ਭਾਰਤ ਬੰਦ ਸਮੇਂ ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ 

ਜਗਰਾਉਂ,(ਅਮਿਤ ਖੰਨਾ, ਪੱਪੂ ):ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ  ਖੇਤੀ ਦੇ ਕਾਲੇ ਕਨੂੰਨਾਂ ਖਿਲਾਫ ਦੇਸ਼ ਵਿਆਪੀ ਭਾਰਤ ਬੰਦ ਸਮੇਂ ਅੱਜ  ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਅੱਜ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਦਿੱਤੇ ਇਸ ਵਿਸ਼ਾਲ ਧਰਨੇ ਚ ਲੋਕਾਂ ਦੇ ਉਤਸ਼ਾਹ ਨੇ ਇਕਤੱਰਤਾ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਪਿਛਲੇ ਸਾਲ ਇਸੇ ਥਾਂ ਤੋਂ ਕਾਲੇ ਕਾਨੂੰਨਾਂ ਖਿਲਾਫ  ਪੰਜਾਬ ਬੰਦ ਕਰਕੇ ਦੇਸ਼ ਪੱਧਰੇ ਸੰਘਰਸ਼ ਦਾ ਆਗਾਜ ਕੀਤਾ ਸੀ। ਇਸ ਸਮੇਂ ਸਭ ਤੋ ਪਹਿਲਾਂ ਅੱਜ ਦੇ ਦਿਨ ਵਿਛੋੜਾ ਦੇ ਗਏ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਰਸੀ ਤੇ,ਕਿਸਾਨ ਲਹਿਰ ਦੇ ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸ਼ਹੀਦ ਭਗਤ ਸਿੰਘ ਦੇ ਕਲ ਆਉਣ ਵਾਲੇ ਜਨਮਦਿਨ ਤੇ ਸਾਰੇ ਧਰਨਾਕਾਰੀਆਂ ਨਾਲ ਮੁਬਾਰਕਬਾਦ ਸਾਂਝੀ ਕੀਤੀ ਗਈ।  ਇਸ ਸਮੇਂ "ਚੜਣ ਵਾਲਿਓ ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ ਗੀਤ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਭਾਅਜੀ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਤੇ ਫੁੱਲ ਪੱਤੀਆਂ ਭੇਂਟ ਕੀਤੀਆਂ । ਇਸ ਸਮੇਂ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ,ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਲੋਕ ਆਗੂ ਕੰਵਲਜੀਤ ਖੰਨਾ, ਬਲਵਿੰਦਰ ਸਿੰਘ ਕੋਠੇ ਪੋਨਾ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ, ਬੇਟੀ ਨਵਨੀਤ ਕੌਰ ਗਿੱਲ,ਸੁੱਖ ਜਗਰਾਓਂ  ਅਤੇ ਕੁਲਦੀਪ ਸਿੰਘ  ਗੁਰੂਸਰ ,ਪਾਲ ਸਿੰਘ ਡੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਾਈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਤਾਂ ਹੀ ਹੈ ਪਰ ਇਸ ਤੋਂ ਵੀ ਵੱਧ ਕੇ ਅਸਲ ਜੰਗ ਸਾਮਰਾਜਵਾਦ ਖਿਲਾਫ ਹੈ। ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਨਿਜੀਕਰਨ, ਉਦਾਰੀਕਰਨ,  ਸੰਸਾਰੀਕਰਨ  ਦੀਆਂ ਸਾਮਰਾਜੀ ਨੀਤੀਆਂ ਰਾਹੀਂ ਹੜਪਣ ਤੋਂ ਬਾਅਦ ਹੁਣ ਖੇਤੀ ਸੈਕਟਰ ਨੂੰ ਖਾਣ ਆ ਰਿਹਾ ਕਾਰਪੋਰੇਟ ਸਾਡਾ ਦੁਸ਼ਮਣ ਨੰਬਰ ਇੱਕ ਹੈ। ਉਨਾਂ ਕਿਹਾ ਕਿ ਯੂ ਐਨ ਓ ਦੀ ਜਨਰਲ ਅਸੈਂਬਲੀ ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਝੂਠ ਬੋਲ ਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਤੋਂ ਬੇਇੱਜਤੀ ਕਰਵਾ ਕੇ ਆਇਆ ਹੈ ਕਿਉਂਕਿ ਸਾਲ ਭਰ ਤੋਂ ਦਿੱਲੀ ਬਾਰਡਰਾਂ ਤੇ ਕਿਸਾਨਾਂ ਦੇ ਮਨੁੱਖੀ  ਅਧਿਕਾਰਾਂ ਨੂੰ ਰੋਲ ਰਿਹਾ ਭਾਜਪਾ ਆਗੂ ਮੋਦੀ ਕਿਸੇ ਵੀ ਤਰਾਂ ਮਨੁੱਖੀ ਹੱਕਾਂ ਦਾ ਅਲੰਬਰਦਾਰ ਨਹੀਂ ਹੋ ਸਕਦਾ।ਇਸ  ਸਮੇਂ ਸਾਰੇ ਹੀ ਬੁਲਾਰਿਆਂ ਨੇ ਗੋਤਮ ਅਡਾਨੀ ਦੀ ਗੁਜਰਾਤ ਦੀ  ਮੁੰਦਰਾ ਬੰਦਰਗਾਹ ਤੋਂ ਫੜੇ ਚਿੱਟੇ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਰਪੋਰੇਟ ਖੇਤੀ ਤੇ ਕਬਜੇ ਦੇ ਨਾਲ ਨਾਲ ਨਸ਼ੇ ਦੇ ਸਮੁੰਦਰ ਚ ਡੋਬਣ ਲਈ ਪੱਬਾਂ ਭਾਰ ਹਨ।ਉਨਾਂ ਗੋਤਮ ਅਡਾਨੀ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਜੋਰਦਾਰ ਮੰਗ  ਕੀਤੀ।ਇਸ  ਸਮੇਂ ਇਪਟਾ ਮੌਗਾ ਦੀ ਟੀਮ ਨੇ ਅਤਿਅੰਤ ਮਨਮੋਹਕ  ਗੀਤ, ਭੰਡਾਂ ਦਾ ਤੇ ਪ੍ਰਸਿਧ ਨਾਟਕ  "ਡਰਨਾ"  ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਿਨਾਂ ਅਜ ਸਥਾਨਕ ਰੇਲਵੇ ਸਟੇਸ਼ਨ ਤੇ ਭਾਰਤੀ  ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੈੰਡੂ ਮਜਦੂਰ ਯੂਨੀਅਨ( ਮਸ਼ਾਲ ) ਦੇ ਵਰਕਰਾਂ ਨੇ ਰੇਲਵੇ ਲਾਈਨ ਤੇ ਭਾਰਤ ਬੰਦ ਦੇ ਸੱਦੇ ਤਹਿਤ ਰੇਲ ਜਾਮ ਕੀਤੀ।ਇਸ ਸਮੇਂ ਧਰਮ ਸਿੰਘ ਸੂਜਾਪੁਰ,  ਮਦਨ ਸਿੰਘ,  ਜਗਦੀਸ਼ ਸਿੰਘ ,ਕਰਨੈਲ ਸਿੰਘ ਭੋਲਾ ਨੇ ਸੰਬੋਧਨ ਕੀਤਾ।ਕਿਸਾਨਾਂ ਮਜਦੂਰਾਂ ਨੇ ਰੇਲ ਜਾਮ ਕਰਕੇ ਭਾਰਤ ਬੰਦ ਨੂੰ ਕਾਮਯਾਬ ਕੀਤਾ। ਖੰਡ ਮਿੱਲ ਧਰਨੇ ਚ ਪਿੰਡ ਅਖਾੜਾ,ਕੋਠੇ ਬੱਗੂ ਦੇ ਵਰਕਰਾਂ ਨੇ ਚਾਹ ਦਾ ਲੰਗਰ , ਪਿੰਡ ਗੁਰੂਸਰ, ਸ਼ੇਰਪੁਰਾ, ਕਲੇਰਾਂ , ਚਕਰ , ਭੰਮੀਪੁਰਾ ਦੇ ਵਰਕਰਾਂ ਨੇ ਪ੍ਰਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ। ਮੰਚ ਸੰਚਾਲਨ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਬਾਖੂਬੀ ਨਿਭਾਈ।