ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ

ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ

ਫ਼ਰੀਦਕੋਟ, ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਵਿਸ਼ਵਕਰਮਾਂ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਸ਼੍ਰੀ ਸ਼ਿਵਨਾਥ ਦਰਦੀ (ਪ੍ਰਧਾਨ), ਸ਼੍ਰੀ ਧਰਮ ਪਰਵਾਨਾ (ਜਨਰਲ ਸਕੱਤਰ), ਪ੍ਰੋ.ਬੀਰ ਇੰਦਰ ਸਰਾਂ (ਪ੍ਰੈਸ ਅਤੇ ਮੀਡੀਆ ਸਕੱਤਰ) ਦੀ ਯੋਗ ਅਗਵਾਈ ਵਿੱਚ ਪੰਜਾਬੀ ਮਾਹ ਨੂੰ ਸਮਰਪਿਤ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੁਰਿੰਦਰ ਕੌਰ ਨੇ ਕੀਤੀ। ਇਸ ਮੌਕੇ ਪ੍ਰੋ. ਬੀਰ ਇੰਦਰ ਸਰਾਂ, ਸ਼੍ਰੀ ਸ਼ਿਵਨਾਥ ਦਰਦੀ ਅਤੇ ਸ਼੍ਰੀ ਧਰਮ ਪਰਵਾਨਾ ਨੇ ਸਾਂਝੇ ਰੂਪ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਬਾਰੇ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਅਤੇ ਪੰਜਾਬੀ ਮਾਂ-ਬੋਲੀ ਦੇ ਵਿਕਾਸ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ  ਪ੍ਰੋ. ਬੀਰ ਇੰਦਰ ਸਰਾਂ, ਸ਼੍ਰੀ ਸ਼ਿਵਨਾਥ ਦਰਦੀ ਅਤੇ ਸ਼੍ਰੀ ਧਰਮ ਪਰਵਾਨਾ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮਿਆਰੀ ਗੀਤ, ਕਵਿਤਾ, ਭਾਸ਼ਣ, ਚਿੱਤਰਕਾਰੀ, ਭੰਗੜਾ, ਗਿੱਧਾ, ਲੋਕ ਗੀਤ, ਪੇਂਡੂ ਖੇਡ ਆਦਿ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਵੱਲੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਇੰਟਰਨਸ਼ਿਪ ਵਾਲੇ ਵਿਦਿਆਰਥੀ-ਅਧਿਆਪਕਾਂ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ  ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਸਰਟੀਫ਼ਿਕੇਟ ਅਤੇ ਮੈਡਲ ਵੀ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਵਿਦਿਆਰਥੀ-ਅਧਿਆਪਕਾਂ ਨੇ ਖ਼ਾਸ ਯੋਗਦਾਨ ਦਿੱਤਾ। ਅੰਤ ਵਿੱਚ ਪ੍ਰਿੰਸੀਪਲ ਮੈਡਮ ਗੁਰਿੰਦਰ ਕੌਰ ਨੇ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।