You are here

ਜਾ ਕੰਮ ਕਰ ਜਾ ਕੇ ✍️ ਰਮੇਸ਼ ਕੁਮਾਰ ਜਾਨੂੰ

ਸਾਨੂੰ ਅੱਖਾਂ ਕੱਢਦਾ ਏਂ
    ਸਾਡਾ ਲੂਣ ਖਾ ਕੇ
        ਜਾ ਕੰਮ ਕਰ ਜਾ ਕੇ
ਸਾਬ ਨਾ ਕੋਈ ਬਣ ਜਾਂਦਾ
    ਨਵਾਂ ਸੂਟ ਪਾ ਕੇ
        ਜਾ ਕੰਮ ਕਰ ਜਾ ਕੇ

ਧਰਤੀ ਨੂੰ ਛੱਡ ਅਸਮਾਨਾਂ ਬਾਰੇ ਸੋਚਦੈਂ
ਦਿਮਾਗ ਦਿਆ ਕੋਜਿਆ ਗਿਆਨਾਂ ਬਾਰੇ ਸੋਚਦੈਂ
    ਸੂਰਜ ਮੈਥੋਂ ਮੰਗਦਾ ਏਂ
        ਦੀਵੇ ਤੋਂ ਵਟਾ ਕੇ
            ਜਾ ਕੰਮ ਕਰ ਜਾ ਕੇ

ਢੀਠ ਬਣ ਲਾਹਨਤਾਂ ਨੂੰ ਦੱਸ ਕਿਵੇਂ ਜਰਦੈਂ
ਆਪਣੀ ਤਾਰੀਫ਼ ਕਿਹੜੇ ਮੂੰਹ ਨਾਲ ਕਰਦੈਂ
    ਬੜੀ ਛੇਤੀ ਆ ਗਿਆ ਏਂ
        ਗਾਲਾਂ ਗੂਲਾਂ ਖਾ ਕੇ
            ਜਾ ਕੰਮ ਕਰ ਜਾ ਕੇ

ਜਗੀਰਾਂ ਸਭ ਦੇਸ਼ ਦੀਆਂ ਜੂਏ ਵਾਂਗੂ ਹਾਰੀਆਂ
ਠਹਿਰ ਜਾ ਇਥੇ ਜਰਾ ਵੱਢਿਆ ਜਵਾਰੀਆ
    ਇਕੱਲਾ ਬੈਠਾ ਬੋਲੀ ਜਾਵੇਂ
        ਟੀ ਵੀ ਉੱਤੇ ਆ ਕੇ
            ਜਾ ਕੰਮ ਕਰ ਜਾ ਕੇ

ਰਮੇਸ਼ ਜਾਨੂੰ ਸੋਚੀ ਜਾਵੇ ਇਹੋ ਬੜੇ ਚਿਰ ਦਾ
ਪਤਾ ਹੀ ਨਾ ਲੱਗੇ ਸਾਨੂੰ ਇਹਦੇ ਮੂੰਹ ਸਿਰ ਦਾ
    ਡਿੱਗ ਹੀ ਨਾ ਜਾਏ ਦਾੜੀ
        ਪੈਰਾਂ 'ਚ' ਫਸਾ ਕੇ
            ਜਾ ਕੰਮ ਕਰ ਜਾ ਕੇ

 

 

 
                       ਲੇਖਕ-ਰਮੇਸ਼ ਕੁਮਾਰ ਜਾਨੂੰ
                     ਫੋਨ ਨੰ:-98153-20080