ਪੰਜਾਬ ’ਚ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤ,ਬਗ਼ਾਵਤੀ ਵਿਧਾਇਕਾਂ ਵਿੱਚ ਹੋਈ ਮੀਟਿੰਗ  

4 ਮੰਤਰੀਆਂ ਤੇ ਦੋ ਦਰਜਨ ਵਿਧਾਇਕਾਂ ਨੇ ਕਿਹਾ, ‘ਸਾਨੂੰ ਕੈਪਟਨ ’ਤੇ ਭਰੋਸਾ ਨਹੀਂ

ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ, ਚਰਨਜੀਤ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਕਾਂਗਰਸ ਪ੍ਰਧਾਨ ਨੂੰ ਮਿਲਣ ਲਿਆ ਫ਼ੈਸਲਾ 

ਚੰਡੀਗੜ੍ਹ, 24 ਅਗਸਤ  (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਖੁੱਲ੍ਹੀ ਬਗਾਵਤ ਕਰਦਿਆਂ ਪੰਜਾਬ ਦੇ ਘੱਟੋ-ਘੱਟ 4 ਮੰਤਰੀਆਂ ਅਤੇ ਰਾਜ ਦੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਚੋਣ ਵਾਅਦੇ ਪੂਰੇ ਕਰਨ ਵਿੱਚ ਮੁੱਖ ਮੰਤਰੀ ’ਤੇ ਕੋਈ ਭਰੋਸਾ ਨਹੀਂ ਹੈ ਤੇ ਉਨ੍ਹਾਂ ਅਸਿੱਧੇ ਤੌਰ ’ਤੇ ਉਨ੍ਹਾਂ ਦੇ ਬਦਲ ਦੀ ਮੰਗ ਕਰ ਦਿੱਤੀ। ਇਸ ਸਬੰਧੀ ਰਾਜ ਦੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਦਲਣਾ ਪਾਰਟੀ ਹਾਈਕਮਾਂਡ ਦਾ ਅਧਿਕਾਰ ਹੈ ਪਰ ਉਨ੍ਹਾਂ ਦਾ ਮੁੱਖ ਮੰਤਰੀ ’ਤੇ ਵਿਸ਼ਵਾਸ ਨਹੀਂ ਰਿਹਾ। ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਤੋਂ ਇੱਕ ਦਿਨ ਪਹਿਲਾਂ ਹੋਈ ਇਹ ‘ਬਗ਼ਾਵਤ’ ਨੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਲੜਾਈ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਸੈਕਟਰ 39 ਸਥਿਤ ਨਿਵਾਸ 'ਤੇ ਬੁਲਾਈ ਬੈਠਕ ਦੌਰਾਨ ਵਿਆਪਕ ਸਹਿਮਤੀ ’ਤੇ ਪਹੁੰਚਣ ਤੋਂ ਬਾਅਦ ਹੋਰ ਚਾਰ ਮੰਤਰੀਆਂ ਨੇ ਵਿਧਾਇਕਾਂ ਦੇ ਨਾਲ ਪੰਜ ਮੈਂਬਰੀ ਵਫ਼ਦ ਨੂੰ ਛੇਤੀ ਤੋਂ ਛੇਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦਾ ਅਧਿਕਾਰ ਦਿੱਤਾ।

ਹਾਲਾਂਕਿ ਨਵਜੋਤ ਸਿੰਘ ਸਿੱਧੂ ਮੀਟਿੰਗ ਵਿੱਚ ਮੌਜੂਦ ਨਹੀਂ ਸਨ ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ, ਚਰਨਜੀਤ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਕਾਂਗਰਸ ਪ੍ਰਧਾਨ ਨੂੰ ਮਿਲਣ ਲਈ ਸਮਾਂ ਮੰਗਣਗੇ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਨੇ ਕਿਹਾ ਕਿ ਇਹ ਯਕੀਨੀ ਹੈ ਕਿ ਕਾਂਗਰਸ ਮੌਜੂਦਾ ਮੁੱਖ ਮੰਤਰੀ ਅਧੀਨ ਚੋਣਾਂ ਨਹੀਂ ਜਿੱਤ ਸਕੇਗੀ।