ਹਰਸਿਮਰਤ ਦੀ ਝੋਲੀ ਪਈ ਵਜ਼ੀਰੀ

ਬਠਿੰਡਾ, 30 ਮਈ  ਬਠਿੰਡਾ ਹਲਕੇ ਤੋਂ ਐਮ.ਪੀ ਹਰਸਿਮਰਤ ਕੌਰ ਬਾਦਲ ਦੂਸਰੀ ਦਫ਼ਾ ਕੇਂਦਰੀ ਵਜ਼ੀਰ ਬਣੇ ਹਨ, ਜਿਨ੍ਹਾਂ ਨੇ ਸਿਆਸੀ ਜ਼ਿੰਦਗੀ ਬਾਰੇ ਕਦੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ। ਜਦੋਂ ਉਨ੍ਹਾਂ ਨੇ ਸਿਆਸੀ ਪਿੜ ’ਚ ਪੈਰ ਧਰਿਆ ਤਾਂ ਉਨ੍ਹਾਂ ਨੇ ਇਸ ਨੂੰ ਗੁਰੂ ਵੱਲੋਂ ਲਾਈ ਜ਼ਿੰਮੇਵਾਰੀ ਸਮਝਿਆ। ਹਰਸਿਮਰਤ ਖੁਦ ਦੱਸਦੀ ਹੈ ਕਿ ਉਦੋਂ ਉਹ ਗੁਰੂ ਘਰ ਵਿਚ ਬਰਤਨ ਧੋ ਰਹੀ ਸੀ ਜਦੋਂ ਉਸ ਨੂੰ ਬਠਿੰਡਾ ਤੋਂ ਪਹਿਲੀ ਦਫ਼ਾ ਟਿਕਟ ਐਲਾਨੀ ਗਈ ਸੀ। ਸੁਰੱਖਿਆ ਗਾਰਦ ਨੇ ਆ ਕੇ ਦੱਸਿਆ ਸੀ ਕਿ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਹੈ। ਹਰਸਿਮਰਤ ਕੌਰ ਨੇ ਦੱਸਿਆ ਕਿ ਉਹ ਟਿਕਟ ਮਿਲਣ ਮੌਕੇ ਬਹੁਤ ਰੋਈ ਸੀ। ਇੱਥੋਂ ਤੱਕ ਕਿ ਬੱਚੇ ਵੀ ਰੋਏ ਸਨ, ਜੋ ਉਦੋਂ ਛੋਟੇ ਸਨ। ਫਿਰ ਉਸ ਨੇ ਇਸ ਨੂੰ ਗੁਰੂ ਦੀ ਰਜ਼ਾ ਸਮਝਿਆ।
ਹਰਸਿਮਰਤ ਕੌਰ ਆਖਦੀ ਹੈ ਕਿ ਉਹ ਸਿਆਸਤ ਵਿੱਚ ਆਉਣ ਦੀ ਇੱਛੁਕ ਨਹੀਂ ਸੀ। ਜਦੋਂ ਸੁਖਬੀਰ ਬਾਦਲ ਫਰੀਦਕੋਟ ਹਲਕੇ ਤੋਂ ਚੋਣ ਲੜਦੇ ਸਨ ਤਾਂ ਉਦੋਂ ਹਰਸਿਮਰਤ ਕੌਰ ਉਨ੍ਹਾਂ ਲਈ ਪ੍ਰਚਾਰ ਕਰਦੇ ਹੁੰਦੇ ਸਨ। ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਆਉਣ ਮਗਰੋਂ ਪੂੂਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਵੇਰਵਿਆਂ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ 27 ਅਗਸਤ 2008 ਨੂੰ ਨੰਨ੍ਹੀ ਛਾਂ ਪ੍ਰਾਜੈਕਟ ਸ਼ੁਰੂ ਕੀਤਾ। ਉਹ ਪਹਿਲੀ ਵਾਰ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਦੇ ਮੁਕਾਬਲੇ ਉਤਰੇ ਤੇ ਕਰੀਬ 1.20 ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਸ ਮਗਰੋਂ 2014 ਵਿਚ ਹਰਸਿਮਰਤ ਨੇ ਮਨਪ੍ਰੀਤ ਬਾਦਲ ਨੂੰ ਹਰਾਇਆ ਅਤੇ ਪਹਿਲੀ ਦਫਾ ਮੋਦੀ ਵਜ਼ਾਰਤ ਵਿਚ ਮੰਤਰੀ ਬਣੇ।
ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਕੇ ਦੂਸਰੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਪਿੰਡ ਬਾਦਲ ਵਿਚ ਅੱਜ ਢੋਲ ਵੱਜੇ ਹਨ ਅਤੇ ਬਠਿੰਡਾ ਹਲਕੇ ਦੇ ਵਿਕਾਸ ਨੂੰ ਨਵੀਂ ਬੁਲੰਦੀ ਮਿਲਣ ਦਾ ਮੁੱਢ ਬੱਝਾ ਹੈ। ਅਧੂਰੇ ਪ੍ਰਾਜੈਕਟ ਨੇਪਰੇ ਚੜ੍ਹਨਗੇ ਅਤੇ ਨਵੇਂ ਹੋਰ ਕੇਂਦਰੀ ਪ੍ਰਾਜੈਕਟਾਂ ਦੀ ਆਸ ਬੱਝੀ ਹੈ। ਟੈਕਸਟਾਈਲ ਡਿਜ਼ਾਈਨਰ ਹਰਸਿਮਰਤ ਬਾਦਲ ਪੰਜਾਬ ਲਈ ਵਿਕਾਸ ਦਾ ਨਵਾਂ ਖਾਕਾ ਬੁਣਨਗੇ। ਹਉਮੇ ਤੋਂ ਬਚਣ ਉਹ ਪਾਠ ਪੂਜਾ ਕਰਦੇ ਹਨ ਅਤੇ ਕਿਸੇ ਵੇਲੇ ਉਨ੍ਹਾਂ ਨੇ ਦਿੱਲੀ ਦੇ ਬਸੰਤ ਕੁੰਜ ਵਿਚ ਸਟਰੀਟ ਚਿਲਡਰਨ ਲਈ ਸਕੂਲ ਵੀ ਖੋਲ੍ਹਿਆ ਸੀ ਅਤੇ ਪਿੰਡ ਬਾਦਲ ਵਿੱਚ ਬਣੇ ਬਿਰਧ ਆਸ਼ਰਮ ਵਿਚ ਵੀ ਉਹ ਸਹਿਯੋਗੀ ਬਣੇ ਹੋਏ ਹਨ। ਉਨ੍ਹਾਂ ਦਾ ਨੰਨ੍ਹੀ ਛਾਂ ਪ੍ਰੋਜੈਕਟ ਕਾਫ਼ੀ ਚਰਚਾ ਵਿੱਚ ਰਿਹਾ ਹੈ ਅਤੇ ਉਹ ਔਰਤਾਂ ਨੂੰ ਮਜ਼ਬੂਤ ਕਰਨ ਨੂੰ ਆਪਣਾ ਏਜੰਡਾ ਮੰਨਦੇ ਹਨ।
ਬਾਦਲ ਪਰਿਵਾਰ ਨੂੰ ਹੁਣ ਤੱਕ ਕੇਂਦਰ ਵਿਚ ਤਿੰਨ ਵਜ਼ੀਰੀਆਂ ਮਿਲੀਆਂ ਹਨ। ਪਹਿਲੋਂ ਪ੍ਰਕਾਸ਼ ਸਿੰਘ ਬਾਦਲ ਵੀ ਕੇਂਦਰ ਵਿਚ ਵਜ਼ੀਰ ਰਹੇ ਅਤੇ ਉਸ ਮਗਰੋਂ ਸੁਖਬੀਰ ਸਿੰਘ ਬਾਦਲ ਵਾਜਪਾਈ ਸਰਕਾਰ ਵਿਚ ਕੇਂਦਰੀ ਰਾਜ ਮੰਤਰੀ ਰਹੇ। ਹੁਣ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਵਿਚ ਦੂਸਰੀ ਵਾਰ ਕੈਬਨਿਟ ਮੰਤਰੀ ਬਣੇ ਹਨ। ਇਸ ਲਿਹਾਜ਼ ਨਾਲ ਤਾਂ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰੀ ’ਚ ਵੱਡੇ ਤੇ ਛੋਟੇ ਬਾਦਲ ਤੋਂ ਸੀਨੀਅਰ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਅੱਜ ਆਖਿਆ ਕਿ ਹਰਸਿਮਰਤ ਬਾਦਲ ਨੂੰ ਵਜ਼ੀਰੀ ਮਿਲਣ ਨਾਲ ਬਠਿੰਡਾ ਇਲਾਕੇ ਦੇ ਮੁੜ ਭਾਗ ਖੁੱਲ੍ਹ ਗਏ ਹਨ।