ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਦੀ ਪ੍ਰਵਾਨਗੀ

ਇਸਲਾਮਾਬਾਦ, 23 ਅਗਸਤ( ਏਜੰਸੀ  )

ਪਾਕਿਸਤਾਨ ਨੇ 22 ਸਤੰਬਰ ਨੂੰ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ਦੇ 482ਵੇਂ ਪੁਰਬ ਮੌਕੇ ਮੁਕੰਮਲ ਕਰੋਨਾ ਟੀਕਾਕਰਨ ਕਰਵਾ ਚੁੱਕੀ ਸਿੱਖ ਸੰਗਤ ਨੂੰ ਸਖਤ ਕਰੋਨਾ ਨਿਯਮਾਂ ਤਹਿਤ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਆਉਣ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਹੋਰ ਅਖ਼ਬਾਰੀ ਰਿਪੋਰਟਾਂ ਰਾਹੀਂ ਹਾਸਲ ਹੋਈ ਹੈ। ਇਸ ਮੌਕੇ ਇੱਥੇ 20 ਸਤਬੰਰ ਤੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ੁਰੂ ਹੋਣਗੇ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮਾਰਚ 2020 ’ਚ ਕਰਤਾਰਪੁਰ   ਸਾਹਿਬ ਗੁਰਦੁਆਰੇ ਦੀ ਯਾਤਰਾ ਬੰਦ ਕਰ ਦਿੱਤੀ ਗਈ ਸੀ।

ਮੀਡੀਆ ਰਿਪੋਰਟਾਂ ਰਾਹੀਂ ਮਿਲੀ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਯਾਤਰਾ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਬੀਤੇ ਦਿਨ ਨੈਸ਼ਨਲ ਕਮਾਂਡ ਅਤੇ ਅਪਰੇਸ਼ਨ ਸੈਂਟਰ (ਐੱਨਸੀਓਸੀ) ਵੱਲੋਂ ਲਿਆ ਗਿਆ ਹੈ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐੱਨਸੀਓਸੀ ਦੀ ਮੀਟਿੰਗ ਵਿੱਚ ਸਿੱਖ ਸ਼ਰਧਾਲੂਆਂ ਨੂੰ ਸਖ਼ਤ ਕਰੋਨਾ ਨਿਯਮਾਂ ਤਹਿਤ ਅਗਲੇ ਮਹੀਨੇ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਪ੍ਰਵਾਨਗੀ ਦੇਣ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਦੀ ਡੈਲਟਾ ਕਿਸਮ ਕਾਰਨ ਪਾਕਿਸਤਾਨ ਨੇ ਭਾਰਤ ਨੂੰ 22 ਮਈ ਤੋਂ 12 ਅਗਸਤ ਤੱਕ ‘ਸੀ’ ਸ਼੍ਰੇਣੀ ਵਿੱਚ ਰੱਖਿਆ ਹੋਇਆ ਸੀ ਅਤੇ ਸਿੱਖ ਸ਼ਰਧਾਲੂਆਂ ਸਣੇ ਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਮਨਜ਼ੂਰੀ ਦੀ ਲੋੜ ਸੀ। ਹਾਲਾਂਕਿ ਹੁਣ ਕਰੋਨਾ ਰੋਕੂ ਖ਼ੁਰਾਕ ਲੈ ਚੁੱਕੇ ਲੋਕਾਂ ਨੂੰ ਹੀ ਪਾਕਿਸਤਾਨ ’ਚ ਦਾਖ਼ਲ ਹੋਣ ਦੀ ਪ੍ਰਵਾਨਗੀ ਹੋਵੇਗੀ ਅਤੇ ਨਾਲ ਹੀ ਸ਼ਰਤ ਹੈ ਕਿ ਉਨ੍ਹਾਂ ਕੋਲ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ ਜੋ ਕਿ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।