ਸੰਦੌੜ, ਮਈ 2019 ਪਿੰਡ ਕੁਠਾਲਾ ਵਿੱਚ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਮਾਮਲੇ ਵਿਚ ਸੰਦੌੜ ਪੁਲੀਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਹੋ ਕੇ ਲੜਕੀ ਦਾ ਪਿਓ ਤੇ ਭਰਾ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਬਾਰੇ ਪਤਾ ਲੱਗਦੇ ਹੀ ਪੁਲੀਸ ਮੁਲਾਜ਼ਮ ਘਟਨਾ ਵਾਲੀ ਥਾਂ ’ਤੇ ਪੁੱਜੇ ਤੇ ਕਾਫੀ ਜੱਦੋ ਜਹਿਦ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਪੁਲੀਸ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਦੋਵੇਂ ਟੈਂਕੀ ਤੋਂ ਉਤਰੇ।
ਪੀੜਤ ਲੜਕੀ ਦੇ ਪਿਤਾ ਮੋਹਨ ਖਾਨ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਨੇੜਲੇ ਪਿੰਡ ਦੇ ਹਰਜੀਤ ਸਿੰਘ ਨਾਲ ਸਬੰਧ ਹਨ ਜਿਸ ਕਰਕੇ ਹਰਜੀਤ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਕੁੱਝ ਦਿਨ ਪਹਿਲਾਂ ਹਰਜੀਤ ਸਿੰਘ ਪਰਿਵਾਰ ਦੀ ਗੈਰਹਾਜ਼ਰੀ ਵਿਚ ਘਰ ਆਇਆ ਅਤੇ ਉਸ ਨੇ ਉਸ ਦੀ ਨਾਬਾਲਿਗ ਲੜਕੀ ਨਾਲ ਕਥਿਤ ਛੇੜਛਾੜ ਕੀਤੀ ਜਿਸ ਵਕਤ ਉਕਤ ਵਿਅਕਤੀ ਲੜਕੀ ਨਾਲ ਛੇੜਛਾੜ ਕਰ ਰਿਹਾ ਸੀ ਤਾਂ ਉਸ ਵੇਲੇ ਉਸ ਦੀ ਪਤਨੀ ਵੀ ਆ ਗਈ ਪਰ ਉਸ ਨੇ ਹਰਜੀਤ ਸਿੰਘ ਦਾ ਸਾਥ ਦਿੰਦਿਆਂ ਲੜਕੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦ ਉਹ ਘਰ ਪਹੁੰਚਿਆ ਤਾਂ ਲੜਕੀ ਨੇ ਆਪਣੇ ਨਾਲ ਬੀਤੀ ਦੱਸੀ। ਇਸ ਤੋਂ ਬਾਅਦ ਉਹ ਆਪਣੀ ਲੜਕੀ ਨਾਲ ਥਾਣਾ ਸੰਦੌੜ ਪੁੱਜੇ ਤੇ ਸ਼ਿਕਾਇਤ ਦਿੱਤੀ ਪਰ ਚਾਰ ਦਿਨ ਬੀਤਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਹਾਲੇ ਤੱਕ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਸਵੇਰੇ ਉਸ ਨੂੰ ਇਨਸਾਫ ਲੈਣ ਲਈ ਆਪਣੇ ਪੁੱਤਰ ਨਾਲ ਪਾਣੀ ਵਾਲੀ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ। ਜਾਂਚ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।