ਕਾਂਗਰਸ ਦਾ ਵੱਡੇ ਵਾਅਦਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ

ਨਵੀਂ ਦਿੱਲੀ, ਅਪਰੈਲ ਕਾਂਗਰਸ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਪਾਰਟੀ ਨੇ ਸੱਤਾ ਵਿੱਚ ਆਉਣ ’ਤੇ ਦੇਸ਼-ਧ੍ਰੋਹ ਨਾਲ ਸਬੰਧਤ ਕਾਨੂੰਨ ਰੱਦ ਕਰਨ ਅਤੇ ਸਾਰੇ ਕਾਨੂੰਨਾਂ, ਨੇਮਾਂ ਤੇ ਪ੍ਰਬੰਧਾਂ ’ਤੇ ਵਿਸਥਾਰਤ ਨਜ਼ਰਸਾਨੀ ਕਰਦਿਆਂ ਇਨ੍ਹਾਂ ਨੂੰ ਸੰਵਿਧਾਨਕ ਮੁੱਲਾਂ ਤੇ ਜਮਹੂਰੀਅਤ ਦੇ ਘੇਰੇ ਵਿੱਚ ਲਿਆਉਣ ਦਾ ਵਾਅਦਾ ਕੀਤਾ। ਕਾਂਗਰਸ ਨੇ ਕਿਹਾ ਕਿ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਹਜੂਮੀ ਹਿੰਸਾ ਜਿਹੇ ਨਫ਼ਰਤੀ ਹਮਲਿਆਂ ਨੂੰ ਰੋਕਣ ਤੇ ਸਜ਼ਾਵਾਂ ਦਿਵਾਉਣ, ਮਾਣਹਾਨੀ ਨੂੰ ਸਿਵਲ ਅਪਰਾਧ ’ਚ ਸ਼ਾਮਲ ਕਰਨ, ਜੱਜਾਂ ਦੀ ਚੋਣ ਲਈ ਕੌਮੀ ਜੁਡੀਸ਼ਲ ਕਮਿਸ਼ਨ (ਐਨਸੀਜੇ) ਸਥਾਪਤ ਕਰਨ ਤੇ ਤਸ਼ੱਦਦ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਂਦਾ ਜਾਵੇਗਾ। ਮੈਨੀਫੈਸਟੋ ਵਿੱਚ ਗਰੀਬ ਪਰਿਵਾਰਾਂ ਨੂੰ ‘ਨਿਆਏ’ ਸਕੀਮ ਤਹਿਤ ਸਾਲਾਨਾ 72000 ਰੁਪਏ ਦੇਣ, 22 ਲੱਖ ਸਰਕਾਰੀ ਅਹੁਦਿਆਂ ’ਤੇ ਨਿਯੁਕਤੀਆਂ, ਰੇਲ ਬਜਟ ਦੀ ਤਰਜ਼ ’ਤੇ ਕਿਸਾਨਾਂ ਲਈ ਵੱਖਰਾ ਬਜਟ ਲਿਆਉਣ ਤੇ ਪੂਰੇ ਮੁਲਕ ਵਿੱਚ ਜੀਐਸਟੀ ਦੀ ਇਕੋ ਸੰਤੁਲਤ ਦਰ ਲਾਗੂ ਕਰਨ ਜਿਹੇ ਵੱਡੇ ਵਾਅਦੇ ਕੀਤੇ ਗਏ ਹਨ। ਕਾਂਗਰਸ ਨੇ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਜੰਮੂ ਕਸ਼ਮੀਰ ’ਚ ਹਥਿਆਰਬੰਦ ਫੌਜਾਂ ਨੂੰ ਵਿਸ਼ੇਸ਼ ਤਾਕਤਾਂ ਨਾਲ ਸਬੰਧਤ ਐਕਟ ‘ਅਫਸਪਾ’ ਉੱਤੇ ਨਜ਼ਰਸਾਨੀ ਕੀਤੀ ਜਾਵੇਗੀ। ਉਂਜ ਪਾਰਟੀ ਨੇ ਸਾਫ਼ ਕਰ ਦਿੱਤਾ ਜੰਮੂ ਕਸ਼ਮੀਰ ਨੂੰ ਸੰਵਿਧਾਨ ਤਹਿਤ ਮਿਲੇ ਵਿਸ਼ੇਸ਼ ਅਧਿਕਾਰਾਂ (ਧਾਰਾ 370) ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਪਾਰਟੀ ਨੇ ਵਾਅਦਾ ਕੀਤਾ ਕਿ ਜੰਮੂ ਕਸ਼ਮੀਰ ’ਚ ਸਬੰਧਤ ਧਿਰਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਕਾਂਗਰਸ ਨੇ ਵਾਅਦਾ ਕੀਤਾ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਫੌਰੀ ਵਾਪਸ ਲਏਗੀ। 55 ਸਫ਼ਿਆਂ ਤੇ ‘ਹਮ ਨਿਭਾਏਂਗੇ’ (ਅਸੀਂ ਵਾਅਦੇ ਪੂਰੇ ਕਰਕੇ ਵਿਖਾਵਾਂਗੇ) ਸਿਰਲੇਖ ਵਾਲੇ ਇਸ ਚੋਣ ਮੈਨੀਫੈਸਟੋ ਨੂੰ ਲੋਕਾਂ ਨੂੰ ਦਰਪੇਸ਼ ਅਸਲ ਮੁੱਦਿਆਂ ਜਿਵੇਂ ਬੇਰੁਜ਼ਗਾਰੀ, ਕਿਸਾਨੀ ਸੰਕਟ, ਔਰਤਾਂ ਦੀ ਸੁਰੱਖਿਆ ਤੇ ਪੇਂਡੂ ਅਰਥਚਾਰੇ ਨੂੰ ਹੁਲਾਰਾ ਉੱਤੇ ਸਾਰਾ ਧਿਆਨ ਕੇਂਦਰਤ ਕੀਤਾ ਗਿਆ ਹੈ। ਇਥੇ ਪਾਰਟੀ ਹੈੱਡਕੁਆਰਟਰ ’ਤੇ ਮੈਨੀਫੈਸਟੋ ਨੂੰ ਰਿਲੀਜ਼ ਕਰਨ ਦੀ ਰਸਮ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਸੀਨੀਅਰ ਪਾਰਟੀ ਆਗੂ ਪੀ.ਚਿਦੰਬਰਮ ਆਦਿ ਨੇ ਨਿਭਾਈ। ਕਾਂਗਰਸ ਨੇ ਕਿਸਾਨੀ ਨੂੰ ਸੰਕਟ ’ਚੋਂ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਕਰਜ਼ ਮੁਆਫ਼ੀ ਤੋਂ ਕਰਜ਼ ਮੁਕਤੀ ਦੇ ਰਾਹ ਪਾਏਗੀ। ਅਜਿਹਾ ਕਿਸਾਨਾਂ ਨੂੰ ਲਾਹੇਵੰਦਾ ਭਾਅ ਦੇ ਕੇ ਤੇ ਲਾਗਤ ਖਰਚਿਆਂ ਨੂੰ ਘਟਾ ਕੇ ਕੀਤਾ ਜਾਵੇਗਾ। ਪਾਰਟੀ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਹਰ ਸਾਲ ਕਿਸਾਨਾਂ ਲਈ ਵੱਖਰਾ ਬਜਟ ਪੇਸ਼ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਾਲਾਨਾ ਬਜਟ ਵਿੱਚ ਜੀਡੀਪੀ ਦਾ 6 ਫੀਸਦ ਸਿੱਖਿਆ, ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰਨ ਤੇ ਗਰੀਬਾਂ ਦੀ ਉੱਚ ਮਿਆਰੀ ਸਿਹਤ ਸੇਵਾਵਾਂ ਤਕ ਰਸਾਈ ਸੰਭਵ ਬਣਾਉਣ ਲਈ ਖਰਚੇਗੀ। ਪਾਰਟੀ ਨੇ ਸਿਹਤ ਸੰਭਾਲ ਐਕਟ ਦੇ ਹੱਕ ਸਬੰਧੀ ਕਾਨੂੰਨ ਬਣਾਉਣ ਦਾ ਵੀ ਵਾਅਦਾ ਕੀਤਾ। ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਫ਼ਰਤ ਦੇ ਪਾਸਾਰ ਦੇ ਨਾਲ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ, ਪਰ ਉਨ੍ਹਾਂ ਦੀ ਪਾਰਟੀ ਮੁਲਕ ਦੇ ਲੋਕਾਂ ਨੂੰ ਇਕਜੁਟ ਕਰਨ ਲਈ ਕੰਮ ਕਰੇਗੀ। ਉਨ੍ਹਾਂ ਕਿਹਾ, ‘ਸਾਡਾ ਮੈਨੀਫੈਸਟੋ ਭਵਿੱਖੀ ਨਜ਼ਰੀਏ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਛਾਵਾਂ ਹੈ। ਇਹ ‘ਮਨ ਕੀ ਬਾਤ’ ਨਹੀਂ ਬਲਕਿ ਲੱਖਾਂ ਲੋਕਾਂ ਵੱਲੋਂ ਇਕਸੁਰ ਹੋ ਕੇ ਦਿੱਤੀ ਆਵਾਜ਼ ਹੈ।
ਮੈਨੀਫੈਸਟੋ ਵਿੱਚ ਕਾਂਗਰਸ ਨੇ ਨੌਕਰੀਆਂ/ਰੁਜ਼ਗਾਰ ਨੂੰ ਸਿਖਰਲੀ ਤਰਜੀਹ ਬਣਾਉਣ ਦੀ ਸਹੁੰ ਵੀ ਖਾਧੀ। ਪਾਰਟੀ ਨੇ ਵਾਅਦਾ ਕੀਤਾ ਕਿ ਉਹ ਮਾਰਚ 2020 ਤੋਂ ਪਹਿਲਾਂ ਸਰਕਾਰੀ ਖੇਤਰ ’ਚ 34 ਲੱਖ ਨੌਕਰੀਆਂ ਨੂੰ ਯਕੀਨੀ ਬਣਾਉਣ ਦੇ ਨਾਲ ਕੇਂਦਰ ਸਰਕਾਰ ਦੀਆਂ ਸਾਰੀਆਂ 4 ਲੱਖ ਵਕੈਂਸੀਆਂ ਨੂੰ ਭਰੇਗੀ। ਜੀਐਸਟੀ ਪ੍ਰਬੰਧ ਦੀ ਗੱਲ ਕਰਦਿਆਂ ਮੈਨੀਫੈਸਟੋ ਵਿੱਚ ਇਸ ਟੈਕਸ ਪ੍ਰਬੰਧ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਨੇ ਜੀਐਸਟੀ ਮਾਲੀਏ ’ਚੋਂ ਪੰਚਾਇਤਾਂ ਤੇ ਨਗਰ ਨਿਗਮਾਂ ਨੂੰ ਵੀ ਹਿੱਸਾ ਦਿਵਾਉਣ ਦਾ ਭਰੋੋਸਾ ਦਿੱਤਾ। ਕਾਂਗਰਸ ਨੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਸਿੱਖਿਆ ਨੂੰ ਲਾਜ਼ਮੀ ਤੇ ਬਿਲਕੁਲ ਮੁਫ਼ਤ ਕੀਤੇ ਜਾਣ ਦਾ ਵੀ ਵਾਅਦਾ ਕੀਤਾ ਹੈ। ਪਾਰਟੀ ਨੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਹੀ ਔਰਤਾਂ ਨੂੰ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਵਿੱਚ 33 ਫੀਸਦ ਰਾਖਵਾਂਕਰਨ ਨਾਲ ਸਬੰਧਤ ਬਿਲ ਪਾਸ ਕਰਨ ਦਾ ਵੀ ਭਰੋੋਸਾ ਦਿੱਤਾ। ਇਹ ਨਹੀਂ ਕਾਂਗਰਸ ਨੇ ਮੈਨੀਫੈਸਟੋ ’ਚ ਔਰਤਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਪੋਸਟਾਂ/ਵਕੈਂਸੀਆਂ ’ਚ 33 ਫੀਸਦ ਰਾਖਵਾਂਕਰਨ ਦੇਣ ਦੀ ਗੱਲ ਵੀ ਕਹੀ ਹੈ।