ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸੋਹੀ)-
ਆਲ ਇੰਡੀਆ ਮੈਡੀਕਲ ਫੈਡਰੇਸ਼ਨ (ਰਜਿ:49039)ਦੇ ਕੇਂਦਰੀ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮੁਹੰਮਦ ਮਹਿਲਕਲਾਂ ,ਸੁੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ ਅਤੇ ਸੂਬਾਈ ਆਗੂ ਡਾ ਕਰਨੈਲ ਸਿੰਘ ਜੋਗਾਨੰਦ ਆਦਿ ਸੂਬਾ ਆਗੂਆਂ ਦੀ ਬਠਿੰਡਾ ਵਿਖੇ ਹੋਈ ਮੀਟਿੰਗ ਦੌਰਾਨ ਲਏ ਗਏ ਫ਼ੈਸਲੇ ਅਨੁਸਾਰ ਡਾ. ਭੀਮ ਰਾਓ ਅੰਬੇਦਕਰ ਜੀ ਦਾ 130 ਵਾਂ ਜਨਮ ਦਿਨ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਡਾ ਭੀਮ ਰਾਓ ਅੰਬੇਦਕਰ ਸੰਸਥਾਵਾਂ, ਸੁਸਾਇਟੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾਕਟਰ ਸਾਹਿਬਾਨ ਵੱਲੋਂ ਮਨਾਇਆ ਗਿਆ।ਇਸੇ ਲੜੀ ਤਹਿਤ ਮਹਿਲਕਲਾਂ ਟੋਲ ਪਲਾਜ਼ਾ ਤੇ ਲੱਗੇ ਕਿਸਾਨੀ ਧਰਨੇ ਤੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਗਿਆ ,ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਡਾ ਮਿੱਠੂ ਮੁਹੰਮਦ, ਡਾ ਸੁਰਜੀਤ ਸਿੰਘ ਛਾਪਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਜਗਜੀਤ ਸਿੰਘ ਕਾਲਸਾਂ, ਡਾ ਪਰਵਿੰਦਰ ਕੁਮਾਰ ਗੋਬਿੰਦਗਡ਼੍ਹ ,ਡਾ ਜਸਬੀਰ ਸਿੰਘ ਜੱਸੀ ,ਡਾ ਨਾਹਰ ਸਿੰਘ ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਅਬਰਾਰ ਹੁਸੈਨ ,ਡਾ ਬਸ਼ੀਰ ਮੁਹੰਮਦ ਰੂੜੇਕੇ ਕਲਾਂ ,ਡਾ ਸਤਨਾਮ ਸਿੰਘ ਰੂੜੇਕੇ ਕਲਾਂ, ਡਾ ਸੁਬੇਗ ਮੁਹੰਮਦ ਰੂੜੇਕੇ ਕਲਾਂ ,ਡਾ ਮੁਕਲ ਸ਼ਰਮਾ ਆਦਿ ਡਾਕਟਰਾਂ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਔਰਤਾਂ, ਮਰਦਾਂ ਅਤੇ ਬੱਚਿਆਂ ਨੇ ਭਾਗ ਲਿਆ।
ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਠਾਠਾਂ ਮਾਰਦੇ ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਬਚਾਓ-ਸੰਵਿਧਾਨ ਬਚਾਓ ਅਤੇ ਸੰਵਿਧਾਨ ਬਚਾਓ-ਦੇਸ਼ ਬਚਾਓ ਦੇ ਨਾਅਰੇ ਥੱਲੇ ਡਾ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੇ ਗਏ ਸੰਵਿਧਾਨ ਨੂੰ ਬਚਾਉਣ ਦੀ ਪ੍ਰਮੁੱਖ ਲੋੜ ਹੈ, ਕਿਉਂਕਿ ਕੁਝ ਕੁ ਕੇਂਦਰੀ ਕੱਟੜਵਾਦੀ ਲੋਕਾਂ ਦੁਆਰਾ ਸਾਡੇ ਘੱਟ ਗਿਣਤੀ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ। ਡਾ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੇ ਹੋਏ ਸੰਵਿਧਾਨ ਨੂੰ ਕੁਚਲਣ ਅਤੇ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਧਰਨੇ ਵਿੱਚ ,ਜਿੱਥੇ ਅਸੀਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ, ਉਥੇ ਨਾਲ ਦੀ ਨਾਲ ਸਾਨੂੰ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਵੀ ਵੱਡੀ ਪੱਧਰ ਤੇ ਸੰਘਰਸ਼ ਵਿੱਢਣ ਦੀ ਲੋੜ ਹੈ। ਲੋਕ ਆਗੂ ਮਾਸਟਰ ਗੁਰਮੇਲ ਸਿੰਘ ਨੇ ਕਿਹਾ ਕਿ ਕਊਆ ਸਾਵਨ ਮੇਂ ਨਾਚ ਜਾਏ ਤੋ ਮੋਰ ਨਹੀਂ ਹੋਤਾ-ਹਰ ਦਾੜ੍ਹੀ ਵਧਾਉਣ ਵਾਲਾ ਰਵਿੰਦਰ ਨਾਥ ਟੈਗੋਰ ਨਹੀਂ ਹੋਤਾ ।
ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਜੱਗਾ ਸਿੰਘ ਛਾਪਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਪੰਜਾਬ ਵਿੱਚ ਅਤੇ 4 ਮਹੀਨਿਆਂ ਤੋਂ ਦਿੱਲੀ ਵਿੱਚ ਸੜਕਾਂ ਉੱਪਰ ਬੈਠੇ ਹਾਂ। ਪਰ ਇਸ ਤਾਨਾਸ਼ਾਹੀ ਅਤੇ ਹਿਟਲਰੀ ਮੋਦੀ ਦੀ ਕੇਂਦਰੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ।
ਜਦੋਂ ਕਿ ਇਸ ਹੱਕੀ ਅਤੇ ਸ਼ਾਂਤਮਈ ਅੰਦੋਲਨ ਦੇ ਹੱਕ ਵਿੱਚ ਪੂਰੇ ਸੰਸਾਰ ਦੇ ਲੋਕ ਨਾਲ ਹਨ ।
ਜਥੇਦਾਰ ਅਜਮੇਰ ਸਿੰਘ ਅਤੇ ਸਮਾਜ ਸੇਵੀ ਮੰਗਤ ਸਿੰਘ ਸਿੱਧੂ ਨੇ ਕਿਹਾ ਕਿ 14 ਅਪ੍ਰੈਲ 1891ਈਸਵੀ ਵਿੱਚ ਜਨਮੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਬਚਾਉਣ ਲਈ ਜ਼ਮੀਨੀ ਪੱਧਰ ਤੇ ਹਰ ਸੰਘਰਸ਼ ਲੜਿਆ ਜਾਵੇਗਾ।ਉਨ੍ਹਾਂ ਹੋਰ ਕਿਹਾ ਕਿ ਕਰੋਨਾ ਦੀ ਬੀਮਾਰੀ ਨੂੰ ਹਊਆ ਬਣਾ ਕੇ ਸਾਡੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੇਂਦਰ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਉਂਕਿ ਕੇਂਦਰੀ ਮੰਤਰੀਆਂ ਵੱਲੋਂ ਕੁੰਭ ਦੇ ਮੇਲੇ ਤੇ ਕੀਤਾ ਗਿਆ ਲੱਖਾਂ ਦਾ ਇਕੱਠ ਇਸ ਦਾ ਜਿਊਂਦਾ ਜਾਗਦਾ ਸਬੂਤ ਹੈ। ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਜਿਵੇਂ ਰਾਵਣ ਨੂੰ ਮਾਰਨ ਲਈ ਉਸ ਦੇ ਸਰੀਰ ਦੇ ਜਿੰਨੇ ਮਰਜ਼ੀ ਟੋਟੇ ਕਰ ਲਏ ਜਾਣ, ਉਹ ਨਹੀਂ ਮਰਦਾ ਸੀ। ਕਿਉਂਕਿ ਉਸ ਦੀ ਜਾਨ ਉਸ ਦੀ ਨਾਭੀ (ਧੁੰਨੀ )ਵਿਚ ਸੀ ।ਇਸੇ ਤਰ੍ਹਾਂ ਕੇਂਦਰ ਸਰਕਾਰ ਦੀ (ਧੁੰਨੀ) E.V.M ਵੋਟਿੰਗ ਮਸ਼ੀਨਾਂ ਹਨ। ਇਹ ਈ.ਵੀ.ਐੱਮ ਵੋਟਿੰਗ ਮਸ਼ੀਨਾਂ ਖ਼ਤਮ ਹੁੰਦਿਆਂ ਹੀ ਮੋਦੀ ਦੀ ਤਾਨਾਸ਼ਾਹ ਸਰਕਾਰ ਵੀ ਖ਼ਤਮ ਹੋ ਜਾਵੇਗੀ ।