ਹਿਰਾਸਤੀ ਮੌਤ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ

ਜੁਡੀਸ਼ੀਅਲ ਜਾਂਚ ਵੀ ਸ਼ੁਰੂ, ਧਰਨਾ ਚੁਕਵਾਉਣ ਲਈ ਸਰਗਰਮੀਆਂ ਵਧੀਆਂ

ਫ਼ਰੀਦਕੋਟ, ਮਈ 2019  ਫ਼ਰੀਦਕੋਟ ਪੁਲੀਸ ਦੀ ਹਿਰਾਸਤ ’ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ’ਚ ਜਾਂਚ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ। ਡੀਜੀਪੀ ਦੇ ਹੁਕਮਾਂ ਅਨੁਸਾਰ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਮਾਮਲੇ ਦੀ ਜੁਡੀਸ਼ੀਅਲ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ ਤੇ ਫ਼ਰੀਦਕੋਟ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇਜਪ੍ਰਤਾਪ ਸਿੰਘ ਰੰਧਾਵਾ ਮਾਮਲੇ ਦੀ ਪੜਤਾਲ ਕਰਨਗੇ। ਆਈਜੀ ਛੀਨਾ ਨੇ ਅੱਜ ਇੱਥੇ ਰੋਸ ਧਰਨੇ ਤੋਂ ਪਹਿਲਾਂ ਉੱਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੂੰ ਗੱਲਬਾਤ ਦਾ ਸੱਦਾ ਦਿੱਤਾ। ਹਾਲਾਂਕਿ ਦੇਰ ਸ਼ਾਮ ਤੱਕ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ ਅਤੇ 29 ਮਈ ਨੂੰ ਇਕੱਠ ਕਰਨ ’ਤੇ ਕਮੇਟੀ ਅੜੀ ਹੋਈ ਹੈ। ਲਾਸ਼ ਮਿਲਣ ਤੱਕ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਹੁਣ ਤੱਕ ਦੀ ਪੜਤਾਲ ਤੋਂ ਇਹ ਸਪੱਸ਼ਟ ਹੈ ਕਿ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਨੇ ਹੀ ਜਸਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ ਤੇ ਇਸ ਬਾਰੇ ਵਿਭਾਗ ਦੇ ਕਿਸੇ ਵੀ ਉੱਚ ਅਧਿਕਾਰੀ ਨੂੰ ਕੋਈ ਸੂਚਨਾ ਨਹੀਂ ਦਿੱਤੀ। ਉੱਚ ਅਧਿਕਾਰੀਆਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦ ਜਸਪਾਲ ਸਿੰਘ ਦਾ ਪਰਿਵਾਰ ਉਸ ਦੀ ਰਿਹਾਈ ਲਈ ਪੁਲੀਸ ਅਧਿਕਾਰੀਆਂ ਨੂੰ ਮਿਲਿਆ। ਆਈਜੀ ਛੀਨਾ ਨੇ ਕਿਹਾ ਹੈ ਕਿ ਇਸ ਹਿਰਾਸਤੀ ਮੌਤ ਨਾਲ ਕਿਸੇ ਸਿਆਸੀ ਆਗੂ ਦਾ ਕੋਈ ਸਬੰਧ ਨਹੀਂ ਹੈ। ਭਲਕ ਦੇ ਰੋਸ ਮੁਜ਼ਾਹਰੇ ਤੇ ਇਕੱਠ ਨੂੰ ਨਾਕਾਮ ਕਰਨ ਲਈ ਹਾਕਮ ਧਿਰ ਕਾਫ਼ੀ ਸਰਗਰਮ ਨਜ਼ਰ ਆ ਰਹੀ ਹੈ। ਪਿੰਡ ਨੱਥਲਵਾਲਾ ਵਿੱਚ ਵਿਕਾਸ ਕਾਰਜਾਂ ਲਈ ਭੇਜੀ ਗਈ ਸਮੱਗਰੀ

ਸਿਰਫ਼ ਇਸੇ ਕਰਕੇ ਵਾਪਸ ਮੰਗਵਾ ਲਈ ਕਿਉਂਕਿ ਇਸ ਪਿੰਡ ਦੇ ਲੋਕ 29 ਮਈ ਦੇ ਧਰਨੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੀੜਤ ਪਰਿਵਾਰ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ ਇੱਕ ਵਾਰਿਸ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਪੀੜਤ ਪਰਿਵਾਰ ਵੱਲੋਂ ਅਜੇ ਸਵੀਕਾਰ ਨਹੀਂ ਕੀਤੀ ਗਈ। ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਜਸਪਾਲ ਸਿੰਘ ਨੂੰ ਹਿਰਾਸਤ ਵਿੱਚ ਲੈਣ ਵੇਲੇ ਇੰਸਪੈਕਟਰ ਨਰਿੰਦਰ ਸਿੰਘ ਨਾਲ ਦੋ ਹੋਰ ਮੁਲਾਜ਼ਮ ਵੀ ਮੌਜੂਦ ਸਨ ਅਤੇ ਪੁਲੀਸ ਉਨ੍ਹਾਂ ਦੀ ਸ਼ਨਾਖ਼ਤ ਕਰਨ ਵਿੱਚ ਲੱਗੀ ਹੋਈ ਹੈ। ਐਕਸ਼ਨ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੁਲੀਸ ਜਾਣਬੁੱਝ ਕੇ ਲਾਸ਼ ਲੱਭਣ ਵਿਚ ਦੇਰੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਪਿਛਲੇ ਦਸ ਦਿਨਾਂ ਵਿੱਚ ਘਟਨਾ ਨਾਲ ਜੁੜੇ ਅਹਿਮ ਸਬੂਤ ਮਿਟਾ ਦਿੱਤੇ ਹਨ।

ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਹੁਕਮ 
ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਮ੍ਰਿਤਕ ਜਸਪਾਲ ਸਿੰਘ ਦੀ ਨਿੱਜੀ ਜ਼ਿੰਦਗੀ ਬਾਰੇ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ। ਬੂਟਾ ਸਿੰਘ, ਰਾਜਿੰਦਰ ਸਿੰਘ ਅਤੇ ਲੱਖਾ ਸਿਧਾਣਾ ਨੇ ਦੱਸਿਆ ਕਿ ਜਸਪਾਲ ਸਿੰਘ ਬਾਰੇ ਫ਼ਰਜ਼ੀ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ ਸਨ ਤਾਂ ਜੋ ਉਸ ਦੇ ਅਕਸ ਨੂੰ ਢਾਹ ਲਾ ਕੇ ਨਿਆਂ ਲਈ ਚੱਲ ਰਹੇ ਸੰਘਰਸ਼ ਨੂੰ ਮੱਠਾ ਕੀਤਾ ਜਾ ਸਕੇ। ਆਈਜੀ ਨੇ ਕਿਹਾ ਕਿ ਪੁਲੀਸ ਸਮੁੱਚੇ ਮਾਮਲੇ ਵਿੱਚ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ ਅਤੇ ਨਾ ਹੀ ਇਹ ਪੁਲੀਸ ਦੇ ਹਿੱਤ ਵਿੱਚ ਹੈ।