ਗੁਰਦੁਆਰਾ ਬੰਗਲਾ ਸਾਹਿਬ 'ਚ ਹੁਣ ਸਿਰਫ 50 ਰੁਪਏ 'ਚ ਕਰਵਾਓ MRI

ਹੋਰ ਜਾਂਚ ਵੀ ਸਸਤੇ ਵਿਚ ਹੈ ਉਪਲੱਬਧ

ਨਵੀਂ ਦਿੱਲੀ,ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ 'ਚ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਡਾਇਗਨੋਸਟਿਕ ਸੈਂਟਰ ਸ਼ੁਰੂ ਕੀਤਾ ਜਿਸ 'ਚ ਐੱਮਆਰਆਈ, ਸੀਟੀ ਸਕੈਨ, ਅਲਟਰਾ ਸਾਊਂਡ, ਡਿਜੀਟਲ ਐਕਸ ਰੇਅ ਤੇ ਹੋਰ ਟੈਸਟ ਕੀਤੇ ਜਾਣਗੇ। ਇਥੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਐੱਮਆਰਆਈ ਤੇ ਹੋਰ ਟੈਸਟ ਸਿਰਫ 50 ਰੁਪਏ 'ਚ ਕੀਤੇ ਜਾਣਗੇ।

ਸੈਂਟਰ ਦਾ ਉਦਘਾਟਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ। ਉਦਘਾਟਨ ਤੋਂ ਪਹਿਲਾਂ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਗੁਰੂ ਹਰਿਕਿ੍ਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ਿ ਐਂਡ ਰਿਸਰਚ 'ਚ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ ਕਰਨ ਤੋਂ ਬਾਅਦ ਇਹ ਦੂਜਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ 'ਚ ਬਹੁਤ ਵੱਡੀ ਸਹਾਇਤਾ ਮਿਲੇਗੀ।

ਉਨ੍ਹਾਂ ਕਿਹਾ ਕਿ ਸੇਵਾ ਭਾਵਨਾ ਦੇ ਕਾਰਜਾਂ ਕਾਰਨ ਦੇਸ਼ ਦੇ ਲੋਕ ਹੁਣ ਸਿੱਖਾਂ ਨੂੰ ਨਿਰਵਸਾਰਥ ਮਨੁੱਖਤਾ ਦੀ ਸੇਵਾ ਕਰਨ ਵਾਲੀ ਕੌਮ ਵਜੋਂ ਵੇਖਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਨੇ ਸਿੱਖਾਂ 'ਤੇ ਰਹਿਮਤ ਕੀਤੀ ਹੈ ਤੇ ਸਿੱਖ ਲੋੜਵੰਦਾਂ ਤਕ ਪਹੁੰਚ ਕਰ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਸਿਰਫ ਲੰਗਰ ਨਾਲ ਹੀ ਨਹੀਂ ਬਲਕਿ ਬਾਲਾ ਪ੍ਰਰੀਤਮ ਦਵਾਖਾਨੇ, ਹਸਪਤਾਲ ਤੇ ਹੁਣ ਡਾਇਗਨੋਸਟਿਸ ਸੈਂਟਰ ਖੋਲ੍ਹ ਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਤੇ ਸਕੂਲ, ਕਾਲਜ ਤੇ ਵਿਦਿਅਕ ਅਦਾਰੇ ਵੱਖਰੇ ਤੌਰ 'ਤੇ ਚਲਾ ਕੇ ਸੇਵਾ ਕਰ ਰਹੀ ਹੈ। ਸਿਰਸਾ ਨੇ ਇਹ ਐਲਾਨ ਵੀ ਕੀਤਾ ਕਿ ਛੇਤੀ ਹੀ ਕਿਡਨੀ ਹਸਪਤਾਲ ਨੂੰ ਇਕ ਹਜ਼ਾਰ ਬੈੱਡਾਂ ਦਾ ਹਸਪਤਾਲ ਬਣਾਇਆ ਜਾਵੇਗਾ।