ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਰੰਗੋਲੀ ਅਤੇ ਦੀਵਾ, ਕੈਂਡਲ ਡੈਕੋਰੇਸ਼ਨ ਮੁਕਾਬਲੇ ਕਰਵਾਏ 

ਜਗਰਾਓਂ 3 ਨਵੰਬਰ (ਅਮਿਤ ਖੰਨਾ):ਦੀਵਾਲੀ ਮਹਾਂ ਉਤਸਵ ਨੂੰ ਮੁੱਖ ਰੱਖਦੇ ਹੋਏ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਓਂ ਵਿਖੇ   ਰੰਗੋਲੀ ਅਤੇ ਦੀਵਾ, ਕੈਂਡਲ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ। ਸ਼ੁਰੂਆਤ ਵਿੱਚ ਦੀਦੀ ਹਰਵਿੰਦਰ ਕੌਰ ਨੇ ਬੱਚਿਆਂ ਨੂੰ ਇਸ ਮਹਾਂ ਉਤਸਵ ਦੇ ਅੰਤਰਗਤ ਸ਼ਾਮਲ ਤਿਉਹਾਰ ਜਿਵੇਂ ਧਨ ਤੇਰਸ, ਛੋਟੀ ਦੀਵਾਲੀ, ਦੀਵਾਲੀ, ਵਿਸ਼ਵਕਰਮਾ ਦਿਵਸ ਅਤੇ ਭਾਈ ਦੂਜ ਤਿਉਹਾਰ ਬਾਰੇ ਜਾਣਕਾਰੀ ਸਾਂਝੇ ਕਰਦਿਆਂ ਤਿਉਹਾਰ ਦੇ ਇਤਿਹਾਸਿਕ ਪੱਖਾਂ ਤੇ ਚਾਨਣਾ ਪਾਇਆ, ਉਪਰੰਤ ਜਮਾਤ ਪ੍ਰੀ ਨਰਸਰੀ ਤੋਂ ਪੰਜਵੀਂ ਤੱਕ ਦੀਵਾ ਅਤੇ ਕੈਂਡਲ ਡੈਕੋਰੇਸ਼ਨ ਅਤੇ ਜਮਾਤ ਛੇਵੀਂ ਤੋਂ ਬਾਰ੍ਹਵੀਂ ਤੱਕ ਰੰਗੋਲੀ ਮੁਕਾਬਲੇ ਕਰਵਾਏ ਗਏ ਤਾਂ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਪ੍ਰੇਰਿਤ ਕੀਤਾ ਕਿ ਉਹ ਹੋਰ ਵੀ ਅਜਿਹੇ ਮੁਕਾਬਲਿਆਂ ਵਿੱਚ ਜੋਸ਼ ਨਾਲ ਭਾਗ ਲੈਣ ਤਾਂ ਜੋਉਹਨਾਂ ਦੀ ਪ੍ਰਤਿਭਾ ਹੋਰ ਨਿੱਖਰ ਸਕੇ। ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਗਰੀਨ ਦੀਵਾਲੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਜੇ ਵਾਤਾਵਰਣ ਸ਼ੁੱਧ ਹੈ ਤਾਂ ਹੀ ਅਸੀਂ ਸੁਰੱਖਿਅਤ ਹਾਂ ਇਸ ਲਈ ਅਸੀਂ ਪਟਾਕੇ ਰਹਿਤ ਦੀਵਾਲੀ ਮਨਾ ਕੇ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਰੱਖ ਸਕਾਂਗੇ, ਇਹੀ ਸਾਡਾ ਮੁੱਖ ਉਦੇਸ਼ ਹੈ।ਸਕੂਲ ਦੇ ਸੰਰਖਿਅਕ ਸ਼੍ਰੀ ਬਲਰਾਜ ਗੁਪਤਾ ਜੀ ਨੇ ਇਸ ਸ਼ੁੱਭ ਮੌਕੇ ਤੇ ਸਕੂਲ ਦੇ ਸਟਾਫ਼ ਅਤੇ ਨਾਨ ਟੀਚਿੰਗ ਸਟਾਫ਼ ਲਈ ਉਪਹਾਰ ਭੇਂਟ ਕਰਦਿਆਂ ਦੀਵਾਲੀ ਦੀਆਂ ਸ਼ੁੱਭ ਇਛਾਵਾਂ ਭੇਜੀਆਂ ਕਿ ਦੀਵਾਲੀ ਦਾ ਤਿਉਹਾਰ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਤੰਦਰੁਸਤ ਰਹਿਣ ਖ਼ੁਸ਼ ਰਹਿਣ ਇਹੀ ਮੇਰੀ ਦਿਲੀਂ ਕਾਮਨਾ ਹੈ।ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਸ਼ਰਮਾ ਜੀ, ਪ੍ਰਬੰਧਕ ਸ਼੍ਰੀ ਰਵਿੰਦਰ ਗੁਪਤਾ ਜੀ,  ਸੰਰਖਿਅਕ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ ਅਤੇ ਸ਼੍ਰੀ ਪਵਨ ਗੋਇਲ ਜੀ ਨੇ ਸਮੂਹ ਸਟਾਫ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।