ਨਵੀਂ ਨਿੱਜਤਾ ਨੀਤੀ ਨਹੀਂ ਮਨਜ਼ੂਰ ਤਾਂ ਨਾ ਚਲਾਓ ਵਟਸਐਪ- ਹਾਈ ਕੋਰਟ

ਨਵੀਂ ਦਿੱਲੀ ,ਜਨਵਰੀ 2021  -(ਏਜੰਸੀ )

ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਹੈ ਕਿ ‘ਵਟਸਐਪ’ ਦੀ ਨਵੀਂ ਨਿੱਜਤਾ ਨੀਤੀ ਨੂੰ ਸਵੀਕਾਰ ਕਰਨਾ ਵਿਅਕਤੀ ਦੀ ‘ਮਰਜ਼ੀ’ ਉਤੇ ਨਿਰਭਰ ਹੈ। ਅਦਾਲਤ ਨੇ ਕਿਹਾ ਕਿ ਜੇ ਕੋਈ ਪਲੈਟਫਾਰਮ ਦੀਆਂ ਸ਼ਰਤਾਂ ਤੇ ਨੇਮਾਂ ਨਾਲ ਸਹਿਮਤ ਨਹੀਂ ਹੈ ਤਾਂ ਇਸ ’ਤੇ ਆਉਣ ਜਾਂ ਨਾ ਆਉਣ ਬਾਰੇ ਉਹ ਆਪਣੀ ਮਰਜ਼ੀ ਕਰ ਸਕਦਾ ਹੈ। ਜਸਟਿਸ ਸੰਜੀਵ ਸਚਦੇਵਾ ਨੇ ਕਿਹਾ ‘ਇਹ ਇਕ ਪ੍ਰਾਈਵੇਟ ਐਪ ਹੈ। ਇਸ ਨੂੰ ਚਲਾਉਣਾ ਤੁਹਾਡੀ ਮਰਜ਼ੀ ’ਤੇ ਨਿਰਭਰ ਹੈ। ਜੇ ਕੁਝ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਹੋਰ ਕੋਈ ਐਪ ਵਰਤ ਲਓ।’ ਦੱਸਣਯੋਗ ਹੈ ਕਿ ‘ਵਟਸਐਪ’ ਦੀ ਨਵੀਂ ਨਿੱਜਤਾ ਨੀਤੀ ਖ਼ਿਲਾਫ਼ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਨੀਤੀ ਫਰਵਰੀ ਵਿਚ ਲਾਗੂ ਕੀਤੀ ਜਾਣੀ ਸੀ ਪਰ ਹੁਣ ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।