ਲੋਕ ਹਿੱਤਾਂ ਲਈ ਕੰਮ ਕਰਨ ਬਦਲੇ ਕੁਲਵੰਤ ਸਿੰਘ ਟਿੱਬਾ ਦਾ ਸਨਮਾਨ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 (ਗੁਰਸੇਵਕ ਸਿੰਘ ਸੋਹੀ)-

ਇਲਾਕੇ ਦੇ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਆਪਣੇ ਕੰਮ ਧੰਦੇ ਕਰਵਾਉਣ ਲਈ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅਤੇ ਇਨਸਾਫ ਪ੍ਰਾਪਤੀ ਲਈ ਬੇਉਮੀਦ ਹੋ ਚੁੱਕੇ ਲੋਕਾਂ ਲਈ ਇਕ ਉਮੀਦ ਦੀ ਕਿਰਨ ਬਣਕੇ ਉੱਭਰੀ ਸਮਾਜਿਕ ਮੁਹਿੰਮ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੂੰ ਲੋਕ ਹਿੱਤਾਂ ਲਈ ਸ਼ੁਰੂ ਕੀਤੀ ਇਸ ਮੁਹਿੰਮ ਬਦਲੇ ਅਮਨ ਮੁਸਲਿਮ ਵੈੱਲਫੇਅਰ ਸੁਸਾਇਟੀ(ਰਜਿ) ਮਹਿਲ ਕਲਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। 
ਅਮਨ ਮੁਸਲਿਮ ਵੈੱਲਫੇਅਰ ਸੁਸਾਇਟੀ(ਰਜਿ) ਮਹਿਲ ਕਲਾਂ ਦੇ ਪ੍ਰਧਾਨ ਡਾ. ਮਿੱਠੂ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਸਰ ਹੀ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕ ਖੱਜਲ ਖੁਆਰ ਹੁੰਦੇ ਰਹਿੰਦੇ ਸਨ ਪਰ 'ਹੋਪ ਫਾਰ ਮਹਿਲ ਕਲਾਂ' ਦੇ ਗਠਨ ਤੋਂ ਬਾਅਦ ਅਤੇ ਕੁਲਵੰਤ ਸਿੰਘ ਟਿੱਬਾ ਦੇ ਯਤਨਾਂ ਸਦਕਾ ਸਰਕਾਰੀ ਦਫ਼ਤਰਾਂ ਵਿੱਚ ਮਹੀਨਿਆਂ ਤੋਂ ਆਮ ਲੋਕਾਂ ਦੇ ਰੁਕੇ ਕੰਮ ਹੋਣ ਲੱਗੇ ਹਨ। ਕੁਲਵੰਤ ਸਿੰਘ ਟਿੱਬਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਡਾ.ਮਿੱਠੂ ਮੁਹੰਮਦ ਕਿਹਾ ਕਿ ਅਜੋਕੇ ਦੌਰ ਵਿੱਚ ਨਿਰਸਵਾਰਥ ਭਾਵਨਾ ਨਾਲ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਇੱਕ ਮਾਨਵਤਾ ਪੱਖੀ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਤੇ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਸਮਾਜਿਕ ਮੁਹਿੰਮ 'ਹੋਪ ਫਾਰ ਮਹਿਲ ਕਲਾਂ' ਦੀ ਸਮੁੱਚੀ ਟੀਮ ਨੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਸ ਕਰਕੇ ਸਾਡੀ ਸੰਸਥਾ ਨੇ ਅੱਜ ਕੁਲਵੰਤ ਸਿੰਘ ਟਿੱਬਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਹੈ। ਇਸ ਮੌਕੇ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕਾ ਮਹਿਲ ਕਲਾਂ ਦੇ ਲੋਕਾਂ ਤੋਂ ਇਲਾਵਾ ਪੰਜਾਬ ਭਰ ਤੋਂ ਦੁਖੀ ਅਤੇ ਪੀਡ਼ਤ ਲੋਕ ਇਨਸਾਫ਼ ਲਈ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਨ। ਟਿੱਬਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਕਾਨੂੰਨੀ ਨੁਕਤਿਆਂ ਦੇ ਆਧਾਰ ਤੇ ਬਗੈਰ ਕੋਈ ਧਰਨਾ ਪ੍ਰਦਰਸ਼ਨ ਕੀਤਿਆਂ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੀ ਹੈ।ਇਲਾਕਾ ਮਹਿਲ ਕਲਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਪਣੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਹ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।ਉਨ੍ਹਾਂ ਅਮਨ ਮੁਸਲਿਮ ਵੈੱਲਫੇਅਰ ਸੋਸਾਇਟੀ ਵੱਲੋਂ ਕੀਤੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਸੰਸਥਾਵਾਂ ਵੱਲੋਂ ਦਿੱਤੇ ਜਾ ਰਹੇ ਮਾਣ ਸਨਮਾਨ ਨਾਲ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ ਅਤੇ ਸਾਡੀ ਟੀਮ ਇਸੇ ਤਰ੍ਹਾਂ ਨਿਰਸਵਾਰਥ ਭਾਵਨਾ ਨਾਲ ਲੋਕ ਹਿਤਾਂ ਲਈ ਕਾਰਜਸ਼ੀਲ ਰਹੇਗੀ।
ਫੋਟੋ ਕੈਪਸ਼ਨ-ਕੁਲਵੰਤ ਸਿੰਘ ਟਿੱਬਾ ਨੂੰ ਸਨਮਾਨਤ ਕਰਦੇ ਹੋਏ ਅਮਨ ਮੁਸਲਿਮ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ.ਮਿੱਠੂ ਮੁਹੰਮਦ ਤੇ ਹੋਰ ਆਗੂ ।