ਮੋਦੀ ਨੇ ਦੂਜੀ ਵਾਰ ਸੰਭਾਲੀ ਦੇਸ਼ ਦੀ ਕਮਾਨ

24 ਕੈਬਨਿਟ, 24 ਰਾਜ ਮੰਤਰੀ ਤੇ 9 ਰਾਜ ਮੰਤਰੀਆਂ ਨੂੰ ਸੁਤੰਤਰ ਚਾਰਜ

ਛੇ ਔਰਤਾਂ ਨੂੰ ਮਿਲੀ ਥਾਂ ਤੇ ਮੁਖਤਾਰ ਅੱਬਾਸ ਨਕਵੀ ਇੱਕੋ ਇਕ ਮੁਸਲਿਮ ਮੰਤਰੀ

ਨਵੇਂ ਚੁਣੇ ਸੰਸਦ ਮੈਂਬਰ 6 ਤੋਂ 8 ਜੂਨ ਤੱਕ ਚੁੱਕਣਗੇ ਸਹੁੰ

ਨਵੀਂ ਟੀਮ ਨੌਜਵਾਨ ਸ਼ਕਤੀ ਅਤੇ ਤਜਰਬੇਕਾਰਾਂ ਦਾ ਸੁਮੇਲ: ਮੋਦੀ

ਨਵੀਂ ਦਿੱਲੀ,  ਮਈ 2019  ਦੇਸ਼ ਵਿਦੇਸ਼ ਦੇ ਕਰੀਬ 8 ਹਜ਼ਾਰ ਮਹਿਮਾਨਾਂ ਦੀ ਹਾਜ਼ਰੀ ’ਚ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਅੱਜ ਮੁਲਕ ਦੀ ਕਮਾਨ ਸੰਭਾਲ ਲਈ ਹੈ। ਹਲਫ਼ਦਾਰੀ ਸਮਾਗਮ ’ਚ ਉਨ੍ਹਾਂ ਨਾਲ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਸਾਬਕਾ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਵੀ ਸਹੁੰ ਚੁੱਕੀ। ਉਂਜ ਮੰਤਰੀ ਮੰਡਲ ’ਚ 24 ਆਗੂਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦਕਿ 24 ਹੋਰਨਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 9 ਆਗੂਆਂ ਨੂੰ ਸੁਤੰਤਰ ਚਾਰਜ ਦਿੱਤਾ ਗਿਆ ਹੈ। ਮੰਤਰੀ ਮੰਡਲ ’ਚ 6 ਮਹਿਲਾਵਾਂ ਨੂੰ ਵੀ ਥਾਂ ਮਿਲੀ ਹੈ। ਹੁਣ ਲੋਕ ਸਭਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ 6 ਤੋਂ 8 ਜੂਨ ਤਕ ਸਹੁੰ ਚੁਕਾਈ ਜਾਵੇਗੀ। ਮੰਤਰੀ ਮੰਡਲ ’ਚ ਮੁਖਤਾਰ ਅੱਬਾਸ ਨਕਵੀ ਇਕੱਲੇ ਮੁਸਲਮਾਨ ਮੰਤਰੀ ਹਨ। ਨਵੇਂ ਮੰਤਰੀ ਮੰਡਲ ਦੀ ਕੱਲ੍ਹ ਸ਼ਾਮ 5 ਵਜੇ ਪਹਿਲੀ ਮੀਟਿੰਗ ਹੋਵੇਗੀ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ’ਚ ਸ੍ਰੀ ਮੋਦੀ (68) ਨੂੰ ਅਹੁਦੇ ਦਾ ਭੇਤ ਰੱਖਣ ਦੀ ਸਹੁੰ ਚੁਕਾਈ। ਹਲਫ਼ ਲੈਣ ਮਗਰੋਂ ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ,‘‘ਭਾਰਤ ਦੀ ਸੇਵਾ ਕਰਨ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਹੋਰ ਆਗੂ ਜਿਨ੍ਹਾਂ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ ਹੈ, ਉਨ੍ਹਾਂ ’ਚ ਡੀ ਵੀ ਸਦਾਨੰਦ ਗੌੜਾ, ਨਿਰਮਲਾ ਸੀਤਾਰਾਮਨ ਅਤੇ ਰਾਮ ਵਿਲਾਸ ਪਾਸਵਾਨ ਦੇ ਨਾਮ ਅਹਿਮ ਹਨ। ਭਾਜਪਾ ਦੇ ਅਹਿਮ ਰਣਨੀਤੀਕਾਰ ਅਮਿਤ ਸ਼ਾਹ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਦੇ ਚਰਚੇ ਪਹਿਲਾਂ ਤੋਂ ਹੀ ਸਨ ਪਰ ਜੈਸ਼ੰਕਰ ਹੈਰਾਨੀ ਭਰਿਆ ਨਾਮ ਰਿਹਾ ਜਿਨ੍ਹਾਂ ਨੂੰ ਸ੍ਰੀ ਮੋਦੀ ਦੇ ਨੇੜੇ ਸਮਝਿਆ ਜਾਂਦਾ ਹੈ।
ਪਿਛਲੀ ਮੋਦੀ ਸਰਕਾਰ ’ਚ ਸ਼ਾਮਲ ਸੁਸ਼ਮਾ ਸਵਰਾਜ, ਰਾਜਵਰਧਨ ਸਿੰਘ ਰਾਠੌੜ ਅਤੇ ਮੇਨਕਾ ਗਾਂਧੀ ਨੂੰ ਨਵੇਂ ਮੰਤਰੀ ਮੰਡਲ ’ਚ ਥਾਂ ਨਹੀਂ ਮਿਲੀ ਹੈ। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਿਹਤ ਨਾਸਾਜ਼ ਹੋਣ ਕਰਕੇ ਪਹਿਲਾਂ ਹੀ ਨਵੇਂ ਮੰਤਰੀ ਮੰਡਲ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਹਲਫ਼ਦਾਰੀ ਸਮਾਗਮ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਕਾਰੋਬਾਰੀ ਘਰਾਣਿਆਂ ਦੇ ਮੁਖੀ, ਫਿਲਮ ਅਦਾਕਾਰ, ਮੁੱਖ ਮੰਤਰੀ ਅਤੇ ਬਿਮਸਟਿਕ ਮੁਲਕਾਂ ਦੇ ਆਗੂਆਂ ਸਮੇਤ ਕਰੀਬ 8 ਹਜ਼ਾਰ ਮਹਿਮਾਨ ਹਾਜ਼ਰ ਸਨ।
ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਵਾਲੇ ਹੋਰ ਆਗੂਆਂ ’ਚ ਨਰੇਂਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਰਮੇਸ਼ ਪੋਖਰਿਆਲ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਹਰਸ਼ਵਰਧਨ, ਪ੍ਰਕਾਸ਼ ਜਾਵੜੇਕਰ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਾਰ ਅੱਬਾਸ ਨਕਵੀ, ਪ੍ਰਹਿਲਾਦ ਜੋਸ਼ੀ, ਮਹੇਂਦਰ ਨਾਥ ਪਾਂਡੇ, ਅਰਵਿੰਦ ਸਾਵੰਤ, ਗਿਰੀਰਾਜ ਸਿੰਘ ਅਤੇ ਗਜੇਂਦਰ ਸ਼ੇਖਾਵਤ ਸ਼ਾਮਲ ਹਨ। ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ’ਚ ਸੰਤੋਸ਼ ਕੁਮਾਰ ਗੰਗਵਾਰ, ਰਾਓ ਇੰਦਰਜੀਤ ਸਿੰਘ, ਸ੍ਰੀਪਦ ਯੇਸੋ ਨਾਇਕ, ਜਤਿੰਦਰ ਸਿੰਘ, ਕਿਰਨ ਰਿਜਿਜੂ, ਪ੍ਰਹਿਲਾਦ ਸਿੰਘ ਪਟੇਲ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ ਅਤੇ ਮਨਸੁਖ ਐਲ ਮਾਂਡਵੀਆ ਸ਼ਾਮਲ ਹਨ।
ਰਾਜ ਮੰਤਰੀਆਂ ’ਚ ਫੱਗਣ ਸਿੰਘ ਕੁਲੱਸਤੇ, ਅਸ਼ਵਨੀ ਕੁਮਾਰ ਚੌਬੇ, ਅਰਜੁਨ ਰਾਮ ਮੇਘਵਾਲ, ਵੀ ਕੇ ਸਿੰਘ, ਕ੍ਰਿਸ਼ਨ ਪਾਲ, ਦਾਨਵੇ ਰਾਓਸਾਹੇਬ ਦਾਦਾਰਾਓ, ਜੀ ਕਿਸ਼ਨ ਰੈੱਡੀ, ਪਰਸ਼ੋਤਮ ਰੁਪਾਲਾ, ਰਾਮਦਾਸ ਅਠਾਵਲੇ, ਸਾਧਵੀ ਨਿਰੰਜਣ ਜਯੋਤੀ, ਬਾਬੁਲ ਸੁਪ੍ਰੀਓ, ਸੰਜੀਵ ਕੁਮਾਰ ਬਾਲਿਆਨ, ਧੋਤਰੇ ਸੰਜੇ ਸ਼ਾਮਰਾਓ, ਅਨੁਰਾਗ ਸਿੰਘ ਠਾਕੁਰ, ਅੰਗਾੜੀ ਸੁਰੇਸ਼ ਚੰਨਾਬਾਸਾਪਾ, ਨਿਤਿਆਨੰਦ ਰਾਏ, ਰਤਨ ਲਾਲ ਕਟਾਰੀਆ, ਵੀ ਮੁਰਲੀਧਰਨ, ਰੇਣੂਕਾ ਸਿੰਘ ਸਰੂਤਾ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਪ੍ਰਤਾਪ ਚੰਦਰ ਸਾਰੰਗੀ, ਕੈਲਾਸ਼ ਚੌਧਰੀ ਅਤੇ ਦੇਬਾਸ੍ਰੀ ਚੌਧਰੀ ਸ਼ਾਮਲ ਹਨ। ਆਪਣੀ ਕੈਬਨਿਟ ਨਾਲ ਹਲਫ਼ ਲੈਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੰਤਰੀਆਂ ਦੀ ਨਵੀਂ ਟੀਮ ਨੌਜਵਾਨ ਸ਼ਕਤੀ ਅਤੇ ਪ੍ਰਸ਼ਾਸਨਿਕ ਤਜਰਬੇਕਾਰਾਂ ਦਾ ਸੁਮੇਲ ਹੈ ਅਤੇ ਉਹ ਸਾਰੇ ਮਿਲ ਕੇ ਭਾਰਤ ਦੀ ਤਰੱਕੀ ਲਈ ਕੰਮ ਕਰਨਗੇ। ਸਹੁੰ ਚੁੱਕਣ ਮਗਰੋਂ ਸ੍ਰੀ ਮੋਦੀ ਨੇ ਆਪਣੇ ਟਵੀਟ ’ਚ ਕਿਹਾ ਕਿ ਟੀਮ ’ਚ ਅਜਿਹੇ ਸੰਸਦ ਮੈਂਬਰ ਸ਼ਾਮਲ ਹਨ ਜੋ ਉਭਰ ਕੇ ਸਾਹਮਣੇ ਆਏ ਹਨ ਅਤੇ ਅਜਿਹੇ ਵੀ ਹਨ ਜਿਨ੍ਹਾਂ ਦਾ ਸ਼ਾਨਦਾਰ ਕਰੀਅਰ ਰਿਹਾ ਹੈ।

