬਿਹਤਰ ਕਾਰਗੁਜ਼ਾਰੀ ਵਾਲੇ ਸੂਬਿਆਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਸੂਬੇ ਵਿਚ ਪਾਣੀ ਦੇ ਡਿੱਗ ਰਹੇ ਪੱਧਰ ’ਤੇ ਕਮਿਸ਼ਨ ਨੇ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ਨੂੰ ਜਲਦੀ ਫਸਲੀ ਚੱਕਰ ਬਦਲਣ ਲਈ ਕਿਹਾ ਹੈ। ਸੰਕਟ ਵਿੱਚ ਘਿਰੇ ਸੂਬੇ ਦੇ ਕਿਸਾਨਾਂ ਦੀ ਮਦਦ ਲਈ ਕਰਜ਼ਾ ਮੁਆਫ਼ੀ ਦੇ ਸਾਰੇ ਪੱਖਾਂ ’ਤੇ ਧਿਆਨ ਦੇਣ ਦਾ ਵਾਅਦਾ ਕਰਦੇ ਹੋਏ ਕਮਿਸ਼ਨ ਨੇ ਪੰਜਾਬ ਦੀਆਂ ਵਿੱਤੀ ਹਾਲਤਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ‘ਵਿੱਤੀ ਜ਼ਿੰਮੇਵਾਰੀ ਬਜਟ ਮੈਨੇਜਮੈਂਟ ਐਕਟ’ ਤਹਿਤ ਤਿੰਨ ਫ਼ੀਸਦੀ ਕਰਜ਼ਾ ਲੈ ਕੇ ਹੀ ਕਰ ਸਕਦੀ ਹੈ। ਟਰੱਕ ਯੂਨੀਅਨਾਂ ਨੂੰ ਖ਼ਤਮ ਕਰਨ ਲਈ ਕਮਿਸ਼ਨ ਨੇ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਐਫਸੀਆਈ ਸੂਬੇ ਵਿੱਚੋਂ ਫ਼ਸਲ ਦੀ ਘੱਟ ਖ਼ਰੀਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਫਸੀਆਈ ਦੇ ਗੁਦਾਮ ਭਰੇ ਪਏ ਹਨ ਅਤੇ ਅਗਲੀ ਫ਼ਸਲ ਨੂੰ ਭੰਡਾਰ ਕਰਨ ਲਈ ਕੋਈ ਥਾਂ ਨਹੀਂ ਬਚੀ ਹੈ। ਐਫਸੀਆਈ ਨੇ ਪਿਛਲੇ 3-4 ਸਾਲਾਂ ਤੋਂ ਸੂਬੇ ਵਿੱਚੋਂ ਕਣਕ ਨਹੀਂ ਚੁੱਕੀ ਹੈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੁਰੀ ਤਰ੍ਹਾਂ ਸੰਕਟ ਵਿਚ ਘਿਰੇ ਪੰਜਾਬ ਦੀ ਬਾਂਹ ਫੜਨ ਲਈ ਕਮਿਸ਼ਨ ਨੂੰ ਭਾਵੁਕ ਅਪੀਲ ਕੀਤੀ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਝੋਨੇ ਤੇ ਕਣਕ ਦੀ ਖ਼ਰੀਦ ਵਿੱਚ ਸੂਬਾ ਸਰਕਾਰ ਨੂੰ ਦਰਪੇਸ਼ ਢਾਂਚਾਗਤ ਮੁੱਦਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਸਥਿਤੀ ਬਾਰੇ ਵਿਆਪਕ ਨਜ਼ਰੀਆ ਅਪਨਾਉਣ ਲਈ ਬੇਨਤੀ ਕੀਤੀ। ਵਿੱਤ ਕਮਿਸ਼ਨ ਦੇ ਚੇਅਰਮੈਨ ਨੇ ਸੂਬੇ ਨੂੰ ਬਦਲਦੇ ਦੌਰ ਵਿੱਚ ਨੌਜਵਾਨਾਂ ਨੂੰ ਢੁਕਵੀਆਂ ਨੌਕਰੀਆਂ ਦੇਣ ਦੀ ਰਫ਼ਤਾਰ ਕਾਇਮ ਰੱਖਣ ਦਾ ਸੱਦਾ ਦਿੰਦਿਆਂ ਅਕਾਦਿਮਕ ਪਾਠਕ੍ਰਮ ਨੂੰ ਹੁਨਰ ਵਿਕਾਸ ਅਤੇ ਕਿੱਤਾ ਮੁਖੀ ਸਿਖਲਾਈ ਨਾਲ ਜੋੜ ਕੇ ਨਵੀਂ ਦਿਸ਼ਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਸਮੇਤ ਹੁਨਰ ਵਿਕਾਸ ਦੇ ਵੱਖ-ਵੱਖ ਕਾਰਜਾਂ ਲਈ 500 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦੀ ਮੰਗ ਕੀਤੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਆਰਥਿਕ ਤੌਰ ’ਤੇ ਸਥਿਰ ਬਣਾਉਣ ਲਈ ਨਿੱਗਰ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਰਕਾਰ ਨੇ ਲੋੜੀਂਦੇ ਡਾਕਟਰ ਅਤੇ ਹੋਰ ਅਮਲੇ ਦੀ ਭਰਤੀ ਕਰਕੇ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਅਫ਼ਸਰਾਂ ਦੀ ਤਨਖਾਹ ਪ੍ਰਤੀ ਮਹੀਨਾ 15000 ਤੋਂ ਵਧਾ ਕੇ 40,000 ਰੁਪਏ ਅਤੇ ਸਪੈਸ਼ਲਿਸਟਾਂ ਦੀ ਤਨਖਾਹ 40,000 ਤੋਂ ਵਧਾ ਕੇ 70,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਵਿੱਚ ਸਰਕਾਰੀ ਮੈਡੀਕਲ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਹੋਰ ਫੰਡ ਦੇਣ ਦੀ ਮੰਗ ਕੀਤੀ।

*ਕੈਪਟਨ ਨੇ ਕਿਸਾਨਾਂ ਦੇ ਕਰਜ਼ੇ ’ਤੇ ਲੀਕ ਲਈ ਪੈਕੇਜ ਮੰਗਿਆ*

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15ਵੇਂ ਵਿੱਤ ਕਮਿਸ਼ਨ ਪਾਸੋਂ ਵਿਸ਼ੇਸ਼ ਕਰਜ਼ਾ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਤਾਂ ਜੋ ਸੂਬੇ ਦੇ ਅਰਥਚਾਰੇ ਨੂੰ ਮੁੜ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੇ ਕਰਜ਼ੇ ’ਤੇ ਲੀਕ ਫੇਰਨ ਲਈ ਯਕਮੁਸ਼ਤ ਪੈਕੇਜ ਵੀ ਮੰਗਿਆ। ਜੀਐਸਟੀ ਲਾਗੂ ਹੋਣ ਤੋਂ ਬਾਅਦ ਸੂਬੇ ਨੂੰ ਮਾਲੀਏ ਪੱਖੋਂ ਸਥਾਈ ਘਾਟਾ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਮੁਆਵਜ਼ਾ ਪਹਿਲੀ ਜੁਲਾਈ, 2022 ਤੱਕ ਖ਼ਤਮ ਹੋ ਜਾਵੇਗਾ ਜਿਸ ਤੋਂ ਬਾਅਦ ਸੂਬੇ ਦੇ ਮਾਲੀਏ ਵਿੱਚ ਸਾਲਾਨਾ 10,000-12,000 ਕਰੋੜ ਤੱਕ ਦੀ ਵੱਡੀ ਕਮੀ ਆਵੇਗੀ। ਇਸ ਘਾਟੇ ਦੇ ਮੱਦੇਨਜ਼ਰ ਕੇਂਦਰ ਸਰਕਾਰ, ਪੰਜਾਬ ਵਰਗੇ ਸੂਬਿਆਂ ਲਈ ਮੁਆਵਜ਼ਾ ਦੇਣਾ 30 ਜੂਨ, 2022 ਤੋਂ ਬਾਅਦ ਵੀ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਸਰਕਾਰ ਨੇ 10 ਲੱਖ ਛੋਟੇ ਤੇ ਸੀਮਾਂਤ ਕਿਸਾਨ ਪਰਿਵਾਰਾਂ ਲਈ 8000 ਕਰੋੜ ਰੁਪਏ ਦਾ ਪੈਕੇਜ ਪਹਿਲਾਂ ਹੀ ਐਲਾਨਿਆ ਹੋਇਆ ਹੈ ਪਰ ਕੇਂਦਰ ਸਰਕਾਰ ਪਾਸੋਂ ਵਿਆਪਕ ਪੈਕੇਜ ਤੇ ਸਹਾਇਤਾ ਦੀ ਲੋੜ ਹੈ ਜਿਸ ਲਈ ਉਨ੍ਹਾਂ ਯਕਮੁਸ਼ਤ ਕਰਜ਼ਾ ਮੁਆਫੀ ਦੀ ਅਪੀਲ ਕੀਤੀ। ਕਮਿਸ਼ਨ ਨੂੰ ਮੱਕੀ ਅਤੇ ਗੰਨੇ ਦੀ ਕੀਮਤ ਘਾਟੇ ਲਈ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਜੋ ਕ੍ਰਮਵਾਰ 12,350 ਕਰੋੜ ਅਤੇ 300 ਕਰੋੜ ਤੱਕ ਰੁਪਏ ਬਣਦੀ ਹੈ। ਉਨ੍ਹਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੁਕੰਮਲ ਜਲ ਚੱਕਰ ਪ੍ਰਬੰਧਨ ਲਈ 12000 ਕਰੋੜ ਰੁਪਏ ਦੀ ਗ੍ਰਾਂਟ ਮੰਗੀ।

