ਫਰਿਜ਼ਨੋ ਫੀਲਡ ਜਰਖੜ ਕਲੱਬ ਹਾਕੀ ਨੇ ਕਿਲ੍ਹਾ ਰਾਏਪੁਰ ਨੂੰ 8-5 ਦਰੜਿਆ, ਸਬ - ਜੂਨੀਅਰ ਵਰਗ 'ਚ ਬਾਗੜੀਆਂ ਸੈਂਟਰ ਨਾਭਾ ਤੋਂ 4-3 ਨਾਲ ਜੇਤੂ

ਲੁਧਿਆਣਾ, ਮਈ ( ਮਨਜਿੰਦਰ ਗਿੱਲ )—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਜਰਖੜ ਵੱਲੋਂ ਕਰਵਾਏ ਜਾ ਰਹੇ 9ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ ਦੂਜੇ ਗੇੜ ਦੇ ਮੈਚਾਂ 'ਚ ਜਿਥੇ ਸਬ ਜੂਨੀਅਰ ਵਰਗ 'ਚ ਬਾਗੜੀਆਂ ਹਾਕੀ ਸੈਂਟਰ ਅਤੇ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਜੇਤੂ ਰਹੇ, ਉਥੇ ਹੀ ਸੀਨੀਅਰ ਵਰਗ 'ਚ ਫਰਿਜ਼ਨੋ ਫੀਲਡ ਹਾਕੀ ਜਰਖੜ ਨੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੂੰ 8-5 ਨਾਲ, ਅਕਾਲਗੜ੍ਹ ਨੇ ਸ਼ੇਰੇ ਸੁਲਤਾਨਪੁਰ ਨੂੰ 11-4 ਨਾਲ ਹਰਾ ਕੇ ਸੈਮੀਫਾਈਨਲ 'ਚ ਪੁੱਜਣ ਦੀਆਂ ਆਪਣੀਆਂ ਸੰਭਾਵਨਾਵਾਂ ਕਾਇਮ ਰੱਖੀਆਂ। ਫਲੱਡ ਲਾਈਟਾਂ ਦੀ ਰੌਸ਼ਨੀ 'ਚ ਅੰਤਰਰਾਸ਼ਟਰੀ ਪੱਧਰ ਦੀ ਝਲਕ ਪੇਸ਼ ਕਰ ਰਹੇ ਜਰਖੜ ਸਟੇਡੀਅਮ ਵਿਖੇ ਖੇਡੇ ਗਏ ਇੰਨ੍ਹਾਂ ਮੈਚਾਂ 'ਚ ਫਰਿਜ਼ਨੋ ਫੀਲਡ ਹਾਕੀ ਕਲੱਬ ਅਤੇ ਕਿਲ੍ਹਾ ਰਾਏਪੁਰ ਵਿਚਕਾਰ ਖੇਡਿਆ ਗਿਆ ਮੁਕਾਬਲਾ ਬਹੁਤ ਹੀ ਸੰਘਰਸ਼ਪੂਰਨ ਰਿਹਾ। ਫਰਿਜ਼ਨੋ 8-5 ਨਾਲ ਜੇਤੂ ਰਿਹਾ। ਫਰਿਜ਼ਨੋ ਦੀ ਟੀਮ ਨੇ ਪਹਿਲੇ ਅੱਧ 'ਚ ਉਪਰੋਥਲੀ 7 ਗੋਲ ਕਰਦਿਆਂ ਅੱਧੇ ਸਮੇਂ ਤੱਕ ਦਾ ਸਕੋਰ 7-1 ਕਰ ਦਿੱਤਾ। ਪਰ ਦੂਸਰੇ ਅੱਧ 'ਚ ਕਿਲ੍ਹਾ ਰਾਏਪੁਰ ਨੇ ਜ਼ਬਰਦਸਤ ਵਾਪਸੀ ਕਰਦਿਆਂ ਮੈਚ ਦੇ ਆਖਰੀ ਪਲਾਂ 'ਚ ਸਕੋਰ 7-5 'ਤੇ ਲੈ ਆਂਦਾ। ਜਦੋਂ ਕਿਲ੍ਹਾ ਰਾਏਪੁਰ ਮੈਚ 'ਚ ਬਰਾਬਰੀ ਲਈ ਉਤਾਵਲਾ ਹੋ ਰਿਹਾ ਸੀ ਤਾਂ ਫਰਿਜ਼ਨੋ ਦੇ ਕਪਤਾਨ ਗੁਰਦਤਿੰਦਰ ਸਿੰਘ ਨੇ ਆਪਣੀ ਟੀਮ ਵੱਲੋਂ 8ਵਾਂ ਗੋਲ ਕਰਦਿਆਂ ਫਰਿਜ਼ਨੋ ਦੀ ਜਿੱਤ ਦਾ ਡੰਕਾ ਵਜਾਇਆ। ਫਰਿਜ਼ਨੋ ਕਲੱਬ ਵੱਲੋਂ ਗੁਰਸਤਿੰਦਰ ਸਿੰਘ ਪਰਗਟ ਨੇ ਹੈਟ੍ਰਿਕ ਸਮੇਤ 4 ਗੋਲ, ਲਵਦੀਪ ਸਿੰਘ ਨੇ 2, ਜੁਗਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਕਿਲ੍ਹਾ ਰਾਏਪੁਰ ਵੱਲੋਂ ਜਗਜੋਤ ਸਿੰਘ ਜੋਤੀ, ਨਰਿੰਦਰ ਸਿੰਘ ਨੋਨਾ, ਜਸਵੀਰ ਸਿੰਘ, ਗੁਰਦੀਪ ਸਿੰਘ ਅਤੇ ਰਣਵੀਰ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਸਰੇ ਸੀਨੀਅਰ ਵਰਗ ਦੇ ਮੁਕਾਬਲੇ 'ਚ ਅਕਾਲਗੜ੍ਹ ਸ਼ੇਰੇ ਸੁਲਤਾਨਪੁਰ ਤੋਂ 11-8 ਨਾਲ ਜੇਤੂ ਰਿਹਾ। ਜਦਕਿ ਸਬ ਜੂਨੀਅਰ ਵਰਗ ਦੇ ਅੰਡਰ-10 ਸਾਲ ਮੁਕਾਬਲੇ 'ਚ ਇੱਕ ਬਹੁਤ ਹੀ ਰੁਮਾਂਚਕ ਮੈਚ 'ਚ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੇ ਪੀ.ਪੀ.ਐਸ ਨਾਭਾ ਨੂੰ 4-3 ਨਾਲ ਹਰਾਇਆ। ਦੂਸਰੇ ਸਬ-ਜੂਨੀਅਰ ਮੁਕਾਬਲੇ 'ਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੇ ਬਾਬਾ ਮੇਹਰ ਚੰਦ ਹਾਕੀ ਸੈਂਟਰ ਬਸੀ ਪਠਾਣਾਂ ਨੂੰ 7-3 ਨਾਲ ਹਰਾਇਆ। ਅੱਜ ਦੇ ਮੈਚਾਂ ਦੌਰਾਨ ਸ. ਜਤਿੰਦਰਪਾਲ ਸਿੰਘ ਸਾਬਕਾ ਪੀਸੀਐਸ, ਤੇਜਾ ਸਿੰਘ ਧਾਲੀਵਾਲ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ ਵਾਲਿਆਂ ਨੇ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਮਨਜੋਤ ਸਿੰਘ ਸੰਧੂ ਨਾਭਾ, ਮਨਦੀਪ ਸਿੰਘ ਬਸੀ ਪਠਾਣਾਂ, ਡਾ. ਕੁਲਬੀਰ ਸਿੰਘ ਧਮੋਟ, ਗਗਨਦੀਪ ਸਿੰਘ ਨਾਭਾ, ਰਣਜੀਤ ਸਿੰਘ ਦੁਲੇਅ, ਤੇਜਿੰਦਰ ਸਿੰਘ ਜਰਖੜ, ਪਹਿਲਵਾਨ ਹਰਮੇਲ ਸਿੰਘ ਕਾਲਾ, ਰਜਿੰਦਰ ਸਿੰਘ ਰਾਜੂ ਜਰਖੜ, ਲਖਵੀਰ ਸਿੰਘ ਜਰਖੜ, ਸੰਦੀਪ ਸਿੰਘ, ਯਾਦਵਿੰਦਰ ਸਿੰਘ ਤੂਰ, ਸਾਬ੍ਹੀ ਜਰਖੜ, ਬਲਜੀਤ ਸਿੰਘ ਦੁਲੇਂਅ ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਅਗਲੇ ਗੇੜ ਦੇ ਮੁਕਾਬਲੇ 20 ਮਈ ਨੂੰ ਹੋਣਗੇ।  ਇਸ ਮੌਕੇ ਅੰਡਡਰ-17 ਸਾਲ ਹਾਕੀ ਮੁਕਾਬਲਿਆਂ ਦੀ ਵੀ ਸ਼ੁਰੂਆਤ ਹੋਵੇਗੀ। ਉ੍ਨ੍ਹਾਂ ਦੱਸਿਆ ਕਿ 20 ਮਈ ਨੂੰ ਹੀ ਸਵਰਗੀ ਓਲੰਪੀਅਨ ਪ੍ਰਿਥੀਪਾਲ ਸਿੰਘ ਹੁਰਾਂ ਦੀ 36ਵੀਂ ਬਰਸੀ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾਏਗੀ। ਇਸ ਮੌਕੇ ਓਲੰਪੀਅਨ ਪੱਧਰ ਦੇ ਖਿਡਾਰੀ ਤੇ ਨੰਨ੍ਹੇ ਮੁੰਨੇ ਬੱਚੇ ਵੱਡੀ ਗਿਣਤੀ 'ਚ ਓਲੰਪੀਅਨ ਪ੍ਰਿਥੀਪਾਲ ਸਿੰਘ ਹੁਰਾਂ ਦੇ ਆਦਮਕੱਦ ਬੁੱਤ 'ਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। 20 ਮਈ ਨੂੰ ਕੁੱਲ 7 ਮੈਚ ਖੇਡੇ ਜਾਣਗੇ।