ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!✍️ ਸਲੇਮਪੁਰੀ ਦੀ ਚੂੰਢੀ

ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!

 ਦੇਸ਼ ਦੇ ਬਿਹਾਰ ਰਾਜ ਵਿਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅਤੇ ਚੋਣ ਬੁਖਾਰ ਸਿਖਰਾਂ 'ਤੇ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ-ਬਾਗ ਵਿਖਾਕੇ ਜਿੱਤ ਹਾਸਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਵਿਚ ਕਾਬਜ ਭਾਰਤੀ ਜਨਤਾ ਪਾਰਟੀ ਵਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਪਹਿਲਾਂ ਦੀ ਤਰ੍ਹਾਂ ਗੱਠਜੋੜ ਕਰਕੇ ਰਾਜ ਭਾਗ ਹਥਿਆਉਣ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਬਿਹਾਰ ਚੋਣਾਂ ਨੂੰ ਲੈ ਕੇ ਜੋ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ, ਦੇ ਵਿੱਚ ਬੇਰੁਜ਼ਗਾਰਾਂ ਨੂੰ ਲੱਖਾਂ ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਹੈ, ਪਰ ਚੋਣ ਮਨੋਰਥ ਪੱਤਰ ਵਿਚ ਇਸ ਪਾਰਟੀ ਵਲੋਂ ਜੋ ਮਹੱਤਵਪੂਰਨ ਵਾਅਦਾ ਕੀਤਾ ਗਿਆ ਹੈ, ਉਹ ਹੈ, ਬਿਹਾਰ ਦੇ ਲੋਕਾਂ ਨੂੰ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਤੋਂ ਬਚਾਉਣ ਲਈ 'ਮੁਫਤ ਵੈਕਸੀਨ' ਲਗਾਉਣਾ ਹੈ। ਭਾਜਪਾ ਵਲੋਂ ਬਿਹਾਰੀਆਂ ਲਈ ਕੀਤਾ ਗਿਆ ਇਹ ਵਾਅਦਾ ਦੇਸ਼ ਦੇ ਲੋਕਾਂ ਅੱਗੇ ਬਹੁਤ ਵੱਡਾ ਗੁੰਝਲਦਾਰ ਸਵਾਲ ਖੜ੍ਹਾ ਕਰ ਗਿਆ ਹੈ। ਦੇਸ਼ ਦੇ ਭੋਲੇ-ਭਾਲੇ ਲੋਕ ਪੁੱਛ ਰਹੇ ਹਨ ਕਿ ਕੀ ਕੋਰੋਨਾ ਵੈਕਸੀਨ ਦੀ ਕੇਵਲ ਬਿਹਾਰ ਨੂੰ ਜਰੂਰਤ ਹੈ? ਕੀ ਦੇਸ਼ ਦੇ ਬਾਕੀ ਸੂਬਿਆਂ ਵਿਚ ਕੋਰੋਨਾ ਦੀ ਬਿਮਾਰੀ ਨਹੀਂ ਹੈ, ਜਾਂ ਕੋਰੋਨਾ ਮੁਕਤ ਹਨ, ਜਾਂ ਉਨ੍ਹਾਂ ਨੂੰ ਜਰੂਰਤ ਨਹੀਂ ਹੈ ਜਾਂ ਫਿਰ ਉਹ ਆਪਣੇ ਆਪ ਦਵਾਈ ਖ੍ਰੀਦਣ ਦੇ ਸਮਰੱਥ ਹਨ?