ਮੋਦੀ ਮੰਤਰੀ ਮੰਡਲ

ਕੈਬਨਿਟ ਮੰਤਰੀ
ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡੀ ਵੀ ਸਦਾਨੰਦ ਗੌੜਾ, ਨਿਰਮਲਾ ਸੀਤਾਰਾਮਨ, ਰਾਮ ਵਿਲਾਸ ਪਾਸਵਾਨ, ਨਰੇਂਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਐਸ ਜੈਸ਼ੰਕਰ, ਰਮੇਸ਼ ਪੋਖਰਿਆਲ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਹਰਸ਼ਵਰਧਨ, ਪ੍ਰਕਾਸ਼ ਜਾਵੜੇਕਰ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਾਰ ਅੱਬਾਸ ਨਕਵੀ, ਪ੍ਰਹਿਲਾਦ ਜੋਸ਼ੀ, ਮਹੇਂਦਰ ਨਾਥ ਪਾਂਡੇ, ਅਰਵਿੰਦ ਸਾਵੰਤ, ਗਿਰੀਰਾਜ ਸਿੰਘ ਅਤੇ ਗਜੇਂਦਰ ਸ਼ੇਖਾਵਤ।

ਰਾਜ ਮੰਤਰੀ (ਸੁਤੰਤਰ ਚਾਰਜ)

ਸੰਤੋਸ਼ ਕੁਮਾਰ ਗੰਗਵਾਰ, ਰਾਓ ਇੰਦਰਜੀਤ ਸਿੰਘ, ਸ੍ਰੀਪਦ ਯੇਸੋ ਨਾਇਕ, ਜਤਿੰਦਰ ਸਿੰਘ, ਕਿਰੇਨ ਰਿਜਿਜੂ, ਪ੍ਰਹਿਲਾਦ ਸਿੰਘ ਪਟੇਲ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਐਲ ਮਾਂਡਵੀਆ।

ਰਾਜ ਮੰਤਰੀ

ਫੱਗਣ ਸਿੰਘ ਕੁਲਸਤੇ, ਅਸ਼ਵਨੀ ਕੁਮਾਰ ਚੌਬੇ, ਅਰਜੁਨ ਰਾਮ ਮੇਘਵਾਲ, ਵੀ ਕੇ ਸਿੰਘ, ਕ੍ਰਿਸ਼ਨ ਪਾਲ ਗੁੱਜਰ, ਦਾਨਵੇ ਰਾਓਸਾਹੇਬ ਦਾਦਾਰਾਓ, ਜੀ ਕਿਸ਼ਨ ਰੈੱਡੀ, ਪੁਰਸ਼ੋਤਮ ਰੁਪਾਲਾ, ਰਾਮਦਾਸ ਅਠਾਵਲੇ, ਸਾਧਵੀ ਨਿਰੰਜਣ ਜਯੋਤੀ, ਬਾਬੁਲ ਸੁਪ੍ਰੀਓ, ਸੰਜੀਵ ਕੁਮਾਰ ਬਾਲਿਆਨ, ਧੋਤਰੇ ਸੰਜੇ ਸ਼ਾਮਰਾਓ, ਅਨੁਰਾਗ ਠਾਕੁਰ, ਅੰਗਾੜੀ ਸੁਰੇਸ਼ ਚੰਨਾਬਾਸਾਪਾ, ਨਿਤਿਆਨੰਦ ਰਾਏ, ਰਤਨ ਲਾਲ ਕਟਾਰੀਆ, ਵੀ ਮੁਰਲੀਧਰਨ, ਰੇਣੂਕਾ ਸਿੰਘ ਸਰੂਤਾ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਪ੍ਰਤਾਪ ਚੰਦਰ ਸਾਰੰਗੀ, ਕੈਲਾਸ਼ ਚੌਧਰੀ ਅਤੇ ਦੇਬਾਸ੍ਰੀ ਚੌਧਰੀ।