ਡਿਪਟੀ ਕਮਿਸ਼ਨਰ ਨੇ ਸੀਨੀ. ਸੈਕੰ. ਸਮਾਰਟ ਸਕੂਲ ਜ਼ੀਰਾ ਦੀ ਹੋਣਹਾਰ ਵਿਦਿਆਰਥਣ ਭਜਨਪ੍ਰੀਤ ਨੂੰ ਕੀਤਾ ਸਨਮਾਨਿਤ

ਜ਼ੀਰਾ, ਫਿਰੋਜ਼ਪੁਰ  08 ਜੂਨ (ਰਣਜੀਤ ਸਿੱਧਵਾਂ)  :  ਇੰਡੀਅਨ ਯੂਥ ਇਨਵੈਂਟਰਜ਼ ਐਂਡ ਇਨੋਵੇਟਰਜ਼ ਚੈਲੰਜ ਵਿੱਚ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਹੋਣਹਾਰ ਵਿਦਿਆਰਥਣ ਭਜਨਪ੍ਰੀਤ ਕੌਰ, ਜੋ ਕਿ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਅਤੇ ਉੱਤਰੀ ਜ਼ੋਨ ਪੱਧਰੀ ਕੰਪੀਟੀਸ਼ਨ ਵਿੱਚ ਜੇਤੂ ਰਹਿੰਦਿਆਂ ਹੋਇਆਂ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਜੇਤੂ ਰਹੀ, ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੁਕਾਬਲੇ ਲਈ ਪੰਜਾਬ ਦੀ ਚੁਣੀਗਈ ਇਹ ਇਕੋ-ਇੱਕ ਵਿਦਿਆਰਥਣ ਹੈ, ਜਿਸ ਨੇ ਇਸ ਵੱਕਾਰੀ ਕੰਪੀਟੀਸ਼ਨ ਵਿੱਚ ਆਪਣੀ ਖੋਜ ਨਾਲ ਪੰਜਾਬ ਦੀ ਇਕ ਬਹੁਤ ਵੱਡੀ ਸਮੱਸਿਆ ਪਰਾਲੀ ਦੀ ਸਮੱਸਿਆ ਦਾ ਹੱਲ ਸੁਝਾਇਆ ਹੈ ।ਸਰਕਾਰੀ ਸਕੂਲ ਦੀ ਵਿਦਿਆਰਥਣ ਭਜਨਪ੍ਰੀਤ ਦੀ ਚੋਣ ਰਾਸ਼ਟਰੀ ਪੱਧਰ ਦੇ ਹੋਏ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ 178 ਨੌਜਵਾਨ ਖੋਜੀਆਂ ਵਿੱਚੋਂ ਕੀਤੀ ਗਈ ਹੈ ।ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਦੀ ਇਸ ਬੇਮਿਸਾਲ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਜੀ ਨੇ ਵਿਦਿਆਰਥਣ ਭਜਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।