ਕੀ ਕੋਰੋਨਾ ਵੈਕਸੀਨ ਦੀ ਭਾਰਤ ਨੇ ਖੋਜ ਕਰ ਲਈ ਹੈ, ਜਿਸ ਦੀ ਵਰਤੋਂ ਬਿਹਾਰ ਚੋਣਾਂ ਤੋਂ ਬਾਅਦ ਬਿਹਾਰ ਵਿਚ ਮੁਫਤ ਵੈਕਸੀਨ ਤੋਂ ਸ਼ੁਰੂ ਹੋਵੇਗੀ? ਸੱਚ ਤਾਂ ਇਹ ਹੈ ਕਿ ਸੰਸਾਰ ਵਿੱਚ ਅਜੇ ਤੱਕ ਤਾਂ ਕੋਰੋਨਾ ਵੈਕਸੀਨ ਦੀ ਖੋਜ ਹੀ ਨਹੀਂ ਹੋਈ, ਫਿਰ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਸਬਜ-ਬਾਗ ਕਿਉਂ ਵਿਖਾਇਆ ਗਿਆ ਹੈ? ਕੀ ਬਿਹਾਰ ਦੇ ਲੋਕ ਮੂਰਖ ਹਨ, ਜਿਨ੍ਹਾਂ ਨੂੰ ਇਸ ਵੈਕਸੀਨ ਦੀ ਖੋਜ ਬਾਰੇ ਪਤਾ ਹੀ ਨਹੀਂ ਕਿ ਖੋਜ ਹੋ ਚੁੱਕੀ ਹੈ? ਇਹ ਤਾਂ  'ਮੁੰਡਾ ਜੰਮਣ ਤੋਂ ਪਹਿਲਾਂ ਹੀ ਗੁੜ ਵੰਡੇ ਜਾਣ ਵਾਲੀ ਗੱਲ ਹੋਈ'। ਕੋਰੋਨਾ ਵੈਕਸੀਨ ਦੀ ਖੋਜ ਅਜੇ ਹੋਈ ਨਹੀਂ, ਭਾਜਪਾ ਨੇ ਸਰਿੰਜ-ਸੂਈ ਪਹਿਲਾਂ ਹੀ ਚੁੱਕ ਲਈ ਹੈ! ਭਾਜਪਾ ਵਲੋਂ ਲੱਖਾਂ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਭਾਜਪਾ ਸਰਕਾਰ ਨੇ ਦੇਸ਼ ਵਿਚ ਲੱਖਾਂ ਨੌਕਰੀਆਂ ਦਾ ਭੋਗ ਪਾ ਦਿੱਤਾ ਹੈ! ਪੈਸੇ ਨਹੀਂ, ਫਿਰ ਤਨਖਾਹਾਂ ਕਿਥੋਂ ਦੇਣੀਆਂ ਹਨ? 

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਿਹਾਰ ਇੱਕ ਵਿਸ਼ਾਲ ਰਾਜ ਹੈ, ਖਣਿਜ ਪਦਾਰਥਾਂ ਦਾ ਖਜਾਨਾ ਹੈ, ਜਰਖੇਜ ਧਰਤੀ ਹੈ, ਪਰ ਲੋਕ ਅੱਤ ਦੇ ਗਰੀਬ ਹੋਣ ਕਰਕੇ ਦੇਸ਼ ਦੇ ਹੋਰਨਾਂ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ ਸਮੇਤ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਰੋਜੀ ਰੋਟੀ ਲਈ ਧੱਕੇ ਖਾਣ ਲਈ ਮਜਬੂਰ ਹਨ। ਬਿਹਾਰ ਵਿਚ ਘਰ ਘਰ ਵਿਚ ਬੀੜੀ ਉਦਯੋਗ ਹੋਣ ਦੇ ਬਾਵਜੂਦ ਵੀ ਲੋਕ ਦੇਸ਼ ਦੀ ਆਜਾਦੀ ਦੇ 73 ਸਾਲਾਂ ਬਾਅਦ ਭੁੱਖਮਰੀ ਅਤੇ ਗਰੀਬੀ ਨਾਲ ਜੂਝਣ ਲਈ ਮਜਬੂਰ ਹਨ। ਘਰਾਂ ਵਿਚ ਬੀੜੀਆਂ ਬਣਾਕੇ ਵੇਚਣ ਵਾਲੇ ਮਜਦੂਰਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਦੀ ਦਿਹਾੜੀ 85 ਰੁਪਏ ਤੋਂ ਵੱਧ ਨਹੀਂ ਪੈਂਦੀ!

-ਸੁਖਦੇਵ ਸਲੇਮਪੁਰੀ

09780620233

24 ਅਕਤੂਬਰ, 2020.