ਗਿਆਨ ਦੇ ਦੀਵੇ ਬਾਲੀਏ ✍️ ਸਲੇਮਪੁਰੀ ਦੀ ਚੂੰਢੀ

 ਅਸੀਂ ਸਦੀਆਂ ਤੋਂ ਤੇਲ ਦੇ ਦੀਵੇ ਬਾਲ ਕੇ ਬਨੇਰਿਆਂ ਉਪਰ ਰੱਖਦੇ ਆ ਰਹੇ ਹਾਂ, ਪਰ ਸਾਡੇ ਦਿਲਾਂ ਵਿਚੋਂ ਹਨੇਰਾ ਦੂਰ ਨਹੀਂ ਹੋਇਆ।ਕੁਦਰਤ ਦਾ ਇਕ ਬਹੁਤ ਵੱਡਾ ਨਿਯਮ ਹੈ ਕਿ, ਦਿਨ ਤੋਂ ਬਾਅਦ ਰਾਤ ਆਉਣੀ ਹੈ ਅਤੇ ਰਾਤ ਤੋਂ ਬਾਅਦ ਦਿਨ ਆਉਣਾ ਹੈ। ਸੂਰਜ ਸੰਸਾਰ ਦਾ ਸਭ ਤੋਂ ਵੱਡਾ ਦੀਵਾ ਹੈ, ਜਿਹੜਾ ਬਿਨਾਂ ਕਿਸੇ ਭੇਦਭਾਵ ਤੋਂ ਜਿਥੇ ਮਹੱਲਾਂ ਵਿਚ ਚਾਨਣ ਵੰਡਦਾ ਹੈ, ਉਥੇ ਝੁੱਗੀਆਂ ਵਿਚ ਵੀ ਚਾਨਣ ਦੀਆਂ ਰਿਸ਼ਮਾਂ ਖਿਲਾਰਦਾ ਹੈ, ਕੁਦਰਤ ਭਲੀ ਭਾਂਤ ਜਾਣਦੀ ਹੈ ਕਿ ਝੁੱਗੀਆਂ ਅਤੇ ਮਹੱਲ ਸ਼ਰਾਰਤੀ ਲੋਕਾਂ ਵਲੋਂ ਕੀਤੀ ਗਈ ਕਾਣੀ ਵੰਡ ਦਾ ਸਿੱਟਾ ਹੈ। ਸਾਡੇ ਦੇਸ਼ ਦੇ  ਬਹੁ-ਗਿਣਤੀ ਲੋਕਾਂ ਵਿਚ ਗਿਆਨ ਦੀ ਘਾਟ ਹੋਣ ਕਰਕੇ ਅਮੀਰ - ਗਰੀਬ ਵਿਚਾਲੇ ਦਿਨ-ਬ-ਦਿਨ ਆਰਥਿਕ ਅਤੇ ਸਮਾਜਿਕ ਬਰਾਬਰੀ ਦਾ ਪਾੜਾ ਵੱਧਦਾ ਜਾ ਰਿਹਾ ਹੈ। ਸਮੇਂ ਸਮੇਂ 'ਤੇ ਕੇਂਦਰ ਅਤੇ  ਸੂਬਿਆਂ ਵਿਚ ਬਣੀਆਂ ਸਰਕਾਰਾਂ ਨੇ ਸਿੱਖਿਆ ਪ੍ਰਣਾਲੀ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਅਬਾਦੀ ਦੇ ਵੱਡੇ ਹਿੱਸੇ ਨੂੰ ਉਸਾਰੂ ਅਤੇ ਰਾਹ ਦਿਸੇਰਾ ਸਿੱਖਿਆ ਤੋਂ ਵੰਚਿਤ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਵੱਡੀ ਅਬਾਦੀ ਦੇ ਲੋਕ ਆਪਣੀ ਗਰੀਬੀ ਅਤੇ ਮੰਦਹਾਲੀ ਨੂੰ ਭਾਰਤੀ ਸਿਸਟਮ ਦੀ ਦੇਣ ਮੰਨਣ ਦੀ ਬਜਾਏ 'ਰੱਬ ਦੀ ਦੇਣ' ਮੰਨਕੇ ਪਸ਼ੂਆਂ ਵਰਗੀ ਜਿੰਦਗੀ ਕੱਟਣ ਕਰਨ ਲਈ ਮਜਬੂਰ ਹੋ ਰਹੇ ਹਨ। ਸਾਡੀ ਸਿੱਖਿਆ ਪ੍ਰਣਾਲੀ ਪਹਿਲੀ ਗੱਲ ਤਾਂ ਵੱਡੀ ਅਬਾਦੀ ਦੇ ਲੋਕਾਂ ਦੀ ਪਹੁੰਚ ਤੋਂ ਦੂਰ ਰਹੀ ਹੈ ਅਤੇ ਜਿਹੜੇ ਪੜ੍ਹੇ ਹਨ, ਉਨ੍ਹਾਂ ਵਿਚੋਂ ਬਹੁਤਿਆਂ ਨੂੰ  ਰੁਜ਼ਗਾਰ ਦੇ ਯੋਗ ਬਣਾਉਣ ਵਿਚ ਸਫਲ ਨਹੀਂ ਹੋ ਸਕੀ, ਸਗੋਂ ਲੋਕਾਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦੀ ਚੁੰਗਲ ਵਿਚ ਫਸਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਦਿਲਾਂ ਦੇ ਵਿੱਚ ਵਿਗਿਆਨਕ ਸੋਚ ਰੱਖਣ ਵਾਲਾ ਗਿਆਨ ਦਾ ਦੀਵਾ ਬਲਣ ਨਹੀਂ ਦਿੱਤਾ, ਇਸੇ ਕਰਕੇ ਉਹ ਆਪਣੀ ਗਰੀਬੀ ਅਤੇ ਗਰੀਬੀ ਕਾਰਨ ਪੈਦਾ ਹੋਣ ਵਾਲੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ, ਆਪਣੀ ਅਤੇ ਆਪਣੇ ਬੱਚਿਆਂ ਦੀ  ਨਰਕ ਬਣ ਰਹੀ ਜਿੰਦਗੀ ਨੂੰ ਹਮੇਸ਼ਾ ਕੋਸਦੇ ਰਹਿੰਦੇ ਹਨ । ਵੱਡੀ ਅਬਾਦੀ ਦੇ ਦਿਮਾਗਾਂ ਵਿਚ ਭਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਕਿਸਮਤ ਵਿਚ ਜੋ ਲਿਖਿਆ ਹੈ, ਉਹ ਭੋਗ ਰਹੇ ਹਨ, ਉਨ੍ਹਾਂ ਨੂੰ ਪਿਛਲੇ ਜਨਮ ਵਿਚ ਕੀਤੇ ਮਾੜੇ ਕਰਮਾਂ ਦਾ ਫਲ ਮਿਲਿਆ ਹੈ। ਵੱਡੀ ਅਬਾਦੀ ਜੋ ਸੁਣਦੀ, ਜੋ ਪੜ੍ਹਦੀ ਹੈ, ਨੂੰ ਸੱਚ ਮੰਨ ਕੇ ਬੈਠ ਜਾਂਦੀ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਸਮੱਸਿਆਵਾਂ ਅਤੇ ਗਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ 'ਰੱਬ ਦੇ ਏਜੰਟਾਂ' ਦਾ ਸਹਾਰਾ ਭਾਲਣਾ ਸ਼ੁਰੂ ਦਿੰਦੀ ਹੈ। ਰੱਬ ਦੇ ਏਜੰਟ  ਉਸ ਨੂੰ  ਤਰ੍ਹਾਂ ਤਰ੍ਹਾਂ ਦੇ ਉਪਾਅ ਦੱਸ ਕੇ ਅੰਧ-ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿਚ ਫਸਾ ਕੇ ਆਰਥਿਕ ਤੌਰ 'ਤੇ ਲੁੱਟਣਾ ਸ਼ੁਰੂ ਕਰ ਦਿੰਦੇ ਹਨ। ਵੱਡੀ ਅਬਾਦੀ ਦੇ ਲੋਕ ਆਪਣੀ ਕਿਸਮਤ ਬਦਲਾਉਣ ਲਈ ਆਪਣੇ ਦਿਮਾਗ ਦੇ ਅੰਦਰ ਸੂਝ-ਬੂਝ ਦਾ ਦੀਵਾ ਬਾਲਣ ਦੀ ਥਾਂ ਥਾਂ ਜਾ ਕੇ ਦੀਵੇ ਬਾਲਣੇ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਰੁੱਸੇ ਹੋਏ ਪੂਰਵਜ ਖੁਸ਼ ਹੋ ਸਕਣ। ਉਹ ਭੁੱਲ ਜਾਂਦੇ ਹਨ, ਕਿ ਉਹਨਾਂ ਦੇ ਸਿਰਾਂ ਨੂੰ ਲਗਾਉਣ ਲਈ ਤਾਂ ਤੇਲ ਦੀ ਬੂੰਦ ਨਸੀਬ ਨਹੀਂ ਹੁੰਦੀ ਤੇ ਉਹ ਮਹਿੰਗੇ ਭਾਅ ਦਾ ਲਿਆਂਦਾ ਹੋਇਆ ਤੇਲ ਦੀਵਿਆਂ ਵਿਚ ਪਾ ਕੇ ਬਾਲਣ ਨੂੰ ਸ਼ੁੱਭ ਕਾਰਜ ਮੰਨਦੇ ਹਨ। ਅਸੀਂ ਆਪਣੇ ਦਿਲਾਂ ਅਤੇ ਦਿਮਾਗਾਂ ਅੰਦਰ  ਜਾਤ-ਪਾਤ ਅਤੇ ਧਰਮ ਦੇ ਨਾਂ ਹੇਠ ਦਿਨ-ਬ-ਦਿਨ ਡੂੰਘੇ ਹੋ ਰਹੇ ਵਖਰੇਵਾਂ ਨੂੰ ਖਤਮ ਕਰਨ ਲਈ ਭਾਈਚਾਰਿਕ ਸਾਂਝ ਅਤੇ ਪਿਆਰ ਦੇ ਦੀਵੇ ਬਾਲਣ ਤੋਂ ਸੁਚੇਤ ਨਹੀਂ ਹਾਂ, ਜਦ ਕਿ ਇਸ ਵੇਲੇ ਇਸ ਦੀ ਬਹੁਤ ਜਰੂਰਤ ਹੈ। ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਬੇਈਮਾਨੀ, ਠੱਗੀਆਂ, ਹੇਰਾਫੇਰੀਆਂ, ਭਾਈ-ਭਤੀਜਾਵਾਦ ਦੇ ਛਾਏ ਕਾਲੇ ਹਨੇਰਿਆਂ ਨੂੰ ਖਤਮ ਕਰਨ ਲਈ ਆਪਣੇ ਅੰਦਰ ਸੂਝਬੂਝ ਦੇ ਦੀਵੇ ਬਾਲਣੇ ਚਾਹੀਦੇ ਹਨ।
ਆਓ! ਸਿੱਖਿਆ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ- ਭਰਮਾਂ  ਦੇ ਛਾਏ ਘੋਰ ਹਨੇਰਿਆਂ ਤੋਂ ਮੁਕਤ ਕਰਨ ਲਈ ਸਿੱਖਿਆ ਢਾਂਚੇ ਅੰਦਰ ਵਿਗਿਆਨਕ ਸੋਚ ਪੈਦਾ ਕਰਨ ਵਾਲਾ ਦੀਵਾ ਬਾਲੀਏ। ਅੱਜ ਲੋੜ ਹੈ ਕਿ ਸਿੱਖਿਆ ਸਾਡੇ ਅੰਦਰ ਅਜਿਹਾ ਗਿਆਨ ਦਾ ਦੀਵਾ ਬਾਲ ਕੇ ਰੱਖੇ, ਜਿਹੜਾ ਸਾਨੂੰ 'ਬੰਦੇ ਦਾ ਪੁੱਤ' ਬਣਾਕੇ ਪੈਰਾਂ 'ਤੇ ਖੜ੍ਹਨ ਦੇ ਕਾਬਲ ਬਣਾਵੇ ਅਤੇ ਅਸੀਂ ਦਾਲ-ਆਟਾ , ਬਿਜਲੀ ਦੇ ਬਿੱਲ, ਬੱਸਾਂ ਦੀਆਂ ਟਿਕਟਾਂ ਖੁਦ ਖ੍ਰੀਦ ਸਕੀਏ, ਸਾਨੂੰ ਆਪਣੀਆਂ ਮੰਗਾਂ ਲਈ ਹੜਤਾਲਾਂ ਨਾ ਕਰਨੀਆਂ ਪੈਣ, ਰੁਜ਼ਗਾਰ ਲਈ ਸੜਕਾਂ ਨਾ ਮੱਲਣੀਆਂ ਪੈਣ। ਧਰਮ ਅਤੇ ਜਾਤ-ਪਾਤ ਦੇ ਨਾਂ ' ਤੇ ਸ਼ਰਾਰਤੀ ਲੋਕਾਂ ਵਲੋਂ ਕਰਵਾਏ ਜਾ ਰਹੇ ਦੰਗਿਆਂ - ਫਸਾਦਾਂ ਤੋਂ ਮੁਕਤੀ ਪਾ ਲਈਏ, ਕਾਨੂੰਨ ਤੋਂ ਇਨਸਾਫ ਲੈਣ ਲਈ ਕਿਸੇ ਨੂੰ ਬਾਗੀ ਨਾ ਬਣਨਾ ਪਵੇ, ਕਿਸੇ ਮਾਪੇ ਦੀ ਔਲਾਦ ਨਸ਼ਿਆਂ ਵਲ ਨਾ ਜਾਵੇ , ਕੋਈ ਖੁਦਕੁਸ਼ੀ ਨਾ ਕਰੇ, ਕਿਸੇ ਨੂੰ ਜਿੰਦਗੀ ਕੱਟਣ ਲਈ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਲੋਕਾਂ ਨੂੰ ਪਾਈਪਾਂ ਵਿਚ ਅਤੇ ਪੁੱਲਾਂ ਥੱਲੇ ਨਾ ਰਹਿਣਾ ਪਵੇ।ਆਉ ਆਪਣੇ ਅੰਦਰ ਗਿਆਨ ਦੇ ਦੀਵੇ ਬਾਲੀਏ ਜਿਸ ਨਾਲ ਅਸੀਂ
ਸਿਆਸਤਦਾਨਾਂ ਦੇ ਲੱਛੇਦਾਰ ਭਾਸ਼ਣਾਂ ਤੇ ਲੂੰਬੜ ਚਾਲਾਂ ਅਤੇ ਬਾਬਿਆਂ ਦੀਆਂ ਮਨਘੜਤ ਕਹਾਣੀਆਂ ਦੇ ਸੱਚ-ਝੂਠ ਦੀ ਪਛਾਣ ਕਰ ਸਕੀਏ!ਸਾਨੂੰ ਆਪਣੇ ਦਿਲਾਂ ਵਿਚ ਅਜਿਹੇ ਗਿਆਨ ਅਤੇ ਸੂਝ ਬੂਝ ਦੇ ਦੀਵੇ ਬਾਲਣ ਦੀ ਲੋੜ ਹੈ, ਜਿਹੜਾ ਸਾਡੇ ਦਿਮਾਗ ਨੂੰ ਰੁਸ਼ਨਾਉੰਦਾ ਹੋਇਆ ਦੱਸੇ ਕਿ, ਜੇਕਰ ਪਾਕਿਸਤਾਨ ਦੀ ਕ੍ਰਿਕਟ ਦੀ ਟੀਮ ਜਿੱਤ ਗਈ ਤਾਂ ਇਸ ਪਿੱਛੇ  ਭਾਰਤ ਦਾ ਕਿਰਕਿਰਾ  ਹੋ ਚੁੱਕਿਆ ਸਿਸਟਮ ਹੈ। ਅੱਜ ਸਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੇ ਭਾਰਤ ਦੀ ਹਾਕੀ ਟੀਮ ਉਲੰਪਿਕ ਵਿੱਚੋਂ ਹਾਰ ਗਈ ਤਾਂ ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਅੱਗੇ ਨੰਗੇ ਹੋ ਕੇ ਖਰੂਦ ਨਹੀਂ ਪਾਈਦਾ।

ਸੁਖਦੇਵ ਸਲੇਮਪੁਰੀ
09780620233
6 ਨਵੰਬਰ, 2021.