ਥਾਣਾ ਭੁਲੱਥ ਦੇ ਪਿੰਡ ਟਾਂਡੀ ਔਲਖ ਵਿੱਚ ਪਿਉ-ਪੁੱਤ ਦਾ ਕਤਲ, ਔਰਤ ਗੰਭੀਰ ਜ਼ਖ਼ਮੀ

ਭੁਲੱਥ, ਮਈ 2019  ਥਾਣਾ ਭੁਲੱਥ ਵਿਚ ਪੈਂਦੇ ਪਿੰਡ ਟਾਂਡੀ ਔਲਖ ਦੇ ਫ਼ਤਹਿ ਪੁਰ ਨੇੜੇ ਸਥਿਤ ਡੇਰੇ ਵਿੱਚ ਰਹਿੰਦੇ ਪਰਿਵਾਰ ’ਤੇ 26-27 ਮਈ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਪਿਉ-ਪੁੱਤਰ ਦਾ ਕਤਲ ਕਰ ਦਿੱਤਾ ਗਿਆ ਜਦਕਿ ਪਰਿਵਾਰ ਦੀ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਬਾਰੇ ਸਰਬਜੀਤ ਕੌਰ ਪੁੱਤਰੀ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੰਤੋਖ ਸਿੰਘ, ਮਾਤਾ ਬਲਵੀਰ ਕੌਰ ਅਤੇ ਭਰਾ ਕ੍ਰਿਪਾਲ ਸਿੰਘ (40 ਸਾਲ), ਜੋ ਅਜੇ ਅਣਵਿਆਹਿਆ ਹੋਇਆ ਸੀ, ਪਿਛਲੇ ਲੰਮੇ ਸਮੇਂ ਤੋਂ ਡੇਰੇ ਰਹਿ ਕੇ ਖੇਤੀਬਾੜੀ ਕਰਦੇ ਸਨ। ਉਨ੍ਹਾਂ ਦਾ ਪਰਿਵਾਰ ਧਾਰਮਿਕ ਪ੍ਰਵਿਰਤੀ ਵਾਲਾ ਸੀ ਅਤੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਕੱਲ੍ਹ ਤੋਂ ਉਹ ਆਪਣੇ ਮਾਪਿਆਂ ਤੇ ਭਰਾ ਨੂੰ ਫੋਨ ਕਰ ਰਹੀ ਸੀ ਪਰ ਕੋਈ ਵੀ ਉਸ ਦਾ ਫੋਨ ਨਹੀਂ ਚੁੱਕ ਰਿਹਾ ਸੀ। ਇਸ ਕਾਰਨ ਅੱਜ ਸਵੇਰੇ ਕਰੀਬ 9 ਵਜੇ ਉਹ ਡੇਰੇ ’ਤੇ ਆਪਣੇ ਮਾਪਿਆਂ ਨੂੰ ਮਿਲਣ ਆਈ ਪਰ ਘਰ ਦਾ ਗੇਟ ਬੰਦ ਸੀ। ਉਸ ਨੇ ਗੇਟ ਖੋਲ੍ਹ ਕੇ ਦੇਖਿਆ ਤਾਂ ਘਰ ਵਿੱਚ ਹਰ ਪਾਸੇ ਖੂਨ ਖਿੱਲਰਿਆ ਹੋਇਆ ਸੀ ਅਤੇ ਵਰਾਂਡੇ ਵਿਚ ਉਸਦੇ ਭਰਾ ਕ੍ਰਿਪਾਲ ਸਿੰਘ ਦੀ ਲਾਸ਼ ਪਈ ਸੀ। ਘਰ ਅੰਦਰ ਉਸ ਦੀ ਮਾਤਾ ਬਲਵੀਰ ਕੌਰ, ਜਿਸ ਨੂੰ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ, ਪਾਣੀ ਲਈ ਆਵਾਜ਼ਾਂ ਮਾਰ ਦੀ ਸੀ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਉਸਦੇ ਪਿਤਾ ਦੀ ਵੱੱਢੀ-ਟੁੱਕੀ ਲਾਸ਼ ਪਈ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਦੀ ਮਾਤਾ ਬਲਵੀਰ ਕੌਰ ਨੂੰ ਸਰਕਾਰੀ ਹਸਪਤਾਲ ਭੁਲੱਥ ਦਾਖ਼ਲ ਕਰਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਸਰਬਜੀਤ ਕੌਰ ਨੇ ਦੱਸਿਆ ਕਿ ਉਸਦੀ ਮਾਤਾ ਬਲਵੀਰ ਕੌਰ ਅਨੁਸਾਰ ਐਤਵਾਰ ਦੀ ਰਾਤ ਚਾਰ ਵਿਅਕਤੀ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਕਾਰ ਵਿਚ ਸਵਾਰ ਹੋ ਕੇ ਡੇਰੇ ਆਏ ਅਤੇ ਆਉਂਦਿਆਂ ਹੀ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਪਹਿਲਾਂ ਤਾਂ ਉਨ੍ਹਾਂ ਨੇ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਅਖੀਰ ਹਮਲਾਵਰਾਂ ਨੇ ਕ੍ਰਿਪਾਲ ਸਿੰਘ ਨੂੰ ਕਾਬੂ ਕਰਕੇ ਰੱਸੀਆਂ ਨਾਲ ਬੰਨ੍ਹਿਆ ਤੇ ਬਿਜਲੀ ਦਾ ਕਰੰਟ ਲਾਇਆ। ਹਮਲਾਵਰਾਂ ਨੇ ਘਰ ਦੇ ਸਾਮਾਨ ਦੀ ਫਰੋਲਾ-ਫਰੋਲੀ ਵੀ ਕੀਤੀ। ਘਟਨਾ ਸਥਾਨ ’ਤੇ ਪੁੱਜੇ ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ, ਐੱਸ.ਪੀ. (ਡੀ) ਕਪੂਰਥਲਾ ਹਰਪ੍ਰੀਤ ਸਿੰਘ ਮੰਡੇਰ, ਏ.ਐੱਸ.ਪੀ. ਭੁਲੱਥ ਡਾ. ਸਿਮਰਤ ਕੌਰ ਤੇ ਥਾਣਾ ਮੁਖੀ ਭੁਲੱਥ ਇੰਸਪੈਕਟਰ ਕਰਨੈਲ ਸਿੰਘ ਨੇ ਮੌਕਾ ਦੇਖਣ ਉਪਰੰਤ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਪੁਲੀਸ ਜਾਂਚ ਜਾਰੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਕਾਤਲਾਂ ਨੂੰ ਛੇਤੀ ਵਿੱਚ ਫੜਿਆ ਜਾਵੇਗਾ।