ਪਿੰਡ ਸੇਖਦੌਲਤ ਦੇ ਨੌਜਵਾਨ ਨੇ ਗੁਰਮ੍ਰਿਯਾਦਾ ਅਨੁਸਾਰ ਵਿਆਹ ਕਰਵਾ ਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ।

ਸੰਗਤ ਅਤੇ ਪੰਗਤ ਦੀ ਮ੍ਰਿਯਾਦਾ ਨੂੰ ਵਿਆਹ ਦੇ ਸਮਾਗਮਾ ਵਿੱਚ ਦੇਖ ਕੇ ਸਿੱਖ ਹੋਣ ਦਾ ਬੜਾ ਹੀ ਮਾਨ ਮਹਿਸੂਸ ਹੋਇਆ- ਇੰਟਰਨੈਸ਼ਨਲ ਢਾਡੀ ਜੱਥਾ ਅਜੈਬ ਸਿੰਘ ਅਣਖੀ

ਜਗਰਾਉਂ (ਰਾਣਾ ਸੇਖਦੌਲਤ) ਅੱਜ ਫੈਸ਼ਨ ਦੇ ਦੌਰ ਵਿਚ ਦੁਨੀਆ ਗੁਰਮ੍ਰਿਯਾਦਾ ਭੁੱਲ ਕੇ ਕਲਯੁੱਗ ਦੇ ਘੇਰ ਵਿੱਚ ਅੰਨੀ ਹੋਈ ਫਿਰਦੀ ਹੈ। ਲੋਕੀ ਵਿਆਹਾ ਤੇ ਲੱਖਾ ਰੁਪਏ ਖਰਚ ਕਰਕੇ ਆਪਣੀ ਫੋਕੀ ਟੋਹਰ ਲਈ ਭੱਜੀ ਫਿਰਦੀ ਹੈ। ਅੱਜ ਪਿੰਡ ਸੇਖਦੌਲਤ ਦੇ ਨੌਜਵਾਨ ਹਰਜੀਤ ਸਿੰਘ ਖਾਲਸਾ ਨੇ ਆਪਣਾ ਵਿਆਹ ਗੁਰਮ੍ਰਿਯਾਦਾ ਅਨੁਸਾਰ ਕਰਵਾ ਕੇ ਪੂਰੇ ਇਲਾਕੇ ਵਿੱਚ ਇਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ ਹੈ। ਜਿਵੇਂ ਕਿ ਅੱਜ ਕੱਲ ਵਿਆਹ ਦੀ ਸ਼ਾਨ ਡੀ.ਜੀ ਅਤੇ ਨੱਚਣਾ ਟੱਪਨਾ ਹੀ ਰਿਹ ਗਿਆ ਹੈ। ਉਸੇ ਤਰ੍ਹਾ ਇਸ ਨੌਜਵਾਨ ਨੇ ਆਪਣੇ ਵਿਆਹ ਤੇ ਪੈਲਿਸ ਵਿੱਚ ਡੀ.ਜੀ ਦੀ ਥਾਂ ਕਵੀਸ਼ਰੀ ਸਿੰਘ ਅਤੇ ਇੰਟਰਨੈਸ਼ਨਲ ਢਾਡੀ ਜੱਥੇ ਬੁਲਾਏ।