ਇਟਲੀ 'ਚ ਵੀ ਨਸ਼ਿਆਂ ਦੇ ਸੇਵਨ ਤੇ ਤਸਕਰੀ ਮਾਮਲੇ 'ਚ ਮੂਹਰਲੀ ਕਤਾਰ 'ਚ ਹਨ ਪੰਜਾਬੀ

ਇਸ ਸਮੇਂ ਪੰਜਾਬ 'ਚ ਨਸ਼ਿਆਂ ਦਾ 6ਵਾਂ ਦਰਿਆ ਵਗਦਾ ਹੈ, ਪਰ ਕੁਝ ਸੁਆਰਥੀ ਪੰਜਾਬੀ ਉਸ ਦਰਿਆ ਨੂੰ ਵਿਦੇਸ਼ਾਂ 'ਚ ਵੀ ਉਵੇਂ ਹੀ ਵਗਾਉਣ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ ¢ ਪੰਜਾਬ ਚਾਹੇ ਭਾਰਤ 'ਚ ਹੋਵੇ ਚਾਹੇ ਵਿਦੇਸ਼ 'ਚ ਵੱਸਦੇ ਲੋਕਾਂ ਦਾ, ਪੰਜਾਬੀਆਂ ਵਲੋਂ ਵਿਦੇਸ਼ਾਂ 'ਚ ਵੀ ਨਸ਼ੇ ਦੇ ਕਾਰੋਬਾਰੀ ਬਣਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਇਸ ਕੌੜੇ ਸੱਚ ਦੀ ਗਵਾਹੀ ਰੋਜ਼ਾਨਾ ਦੇਸ਼ੀ-ਵਿਦੇਸ਼ੀ ਮੀਡੀਆ ਭਰਦਾ ਹੈ । ਜੇਕਰ ਗੱਲ ਸਿਰਫ਼ ਯੂਰਪੀਅਨ ਦੇਸ਼ ਇਟਲੀ ਦੀ ਹੀ ਕਰੀਏ ਤਾਂ ਇਟਲੀ 'ਚ ਵੀ ਅਜਿਹੇ ਪੰਜਾਬੀ ਹਨ, ਜਿਹੜੇ ਕਿ  ਨਸ਼ਿਆਂ ਦੇ ਕਾਰੋਬਾਰ ਕਾਰਨ ਇਟਾਲੀਅਨ ਪੁਲਿਸ ਦੀ ਹਿਟ ਲਿਸਟ 'ਤੇ ਹਨ ਤੇ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਪੱਬਾਂ ਭਾਰ ਹੈ । ਬੁੱਢੇ ਮਾਪਿਆਂ ਦਾ ਸਹਾਰਾ ਬਣਨ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਲੱਖਾਂ ਰੁਪਏ ਕਰਜ਼ਾ ਚੁੱਕ ਆਏ ਇਟਲੀ 'ਚ ਕਈ ਪੰਜਾਬੀ ਨੌਜਵਾਨ ਨਸ਼ਿਆਂ ਦੀ ਦਲ-ਦਲ 'ਚ ਧੱਸ ਕੇ ਜਹਾਨੋਂ ਕੂਚ ਕਰਦੇ ਜਾ ਰਹੇ ਹਨ, ਜਿਸ ਦੀਆਂ ਅਣਗਿਣਤ ਉਦਾਹਰਨਾਂ ਹਨ । ਇਨ੍ਹਾਂ ਨੌਜਵਾਨਾਂ ਦੇ ਨਸ਼ਿਆਂ ਦੇ ਆਦਿ ਹੋਣ ਦਾ ਪਤਾ ਪੰਜਾਬ ਰਹਿੰਦੇ ਉਨ੍ਹਾਂ ਦੇ ਮਾਪਿਆਂ ਨੂੰ ਨਹੀਂ ਲੱਗਦਾ, ਪਰ ਜਦੋਂ ਇਹ ਨੌਜਵਾਨਾਂ ਨਸ਼ਿਆਂ ਕਾਰਨ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ | ਫਿਰ ਇਨ੍ਹਾਂ ਨਸ਼ੇੜੀ ਨੌਜਵਾਨਾਂ ਦੇ ਇਟਲੀ ਰਹਿੰਦੇ ਰਿਸ਼ਤੇਦਾਰ ਵੀ ਸੰਜੀਦਗੀ ਨਹੀਂ ਦਿਖਾਉਂਦੇ ਤੇ ਜਦੋਂ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਘਟਨਾ ਪਿੱਛੇ ਨਸ਼ਿਆਂ ਦੀ ਵਰਤੋਂ ਵੱਡਾ ਕਾਰਨ ਹੈ ।