ਕੈਪਟਨ ਵੱਲੋਂ ਬੇਅਦਬੀ ਤੋਂ ਬਾਅਦ ਪੁਲਿਸ ਗੋਲੀ ਦਾ ਸ਼ਿਕਾਰ ਹੋਏ ਪੀੜਤਾਂ ਦੀ ਯਾਦ 'ਚ ਬਰਗਾੜੀ 'ਚ ਯਾਦਗਾਰ ਬਣਾਉਣ ਦਾ ਐਲਾਨ

 ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨੂੰ ਲੋਕ ਨਾ ਤਾਂ ਭੁੱਲੇ ਹਨ ਅਤੇ ਨਾ ਹੀ ਭੁੱਲ ਸਕਦੇ ਹਨ - ਕੈਪਟਨ

ਲੁਧਿਆਣਾ, ਮਈ ( ਮਨਜਿੰਦਰ ਗਿੱਲ )—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸ਼ਾਂਤਮਈ ਵਿਖਾਵਾ ਕਰਦੇ ਵਿਅਕਤੀਆਂ 'ਤੇ ਪੁਲਿਸ ਵੱਲੋਂ ਬਿਨਾਂ ਭੜਕਾਹਟ ਗੋਲੀ ਚਲਾਉਣ ਕਾਰਨ ਮਾਰੇ ਗਏ ਜਾਂ ਜ਼ਖ਼ਮੀ ਹੋਣ ਵਾਲਿਆਂ ਦੀ ਯਾਦ ਵਿੱਚ ਬਰਗਾੜੀ ਵਿੱਚ ਜਾਂ ਨੇੜੇ-ਤੇੜੇ ਇਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਰਗਾੜੀ ਅਤੇ ਬੇਅਦਬੀ ਦੇ ਹੋਰ ਮਾਮਲਿਆਂ ਨੂੰ ਬੀਤੇ ਦੀ ਗੱਲ ਹੋਣ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਨਾ ਹੀ ਭੁੱਲੇ ਹਨ ਅਤੇ ਨਾ ਹੀ ਕਦੀ ਭੁੱਲਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਨੂੰ ਇਹ ਸੁਝਾਅ ਦੇਣ ਵਾਸਤੇ ਸ਼ਰਮਸਾਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 500 ਸਾਲਾਂ ਦੌਰਾਨ ਆਪਣੇ ਕਿਸੇ ਵੀ ਮੈਂਬਰ ਵੱਲੋਂ ਦਿੱਤੇ ਗਏ ਬਲਿਦਾਨ ਨੂੰ ਨਹੀਂ ਭੁੱਲਿਆ ਅਤੇ ਉਹ ਇਸ ਨੂੰ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ 93 ਸਾਲ ਉਮਰ ਹੋਣ ਦੇ ਬਾਵਜੂਦ ਬਾਦਲ ਇਸ ਸੱਚਾਈ ਨੂੰ ਨਹੀਂ ਜਾਣ ਸਕਿਆ ਜਿਸ ਵਾਸਤੇ ਉਸ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਾਪਰੀਆਂ ਘਟਨਾਵਾਂ ਨੂੰ ਕੋਈ ਕਿਸ ਤਰ੍ਹਾਂ ਭੁੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਜਾਂ ਦੋ ਨਹੀਂ ਸਗੋਂ 58 ਗੁਰੂ ਗ੍ਰੰਥ ਸਾਹਿਬਾਨ ਦੀ ਬੇਅਦਬੀ ਹੋਈ ਹੈ। ਇਸ ਤੋਂ ਇਲਾਵਾ ਅਨੇਕਾਂ ਗੁਟਕਾ ਸਾਹਿਬ, ਭਾਗਵਦ ਗੀਤਾ, ਬਾਈਬਲ ਅਤੇ ਕੁਰਾਨ ਦੀ ਬੇਅਦਬੀ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਨੱਕ ਹੇਠ ਬੇਅਦਬੀ ਦੇ ਵਿਰੁੱਧ ਸ਼ਾਂਤੀਪੂਰਨ ਵਿਰੋਧ ਦੌਰਾਨ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਉਨ੍ਹਾਂ ਮਹੀਨਿਆਂ ਦੌਰਾਨ ਬਰਗਾੜੀ ਵਿੱਚ ਜੋ ਵੀ ਕੁਝ ਵਾਪਰਿਆ, ਉਸ ਨੂੰ ਪੰਜਾਬ ਕਦੀ ਵੀ ਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਜਾਣਕਾਰੀ ਤੋਂ ਬਿਨਾਂ ਗੋਲੀਬਾਰੀ ਹੋ ਹੀ ਨਹੀਂ ਸੀ ਸਕਦੀ। ਮੁੱਖ ਮੰਤਰੀ ਨੇ ਉਸ ਵੇਲੇ ਨੂੰ ਚੇਤੇ ਕਰਦਿਆਂ ਕਿਹਾ ਕਿ ਪ੍ਰਭਾਵਿਤ ਹੋਏ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਿਵੇਂ ਪੁਲੀਸ ਦਾ ਐਸ.ਪੀ. ਇਕਦਮ ਆਇਆ ਅਤੇ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਅਤੇ ਪੁਲੀਸ ਨੇ ਭੱਜ ਰਹੇ ਲੋਕਾਂ 'ਤੇ ਗੋਲੀ ਚਲਾਈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਦਾ ਇਹ ਕੋਈ ਢੰਗ ਨਹੀਂ ਹੈ ਅਤੇ ਜੇਕਰ ਗੋਲੀ ਚਲਾਉਣ ਦੀ ਲੋੜ ਪੈਦਾ ਹੋਈ ਸੀ ਤਾਂ ਇਹ ਇਕ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਪੁਲੀਸ ਦੀ ਛੋਟੀ ਟੁਕੜੀ ਵੱਲੋਂ ਅਜਿਹਾ ਕੀਤਾ ਜਾਣਾ ਸੀ ਕਿਉਂ ਜੋ ਮੈਜਿਸਟ੍ਰੇਟ ਸਥਿਤੀ ਦਾ ਪਤਾ ਲਾਉਂਦਾ ਅਤੇ ਗੜਬੜ ਦੇ ਖਦਸ਼ੇ ਦੇ ਸੰਦਰਭ ਵਿੱਚ ਇਕ ਵਿਅਕਤੀ 'ਤੇ ਇਕ ਗੋਲੀ ਚਲਾਉਣ ਹੁਕਮ ਦਿੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਅਤੇ ਹੋਰ ਅਕਾਲੀ ਲੀਡਰ ਇਹ ਭਲੀ ਭਾਂਤ ਜਾਣਦੇ ਹਨ ਕਿ ਕੀ ਗਲਤ ਵਾਪਰਿਆ ਅਤੇ ਲੋਕ ਨਾ ਤਾਂ ਇਸ ਨੂੰ ਭੁੱਲੇ ਹਨ ਅਤੇ ਨਾ ਹੀ ਉਨ੍ਹਾਂ ਨੇ ਇਸ ਲਈ ਅਕਾਲੀਆਂ ਨੂੰ ਮੁਆਫ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਵੋਟਾਂ ਲਈ ਬੁਖਲਾਏ ਹੋਏ ਅਕਾਲੀ ਇਧਰ-ਉਧਰ ਭੱਜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੋ ਕੁਝ ਇੱਥੇ ਵਾਪਰਿਆ, ਪੰਜਾਬ ਉਸ ਨੂੰ ਕਦੇ ਵੀ ਭੁੱਲੇਗਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਥਾਨਕ ਵਾਸੀਆਂ ਦੀ ਇਕ ਕਮੇਟੀ ਕਾਇਮ ਕਰਨਗੇ ਜੋ ਇਹ ਫੈਸਲਾ ਲਵੇਗੀ ਕਿ ਉਹ ਕਿਹੋ ਜਿਹੀ ਯਾਦਗਾਰ ਬਣਾਉਣਾ ਚਾਹੁੰਦੇ ਹਨ ਅਤੇ ਸਰਕਾਰ ਵੱਲੋਂ ਅਕਾਲੀਆਂ ਦੇ ਘਿਨਾਉਣੇ ਕਾਰੇ ਦਾ ਸ਼ਿਕਾਰ ਹੋਏ ਪੀੜਤਾਂ ਦੀ ਯਾਦਗਾਰ ਉਸ ਤਰ੍ਹਾਂ ਦੀ ਬਣਾਈ ਜਾਵੇਗੀ।