ਜਿਨ੍ਹਾ ਨੇ ਆਏ ਹੋਏ ਮਹਿਮਾਨਾ ਨੂੰ ਗੁਰੂ ਜੀ ਦੇ  ਇਤਿਹਾਸ ਨਾਲ ਜੋੜਿਆ ਅਤੇ ਗੁਰੂ ਬਾਨੀ ਨਾਲ ਜੁੜਨ ਲਈ ਪ੍ਰਰਿਤ ਕੀਤਾ। ਉਹਨਾ ਇਹ ਵੀ ਕਿਹਾ ਕਿ ਸਾਨੂੰ ਸਾਰਿਆ ਨੂੰ ਹਰਜੀਤ ਸਿੰਘ ਖਾਲਸਾ ਵਾਗ ਸਾਦਾ ਅਤੇ ਤੇ ਗੁਰਬਾਣੀ ਨਾਲ ਜੁੜ ਗੁਰੂਆਂ ਦੇ ਦਿੱਤੇ ਹੋਏ ਉਦੇਸ਼ ਅੁਨਸਾਰ ਵਿਆਹ ਕਰਨਾ ਚਾਹੀਦਾ ਹੈ। ਆਏ ਹੋਏ ਕਵਸ਼ਰੀ ਜੱਥੇ ਅਤੇ ਢਾਡੀ ਜੱਥਿਆ ਦਾ ਮਾਨ ਸਨਮਾਨ ਵੀ ਕੀਤਾ ਗਿਆ। 

ਸਵਾਈਨ ਫਲੂ ਕਾਰਨ ਤਿੰਨ ਵਿਅਕਤੀਆਂ ਦੀ ਮੌਤ

ਫਤਿਹਗੜ੍ਹ ਸਾਹਿਬ,  (ਵਿਪਨ)—ਫਤਿਹਗੜ੍ਹ ਸਾਹਿਬ 'ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਆਏ ਦਿਨ ਸਵਾਈਨ ਫਲੂ ਦੇ ਮਰੀਜ਼ ਮੌਤ ਦੇ ਮੂੰਹ 'ਚ ਜਾ ਰਹੇ ਹਨ। ਸਿਵਲ ਸਰਜਨ ਡਾ.ਐੱਨ. ਕੇ. ਅਗਰਵਾਲ ਨੇ ਦੱਸਿਆ ਕਿ ਸਵਾਈਨ ਫਲੂ ਕਾਰਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਬੀਮਾਰੀ ਨਾਲ ਪੀੜਤ ਇਕ ਮਹਿਲਾ ਨੂੰ ਪੀ.ਜੀ.ਆਈ. ਚੰਡੀਗੜ੍ਹ 'ਚ ਦਾਖਲ ਕਰਵਾਇਆ ਗਿਆ ਹੈ। ਸਿਵਲ ਸਰਜਨ ਮੁਤਾਬਕ ਸਵਾਈਨ ਫਲੂ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਵਲੋਂ ਬਕਾਇਦਾ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਸਵਾਈਨ ਫਲੂ ਕਾਰਨ ਪੀੜਤ ਵਿਅਕਤੀ ਸਬੰਧੀ ਸੂਚਨਾ ਮਿਲਣ 'ਤੇ ਉਕਤ ਵਿਅਕਤੀ ਦੀ ਡਿਟੇਲ ਪ੍ਰਾਪਤ ਕਰਕੇ ਉਸ ਦਾ ਇਲਾਜ ਕਰਨ ਪਹੁੰਚਦੀਆਂ ਹਨ।