You are here

ਪਿੰਡ ਸੂਸਾ ਵਿੱਚ ਹੋਣ ਵਾਲੇ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ : ਡਿਪਟੀ ਕਮਿਸ਼ਨਰ

 ਸੰਤ ਬਾਬਾ ਜਵਾਹਰ ਦਾਸ ਜੀ ਦੀ ਯਾਦ ਵਿੱਚ ਪਿੰਡ ਸੂਸਾ ਵਿਖੇ 13 ਤੋਂ 15 ਮਈ ਤੱਕ ਕਰਵਾਇਆ ਜਾਵੇਗਾ ਮੇਲਾ
 ਹੁਸ਼ਿਆਰਪੁਰ, 8 ਮਈ  (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਿੰਡ ਸੂਸਾ ਵਿਖੇ ਸੰਤ ਬਾਬਾ ਜਵਾਹਰ ਦਾਸ ਦੀ ਯਾਦ ਵਿੱਚ 13 ਤੋਂ 15 ਮਈ ਤੱਕ ਲੱਗਣ ਵਾਲੇ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਲਕਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਦੀ ਹਾਜ਼ਰੀ ਵਿੱਚ ਮੇਲਾ ਪ੍ਰਬੰਧਕਾਂ, ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਕਾਰਨ ਪਿਛਲੇ ਦੋ ਸਾਲਾਂ ਤੋਂ ਇਹ ਮੇਲਾ ਨਹੀਂ ਲਗਾਇਆ ਜਾ ਸਕਿਆ ਸੀ। ਪਰ ਇਸ ਸਾਲ ਇਹ ਮੇਲਾ ਪਿੰਡ ਸੂਸਾ ਵਿਖੇ ਸ਼ਰਧਾ ਨਾਲ ਲਗਾਇਆ ਜਾ ਰਿਹਾ ਹੈ, ਜਿਸ ਸਬੰਧੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। ਉਨ੍ਹਾਂ ਮੇਲਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਵਿਚ ਸ਼ਰਧਾ ਨਾਲ ਹਾਜ਼ਰੀ ਭਰ ਕੇ ਸੰਤ ਬਾਬਾ ਜਵਾਹਰ ਦਾਸ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਸੰਗਤਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।ਇਸ ਮੌਕੇ ਐੱਸ.ਪੀ.(ਡੀ) ਮੁਖਤਿਆਰ ਰਾਏ, ਐੱਸ.ਡੀ.ਐੱਮ.  ਹੁਸ਼ਿਆਰਪੁਰ ਸ਼੍ਰੀ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।