ਇਟਲੀ 'ਚ ਨਵੀਂ ਨੌਜਵਾਨ ਪੀੜ੍ਹੀ ਜਿਹੜੀ ਕਿ ਸਕੂਲਾਂ ਕਾਲਜਾਂ 'ਚ ਪੜ੍ਹ ਰਹੀ ਹੈ ਤੇ ਪੜ੍ਹਾਈ 'ਚ ਵਧੀਆ ਨੰਬਰਾਂ ਨਾਲ ਭਾਰਤੀਆਂ ਦੀ ਬੱਲੇ-ਬੱਲੇ ਕਰਵਾ ਰਹੀ ਹੈ, ਉਸ ਦੇ ਨਾਲ-ਨਾਲ ਕੁਝ ਨਸ਼ੇ ਦੇ ਭਾਰਤੀ ਕਾਰੋਬਾਰੀ ਭਾਰਤ ਦੀ ਛਵੀ ਨੂੰ ਵੱਡੇ ਪੱਧਰ 'ਤੇ ਢਾਹ ਲਗਾ ਰਹੇ ਹਨ ¢ ਇਹ ਲੋਕ ਡੋਡੇ, ਕੈਪਸੂਲ ਅਤੇ ਸਮੈਕ ਆਦਿ ਨਸ਼ਿਆਂ ਦੀ ਤਸਕਰੀ ਕਰਦੇ ਹਨ ¢ ਇਟਲੀ 'ਚ ਭਾਰਤੀ ਲੋਕ ਇਕੱਲੇ ਨਸ਼ੇ ਦੇ ਕਾਰੋਬਾਰੀ ਹੀ ਨਹੀਂ, ਸਗੋ ਗੈਂਗਸਟਰ ਬਣਨ 'ਚ ਮੂਹਰੀ ਬਣ ਰਹੇ ਹਨ, ਜਿਸ ਦਾ ਖੁਲਾਸਾ ਬੀਤੇ ਸਮੇਂ 'ਚ ਘਟੀਆਂ ਕਈ ਘਟਨਾਵਾਂ 'ਚ ਹੋ ਚੁੱਕਾ ਹੈ । ਨਕਲੀ ਪੇਪਰ ਬਣਾਉਣ ਅਤੇ ਨਕਲੀ ਲਾਇਸੰਸ ਬਣਾਉਣ 'ਚ ਵੀ ਇਟਲੀ ਦੇ ਅਪਰਾਧ ਜਗਤ 'ਚ ਭਾਰਤੀ ਖਾਸਕਰ ਪੰਜਾਬੀ ਲੋਕਾਂ ਦਾ ਨਾਂਅ ਬੋਲਦਾ ਹੈ ¢ ਪੰਜਾਬ 'ਚ ਜੇਕਰ ਨਸ਼ਿਆਂ ਦਾ ਕਾਰੋਬਾਰ ਜਾਂ ਹੋਰ ਕੋਈ ਅਪਰਾਧ ਹੁੰਦਾ ਹੈ ਤਾਂ ਵਿਦੇਸ਼ਾਂ 'ਚ ਰਹਿਣ ਬਸੇਰਾ ਕਰਦੇ ਸਿਆਸੀ ਜਾਂ ਗੈਰ-ਸਿਆਸੀ ਲੋਕ ਮਿੰਟ 'ਚ ਬਿਆਨ ਦੇ ਦਿੰਦੇ ਹਨ ਕਿ ਇਹ ਸਭ ਵਰਤਾਰਾ ਮੌਜੂਦਾ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਹੈ ਜਾਂ ਸਿਸਟਮ ਦੀ ਮਿਲੀ ਭੁਗਤ ਹੈ ਪਰ ਜਦੋਂ ਇਹ ਕੰਮ ਵਿਦੇਸ਼ 'ਚ ਭਾਰਤੀ ਪੰਜਾਬੀਆਂ ਵਲੋਂ ਕੀਤਾ ਜਾਂਦਾ ਹੈ ਤਾਂ ਫਿਰ ਇਸ ਪਿੱਛੇ ਕਿਸ ਦੀ ਨਲਾਇਕੀ ਮੰਨਿਆ ਜਾਵੇ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਕੁਝ ਇਲਾਕਿਆਂ 'ਚ ਕੁਝ ਭਾਰਤੀ ਔਰਤਾਂ ਵੀ ਨਸ਼ਿਆਂ ਦੇ ਕਾਰੋਬਾਰ 'ਚ ਅੱਗੇ ਆ ਰਹੀਆਂ ਹਨ, ਸ਼ਾਇਦ ਇਸ ਲਈ ਕਿ ਪੁਲਿਸ ਔਰਤਾਂ ਉਪਰ ਘੱਟ ਸ਼ੱਕ ਕਰਦੀ ਹੈ | ਪੁਲਿਸ ਜਿਹੜੀ ਹੁਣ ਮਰਦ ਭਾਰਤੀ ਨਸ਼ੇ ਦੇ ਸੌਦਾਗਰਾਂ ਨੂੰ ਲੱਭਦੀ ਹੈ, ਫਿਰ ਔਰਤਾਂ ਨੂੰ ਵੀ ਨਹੀਂ ਬਖ਼ਸ਼ੇਗੀ | ਜੇਕਰ ਹੁਣ ਇਟਲੀ ਦੇ ਭਾਰਤੀ ਭਾਈਚਾਰੇ ਨੇ ਇਸ ਗੱਲ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਟਲੀ 'ਚ ਹੋ ਰਹੇ ਅਪਰਾਧਾਂ ਦੀ ਜਾਂਚ 'ਚ ਪੁਲਿਸ ਪਹਿਲਾ ਨਾਂਅ ਭਾਰਤੀ ਲੋਕਾਂ ਦਾ ਲੈਣਾ ਸ਼ੁਰੂ ਕਰ ਦੇਵੇਗੀ ।