ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਸਮੇਂ ਸੰਕਟ ਵਿਚੋਂ ਲੰਘ ਰਹੀ ਸਿੱਖੀ ਲਈ ਕੌਮ ਵੱਲੋਂ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਨੂੰ ਵਿਸਾਰਨਾ ਮੁੱਖ ਕਾਰਨ

ਜਗਰਾਓਂ/ਲੁਧਿਆਣਾ,ਮਾਰਚ 2021-(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਸਮੇਂ ਸੰਕਟ ਵਿਚੋਂ ਲੰਘ ਰਹੀ ਸਿੱਖੀ ਲਈ ਕੌਮ ਵੱਲੋਂ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਨੂੰ ਵਿਸਾਰਨਾ ਮੁੱਖ ਕਾਰਨ ਦੱਸਿਆ। ਉਨ੍ਹਾਂ ਸਿੱਖ ਕੌਮ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ 'ਤੇ ਪਹਿਰਾ ਦਿੰਦਿਆਂ ਉਸ ਨੂੰ ਜੀਵਨ ਵਿਚ ਧਾਰਨ ਦਾ ਸੁਨੇਹਾ ਦਿੰਦਿਆਂ ਦਾਅਵਾ ਕੀਤਾ ਕਿ ਇਸ 'ਤੇ ਪਹਿਰਾ ਦਿੰਦਿਆਂ ਹੀ ਕੌਮ ਚੜ੍ਹਦੀ ਕਲਾ ਵੱਲ ਹਜ਼ਾਰਾਂ ਚੁਣੌਤੀਆਂ ਨੂੰ ਪਿੱਛੇ ਛੱਡਦੀ ਜਾਵੇਗੀ।

ਗਿਆਨੀ ਹਰਪ੍ਰਰੀਤ ਸਿੰਘ ਨੇ ਐਤਵਾਰ ਰਾਤ ਜਗਰਾਓਂ ਵਿਖੇ ਧਾਰਮਿਕ ਸਮਾਗਮ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਘਰ ਪੁੱਜ ਕੇ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੰਸਾਰ ਵਿਚ ਘੱਟ ਗਿਣਤੀ ਵਜੋਂ ਜਾਣੀ ਜਾਂਦੀ ਸਿੱਖ ਕੌਮ ਹਮੇਸ਼ਾ ਜ਼ੁਲਮ ਦੇ ਟਾਕਰੇ, ਦੀਨ-ਦੁਖੀਆਂ ਦਾ ਸਹਾਰਾ, ਧਰਮ ਦੇ ਪਹਿਰੇਦਾਰ, ਮਾਨਵਤਾ ਦੇ ਸੇਵਾਦਾਰ ਵਜੋਂ ਅੱਵਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਚਾਹੇ ਹਮੇਸ਼ਾ ਘੱਟ ਗਿਣਤੀ ਵਜੋਂ ਜਾਣੀ ਗਈ ਹੈ ਪਰ ਇਤਿਹਾਸ ਗਵਾਹ ਹੈ ਕਿ ਘੋੜਿਆਂ ਦੀਆਂ ਕਾਠੀਆਂ 'ਤੇ ਸਮਾਂ ਗੁਜ਼ਾਰਦੇ ਹੋਏ ਚੁਣੌਤੀਆਂ ਦਾ ਜਵਾਬ ਦਿੰਦੇ ਜ਼ੁਲਮ ਦਾ ਟਾਕਰਾ ਕੀਤਾ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਸੇ ਵਿਸ਼ੇਸ਼ਤਾ ਕਾਰਨ ਅੱਜ ਇਕ ਵਾਰ ਫਿਰ ਕੌਮ 'ਤੇ ਭਾਰੀ ਚੁਣੌਤੀਆਂ ਹਨ ਜਿਸ ਵਿਚ ਦੁਨਿਆਵੀ ਸ਼ਕਤੀਆਂ ਅੜਿੱਕਾ ਬਣਦੀਆਂ ਢਾਅ ਲਾਉਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ। ਇਨ੍ਹਾਂ ਸਾਜ਼ਿਸ਼ਾਂ ਨੂੰ ਹਮੇਸ਼ਾ ਵਾਂਗ ਅਸਫਲ ਕਰਨ ਲਈ ਕੌਮ ਨੂੰ ਅੱਜ ਇਕ ਮੰਚ 'ਤੇ ਹਰ ਤਰ੍ਹਾਂ ਦੇ ਵੈਰ-ਵਿਰੋਧ ਨੂੰ ਭੁਲਾ ਕੇ ਇਕ ਹੋਣ ਦੀ ਲੋੜ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜਥੇਦਾਰ ਸਾਹਿਬ ਨੂੰ ਸਨਮਾਨਿਤ ਕੀਤਾ ਅਤੇ ਜਗਰਾਓਂ ਪਹੁੰਚਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ।