ਸ਼ਹੀਦੀ ਦਿਹਾੜੇ ਤੇ ਭਾਕਿਯੂ ਡਕੌਂਦਾ ਦੇ ਸੰਘਰਸ਼ ਦੀ ਹੋਈ ਜਿੱਤ।

ਖੁੱਡੀ ਕਲਾਂ, 24 ਮਾਰਚ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਬਜ਼ੁਰਗ ਬਲਦੇਵ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵਿੱਢੇ ਸੰਘਰਸ਼ ਨੂੰ ਅੱਜ ਉਸ ਸਮੇਂ ਬੂਰ ਪਿਆ ਜਦ ਜੱਥੇਬੰਦੀ ਦੇ ਦਬਾਅ ਅੱਗੇ ਝੁਕਦਿਆਂ ਐਸ ਐਸ ਇੰਟਰਨੈਸ਼ਨ ਸਕੂਲ ਦੇ ਮਾਲਕਾਂ ਨੇ ਬਜ਼ੁਰਗ ਬਲਦੇਵ ਸਿੰਘ ਨੂੰ 30 ਲੱਖ ਰੁਪਏ ਰਕਮ ਜੱਥੇਬੰਦੀ ਅਤੇ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਚੈੱਕਾਂ ਰਾਹੀਂ ਵਾਪਿਸ ਕਰ ਦਿੱਤੀ। ਇਸ ਸਮੇਂ ਜੱਥੇਬੰਦੀ ਨੇ ਦੋਵੇਂ ਧਿਰਾਂ ਦੀ ਪੁਰਾਣੀ ਰੰਜਿਸ਼ ਖਤਮ ਕਰਵਾ ਜਿੰਨੇ ਵੀ ਇੱਕ ਦੂਸਰੇ ਤੇ ਕੋਰਟ,ਪੁਲਸ ਕੇਸ ਕੀਤੇ ਹੋਏ ਨੇ ਵਾਪਸ ਲੈਣ ਦਾ ਲਿਖਤੀ ਸਮਝੌਤਾ ਕਰਵਾਇਆ। ਇੱਥੇ ਦੱਸਣਯੋਗ ਹੈ ਕਿ ਐਸ ਐਸ ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਅੱਗੇ ਜੱਥੇਬੰਦੀ ਵੱਲੋ ਪਿਛਲੇ ਲੱਗਭਗ 9 ਮਹੀਨੇ ਤੋਂ ਉੱਪਰ ਸਮੇਂ ਤੋਂ ਮੀਂਹ, ਹਨੇਰੀਆਂ, ਧੂੰਦਾ ਤੇ ਗਰਮੀਆਂ ਨੂੰ ਸਹਿਣ ਕਰਦਾ ਬਜੁਰਗ ਬਲਦੇਵ ਸਿੰਘ ਇਨਸਾਫ਼ ਦੀ ਆਸ ਵਿੱਚ ਸਕੂਲ ਅੱਗੇ ਜੱਥੇਬੰਦੀ ਦੇ ਸਹਿਯੋਗ ਨਾਲ ਡੱਟਿਆ ਹੋਇਆ ਸੀ।ਇਸ ਸਮੇਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ  ਕਿਹਾ ਕਿ ਪੀੜਤ ਬਜੁਰਗ ਬਲਦੇਵ ਸਿੰਘ ਪਿੰਡ ਦਿਆਲਪੁਰਾ ਭਾਈਕਾ ਹਾਲ ਆਬਾਦ ਨਵੀਂ ਦਿੱਲੀ ਨਾਲ ਉਸਦੇ ਰਿਸ਼ਤੇਦਾਰਾਂ ਰਾਜਿੰਦਰ ਸਿੰਘ ਅਤੇ ਚਰਨਜੀਤ ਸਿੰਘ ਜ਼ੋ ਕੀ ਐਸ.ਐਸ. ਇੰਟਰਨੈਸ਼ਨਲ ਸਕੂਲ ਖੁੱਡੀ ਰੋਡ ਦੇ ਮਾਲਕ ਹਨ ਨੇ ਪੀੜ੍ਹਤ ਬਜੁਰਗ ਬਲਦੇਵ ਸਿੰਘ ਨਾਲ 48 ਲੱਖ ਦੀ ਧੋਖਾਧੜੀ 2011 ਵਿੱਚ ਕੀਤੀ ਸੀ। ਦੋਸ਼ੀ ਵਿਅਕਤੀਆਂ ਵੱਲੋਂ ਜ਼ਮੀਨ ਖਰੀਦਣ ਦਾ ਝਾਂਸਾ ਦੇ ਕੇ ਖੁੱਡੀ ਰੋਡ ਤੇ ਸਥਿਤ ਸਕੂਲ ਵਾਲੀ ਜਮੀਨ ਦਾ ਬਿਆਨਾਂ ਆਪਣੇ ਨਾਮ ਤੇ ਲਿੱਖਵਾ ਲਿਆ ਪ੍ਰੰਤੂ ਬਿਆਨੇ ਦੀ ਲਿੱਖਤ ਤੇ ਬਿਆਨੇ ਦੀ ਰਕਮ 48 ਲੱਖ ਦੇਣ ਦਾ ਵਿਰਵਾ  ਬਲਦੇਵ ਸਿੰਘ ਦੇ ਨਾਮ ਤੇ ਪਾ ਦਿੱਤਾ। ਇਸ ਜਮੀਨ ਦੀ ਕੁੱਲ ਕੀਮਤ 70 ਲੱਖ ਰੁਪਏ ਸੀ ਪਰ ਇਸਦੀ ਅੱਧ ਤੋਂ ਵੱਧ ਰਕਮ ਇਕੱਲੇ ਪੀੜ੍ਹਤ ਬਲਦੇਵ ਸਿੰਘ ਵੱਲੋ ਦਿੱਤੀ ਗਈ ਸੀ ਪਰ ਜਮੀਨ ਸਾਰੀ ਆਪਣੇ ਨਾਮ ਕਰਵਾ ਗਏ।ਇਸ ਬਾਬਤ ਪੀੜ੍ਹਤ ਬਲਦੇਵ ਸਿੰਘ ਵੱਲੋ ਅਦਾਲਤ ਵਿੱਚ ਪਾਇਆ ਕੇਸ ਵੀ ਉਸਦੇ ਹੱਕ ਵਿੱਚ ਹੋ ਚੁੱਕਾ ਹੈ ਅਤੇ ਅਦਾਲਤ ਨੇ ਜਮੀਨ ਵਿੱਚੋ ਵਸੂਲੀ ਕਰਨ ਦਾ ਹੁਕਮ ਸੁਣਾਇਆ ਹੋਇਆ ਹੈ ਪ੍ਰੰਤੂ ਦੂਜੀ ਧਿਰ ਨੇ ਜਮੀਨ ਅੱਗੇ ਟਰਾਂਸਫਰ ਕਰਵਾ ਦਿੱਤੀ ਹੈ । ਹੁਣ ਪਿੱਛਲੇ ਬਾਰਾ ਸਾਲਾਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਬਜੁਰਗ ਦੀ ਬਾਹ ਜੱਥੇਬੰਦੀ ਨੇ ਫੜੀ ਹੈ। ਪਿੱਛਲੇ ਦੋ ਸਾਲਾਂ ਤੋਂ ਲਗਾਤਾਰ ਜੱਥੇਬੰਦੀ ਦੇ ਆਗੂਆਂ ਦਾ ਚਾਹੇ ਬਰਨਾਲਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਹੋਣ ਚਾਹੇ ਬਠਿੰਡਾ ਜ਼ਿਲ੍ਹੇ ਨਾਲ ਸੰਬਧਿਤ ਆਗੂ ਹੋਣ ਨਾਲ ਸਕੂਲ ਮਾਲਕਾਂ ਰਾਜਿੰਦਰ ਸਿੰਘ, ਚਰਨਜੀਤ ਸਿੰਘ ਦਾ ਗੱਲ ਬਾਤ ਦਾ ਸਿਨਸਲਾ ਚੱਲਿਆ ਪਰ ਇਹਨਾਂ ਲੋਕਾਂ ਨੇ ਕੋਈ ਗੱਲ ਸਿਰ੍ਰੇ ਨਾ ਲਾਈ। ਜੱਥੇਬੰਦੀ ਨੇ ਪ੍ਰਸ਼ਾਸਨ ਰਾਹੀਂ ਕਈ ਵਾਰ ਪਹੁੰਚ ਕੀਤੀ ਪਰ ਗੱਲ ਸਿਰੇ ਨਾ ਲੱਗਦੀ ਵੇਖ ਜੱਥੇਬੰਦੀ ਨੇ ਅੱਕ ਕੇ 20 ਜੁਲਾਈ 2023  ਨੂੰ ਸਕੂਲ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਜੌ ਦਿਨ ਰਾਤ ਦਾ ਜਾਰੀ ਰਿਹਾ ਅਤੇ ਜਿਸਦੀ ਅੱਜ ਹਕੀਕੀ ਜਿੱਤ ਹੋਈ ਹੈ। ਇਸ ਸਮੇਂ ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ ਕਿਹਾ ਕੀ 11 ਅਪ੍ਰੈਲ ਨੂੰ ਪਹਿਲਾ ਚੈੱਕ ਬਲਦੇਵ ਸਿੰਘ ਦੇ ਖਾਤੇ ਵਿੱਚ ਲੱਗਣਾ ਹੈ ਜਦ ਉਸ ਚੈੱਕ ਦੀ ਰਕਮ ਬਲਦੇਵ ਸਿੰਘ ਦੇ ਖਾਤੇ ਵਿੱਚ ਆ ਗਈ ਤਾਂ ਮੋਰਚਾ ਸਮਾਪਤ ਕਰ ਦਿੱਤਾ ਜਾਵੇਗਾ। ਇਸ ਸਮੇਂ ਜ਼ਿਲ੍ਹਾ ਖਜਾਨਚੀ ਹਰਚਰਨ ਸਿੰਘ ਸੁਖਪੁਰਾ, ਜ਼ਿਲ੍ਹਾ ਆਗੂ ਮੇਲਾ ਸਿੰਘ ਖੁੱਡੀ ਕਲਾਂ, ਸਿਕੰਦਰ ਭੂਰੇ, ਬਲਾਕ ਆਗੂ ਅਮਰਜੀਤ ਮਹਿਲ ਖੁਰਦ,ਭਿੰਦਾ ਢਿੱਲਵਾਂ,ਜਗਸੀਰ ਸੀਰਾ,ਰਣਜੀਤ ਭੂਰੇ,ਪਰਮਿੰਦਰ ਹੰਡਿਆਇਆ, ਗੁਰਜੰਟ ਧੌਲਾ,ਧਰਮ ਸਿੰਘ, ਬਲਵੰਤ ਸਿੰਘ ਚੀਮਾ ਆਦਿ ਆਗੂ ਹਾਜ਼ਰ ਸਨ।