ਅੰਮ੍ਰਿਤਸਰ, ਅਕਤੂਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )-
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਕੋਰ ਕਮੇਟੀ ਮੈਂਬਰਾਂ ਅਤੇ ਉੱਚ ਅਹੁਦੇਦਾਰਾਂ ਦੀ ਇਕੱਤਰਤਾ ਵਿੱਚ ਪੰਜਾਬ ਦੇ ਮੌਜੂਦਾ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਅਹਿਮ ਫੈਸਲੇ ਕੀਤੇ ਗਏ। ਅਹਿਮ ਫੈਸਲੇ 'ਚ ਆਉਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਮਖਿਆਲੀ ਪਾਰਟੀਆਂ ਨਾਲ ਚੋਣਾਂ ਲੜਣ ਦੀ ਵੀ ਸਹਿਮਤੀ ਬਣੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਰਕਾਰ ਕੋਲੋਂ 50-50 ਲੱਖ ਰੁਪਏ ਦੀ ਰਾਸ਼ੀ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਵਜੋਂ ਦੇਣ ਦੀ ਮੰਗ ਕੀਤੀ। ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਵਿਧਾਨ ਸਭਾ ਵਿਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਪੂਰਨ ਤੌਰ 'ਤੇ ਰੱਦ ਕਰਨ ਅਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਇਤਿਹਾਸਕ ਮਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਦੋਂ ਤਕ ਖੜੇ ਹੋਣ ਦਾ ਸੰਕਲਪ ਲਿਆ ਹੈ। ਜਦੋਂ ਤਕ ਮੋਦੀ ਸਰਕਾਰ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ। ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬ੍ਰਹਮਪੁਰਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਚੋਣਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਅਤੇ ਉੱਚਿਤ ਢੰਗ ਨਾਲ ਚੋਣਾਂ ਕਰਵਾਉਣ ਲਈ ਵੋਟਾਂ ਸਿਰਫ ਤੇ ਸਿਰਫ ਫੋਟੋ ਸ਼ਨਾਖਤੀ ਕਾਰਡ ਰਾਹੀਂ ਹੀ ਪਵਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦ੍ਰਿੜ੍ਹਤਾ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਤੇ ਆਧਾਰਤ ਰਾਜਾਂ ਨੂੰ ਵਧੇਰੇ ਅਧਿਕਾਰ ਦਿਵਾਉਣ ਲਈ ਆਪਣੀ ਵਚਨਬੱਧਤਾ ਦਹੁਰਾਉਂਦੀ ਹੈ ਤਾਂ ਜੋ ਜਮਹੂਰੀਅਤ ਢੰਗਾਂ ਰਾਹੀਂ ਰਾਜਾਂ ਨੂੰ ਵਧੇਰੇ ਅਧਿਕਾਰਾਂ ਦੀ ਪ੍ਰਾਪਤੀ ਹੋ ਸਕੇ। ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਹ ਬਰਗਾੜੀ ਕਾਂਡ, ਬਹਿਬਲ ਕਲਾਂ ਦੇ ਦੋਸ਼ੀਆਂ, ਗੁੰਮ ਹੋਏ 328 ਪਾਵਨ ਸਰੂਪਾਂ ਦੇ ਅਸਲ ਦੋਸ਼ੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਡੇਰਾ ਸਿਰਸਾ ਮੁੱਖੀ ਰਾਮ ਰਹੀਮ ਅਤੇ ਉਸ ਦੇ ਸਾਥੀਆਂ ਵਿਰੁੱਧ ਜਲਦੀ ਹੀ ਕਾਨੂੰਨੀ ਕਾਰਵਾਈ ਕਰੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ। ਗੁਰਸ਼ਰਨਜੀਤ ਸਿੰਘ ਪੱਪੂ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ ਨਿਯੁਕਤ ਕੀਤਾ ਗਿਆ। ਇਸ ਮੌਕੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਉਜਾਗਰ ਸਿੰਘ ਬਡਾਲੀ, ਮੱਖਣ ਸਿੰਘ ਨੰਗਲ, ਮਨਮੋਹਨ ਸਿੰਘ ਸਠਿਆਲਾ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਪ੍ਰੀਤ ਸਿੰਘ ਕਲਕੱਤਾ, ਰਵਿੰਦਰ ਸਿੰਘ ਬ੍ਰਹਮਪੁਰਾ, ਜਗਰੂਪ ਸਿੰਘ ਚੀਮਾ, ਦਲਜਿੰਦਰ ਬੀਰ ਸਿੰਘ ਆਦਿ ਮੌਜੂਦ ਸਨ।